Welcome to Canadian Punjabi Post
Follow us on

01

March 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ 'ਚ ਜ਼ਹਿਰੀਲੇ ਟੀਕੇ ਨਾਲ ਸਜ਼ਾ ਦੇਣੀ ਰਹੀ ਅਸਫ਼ਲ, 8 ਵਾਰ ਕੀਤੀ ਕੋਸਿ਼ਸ਼ਬਾਇਡੇਨ ਦੇ ਡਾਕਟਰਾਂ ਨੇ ਕਿਹਾ: ਰਾਸ਼ਟਰਪਤੀ ਬਿਲਕੁਲ ਫਿੱਟ, ਭਵਿੱਖ ਵਿਚ ਵੀ ਰਾਸ਼ਟਰਪਤੀ ਦੇ ਫਰਜ਼ ਨਿਭਾਅ ਸਕਣਗੇਦੱਖਣੀ ਕੋਰੀਆ 'ਚ 10 ਹਜ਼ਾਰ ਤੋਂ ਵੱਧ ਡਾਕਟਰਾਂ ਅਤੇ ਸਟਾਫ ਨੇ ਕੀਤੀ ਹੜਤਾਲ, ਸਿਹਤ ਸੇਵਾਵਾਂ ਠੱਪਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਕਿਹਾ: ਹਿੰਸਾ ਹੁਣ ਬਰਦਾਸ਼ਤ ਨਹੀਂ ਕੀਤੀ ਜਾਵੇਗੀਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਕੌਰ ਰਾਣਾ 'ਤੇ ਜਾਅਲੀ ਦਸਤਾਵੇਜ਼ ਦੇ ਕੇ ਜਾਤੀ ਸਰਟੀਫਿਕੇਟ ਬਣਾਉਣ ਦਾ ਦੋਸ਼ਸੁਪਰੀਮ ਕੋਰਟ ਨੇ ਰਾਜਸਥਾਨ ਹਾਈਕੋਰਟ ਦਾ ਫੈਸਲਾ ਰੱਖਿਆ ਬਰਕਰਾਰ, 2 ਤੋਂ ਵੱਧ ਬੱਚੇ ਹੋਣ 'ਤੇ ਨਹੀਂ ਮਿਲੇਗੀ ਸਰਕਾਰੀ ਨੌਕਰੀਪੰਜਾਬ ਯੂਨੀਵਰਸਿਟੀ ਵਿੱਚ ਸਪਤ ਸਿੰਧੂ ਲਿਟ ਫੈਸਟ ਵਿੱਚ ਸਿੱਖਿਆ ਸ਼ਾਸਤਰੀ ਅੰਸ਼ੂ ਕਟਾਰੀਆ ਨੂੰ ਕੀਤਾ ਗਿਆ ਸਨਮਾਨਿਤਸੀ.ਜੀ.ਸੀ. ਝੰਜੇੜੀ ਕੈਂਪਸ ਦੇ ਵਿਦਿਆਰਥੀਆਂ ਨੇ ਸਾਇੰਸ ਹਫ਼ਤਾ ਮਨਾਉਂਦੇ ਹੋਏ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ
 
ਨਜਰਰੀਆ

‘ਸਰੋਕਾਰ ਤੇ ਸ਼ਖ਼ਸੀਅਤਾਂ - ਡਾ. ਝੰਡ ਦਾ ਅਹਿਮ ਦਸਤਾਵੇਜ਼

September 13, 2023 01:15 AM

ਡਾ. ਸਤਿੰਦਰ ਕਾਹਲੋਂ   

                                 

ਫ਼ੋਨ : +91 98721-12008

ਡਾ. ਸੁਖਦੇਵ ਸਿੰਘ ਝੰਡ ਦਾ ਪਿਛੋਕੜ ਵਿਗਿਆਨ ਦਾ ਹੈ ਅਤੇ ਕਾਰਜ-ਖ਼ੇਤਰ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਖੇ ਲਾਇਬ੍ਰੇਰੀ ਵਿਗਿਆਨ ਰਿਹਾ ਹੈ। ਇਸ ਦੇ ਨਾਲ ਹੀ ਸਾਹਿਤ ਦੀ ਵਿਧਾ ਵਾਰਤਕ ਵਿਚ ਦਿਲਚਸਪੀ ਹੋਣ ਕਰਕੇ ਰੁੱਖਾਂ ਬਾਰੇ ਤਿੰਨ ਪੁਸਤਕਾਂ 2000, 2010 ਅਤੇ 2015 ਵਿਚ ਲਿਖੀਆਂ ਤੇ ਛਪਵਾਈਆਂ। ਇਸ ਦੇ ਨਾਲ ਹੀ ਕਵਿਤਾ ਵਿਚ ਰੁਚੀ ਪੈਦਾ ਹੋਈ ਤਾਂ 2015 ਵਿਚ ਕਾਵਿ-ਪੁਸਤਕ ‘ਕਦੋਂ’ ਵੀ ਆ ਗਈ। ਵਾਰਤਕ ਦੀ ਆਪਣੀ ਲੜੀ ਨੂੰ ਜਾਰੀ ਰੱਖਦਿਆਂ 2019 ਵਿਚ 304 ਪੰਨਿਆਂ ‘ਚ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ: ਚੌਹਾਨ ਤੋਂ ਬਰੈਂਪਟਨ’ ਛਪਵਾ ਲਈ ਅਤੇ ਓਸੇ ਹੀ ਲੜੀ ਵਿਚ ਹੁਣ ਉਸ ਦੀ ਹਥਲੀ ਪੁਸਤਕ ‘ਸਰੋਕਾਰ ਤੇ ਸ਼ਖ਼ਸੀਅਤਾਂ’ ਵਰਤਮਾਨ ਸਰੋਕਾਰਾਂ ਨਾਲ ਸੰਵਾਦ ਰਚਾਉਂਦੀ ਹੋਈ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਹੋਈ ਹੈ।

ਇਸ ਪੁਸਤਕ ਨੂੰ ਡਾ. ਝੰਡ ਨੇ ਦੋ ਹਿੱਸਿਆਂ ਵਿਚ ਵੰਡਿਆ ਹੈ। ਪਹਿਲੇ ਭਾਗ ਵਿਚ 16 ਲੇਖ ਵੱਖ-ਵੱਖ ਮਨੁੱਖੀ ਸਰੋਕਾਰਾਂ ਨੂੰ ਬਾਖੂਬੀ ਪੇਸ਼ ਕਰਦੇ ਹਨ ਅਤੇ ਦੂਸਰੇ ਭਾਗ ਵਿਚ 12 ਲੇਖ ਵੱਖ-ਵੱਖ ਖੇਤਰਾਂ ਦੀਆਂ ਅਹਿਮ ਸ਼ਖ਼ਸੀਅਤਾਂ ਬਾਰੇ ਹਨ। ਪੰਜਾਬੀ ਹੋਣ ਦੇ ਨਾਤੇ ਲੇਖਕ ਆਪਣੀ ਪੁਸਤਕ ਦੀ ਸੁਰੂਆਤ ਪੰਜਾਬ ਅਤੇ ਪੰਜਾਬੀਅਤ ਨਾਲ ਕਰਦਾ ਹੈ। ਉੱਤਮ ਪੁਰਖ਼ ਵਿਚ ਪੇਸ਼ ਕੀਤਾ ਗਿਆ ਪਾਤਰ “ਮੈਂ” (ਪੰਜਾਬ) ਆਪਣੀ ਹੋਂਦ ਅਜੋਕੇ ਸਮੇਂ ਤੱਕ ਦੀਆਂ ਆਪਣੇ ਪਿੰਡੇ ‘ਤੇ ਹੰਢਾਈਆਂ ਤੱਤੀਆਂ-ਠੰਢੀਆਂ ਹਵਾਵਾਂ ਦਾ ਹਾਲ ਬਹੁਤ ਹੀ ਮਾਰਮਿਕ ਤੇ ਰੌਚਕ ਢੰਗ ਨਾਲ ਬਿਆਨ ਕਰਦਾ ਹੈ। ਹੜੱਪਾ ਤੇ ਮਹਿੰਜੋਦਾੜੋ ਦੀ ਪੁਰਾਤਨ ਸੱਭਿਅਤਾ ਦੀ ਰੂਪ-ਰੇਖ਼ਾ, 325 ਬੀ.ਸੀ. ਵਿਚ ਸਿਕੰਦਰ ਦੇ ਹਮਲੇ ਪਿੱਛੋਂ ਪੰਦਰਵੀਂ ਸਦੀ ਵਿਚ ਬਾਬਰ ਅਤੇ ਫਿਰ ਅਬਦਾਲੀ, ਗ਼ਜ਼ਨਵੀ ਦੇ ਹਮਲੇ, ਸਿੱਖ ਮਿਸਲਾਂ ਦਾ ਉਭਾਰ ਤੇ ਵਿਸਥਾਰ, ਮਹਾਰਾਜਾ ਰਣਜੀਤ ਸਿੰਘ ਦਾ ਰਾਜ, ਈਸਟ ਇੰਡੀਆ ਕੰਪਨੀ ਦਾ ਭਾਰਤ ‘ਤੇ ਕਬਜ਼ਾ, ਆਜ਼ਾਦੀ ਲਈ ਪੰਜਾਬੀ ਯੋਧਿਆਂ ਦੀਆਂ ਮਹਾਨ ਕੁਰਬਾਨੀਆਂ, 1947 ਦੀ ‘ਵੰਡ’ ਸਮੇਂ ‘ਪੰਜ-ਆਬ’ ਦੇ ‘ਢਾਈ-ਢਾਈ ਆਬ’ ਹੋ ਜਾਣ ਅਤੇ  “ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ” ਕਹਾਵਤ ਨੂੰ ਦਰਸਾਉਂਦਾ ਹੋਇਆ ਭਾਰਤ ਦਾ ਸੱਭ ਤੋਂ ਲੰਬਾ ਤੇ ਵੱਡਾ ਹੋ ਗੁਜ਼ਰਿਆ ਮਹਾਨ ਕਿਸਾਨ ਅੰਦੋਲਨ ਜਿਸ ਵਿਚ 700 ਤੋਂ ਵਧੇਰੇ ਕਿਸਾਨਾ ਨੇ ਆਪਣਾ ਬਲੀਦਾਨ ਦਿੱਤਾ, ਦਾ ਬਿਰਤਾਂਤ ਬਾਖੂਬੀ ਸਿਰਜਿਆ ਗਿਆ ਹੈ। ਵਿਅੰਗਾਤਮਿਕ ਸ਼ੈਲੀ ਵਿਚ ‘ਬੜੀ ਦੇਰ ਕੀ ਮਿਹਰਬਾਂ ਆਤੇ-ਆਤੇ’ ਲੇਖ ਵਿਚ ਇਸ ਕਿਸਾਨ ਅੰਦੋਲਨ ਦੀ 19 ਨਵੰਬਰ 2021 ਨੂੰ ਹੀ ਇਤਿਹਾਸਕ ਜਿੱਤ ਦਾ ਹਾਲ ਵਿਸਥਾਰ ਸਹਿਤ ਬਿਆਨ ਕੀਤਾ ਗਿਆ ਹੈ ਜਿਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤਿੰਨੇ ਕਾਲ਼ੇ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ।

ਮਨੁੱਖੀ ਸਰੋਕਾਰਾਂ ਦੀ ਲੜੀ ਵਿਚ ਪਾਣੀ ਦੀ ਅਹਿਮੀਅਤ ਨੂੰ ਦਰਸਾਉਂਦੇ ਹੋਏ ਗੁਰੂ ਨਾਨਕ ਦੇਵ ਜੀ ਦੇ ਫੁਰਮਾਨ “ਪਹਿਲਾ ਪਾਣੀ ਜੀਓ ਹੈ ਜਿਤੁ ਹਰਿਆ ਸਭ ਕੋਇ” ਦੇ ਆਧਾਰਿਤ ਪੁਸਤਕ ਦੇ ਤੀਸਰੇ ਲੇਖ ਵਿਚ ਦੱਸਿਆ ਗਿਆ ਹੈ ਕਿ ਮਨੁੱਖੀ ਸਰੀਰ ਵਿਚ 70% ਪਾਣੀ ਹੈ ਅਤੇ ਇਹ ਮਨੁੱਖ ਦੇ ਖਾਧੇ ਹੋਏ ਭੋਜਨ ਨੂੰ ਪਚਾਉਣ, ਸਰੀਰ ਦਾ ਤਾਪਮਾਨ ਸਥਿਰ ਰੱਖਣ ਅਤੇ ਫੋਕਟ ਪਦਾਰਥਾਂ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਰਗੇ ਸਾਰੇ ਹੀ ਮਹੱਤਵਪੂਰਨ ਕਾਰਜ ਕਰਦਾ ਹੈ। ਪਾਣੀ ਬਨਸਪਤੀ ਲਈ ਵੀ ਓਨਾ ਹੀ ਅਹਿਮ ਹੈ। ਪੁਰਾਤਨ ਸੱਭਿਅਤਾਵਾਂ ਸਾਰੀਆਂ ਦਰਿਆਵਾਂ ਦੇ ਕਿਨਾਰਿਆਂ ‘ਤੇ ਹੀ ਪ੍ਰਫੁੱਲਤ ਹੋਈਆਂ। ਦੁਨੀਆਂ ਦੇ ਵੱਡੇ-ਵੱਡੇ ਸ਼ਹਿਰ ਸਮੁੰਦਰ ਜਾਂ ਦਰਿਆਵਾਂ ਦੇ ਕਿਨਾਰਿਆਂ ‘ਤੇ ਹੀ ਵੱਸੇ ਹੋਏ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਪਾਣੀ ਬਹੁਤ ਹੀ ਅਹਿਮ ਹੈ ਪਰ ਮਨੁੱਖ ਇਸ ਦੀ ਬੇਲੋੜੀ ਵਰਤੋਂ ਕਰ ਰਿਹਾ ਹੈ ਅਤੇ ਦਿਨੋ-ਦਿਨ ਇਸ ਨੂੰ ਗੰਧਲਾ ਤੇ ਜ਼ਹਿਰੀਲਾ ਵੀ ਕਰ ਰਿਹਾ ਹੈ।

ਵਾਤਾਵਰਣ ਅਸੰਤੁਲਨ ਦੀ ਗੱਲ ਕਰਦਿਆਂ ਲੇਖਕ ਵੱਲੋਂ ਲੇਖ ‘ਲਗਾਤਾਰ ਵਿਗੜ ਰਿਹਾ ਏ ਵਾਤਾਵਰਣ’ ਵਿਚ ‘ਗਲੋਬਲ ਵਾਰਮਿੰਗ’ ਨੂੰ ਮਨੁੱਖ ਲਈ ‘ਖ਼ਤਰੇ ਦੀ ਘੰਟੀ’ ਦੱਸਿਆ ਹੈ। ਜੰਗਲ ਦੀ ਅੱਗ ਜੋ ਬਨਸਪਤੀ ਅਤੇ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਨੂੰ ਤਬਾਹ ਕਰ ਰਹੀ ਹੈ, ਵਾਤਾਵਰਣ ਵਿਚ ਵੱਧ ਰਹੇ ਤਾਪਮਾਨ ਦਾ ਮੁੱਖ ਕਾਰਨ ਹੈ। ਇਸ ਦੇ ਨਾਲ ਹੀ ਬੱਸਾਂ, ਟਰੱਕਾਂ, ਗੱਡੀਆਂ ਤੇ ਕਾਰਖ਼ਾਨਿਆਂ ਵਿੱਚੋਂ ਨਿਕਲਣ ਵਾਲਾ ਧੂੰਆਂ ਅਤੇ ਸੰਸਾਰ ਪੱਧਰ ‘ਤੇ ਲਗਾਤਾਰ ਵੱਧ ਰਹੀ ਆਬਾਦੀ ਵੀ ਇਸ ਦੇ ਲਈ ਜ਼ਿੰਮੇਵਾਰ ਹਨ। ਵੱਧਦੀ ਹੋਈ ਵਸੋਂ ਲਈ ਹੋਰ ਵਧੇਰੇ ਸਾਧਨਾਂ ਦੀ ਲੋੜ ਹੈ ਜਿਨ੍ਹਾਂ ਨੂੰ ਪੈਦਾ ਕਰਨ ਲਈ ਵਧੇਰੇ ਊਰਜਾ ਦੀ ਲੋੜ ਪੈਂਦੀ ਹੈ। ਇਸ ਊਰਜਾ ਦੀ ਉਤਪਤੀ ਲਈ ਥਰਮਲ ਪਲਾਂਟਾਂ ਅਤੇ ਹੋਰ ਕਈ ਕਿਸਮ ਦੀ ਮਸ਼ੀਨਰੀ ਦੀ ਜ਼ਰੂਰਤ ਪੈਂਦੀ ਹੈ ਜੋ ਵਾਤਾਵਰਣ ਦੇ ਤਾਪਮਾਨ ਵਿਚ ਵਾਧਾ ਕਰਦੀ ਹੈ। ਹਵਾ ਅਤੇ ਪਾਣੀ ਦੇ ਪ੍ਰਦੂਸ਼ਨ ਬਾਰੇ ਇਨ੍ਹਾਂ ਲੇਖਾਂ ਨਾਲ ਲੇਖਕ ਨੇ ਆਪਣੇ ਵਾਤਾਵਰਣ-ਪ੍ਰੇਮੀ ਹੋਣ ਦਾ ਸਬੂਤ ਪੇਸ਼ ਕੀਤਾ ਹੈ। ਪੁਸਤਕ ਦੇ ਇਸ  ਭਾਗ ਵਿਚ ‘ਆਚਰਣ ਹੀ ਸੱਭ ਕੁਝ ਹੈ’, ‘ਆਦਤਾਂ ਬਦਲੀਆਂ ਵੀ ਜਾ ਸਕਦੀਆਂ ਨੇ’ ਅਤੇ ‘ਚਿੰਤਾ ਚਿਖ਼ਾ ਬਰਾਬਰ’ ਮਾਨਵੀ ਸਰੋਕਾਰਾਂ ਨੂੰ ਕੇਂਦਰ ਵਿਚ ਰੱਖ ਕੇ ਲਿਖੇ ਗਏ ਖੋਜ ਭਰਪੂਰ ਲੇਖ ਹਨ।  

ਸਮਾਜਿਕ ਸਰੋਕਾਰਾਂ ਵਾਲੇ ਭਾਗ ਵਿਚ ‘ਫ਼ੈਸਲੇ ਲੈਣਾ ਕਲਾ ਹੈ, ਪ੍ਰਕਿਰਿਆ ਜਾਂ ਜੁਗਤ ਤੇ ਜੁਗਾੜ’, ‘ਪਰਿਵਾਰਾਂ ਵਿਚ ਹੋ ਰਹੀ ਟੁੱਟ-ਭੱਜ’, ‘ਏਕਾਂਤਵਾਸ ਬਨਾਮ ਘਰੇਲੂ ਬਨਵਾਸ’ ਅਤੇ ‘ਜ਼ਿੰਦਗੀ ਦੇ ਰੰਗ’ ਬਹੁਤ ਹੀ ਜਾਣਕਾਰੀ ਭਰਪੂਰ, ਅਤਿਅੰਤ ਰੌਚਕ ਅਤੇ ਦਿਲ ਵਿਚ ਉੱਤਰ ਜਾਣ ਵਾਲੇ ਲੇਖ ਹਨ। ਲੇਖਕ ਅਨੁਸਾਰ ਫ਼ੈਸਲੇ ਲੈਣ ਲਈ ਅਪਨਾਈ ਜਾਣ ਵਾਲੀ ਪ੍ਰਕਿਰਿਆ ਕਲਾ ਹੈ ਅਤੇ ਇਸ ਦੇ ਨਾਲ ਹੀ ਇਹ ਜੁਗਤ ਵੀ ਹੈ ਤੇ ਜੁਗਾੜ ਵੀ। ਪਰਿਵਾਰਾਂ ਵਿਚ ਹੋ ਰਹੀ ਟੁੱਟ-ਭੱਜ ਦਾ ਕਾਰਨ ‘ਜੈਨਰੇਸ਼ਨ-ਗੈਪ’ ਹੈ ਅਤੇ ਜ਼ਿੰਦਗੀ ਦੇ ਰੰਗਾਂ ਨੂੰ ਹਾਸਾ-ਠੱਠਾ, ਮਖ਼ੌਲ, ਨਿੰਦਾ, ਚੁਗਲੀ, ਈਰਖਾ, ਸਾੜਾ, ਆਦਿ ਵੱਖ-ਵੱਖ ਮਨੁੱਖੀ ਸ਼ੇਡ ਬਹੁਤ ਵਧੀਆ ਢੰਗ ਨਾਲ ਦਰਸਾਉਂਦੇ ਹਨ।

ਜਿੱਥੇ ਅਜੋਕੀ ਕਵਿਤਾ ਦੇ ਮੋਹਰੀ ਧਨੀ ਰਾਮ ਚਾਤ੍ਰਿਕ, ਪੰਜਾਬੀ ਨਾਵਲ ਦੇ ਪਿਤਾਮਾ ਨਾਨਕ ਸਿੰਘ, ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ ਅਤੇ ਅੰਗਰੇਜ਼ੀ ਤੇ ਪੰਜਾਬੀ ਦਾ ਵਿਦਵਾਨ ਡਾ. ਰਾਜੇਸ਼ ਕੁਮਾਰ ਪੱਲਣ ਦੇ ਸਿਰਲੇਖਾਂ ਹੇਠ ਇਨ੍ਹਾਂ ਸਾਹਿਤਕਾਰਾਂ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ ਗਈ ਹੈ, ਉੱਥੇ ਇਸ ਦੇ ਨਾਲ ਹੀ ਤਿੰਨ ਗੁਰੂ ਸਾਹਿਬਾਨ ਗੁਰੂ ਨਾਨਕ ਦੇਵ ਜੀ, ਗੁਰੂ ਤੇਗ਼ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਸਿੱਖੀ ਜੀਵਨ ਜਾਚ, ਸੱਚੇ ਗੁਰੂ ਦਾ ਸੰਕਲਪ, ਗੁਰਮੁਖ, ਬੇਮੁੱਖ ਤੇ ਨਿੰਦਕ ਅਤੇ ਸਿੱਖਾਂ ਦੇ ਗੌਰਵਮਈ ਦਿਹਾੜੇ ਵਿਸਾਖੀ ਬਾਰੇ ਸ਼ਾਮਲ ਕੀਤੇ ਗਏ ਆਰਟੀਕਲ ਲੇਖਕ ਦੀ ਸਿੱਖ ਧਰਮ ਅਤੇ ਸਿੱਖ ਇਤਿਹਾਸ ਬਾਰੇ ਜਾਣਕਾਰੀ ਨੂੰ ਭਲੀ-ਭਾਂਤ ਦਰਸਾਉਂਦੇ ਹਨ। ਸਮਾਜਿਕ ਸ਼ਖ਼ਸੀਅਤਾਂ ਵਿਚ ਮਹਾਨ ਸ਼ਹੀਦ ਭਗਤ ਸਿੰਘ, ਬਹੁ-ਪੱਖੀ ਸ਼ਖ਼ਸਿਅਤ ਡਾ. ਮਹਿੰਦਰ ਸਿੰਘ ਰੰਧਾਵਾ, ਅਮਰੀਕਾ ਦੇ ਵਿਦਵਾਨ ਡਾ. ਬਲਵੰਤ ਸਿੰਘ ਲੱਛੜ, ਕੈਨੇਡਾ ਦੇ ਪ੍ਰੋੜ੍ਹ ਲੇਖਕ ਪੂਰਨ ਸਿੰਘ ਪਾਂਧੀ ਅਤੇ ਅਮਰੀਕਾ ਦੀ ਮਹਾਨ ਸ਼ਖ਼ਸੀਅਤ ਡਾ. ਸਵੈਮਾਣ ਸਿੰਘ ਪੱਖੋਕੇ ਜਿਸ ਨੇ ਦਿੱਲੀ ਦੇ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਈ, ਦੇ ਜੀਵਨ, ਪ੍ਰਾਪਤੀਆਂ ਅਤੇ ਸਮਾਜ ਲਈ ਪਾਏ ਗਏ ਯੋਗਦਾਨ ਨੂੰ  ਬਾਖੂਬੀ ਦਰਸਾਇਆ ਗਿਆ ਹੈ।

ਪੁਸਤਕ ਵਿਚ ਵਿਅਕਤੀਤਵ ਬਾਰੇ ਕਈ ਪੱਖ ਪੇਸ਼ ਕੀਤੇ ਗਏ ਹਨ। ਕਿਤਾਬ ਦੀ ਪੂਰੀ ਸਮੱਗਰੀ ਤੋਂ ਇਹ ਸਾਬਤ ਹੁੰਦਾ ਹੈ ਕਿ ਡਾ. ਸੁਖਦੇਵ ਸਿੰਘ ਝੰਡ ਇਕ ਬਹੁ-ਪੱਖੀ ਤੇ ਬਹੁਮੰਤਵੀ ਗਿਆਨਵਾਨ ਵਿਅਕਤੀ ਹੈ। ਉਸ ਦੀ ਸੋਚ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਉਹ ਪ੍ਰਤਿਭਾ ਦੀ ਉੱਚੀ ਪ੍ਰਵਾਜ਼ ਹੈ। ਗਿਆਨ ਦੇ ਡੂੰਘੇ ਸਾਗਰ ਵਿੱਚ ਤਰ ਕੇ ਉਹ ਸਿੱਖਿਆ ਦੇ ਸੁੱਚੇ ਮੋਤੀ ਲੱਭਣ ਵਾਲਾ ਵਿਅੱਕਤੀ ਹੈ। ਉਹ ਬ੍ਰਹਿਮੰਡੀ ਚੇਤਨਾ ਦੇ ਚਾਨਣ ਦਾ ਚਿਰਾਗ ਹੈ ਅਤੇ। ਉਸ ਦੀ ਬੋਲੀ, ਸ਼ੈਲੀ ਤੇ ਸ਼ਬਦਾਵਲੀ ਦਾ ਕੋਈ ਜੁਆਬ ਨਹੀਂ ਹੈ। ਉਹ ਤੀਬਰ ਲਗਨ ਵਾਲਾ, ਸਿਰੜੀ, ਹਿੰਮਤੀ ਅਤੇ ਉੱਚੀ ਤੇ ਸੁੱਚੀ ਸੋਚ ਵਾਲੀ ਸ਼ਖ਼ਸੀਅਤ ਹੈ। ਮੇਰੀ ਜਾਚੇ ਉਸ ਦੀ ਇਸ ਪੁਸਤਕ ਨੂੰ ਜੇਕਰ ‘ਗਾਗਰ ਵਿਚ ਸਾਗਰ’ ਵੀ ਕਹਿ ਲਈਏ  ਤਾਂ ਇਹ ਅਤਿਕਥਨੀ ਨਹੀਂ ਹੋਵੇਗੀ। ਇਸ ਵਿਚ ਹਰੇਕ ਤੱਥ ਨੂੰ ਤਰਕ ਦੇ ਅਧਾਰ ‘ਤੇ ਪੇਸ਼ ਕੀਤਾ ਗਿਆ ਹੈ ਅਤੇ ਆਉਣ ਵਾਲੀ ਪੀੜ੍ਹੀ ਲਈ ਇਹ ਸਿੱਖਿਆਦਾਇਕ ਸਰੋਤ ਹੈ। ਇਸ ਵਿਚਲੀ ਜਾਣਕਾਰੀ ਸਮਾਜਿਕ, ਧਾਰਮਿਕ ਅਤੇ ਇਤਿਹਾਸਕ ਪੱਖੋਂ ਅਹਿਮ ਹੈ। ਇਹ ਪੁਸਤਕ ਨਿਸਚੇ ਹੀ ਪਾਠਕਾਂ ਦੇ ਸੁਹਜ, ਸੁਆਦ ਅਤੇ ਗਿਆਨ ਵਿਚ ਵਾਧਾ ਕਰੇਗੀ ਅਤੇ ਇਸ ਦੇ ਨਾਲ ਮਾਂ-ਬੋਲੀ ਦਾ ਵਿਹੜਾ ਹੋਰ ਵੀ ਵਿਸ਼ਾਲ ਹੋਵੇਗਾ। ਸਿਰਜਣਾਤਮਿਕ ਕਾਰਜ ਲਈ ਇਸ ਕਿਤਾਬ ਦੇ ਬਾਰੇ ਬਹੁਤ ਕੁਝ ਕਿਹਾ ਜਾ ਸਕਦਾ ਹੈ। ਡਾ. ਸੁਖਦੇਵ ਸਿੰਘ ਝੰਡ ਦੇ ਇਸ ਉੱਦਮ ਨੂੰ ਮੈਂ ਨਮਨ ਕਰਦੀ ਹਾਂ ਅਤੇ ਇਸ ਦੇ ਨਾਲ ਹੀ ਡਾ. ਝੰਡ ਨੂੰ ਇਸ ਉਪਰਾਲੇ ਲਈ ਹਾਰਦਿਕ ਮੁਬਾਰਕਬਾਦ ਦਿੰਦੀ ਹਾਂ।

 

 

                               

 
Have something to say? Post your comment
ਹੋਰ ਨਜਰਰੀਆ ਖ਼ਬਰਾਂ
‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ ਪੈਨਲਟੀ ਕਾਰਨਰ ਦਾ ਕਿੰਗ ਸੀ ਪ੍ਰਿਥੀਪਾਲ ਸਿੰਘ