Welcome to Canadian Punjabi Post
Follow us on

27

July 2024
ਬ੍ਰੈਕਿੰਗ ਖ਼ਬਰਾਂ :
GT20: ਮਾਂਟਰੀਅਲ ਦੀ ਟੀਮ ਨੇ ਮਿਸੀਸਾਗਾ ਨੂੰ 33 ਦੌੜਾਂ ਨਾਲ ਹਰਾਇਆGT20 ਕ੍ਰਿਕਟ ਸੀਜ਼ਨ-4 ਦੀ ਸ਼ਾਨਦਾਰ ਸ਼ੁਰੂਆਤ, ਪਹਿਲੇ ਮੈਚ ਵਿੱਚ ਟੋਰਾਂਟੋ ਦੀ ਟੀਮ ਨੇ ਵੈਨਕੂਵਰ ਨੂੰ ਹਰਾਇਆਪ੍ਰੇਸਟਨ ਸਟਰੀਟ ਬ੍ਰਿਜ ਰੀਪਲੇਸਮੈਂਟ ਲਈ ਹਾਈਵੇ 417 ਸੋਮਵਾਰ ਤੱਕ ਰਹੇਗਾ ਬੰਦਵਾਸਾਗਾ ਬੀਚ 2 ਡਕੈਤੀਆਂ ਦੇ ਸਿਲਸਿਲੇ ਵਿੱਚ ਲੜਕੀ ਗ੍ਰਿਫ਼ਤਾਰਮੇਰੇ ਪਿਤਾ ਬੇਰਹਿਮ ਹਨ, ਉਹ ਉਨ੍ਹਾਂ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ : ਮਸਕ ਦੀ ਟਰਾਂਸਜੈਂਡਰ ਬੇਟੀ ਨੇ ਕਿਹਾਓਲੰਪਿਕ ਸ਼ੁਰੂ ਹੋਣ ਤੋਂ ਪਹਿਲਾਂ ਫਰਾਂਸ ਦੇ ਰੇਲਵੇ ਨੈੱਟਵਰਕ 'ਤੇ ਹੋਇਆ ਹਮਲਾ, 3 ਰੇਲਵੇ ਲਾਈਨਾਂ 'ਤੇ ਲਾਈ ਅੱਗ, 2.5 ਲੱਖ ਯਾਤਰੀ ਪ੍ਰਭਾਵਿਤਕਮਲਾ ਹੈਰਿਸ ਨੂੰ ਮਿਲਿਆ ਓਬਾਮਾ ਤੇ ਉਨ੍ਹਾਂ ਦੀ ਪਤਨੀ ਮਿਸ਼ੇਲ ਦਾ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਲਈ ਸਮਰਥਨਮਹਿਲਾ ਏਸ਼ੀਆ ਕੱਪ : ਭਾਰਤ ਨੌਵੀਂ ਵਾਰ ਫਾਈਨਲ ਵਿੱਚ ਪਹੁੰਚਿਆ, ਬੰਗਲਾਦੇਸ਼ ਨੂੰ 10 ਵਿਕਟਾਂ ਨਾਲ ਹਰਾਇਆ
 
ਨਜਰਰੀਆ

ਗੁਲਜਾਰ ਸੰਧੂ ਦੇ ਵਿਆਹ ਦੀ 57ਵੀਂ ਵਰ੍ਹੇ-ਗੰਢ `ਤੇ 'ਨਿੱਕ-ਸੁੱਕ' ਵਿਚਕਾਰ ਵਿਆਹ ਦਾ ਲੇਖਾ

March 21, 2023 04:56 AM

  

-ਪ੍ਰਿੰ. ਸਰਵਣ ਸਿੰਘ-
ਅੱਜ ਗੁਲਜ਼ਾਰ ਸਿੰਘ ਸੰਧੂ ਦੇ ਵਿਆਹ ਦੀ 57ਵੀਂ ਵਰ੍ਹੇ-ਗੰਢ ਹੈ। ਅਸੀਂ ਮਿਲਣ ਗਏ ਤਾਂ ਉਹ ਕਾਲਮ 'ਨਿੱਕ-ਸੁੱਕ' ਦੇ ਕਾਗਜ਼ ਸਮੇਟ ਰਿਹਾ ਸੀ। ਨੀਲੀਆਂ-ਚਿੱਟੀਆਂ ਡੱਬੀਆਂ ਵਾਲਾ ਚਾਦਰਾ ਬੱਧਾ ਹੋਇਆ ਸੀ। ਖੁੱਲ੍ਹੀ ਕਮੀਜ਼ ਤੇ ਢਿੱਲੀ ਪੱਗ। ਲੱਗਦੈ ਦਾੜ੍ਹੀ ਲਾਪਰਨ ਦੀ ਹੁਣ ਲੋੜ ਨਹੀਂ ਰਹੀ। ਪਹਿਲੀ ਨਜ਼ਰੇ ਗੰਭੀਰ ਲੱਗਾ ਪਰ ਸਾਨੂੰ ਵੇਖਦਿਆਂ ਵਾਛਾਂ ਖਿੜ ਪਈਆਂ। ਅੱਖਾਂ `ਚ ਤਰਾਵਟ ਆ ਗਈ। 'ਨਿੱਕ-ਸੁੱਕ' ਨਬੇੜਦਿਆਂ ਉਸ ਨੇ ਸੁਖਨ ਅਲਾਇਆ, "ਬੜੇ ਮੌਕੇ `ਤੇ ਆਏ ਓਂ, ਹੁਣ ਆਊ ਖਾਣ ਪੀਣ ਦਾ ਸੁਆਦ।"
ਅਸੀਂ ਨਹਿਲੇ `ਤੇ ਦਹਿਲਾ ਮਾਰਿਆ, "ਅੱਜ ਤੁਹਾਡੀ ਮੈਰਿਜ ਐਨੀਵਰਸਰੀ ਵੀ ਹੈ, ਚਲੋ ਵਿਆਹ ਦੀ ਵਰ੍ਹੇ-ਗੰਢ ਈ ਮਨਾਈ ਜਾਊ।" ਤਦੇ ਉਸ ਨੂੰ ਵਿਆਹ ਦੀ ਅਸਲੀ ਤਾਰੀਖ ਯਾਦ ਆ ਗਈ ਜੋ 12 ਮਾਰਚ 1966 ਸੀ। ਉਸ ਨੇ ਵਿਆਹ ਦਾ ਦਿਲਚਸਪ ਕਿੱਸਾ ਤੋਰ ਲਿਆ: ਮੈਂ ਆਪਣੇ ਵਿਆਹ ਦੀ ਮਿਤੀ ਆਪਣੇ ਅਸਲੀ ਜਨਮ ਦਿਨ ਵਾਲੀ ਰੱਖਣੀ ਚਾਹੁੰਦਾ ਸਾਂ। 22 ਮਾਰਚ। ਪਰ ਉਨ੍ਹਾਂ ਦਿਨਾਂ ਵਿਚ ਸੁਰਜੀਤ ਦੀਆਂ ਭਤੀਜੀਆਂ ਦੇ ਇਮਤਿਹਾਨ ਸਨ। ਅਸੀਂ 12 ਮਾਰਚ 1966 ਮਿਥ ਲਈ।
ਉਹਦਾ ਤੇ ਡਾਕਟਰ ਸੁਰਜੀਤ ਕੌਰ ਦਾ ਵਿਆਹ ਹੋਏ ਨੂੰ 57 ਸਾਲ ਹੋ ਗਏ ਹਨ। ਬਾਲ ਬੱਚਾ ਕੋਈ ਨਹੀਂ ਪਰ ਕਹਿੰਦੇ ਇਹੋ ਹਨ, ਸਾਡੇ ਜਿੰਨੇ ਬਾਲ ਬੱਚੇ ਕਿਸੇ ਦੇ ਵੀ ਨਹੀਂ। 22 ਮਾਰਚ 2023 ਨੂੰ ਸਾਡੇ ਸੀਨੀਅਰ ਲੇਖਕ ਨੂੰ ਨੱਬੇਵਾਂ ਵਰ੍ਹਾ ਲੱਗ ਰਿਹੈ। ਵਿਆਹ ਉਹਦਾ ਦੇਰ ਨਾਲ ਹੋਇਆ, 33ਵੇਂ ਸਾਲ ਦੀ ਉਮਰ ਵਿਚ। ਡਾ. ਸੁਰਜੀਤ ਕੌਰ ਦਾ ਓਦੂੰ ਵੀ ਲੇਟ, 37ਵੇਂ ਸਾਲ ਵਿਚ। ਲਾੜਾ ਅੰਗਰੇਜ਼ੀ ਦੀ ਐੱਮਏ ਤੇ ਲਾੜੀ ਐੱਮਬੀਬੀਐੱਸ। ਉਦੋਂ ਜੇ ਕੋਈ ਕਹਿੰਦਾ, ‘ਵਿਆਹ ਬੜਾ ਲੇਟ ਕਰਾਇਆ’ ਤਾਂ ਸਫਾਈ ਦਿੰਦੇ, ‘ਬਲਵੰਤ ਗਾਰਗੀ ਨਾਲੋਂ ਤਾਂ ਫੇਰ ਵੀ ਪਹਿਲਾਂ ਕਰਾ ਲਿਆ!’
ਦਿੱਲੀ ਵਿਚ ਡਾ. ਸੁਰਜੀਤ ਕੌਰ ਪੰਨੂੰ ਗੁਲਜ਼ਾਰ ਸਿੰਘ ਸੰਧੂ ਤੋਂ ਵੱਡੀ ਅਫ਼ਸਰ ਸੀ। ਕੁੜੀ ਮਾਝੇ ਦੀ ਮੁੰਡਾ ਦੁਆਬੇ ਦਾ। ਸੰਧੂ ਨੇ ਉਨ੍ਹਾਂ ਨਾਲ ਸਾਵੇਂ ਹੋਣ ਲਈ ਸੰਤ ਸਿੰਘ ਸੇਖੋਂ, ਪ੍ਰੋ. ਮੋਹਨ ਸਿੰਘ, ਸਾਧੂ ਸਿੰਘ ਹਮਦਰਦ, ਕੁਲਵੰਤ ਸਿੰਘ ਵਿਰਕ, ਮੀਸ਼ਾ, ਸਿ਼ਵ ਕੁਮਾਰ ਤੇ ਕੁਝ ਹੋਰ ਮਸ਼ਹੂਰ ਲੇਖਕਾਂ ਨੂੰ ਜਨੇਤੀ ਬਣਨ ਦਾ ਸੱਦਾ ਦਿੱਤਾ। ਬੱਸ ਭਰ ਕੇ ਨੁਸ਼ਹਿਰੇ ਨੂੰ ਤੋਰ ਦਿੱਤੀ। ਆਪ ਕਾਰ ਵਿਚ ਜਲੰਧਰੋਂ ਮੋਹਨ ਸਿੰਘ ਤੇ ਹਮਦਰਦ ਨੂੰ ਲੈ ਕੇ ਪਹੁੰਚਣਾ ਸੀ। ਜਾਨੀ ਪਹਿਲਾਂ ਪਹੁੰਚ ਗਏ, ਲਾੜਾ ਲੇਟ। ਮੋਹਨ ਸਿੰਘ ਦੇ ਘਰੋਂ ਪਤਾ ਲੱਗਾ ਕਿ ਉਹ ਪਿੱਪਲ ਹੇਠ ਸ਼ਤਰੰਜ ਖੇਡ ਰਿਹੈ। ਪਿੱਪਲਾਂ `ਚੋਂ ਉਹ ਪਿੱਪਲ ਮਸਾਂ ਲੱਭਾ ਜਿਥੇ ਮੋਹਨ ਸਿੰਘ ਤੇ ਹਮਦਰਦ ਦੀ ਬਿਸਾਤ ਵਿਛੀ ਹੋਈ ਸੀ। ਗਿਆਨੀ ਸ਼ਾਦੀ ਸਿੰਘ ਵੀ ਹਾਜ਼ਰ ਸੀ। ਲੇਟ ਹੋਣ ਦੀ ਦੁਹਾਈ ਪਾ ਕੇ ਉਹ ਮਸੀਂ ਉਠਾਏ।
ਭੱਜ-ਭਜਾ ਕੇ ਨੌਸ਼ਹਿਰੇ ਪਹੁੰਚੇ। ਬਰਾਤ ਨੂੰ ਸੁਖ ਦਾ ਸਾਹ ਆਇਆ। ਲਾੜਾ ਆਇਆ ਵੇਖ ਕੇ ਢੋਲੀ ਢੋਲ ਵਜਾਉਣ ਲੱਗਾ। ਜਾਨੀ ਭੰਗੜਾ ਪਾਉਣ ਲੱਗੇ। ਬੱਕਰੀਆਂ ਨਾਲ ਲੱਦੇ ਟਰੱਕ `ਚੋਂ ਤਾਜ਼ਾ ਖਿਜ਼ਾਬ ਲਾਈ ਸੇਖੋਂ ਉਤਰਿਆ। ਸੰਧੂ ਦਾ ਕੋਟ ਦੂਰ ਖੜ੍ਹੀ ਬੱਸ ਵਿਚ ਸੀ। ਉਹਨੇ ਕੋਲ ਖੜ੍ਹੇ ਦੇਸ ਰਾਜ ਗੋਇਲ ਦਾ ਕੋਟ ਪਾ ਲਿਆ। ਕੋਟ ਵਿਚਲੇ ਮੁਨੀਸ਼ਨ ਨੇ ਫਿਰ ਜਿਹੜਾ ਰੰਗ ਵਿਖਾਉਣਾ ਸੀ ਵਿਖਾ ਹੀ ਦਿੱਤਾ! ਗੋਇਲ ਨੂੰ ਸਿਗਰਟ ਪੀਣ ਦੀ ਤਲਬ ਹੋਈ ਤਾਂ ਉਸ ਨੇ ਸਜੇ ਬੈਠੇ ਲਾੜੇ ਦੀ ਜੇਬ `ਚੋਂ ਸਿਗਰਟਾਂ ਦੀ ਡੱਬੀ ਆ ਕੱਢੀ। ਵੇਖਣ ਵਾਲੇ ਹੈਰਾਨ ਕਿ ਕਿਹੋ ਜਿਹਾ ਪ੍ਰਾਹੁਣਾ ਸਹੇੜ ਬੈਠੇ! ਏਨਾ ਸ਼ੁਕਰ ਕਿ ਅਨੰਦ ਕਾਰਜਾਂ ਵਿਚ ਵਿਘਨ ਨਹੀਂ ਪਿਆ।
ਦਾਰੂ ਦਾ ਭੰਨਿਆ ਸਿ਼ਵ ਕੁਮਾਰ ਵੀ ਆ ਪੁੱਜਾ। ਕੁੜੀ ਵਾਲਿਆਂ ਸਮਝਿਆ ਕੋਈ ਗਾਉਣ ਵਾਲਾ ਲਿਆਂਦਾ। ਅਨੰਦ ਕਾਰਜ ਹੋਏ ਤਾਂ ਕਹਿੰਦੇ ਪੜ੍ਹਾਓ ਇਹਤੋਂ ਸਿਹਰਾ। ਸਿ਼ਵ ਕੁਮਾਰ ‘ਧੀਆਂ ਦੇ ਦੁੱਖ ਬੁਰੇ’ ਗਾਉਣ ਲੱਗਾ। ਸੰਧੂ ਲਿਖਦੈ, ਮੇਰਾ ਜੱਦੀ ਪਿੰਡ ਹੁਸਿ਼ਆਰਪੁਰ ਜਿ਼ਲ੍ਹੇ ਦੇ ਮਾਹਿਲਪੁਰ ਵਿਚ ਹੈ, ਸੂਨੀ। ਮੈਂ ਆਪਣੇ ਨਾਨਕੇ ਪਿੰਡ ਕੋਟਲਾ ਬਡਲਾ ਵਿਚ ਜੰਮਿਆ ਤੇ ਮੇਰੀ ਮੁੱਢਲੀ ਵਿਦਿਆ ਅੱਠਵੀਂ ਤਕ ਏਐੱਸ. ਹਾਈ ਸਕੂਲ ਖੰਨੇ ਵਿਚ ਹੋਈ। ਜਦੋਂ ਮੈਂ ਸਾਈਕਲ ਚਲਾਉਣ ਜੋਗਾ ਹੋ ਗਿਆ ਤਾਂ ਮਾਹਿਲਪੁਰ ਪੜ੍ਹਨ ਲੱਗਾ ਜਿਥੋਂ ਬੀਏ ਕਰ ਕੇ ਕੰਮ ਦੀ ਭਾਲ ਵਿਚ ਦਿੱਲੀ ਚਲਾ ਗਿਆ। ਉਥੇ 28 ਸਾਲ ਭਾਰਤ ਸਰਕਾਰ ਦੀ ਨੌਕਰੀ ਕੀਤੀ। 1984 ਵਿਚ ‘ਪੰਜਾਬੀ ਟ੍ਰਿਬਿਊਨ’ ਦਾ ਸੰਪਾਦਕ ਆ ਲੱਗਿਆ। ਭੂਸ਼ਨ ਧਿਆਨਪੁਰੀ ਨੇ ਟੋਟਕਾ ਜੋੜ ਲਿਆ:
ਲਿਖਿਆ ਖ਼ਤ ਸ਼ਮਸ਼ੇਰ ਵਰਿਆਮ ਤਾਈਂ, ਅਸੀਂ ਸਦਾ ਹੀ ਰਹੇ ਸਰਦਾਰ ਸੰਧੂ
ਸਾਡਾ ਸੰਤ ਸੰਧੂ, ਸਾਡਾ ਪਾਸ਼ ਸੰਧੂ, ਪੂਰਨ ਭਗਤ ਵਾਲਾ ਕਾਦਰਯਾਰ ਸੰਧੂ
ਸਾਡੀ ਕਲਗੀ ਨੂੰ ਨਵਾਂ ਏ ਖੰਭ ਲੱਗਾ, ਆਇਆ ਜਦੋਂ ਦਾ ਏਥੇ ਗੁਲਜ਼ਾਰ ਸੰਧੂ
ਚੜ੍ਹਿਆ ਜੱਟ ਸੁਹਾਗੇ ਨਹੀਂ ਮਾਣ ਹੁੰਦਾ, ਇਹ ਤਾਂ ਆਇਆ ਅਖ਼ਬਾਰ ਸਵਾਰ ਸੰਧੂ
ਸੰਧੂ ਤਿੰਨ ਸਾਲ ਓਥੇ ਰਿਹਾ। ਫੇਰ ਤਿੰਨ ਸਾਲ ਪੰਜਾਬ ਆਟਰਸ ਕੌਂਸਲ ਦਾ ਚੇਅਰਮੈਨ, ਦੋ ਸਾਲ ਪੰਜਾਬ ਰੈੱਡ ਕਰਾਸ ਦਾ ਸੈਕਟਰੀ, ਚਾਰ ਸਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੱਤਰਕਾਰੀ ਤੇ ਜਨ-ਸੰਚਾਰ ਵਿਭਾਗ ਦਾ ਪ੍ਰੋਫੈ਼ਸਰ ਤੇ ਮੁਖੀ। ਫੇਰ ਤਿੰਨ ਕੁ ਸਾਲ ‘ਦੇਸ਼ ਸੇਵਕ’ ਦਾ ਸੰਪਾਦਕ।”
ਨਿਮਰਤਾ ਵੇਖੋ, “ਮੈਂ ਇਹੋ ਜਿਹਾ ਕੋਈ ਸੰਘਰਸ਼ ਨਹੀਂ ਕੀਤਾ ਜੋ ਦੱਸਣ ਵਾਲਾ ਹੋਵੇ। ਮੇਰੇ ਮਾਪਿਆਂ ਨੇ ਮੈਨੂੰ ਸਬਰ ਸੰਤੋਖ ਸਿਖਾਉਂਦਿਆਂ ਕਿਹਾ ਸੀ ਕਿ ਜਿੰ਼ਦਗੀ ਵਿਚ ਢੇਰੀ ਨਹੀਂ ਢਾਉਣੀ। ਜਿ਼ੰਦਗੀ ਵਿਚ ਸਫਲ ਹੋਣ ਦਾ ਇਕੋ ਇਕ ਤਰੀਕਾ ਕਿ ਢੇਰੀ ਢਾਏ ਬਿਨਾਂ ਲੱਗੇ ਰਹਿਣਾ।”
ਕਹਿੰਦਾ ਹੈ, ਮੈਂ ਨੱਬਿਆਂ ਨੂੰ ਢੁਕ ਗਿਆਂ। ਹੁਣ ਮੈਨੂੰ ਕੋਈ ਇਹ ਨਹੀਂ ਪੁੱਛਦਾ ਕਿ ਮੈਂ ਨਵਾਂ ਕੀ ਲਿਖਿਆ? ਇਹੀਉ ਪੁੱਛਿਆ ਜਾਂਦੈ ਕਿ ਸਿਹਤ ਦਾ ਕੀ ਹਾਲ ਹੈ? ਪਹਿਲੀਆਂ ਵਿਚ ਮੈਂ ਇਸ ਦਾ ਉੱਤਰ ‘ਚੜ੍ਹਦੀ ਕਲਾ’ ਦਿੰਦਾ ਸੀ। ਫਿਰ ‘ਇਕ ਨੰਬਰ’ ਕਹਿਣ ਲੱਗ ਪਿਆ। ਉਸ ਪਿੱਛੋਂ ‘ਹਾਲੀ ਤਕ ਠੀਕ ਹੈ’। ਅੱਜ ਕੱਲ੍ਹ ਮੇਰਾ ਉੱਤਰ ਕੇਵਲ ਇਕ ਸ਼ਬਦ ਤਕ ਸੀਮਤ ਹੋ ਗਿਆ ਹੈ-ਚਲਦੈ! ਹੁਣ ਮੈਂ ਉਸ ਗੇਂਦ ਵਾਂਗ ਹਾਂ ਜਿਹੜੀ ਰੁੜ੍ਹ ਤਾਂ ਰਹੀ ਹੈ ਪਰ ਇਸ ਦਾ ਰੁੜ੍ਹਨਾ ਰੁਕਣ ਵਾਲਾ ਹੈ।
ਡਾ. ਅਤਰ ਸਿੰਘ ਦੱਸਦਾ ਸੀ, “ਇਕੇਰਾਂ ਸੰਧੂ ਕਨਾਟ ਪਲੇਸ ਕਾਕੇ ਦੇ ਢਾਬੇ `ਤੇ ਲੋਰ `ਚ ਨੋਟ ਸੁੱਟਦਾ ਕਹਿੰਦਾ, “ਆਪਣੇ ਕਿਹੜਾ ਜੁਆਕ ਰੋਂਦੇ ਆ!” ਖਿਲਰੇ ਨੋਟ ਫਿਰ ਅਤਰ ਸਿੰਘ ਨੇ ਹੀ ਸੰਭਾਲੇ।
ਸੰਧੂ ਜੋੜੇ ਨੇ ਲਿਖ ਦਿੱਤਾ ਹੈ, ਸਾਡੀਆਂ ਦੇਹਾਂ ਮੈਡੀਕਲ ਸੰਸਥਾਵਾਂ ਨੂੰ ਦਾਨ ਕਰ ਦਿੱਤੀਆਂ ਜਾਣ। ਸਾਡਾ ਮਰਨਾ ਖੁਸ਼ੀ ਨਾਲ ਮਨਾਇਆ ਜਾਵੇ। ਦੇਹ ਦਾਨ ਦਾ ਕਾਰਡ ਉਨ੍ਹਾਂ ਦੀ ਜੇਬ ਵਿਚ ਰਹਿੰਦੈ ਕਿ ਜਿਥੇ ਪ੍ਰਾਣ ਪੰਖੇਰੂ ਹੋ ਜਾਣ ਉਥੋਂ ਦੀ ਨੇੜਲੀ ਡਾਕਟਰੀ ਸੰਸਥਾ ਨੂੰ ਸਬੂਤੀ ਦੇਹ ਦੇ ਦਿੱਤੀ ਜਾਵੇ। ਰਿਸ਼ਤੇਦਾਰਾਂ ਨੂੰ ਪਹਿਲਾਂ ਹੀ ਕਿਹਾ ਹੋਇਆ ਕਿ ਰੋਣ ਕਰਲਾਉਣ ਦੀ ਥਾਂ ਖੁਸ਼ੀ ਮਨਾਈ ਜਾਵੇ।
ਉਹਦਾ ਪਹਿਲਾ ਨਾਂ ਬਲਬੀਰ ਸੀ। ਫਿਰ ਬੱਲਾ ਤੇ ਪਿੱਛੋਂ ਗੁਲਜ਼ਾਰਾ ਹੋ ਗਿਆ। ਫਿਰ ਗੁਲਜ਼ਾਰ ਸਿੰਘ ਸੰਧੂ। ਪਹਿਲਾਂ ਮੈਂ ਵੀ ਆਪਣੇ ਨਾਂ ਨਾਲ ਸੰਧੂ ਲਿਖਦਾ ਸੀ। ਮੈਨੂੰ ਸੰਧੂ ਲਿਖਣੋਂ ਗੁਲਜ਼ਾਰ ਸੰਧੂ ਨੇ ਹਟਾਇਆ। ਅਖੇ ਦੋ ਸੰਧੂਆਂ ਦਾ ਭੁਲੇਖਾ ਪੈ ਜਿਆ ਕਰੂ। ਦਿੱਲੀ ਉਹਦੇ ਕੋਲ ਮੋਟਰ ਸਾਈਕਲ ਸੀ, ਮੇਰੇ ਕੋਲ ਸਾਈਕਲ। ਉਹ ਪੰਜਾਬ ਤੋਂ ਆਏ ਲੇਖਕਾਂ ਦੀ ਸੇਵਾ ਕਰਦਾ ਤੇ ਮੋਟਰ ਸਾਈਕਲ ਦੇ ਝੂਟੇ ਦਿੰਦਾ। ਮੈਂ ਅੜੇ ਥੁੜੇ ਖ਼ਾਲਸਾ ਕਾਲਜ ਦੇ ਡੀਪੀਈ ਸ. ਪ੍ਰੀਤਮ ਸਿੰਘ ਬੈਂਸ ਤੋਂ ਪੈਸੇ ਫੜਦਾ। ਸੰਧੂ ਸਰਦਾਰੀ ਮੈਂ ਵੱਡੇ ਭਾਈ ਨੂੰ ਛੱਡਣ ਵਿਚ ਹੀ ਭਲਾ ਸਮਝਿਆ।
ਪ੍ਰੀਤਮ ਸਿੰਘ ਬੈਂਸ ਕੋਲ ਗੁਲਜ਼ਾਰ ਸੰਧੂ ਵੀ ਰਹਿੰਦਾ ਰਿਹਾ ਸੀ। ਦੋਹੇਂ ਦੁਆਬੀਏ ਸਨ। ਜਦੋਂ ਉਹ ਬੈਂਸ ਨੂੰ ਜਨੇਤ ਦਾ ਸੱਦਾ ਦੇਣ ਗਿਆ ਤਾਂ ਬੈਂਸ ਨੇ ਪੁੱਛਿਆ, “ਵਿਆਹ ਕੀਹਦੇ ਨਾਲ ਹੋ ਰਿਹੈ?”
ਸੰਧੂ ਨੇ ਹੁੱਬ ਕੇ ਦੱਸਿਆ, “ਮਾਝੇ ਤੋਂ ਪੰਨੂੰਆਂ ਦੀ ਧੀ ਐ।”
ਬੈਂਸ ਬੋਲਿਆ, “ਮਾਝੇ ਵਾਲੇ ਤਾਂ ਦੁਆਬੇ ਵਾਲਿਆਂ ਨੂੰ ਕੁੱਟਣਗੇ।”
ਸੰਧੂ ਨੇ ਕਿਹਾ, “ਜੀਹਦੇ ਨਾਲ ਵਿਆਹ ਹੋ ਰਿਹਾ ਉਹਦਾ ਭਰਾ ਗੁਰਬਚਨ ਪੰਨੂੰ ਘੈਂਟ ਬੰਦਾ। ਉਹ ਨੀ ਕੁੱਟਣ ਦਿੰਦਾ।”
ਗੁਰਬਚਨ ‘ਗੁਰਾ’ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਬੈਂਸ ਨਾਲ ਪੜ੍ਹਦਾ ਸੀ। ਉਸ ਨੇ ਕਿਹਾ, “ਜੇ ਗੁਰੇ ਦੀ ਭੈਣ ਐਂ ਤਾਂ ਉਹ ਹੋਰ ਵੀ ਕੁੱਟਣਗੇ।”
ਸੰਧੂ ਨੇ ਪੁੱਛਿਆ, “ਤਾਂ ਫੇਰ ਜਵਾਬ ਦੇ ਦੇਈਏ?”
ਬੈਂਸ ਕੁਝ ਪਲ ਸੋਚ ਕੇ ਬੋਲਿਆ, “ਜਵਾਬ ਦਿੱਤਾ ਤਾਂ ਘਰ ਆ ਕੇ ਕੁੱਟਣਗੇ।”
ਜਿੱਦਣ ਉਨ੍ਹਾਂ ਦਾ ਵਿਆਹ ਹੋਇਆ ਉੱਦਣ ਹੀ ਪੰਜਾਬੀ ਸੂਬੇ ਦੀ ਮੰਗ ਮੰਨੀ ਗਈ। ਮੰਗ ਮੰਨਣ ਪਿੱਛੇ 1965 ਦੀ ਇੰਡੋ-ਪਾਕਿ ਜੰਗ ਵਿਚ ਸਿੱਖ ਫੌਜੀਆਂ ਤੇ ਸਰਹੱਦ ਨੇੜਲੇ ਪੰਜਾਬੀਆਂ ਵੱਲੋਂ ਜੰਗ ਵਿਚ ਪਾਇਆ ਯੋਗਦਾਨ ਸੀ। ਪੰਜਾਬੀਆਂ ਨੇ ਪੰਜਾਬੀ ਸੂਬਾ ਜੰਗ ਜਿੱਤ ਕੇ ਲਿਆ। ਸਰਹੱਦੀ ਪਿੰਡਾਂ ਵਿਚ ਜੰਗ ਦਾ ਉਜਾੜਾ ਵੇਖਦੇ ਲੇਖਕ ਸੰਧੂ ਤੇ ਡਾ. ਪੰਨੂੰ ਇਕ ਦੂਜੇ ਦੇ ਹੋ ਗਏ। ਸੰਧੂ ਨੇ ਸਵੈਜੀਵਨੀ 'ਬਿਨ ਮਾਂਗੇ ਮੋਤੀ ਮਿਲੇ' ਵਿਚ ਲਿਖਿਆ, “ਸੰਨ 1966 ਤੋਂ ਸੁਰਜੀਤ ਐਸ. ਕੇ. ਸੰਧੂ ਹੋ ਗਈ। ਮੇਰੀ ਜੀਵਨ ਸਾਥਣ। ਭਾਰਤ ਤੇ ਪਾਕਿਸਤਾਨ ਵਾਂਗ ਸਾਡੇ ਵਿਚਕਾਰ ਵੀ ਅਮਨ ਤੇ ਸ਼ਾਂਤੀ ਦੇ ਦੌਰ ਚਲਦੇ ਰਹਿੰਦੇ ਹਨ। ਲੜਾਈ ਹੁੰਦਿਆਂ ਵੀ ਦੇਰ ਨਹੀਂ ਲੱਗਦੀ ਤੇ ਜੰਗ ਬੰਦੀ ਵੀ ਐਵੇਂ ਕਿਵੇਂ ਹੋ ਜਾਂਦੀ ਹੈ।”

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਕੀ ਕੁਝ ਲੋਕ ਐਡੇ ਵੱਡੇ ਮਹਾਨ ਵੀ ਹੋ ਸਕਦੇ ਹਨ? ਘਪਲੇਬਾਜ਼ਾਂ ਦੀ ਚਰਚਾ ਕਰਦਾ ਹੈ ਭਾਰਤ ਦਾ ਲੋਕਤੰਤਰ, ਘਪਲੇ ਹੁੰਦੇ ਨਹੀਂ ਰੋਕਦਾ “ਆ ਗਿਆ ‘ਪੰਨੂੰ ਵੈਦ’ ਕੰਪਿਊਟਰ-ਰੋਗੀਆਂ ਦਾ ...” ਚੋਣਾਂ ਨੂੰ ਕਿਲ੍ਹਿਆਂ ਉੱਤੇ ਕਬਜਿ਼ਆਂ ਦੀਆਂ ਰਾਜਿਆਂ ਵਾਲੀਆਂ ਜੰਗਾਂ ਦਾ ਰੂਪ ਦੇਣਾ ਚੰਗਾ ਨਹੀਂ ਹੁੰਦਾ ਜਸਵੰਤ ਸਿੰਘ ਕੰਵਲ ਦੇ 105ਵੇਂ ਜਨਮ ਦਿਵਸ `ਤੇ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਪੁਸਤਕ ਵਰਿਆਮ ਸਿੰਘ ਸੰਧੂ ਨੂੰ ਭੇਟ ਕਰਦਿਆਂ ਭੀੜਾਂ ਦੀ ਭਾਜੜ ਵਿੱਚ ਮਰਦੇ ਲੋਕ ਤੇ ਚਿੰਤਾ ਸਿਰਫ ਮੁਆਵਜ਼ੇ ਦੇਣ ਦੇ ਐਲਾਨਾਂ ਤੱਕ ਸੀਮਤ! ਰਮਿੰਦਰ ਰੰਮੀ ਦੀ ਕਾਵਿ-ਪੁਸਤਕ ‘ਤੇਰੀ ਚਾਹਤ’ ਮੇਰੀ ਨਜ਼ਰ ‘ਚ ... ਕਹਿਣ ਨੂੰ ਤਾਂ ਲੋਕਤੰਤਰ, ਪਰ ਅਸਲ ਵਿੱਚ ਲੋਕਤੰਤਰੀ ਸਰਕਸ ਬਣ ਚੁੱਕਾ ਹੈ ਭਾਰਤ ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ