ਇੰਫਾਲ, 22 ਮਈ (ਪੋਸਟ ਬਿਊਰੋ): ਮਣੀਪੁਰ ਦੀ ਰਾਜਧਾਨੀ ਇੰਫਾਲ ਵਿੱਚ ਇੱਕ ਵਾਰ ਫਿਰ ਹਿੰਸਾ ਭੜਕਣ ਦੀ ਖ਼ਬਰ ਹੈ। ਰਿਪੋਰਟ ਅਨੁਸਾਰ, ਅੱਗਜ਼ਨੀ ਕਾਰਨ ਸੋਮਵਾਰ ਨੂੰ ਕਈ ਥਾਵਾਂ 'ਤੇ ਕਰਫਿਊ ਲਗਾ ਦਿੱਤਾ ਗਿਆ ਹੈ। ਨਿਊ ਲੈਂਬੁਲੇਨ ਦੇ ਸਥਾਨਕ ਬਾਜ਼ਾਰ 'ਚ ਇਕ ਜਗ੍ਹਾ ਨੂੰ ਲੈ ਕੇ ਮੀਤੀ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਝਗੜਾ ਹੋ ਗਿਆ ਸੀ। ਇਸ ਤੋਂ ਬਾਅਦ ਦੰਗਾਈਆਂ ਨੇ ਕੁਝ ਘਰਾਂ ਨੂੰ ਅੱਗ ਲਗਾ ਦਿੱਤੀ। ਹਿੰਸਾ ਨੂੰ ਦੇਖਦੇ ਹੋਏ ਫੌਜ ਨੂੰ ਬੁਲਾਇਆ ਗਿਆ। ਇਸ ਦੇ ਨਾਲ ਹੀ ਚੇਕੋਨ ਇਲਾਕੇ 'ਚ ਹਿੰਸਾ ਭੜਕਣ ਤੋਂ ਬਾਅਦ ਸੋਮਵਾਰ ਨੂੰ ਮਣੀਪੁਰ ਦੇ ਸਾਬਕਾ ਵਿਧਾਇਕ ਅਤੇ ਦੋ ਹੋਰਾਂ ਨੂੰ ਬੰਦੂਕਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਇਲਾਕੇ 'ਚ ਕਰਫਿਊ ਲਗਾ ਦਿੱਤਾ ਗਿਆ ਹੈ ਅਤੇ 26 ਮਈ ਤੱਕ ਇੰਟਰਨੈੱਟ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ।
ਮਣੀਪੁਰ ਵਿੱਚ ਮੀਤਾਈ ਰਾਖਵਾਂਕਰਨ ਵਿਵਾਦ ਨੂੰ ਲੈ ਕੇ ਕਈ ਦਿਨਾਂ ਤੋਂ ਹਿੰਸਾ ਅਤੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਸੋਮਵਾਰ ਨੂੰ ਫਿਰ ਤੋਂ ਹਿੰਸਾ ਭੜਕ ਗਈ। 15 ਮਈ ਤੱਕ ਹਿੰਸਾ ਵਿੱਚ ਮਰਨ ਵਾਲਿਆਂ ਦੀ ਗਿਣਤੀ 73 ਹੋ ਗਈ ਸੀ। ਦੰਗਾਕਾਰੀਆਂ ਨੇ ਇੱਥੇ ਕਈ ਘਰਾਂ ਨੂੰ ਅੱਗ ਲਾ ਦਿੱਤੀ ਸੀ। ਇਸ ਤੋਂ ਪਹਿਲਾਂ 3 ਮਈ ਨੂੰ ਮਣੀਪੁਰ ਦੇ ਚੂਰਾਚੰਦਪੁਰ ਜ਼ਿਲ੍ਹੇ ਦੇ ਤੋਰਬਾਂਗ ਇਲਾਕੇ ਵਿੱਚ ਹਿੰਸਾ ਭੜਕ ਗਈ ਸੀ। 4 ਮਈ ਨੂੰ ਇੱਥੇ ਸਥਿਤੀ ਬੇਕਾਬੂ ਹੋ ਗਈ। ਸੂਬਾ ਸਰਕਾਰ ਨੇ ਦੰਗਾਈਆਂ ਨੂੰ ਗੋਲੀ ਮਾਰਨ ਦੇ ਹੁਕਮ ਦਿੱਤੇ ਸਨ। ਇਸ ਦੇ ਨਾਲ ਹੀ ਸੁਰੱਖਿਆ ਲਈ ਫੌਜ ਨੂੰ ਵੀ ਬੁਲਾਇਆ ਗਿਆ ਸੀ।