ਮਿਸੀਸਾਗਾ, 4 ਦਸੰਬਰ (ਪੋਸਟ ਬਿਊਰੋ) : ਸ਼ਨਿੱਚਰਵਾਰ ਰਾਤ ਨੂੰ ਮਿਸੀਸਾਗਾ ਦੇ ਗੈਸ ਸਟੇਸ਼ਨ ਉੱਤੇ ਜਿਸ 21 ਸਾਲਾ ਲੜਕੀ ਨੂੰ ਗੋਲੀਆਂ ਮਾਰੀਆਂ ਗਈਆਂ ਸਨ ਉਸ ਦੀ ਪਛਾਣ ਪੁਲਿਸ ਵੱਲੋਂ ਕਰ ਲਈ ਗਈ ਹੈ।
ਰਾਤੀਂ 10:40 ਉੱਤੇ ਜਾਂਚਕਾਰਾਂ ਨੂੰ ਕ੍ਰੈਡਿਟਵਿਊ ਤੇ ਬ੍ਰਿਟੇਨੀਆ ਰੋਡਜ਼ ਇਲਾਕੇ ਵਿੱਚ ਸਥਿਤ ਪੈਟਰੋ ਕੈਨੇਡਾ ਉੱਤੇ ਸੱਦਿਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਲੜਕੀ ਨੂੰ ਗੈਸ ਸਟੇਸ਼ਨ ਦੇ ਬਾਹਰ ਕਈ ਗੋਲੀਆਂ ਮਾਰੀਆਂ ਗਈਆਂ ਤੇ ਉਸ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ। ਮ੍ਰਿਤਕਾ ਦੀ ਪਛਾਣ ਬਰੈਂਪਟਨ ਦੀ ਪਵਨਪ੍ਰੀਤ ਕੌਰ ਵਜੋਂ ਹੋਈ ਹੈ।
ਬਾਅਦ ਵਿੱਚ ਪੁਲਿਸ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਪਵਨਪ੍ਰੀਤ ਕੌਰ ਗੈਸ ਸਟੇਸ਼ਨ ਉੱਤੇ ਕੰਮ ਕਰਦੀ ਸੀ ਪਰ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਘਾਤਕ ਸੂ਼ਟਿੰਗ ਪਿੱਛੇ ਕੀ ਕਾਰਨ ਸੀ। ਜਾਂਚਕਾਰਾਂ ਅਨੁਸਾਰ ਇਹ ਸ਼ੂਟਿੰਗ ਲੜਕੀ ਨੂੰ ਨਿਸ਼ਾਨਾ ਬਣਾਉਣ ਲਈ ਹੀ ਕੀਤੀ ਗਈ।ਇੱਕ ਮਸ਼ਕੂਕ ਨੂੰ ਮੌਕੇ ਤੋਂ ਕਾਲੇ ਰੰਗ ਦੇ ਕੱਪੜਿਆਂ ਵਿੱਚ ਪੈਦਲ ਹੀ ਫਰਾਰ ਹੁੰਦਿਆਂ ਵੇਖਿਆ ਗਿਆ, ਉਸ ਨੇ ਗਲਵਜ਼ ਵੀ ਪਾਏ ਹੋਏ ਸਨ।