ਓਟਵਾ, 8 ਜੂਨ (ਪੋਸਟ ਬਿਊਰੋ) :ਵੀਰਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਫੈਡਰਲ ਬਜਟ ਇੰਪਲੀਮੈਨਟੇਸ਼ਨ ਬਿੱਲ ਪਾਸ ਹੋ ਗਿਆ। ਕਈ ਦਿਨਾਂ ਤੋਂ ਕੰਜ਼ਰਵੇਟਿਵਾਂ ਵੱਲੋਂ ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਦੀ ਕੋਸਿ਼ਸ਼ ਚੱਲ ਰਹੀ ਸੀ।
ਲਿਬਰਲਾਂ ਤੇ ਐਨਡੀਪੀ ਵੱਲੋਂ ਦਿੱਤੇ ਗਏ ਸਮਰਥਨ ਤੋਂ ਬਾਅਦ ਇਹ ਬਿੱਲ 146 ਦੇ ਮੁਕਾਬਲੇ 177 ਵੋਟਾਂ ਨਾਲ ਪਾਸ ਹੋ ਗਿਆ। ਕੰਜ਼ਰਵੇਟਿਵਾਂ ਤੇ ਬਲਾਕ ਕਿਊਬਿਕੁਆ ਵੱਲੋਂ ਬਿੱਲ ਦੇ ਖਿਲਾਫ ਵੋਟ ਪਾਈ ਗਈ। ਹੁਣ ਇਹ ਬਿੱਲ ਅਧਿਐਨ ਲਈ ਸੈਨੇਟ ਕੋਲ ਜਾਵੇਗਾ, ਜਿੱਥੇ ਪਹਿਲਾਂ ਹੀ ਇਸ ਬਿੱਲ ਦੀ ਪ੍ਰੀ-ਸਟੱਡੀ ਕੀਤੀ ਜਾ ਰਹੀ ਹੈ। 430 ਪੰਨਿਆਂ ਦਾ ਇਹ ਬਿੱਲ ਅਪਰੈਲ ਵਿੱਚ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਪੇਸ਼ ਕੀਤਾ ਗਿਆ ਸੀ। ਬਿੱਲ ਪੇਸ਼ ਕਰਦੇ ਸਮੇਂ ਫਰੀਲੈਂਡ ਵੱਲੋਂ ਘਾਟੇ ਵਾਲੇ ਖਰਚਿਆਂ ਨੂੰ ਜਾਰੀ ਰੱਖਣ, ਪਬਲਿਕ ਹੈਲਥ ਕੇਅਰ ਦੇ ਨਾਲ ਨਾਲ ਸਵੱਛ ਅਰਥਚਾਰੇ ਦੀ ਯੋਜਨਾ ਦਾ ਖੁਲਾਸਾ ਕੀਤਾ ਗਿਆ ਸੀ।
ਸੋਮਵਾਰ ਤੇ ਮੰਗਲਵਾਰ ਨੂੰ ਬਿੱਲ ਸੀ-47 ਦੇ ਫਾਈਨਲ ਪੜਾਅ ਉੱਤੇ ਕੰਮ ਕਰਨ ਲਈ ਲਿਬਰਲਾਂ ਵੱਲੋਂ ਪਾਰਲੀਆਮੈਂਟ ਦੀ ਕਾਰਵਾਈ ਰਾਤ ਨੂੰ ਵੀ ਜਾਰੀ ਰੱਖਣ ਦੇ ਦਿੱਤੇ ਗਏ ਸੰਕੇਤ ਤੋਂ ਬਾਅਦ ਇਸ ਹਫਤੇ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਇਸ ਬਿੱਲ ਨੂੰ ਪਾਸ ਹੋਣ ਤੋਂ ਰੋਕਣ ਲਈ ਇਸ ਦੇ ਰਾਹ ਵਿੱਚ ਅੜਿੱਕੇ ਡਾਹੁਣ ਦਾ ਐਲਾਨ ਵੀ ਕੀਤਾ ਸੀ।