ਜੈਪੁਰ, 29 ਮਾਰਚ (ਪੋਸਟ ਬਿਊਰੋ): ਜੈਪੁਰ ਬੰਬ ਧਮਾਕੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਏ ਗਏ ਚਾਰ ਦੋਸ਼ੀਆਂ ਨੂੰ ਬਰੀ ਕਰ ਦਿੱਤਾ ਗਿਆ ਹੈ। ਜੈਪੁਰ ਹਾਈ ਕੋਰਟ ਨੇ ਚਾਰਾਂ ਦੋਸ਼ੀਆਂ ਦੇ ਡੈਥ ਰੈਫਰੈਂਸ ਨੂੰ ਰੱਦ ਕਰ ਦਿੱਤਾ ਹੈ। ਹੇਠਲੀ ਅਦਾਲਤ ਨੇ ਚਾਰਾਂ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਸਾਰੇ ਸਬੂਤਾਂ ਨੂੰ ਰੱਦ ਕਰਦਿਆਂ ਚਾਰਾਂ ਨੂੰ ਬਰੀ ਕਰ ਦਿੱਤਾ ਹੈ। ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਚਾਰਾਂ ਦੋਸ਼ੀਆਂ ਦੇ ਵਕੀਲ ਸਈਦ ਅਲੀ ਨੇ ਦੱਸਿਆ ਕਿ ਇਹ ਨਿਆਂ ਦੀ ਜਿੱਤ ਹੈ। ਪਿਛਲੇ 16 ਸਾਲਾਂ ਤੋਂ ਅਸੀਂ ਇਨਸਾਫ਼ ਲਈ ਲੜ ਰਹੇ ਸੀ। ਹੁਣ ਇਹ ਸਾਡੇ ਲਈ ਰਾਹਤ ਦੀ ਖਬਰ ਹੈ।
ਹਾਈ ਕੋਰਟ ਨੇ ਬੁੱਧਵਾਰ ਨੂੰ 28 ਅਪੀਲਾਂ ਨੂੰ ਸਵੀਕਾਰ ਕਰਦੇ ਹੋਏ ਇਹ ਫੈਸਲਾ ਦਿੱਤਾ ਹੈ। ਜਸਟਿਸ ਪੰਕਜ ਭੰਡਾਰੀ ਅਤੇ ਸਮੀਰ ਜੈਨ ਦੇ ਬੈਂਚ ਨੇ ਕਿਹਾ- 'ਜਾਂਚ ਅਧਿਕਾਰੀ ਨੂੰ ਕਾਨੂੰਨੀ ਜਾਣਕਾਰੀ ਨਹੀਂ ਹੈ। ਜਿਸ ਕਾਰਨ ਡੀਜੀਪੀ ਨੂੰ ਉਸ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਗਿਆ ਹੈ।
ਸਾਲ 2019 'ਚ ਜੈਪੁਰ ਬੰਬ ਧਮਾਕੇ ਦੇ ਮਾਮਲੇ 'ਚ ਫੈਸਲਾ ਸੁਣਾਉਂਦੇ ਹੋਏ ਹੇਠਲੀ ਅਦਾਲਤ ਨੇ ਇਸ ਮਾਮਲੇ 'ਚ 4 ਦੋਸ਼ੀਆਂ ਮੁਹੰਮਦ ਸੈਫ, ਸੈਫੁਰ ਰਹਿਮਾਨ, ਸਰਵਰ ਆਜ਼ਮੀ ਅਤੇ ਮੁਹੰਮਦ ਸਲਮਾਨ ਨੂੰ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਮੁਲਜ਼ਮਾਂ ਨੂੰ ਯੂਏਪੀਏ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਠਹਿਰਾਇਆ। ਇਕ ਦੋਸ਼ੀ ਨੂੰ ਵੀ ਬਰੀ ਕਰ ਦਿੱਤਾ ਗਿਆ ਸੀ। ਇਸ ਮਾਮਲੇ 'ਚ ਕੁੱਲ 5 ਦੋਸ਼ੀ ਸਨ।
ਸਜ਼ਾ ਸੁਣਾਉਂਦੇ ਹੋਏ ਹੇਠਲੀ ਅਦਾਲਤ ਨੇ ਕਿਹਾ ਸੀ ਕਿ ਧਮਾਕੇ ਪਿੱਛੇ ਜੇਹਾਦੀ ਮਾਨਸਿਕਤਾ ਸੀ। ਇਹ ਮਾਨਸਿਕਤਾ ਇੱਥੇ ਹੀ ਨਹੀਂ ਰੁਕੀ। ਇਸ ਤੋਂ ਬਾਅਦ ਅਹਿਮਦਾਬਾਦ ਅਤੇ ਦਿੱਲੀ ਵਿੱਚ ਵੀ ਧਮਾਕੇ ਕੀਤੇ ਗਏ। ਅਦਾਲਤ ਨੇ ਚਾਰਾਂ ਨੂੰ ਕਤਲ, ਦੇਸ਼ਧ੍ਰੋਹ ਅਤੇ ਵਿਸਫੋਟਕ ਐਕਟ ਦੇ ਤਹਿਤ ਦੋਸ਼ੀ ਪਾਇਆ ਸੀ।