Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
 
ਪੰਜਾਬ

ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਣੇ 7 ਗ਼ਦਰੀਆਂ ਦਾ ਸ਼ਹੀਦੀ ਦਿਹਾੜਾ ਮਨਾਇਆ

November 17, 2022 03:35 PM

ਚੰਡੀਗੜ੍ਹ, 17 ਨਵੰਬਰ (ਪੋਸਟ ਬਿਊਰੋ): ਬਰਤਾਨਵੀ ਸਾਮਰਾਜੀ ਹਕੂਮਤ ਦੇ ਗੁਲਾਮੀ ਜੂਲੇ ਤੋਂ ਪੂਰੀ ਭਾਰਤੀ ਕੌਮ ਦੀ ਖਰੀ ਆਜ਼ਾਦੀ ਲਈ ਜਾਨ ਸਮੇਤ ਸਭ ਕੁਝ ਕੁਰਬਾਨ ਕਰਨ ਦੇ ਇਰਾਦੇ ਧਾਰ ਕੇ ਗ਼ਦਰ ਲਹਿਰ ਵਿੱਚ ਕੁੱਦਣ ਵਾਲੇ ਅਤੇ ਸ਼ਹੀਦੀਆਂ ਪਾਉਣ ਵਾਲੇ ਸੰਗਰਾਮੀਆਂ ‘ਚੋਂ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਣੇ ਉਨ੍ਹਾਂ ਦੇ ਸਾਥੀਆਂ ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ,ਜਗਤ ਸਿੰਘ ਸੁਰਸਿੰਘ, ਬਖ਼ਸ਼ੀਸ਼ ਸਿੰਘ, ਸੁਰੈਣ ਸਿੰਘ ਵੱਡਾ ਅਤੇ ਸੁਰੈਣ ਸਿੰਘ ਛੋਟਾ 7 ਗ਼ਦਰੀਆਂ ਦਾ 107ਵਾਂ ਸ਼ਹੀਦੀ ਦਿਹਾੜਾ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਪਿੰਡ ਸਰਾਭਾ ਵਿਖੇ ਸ਼ਰਧਾ, ਉਤਸ਼ਾਹ ਤੇ ਜੋਸ਼ ਨਾਲ਼ ਵੱਡੀ ਪੱਧਰ ‘ਤੇ ਮਨਾਇਆ ਗਿਆ।
ਸਟੇਜ ਦੀ ਸ਼ੁਰੂਆਤ ਦਹਿ ਹਜ਼ਾਰਾਂ ਦੀ ਗਿਣਤੀ ‘ਚ ਜੁੜੇ ਕਿਸਾਨਾਂ ਮਜ਼ਦੂਰਾਂ ਔਰਤਾਂ ਨੌਜਵਾਨਾਂ ਵੱਲੋਂ ਖੜੋ ਕੇ ਦੋ ਮਿੰਟ ਦਾ ਮੌਨ ਧਾਰਨ ਰਾਹੀਂ ਗ਼ਦਰੀ ਸ਼ਹੀਦਾਂ ਦੀ ਲਾਸਾਨੀ ਕੁਰਬਾਨੀ ਦੀ ਜੈ ਜੈਕਾਰ ਕਰਕੇ ਕੀਤੀ ਗਈ। ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸਭ ਤੋਂ ਛੋਟੀ ਉਮਰ ਦੇ ਗ਼ਦਰੀ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਅਮਰੀਕਾ ਦੀ ਪੜ੍ਹਾਈ ਵਿੱਚੇ ਛੱਡ ਕੇ ਸਿਰਫ਼ ਢਾਈ ਤਿੰਨ ਸਾਲ ਦੀ ਰਾਜਨੀਤਕ ਜ਼ਿੰਦਗੀ ਵਿੱਚ ਹੀ ਆਜ਼ਾਦੀ ਲਈ ਗ਼ਦਰ ਦੇ ਹਰ ਪੱਖ ਬਾਰੇ ਗਹਿਰੀ ਸੋਝੀ,ਦਿਨੇ ਰਾਤ ਮਸ਼ੱਕਤ ਅਤੇ ਸਿਰੇ ਦੀ ਬੇਖੌਫ਼ ਆਪਾਵਾਰੂ ਭਾਵਨਾ ਬਾਰੇ ਠੋਸ ਮਿਸਾਲਾਂ ਪੇਸ਼ ਕੀਤੀਆਂ।
ਉਨ੍ਹਾਂ ਸੱਦਾ ਦਿੱਤਾ ਕਿ ਅੱਜ ਦੇ ਭਾਰਤੀ ਹੁਕਮਰਾਨਾਂ ਵੱਲੋਂ ਉਸੇ ਤਰ੍ਹਾਂ ਦੇ ਸਰਬਵਿਆਪੀ ਸਾਮਰਾਜੀ ਹੱਲਿਆਂ ਤੋਂ ਮੁਕਤੀ ਪਾਉਣ ਲਈ ਪੀੜਤ ਸਭਨਾਂ ਕਿਰਤੀ ਲੋਕਾਂ ਦੀ ਗ਼ਦਰ ਲਹਿਰ ਦੀ ਵਿਚਾਰਧਾਰਾ ਵਾਲ਼ੀ ਵਿਸ਼ਾਲ ਸੰਘਰਸ਼-ਲਹਿਰ ਉਸਾਰਨ ਲਈ ਦਿਨ ਰਾਤ ਇੱਕ ਕੀਤਾ ਜਾਵੇ। 26 ਨਵੰਬਰ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਐੱਮ ਐੱਸ ਪੀ ਸਮੇਤ ਭਖਦੇ ਕਿਸਾਨੀ ਮਸਲਿਆਂ ਦਾ ਮੰਗ ਪੱਤਰ ਗਵਰਨਰ ਪੰਜਾਬ ਨੂੰ ਸੌਂਪਣ ਲਈ ਵਿਸ਼ਾਲ ਤੋਂ ਵਿਸ਼ਾਲ ਇਕੱਠ ਕੀਤਾ ਜਾਵੇ। ਪੂਰੇ ਭਾਰਤ ਵਿੱਚ ਪੰਜਾਬ ਵਰਗੀ ਕਿਸਾਨ ਲਹਿਰ ਉਸਾਰਨ ਲਈ ਗਦਰੀ ਬਾਬਿਆਂ ਵਰਗੀ ਖਰੀ ਲੋਕ ਪੱਖੀ ਵਿਚਾਰਧਾਰਾ ਅਤੇ ਆਪਾਵਾਰੂ ਸਿਦਕ ਸਿਰੜ ਪੈਦਾ ਕੀਤਾ ਜਾਵੇ।
ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਜਦੋਂ ਅੰਗਰੇਜ਼ ਸਾਮਰਾਜੀਆਂ ਵੱਲੋਂ ਗੁਲਾਮ ਬਣਾਏ ਕਰੋੜਾਂ ਭਾਰਤੀਆਂ ਦੀ ਕਿਰਤ ਦੀ ਅੰਨ੍ਹੀ ਲੁੱਟ ਕਾਰਨ ਵਾਰ ਵਾਰ ਪੈਂਦੇ ਅੰਨ ਦੇ ਕਾਲ ਅਤੇ ਰੋਗ-ਮਹਾਂਮਾਰੀਆਂ ਕਾਰਨ ਪ੍ਰਤੀ ਸਾਲ ਲੱਖਾਂ ਭਾਰਤੀ ਮੌਤ ਦੇ ਮੂੰਹ ਜਾ ਪੈਂਦੇ ਸਨ। ਭਾਰੀ ਸੂਦਖੋਰ ਕਰਜ਼ਿਆਂ ਬਦਲੇ ਕਿਸਾਨਾਂ ਨੂੰ ਜ਼ਮੀਨਾਂ ਤੋਂ ਹੱਥ ਧੋਣੇ ਪੈ ਰਹੇ ਸਨ। ਇਸ ਗੁਲਾਮੀ ਦਾ ਫਸਤਾ ਵੱਢਣ ਲਈ ਨਿੱਤਰਦੇ ਲੋਕਾਂ ਦੇ ਕਤਲੇਆਮ ਰਚਾਏ ਜਾਂਦੇ ਸਨ। ਭੁੱਖਾਂ ਦੁੱਖਾਂ ਦੇ ਸਤਾਏ ਲੋਕ ਅਮਰੀਕਾ ਕੈਨੇਡਾ ਆਦਿ ਬਦੇਸ਼ਾਂ ਵੱਲ ਪਰਵਾਸ ਲਈ ਮਜਬੂਰ ਹੋ ਰਹੇ ਸਨ। ਉੱਥੇ ਜਾ ਕੇ ਵੀ ਅਨੇਕਾਂ ਕਿਸਮ ਦੀਆਂ ਜਲਾਲਤਾਂ ਝੱਲਣੀਆਂ ਪਈਆਂ ਤਾਂ ਇਨ੍ਹਾਂ ਸ਼ਹੀਦਾਂ ਵਰਗੇ ਹਜ਼ਾਰਾਂ ਸੂਝਵਾਨ ਭਾਰਤੀ ਗਦਰ ਪਾਰਟੀ ਜਥੇਬੰਦ ਕਰਕੇ ਸਾਮਰਾਜੀ ਗੁਲਾਮੀ ਵਿਰੁੱਧ ਆਪਾਵਾਰੂ ਗ਼ਦਰ ਲਹਿਰ ਉਸਾਰਨ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਵਾਪਸ ਆਏ।
ਇਹ ਲਹਿਰ ਧਰਮ ਨਿਰਪੱਖ ਅਤੇ ਜਾਤਪਾਤ ਇਲਾਕਾਪ੍ਰਸਤੀ ਛੂਤ ਛਾਤ ਤੋਂ ਪੂਰੀ ਤਰ੍ਹਾਂ ਨਿਰਲੇਪ ਸੀ। ਦਰਜਨਾਂ ਫਾਂਸੀਆਂ, ਸੈਂਕੜੇ ਉਮਰ ਕੈਦਾਂ ਕਾਲ਼ੇ ਪਾਣੀਆਂ ਦੇ ਦੇਸ਼ ਨਿਕਾਲੇ ਝੱਲ ਕੇ ਵੀ ਭੋਰਾ ਭਰ ਨਹੀਂ ਲਿਫੇ। ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਅੱਜ ਜਦੋਂ ਇੱਕ ਅੰਗਰੇਜ਼ ਸਾਮਰਾਜ ਦੀ ਬਜਾਏ ਦੁਨੀਆਂ ਦੀਆਂ ਅਨੇਕਾਂ ਵੱਡੀਆਂ ਸਾਮਰਾਜੀ ਤਾਕਤਾਂ ਵੱਲੋਂ ਨਿੱਜੀਕਰਨ, ਵਪਾਰੀਕਰਨ ਅਤੇ ਉਦਾਰੀਕਰਨ ਦੀਆਂ ਨੀਤੀਆਂ ਰਾਹੀਂ ਖੇਤੀ-ਜ਼ਮੀਨਾਂ ਸਮੇਤ ਭਾਰਤ ਦੇ ਸਾਰੇ ਪੈਦਾਵਾਰੀ ਸਾਧਨਾਂ ਅਤੇ ਕੁਦਰਤੀ ਸੋਮਿਆਂ ‘ਤੇ ਆਰਥਿਕ ਕਬਜ਼ੇ ਕਰਕੇ ਰਾਜਨੀਤਕ ਆਰਥਿਕ ਗੁਲਾਮੀ ਦੀਆਂ ਜੰਜ਼ੀਰਾਂ ਆਏ ਦਿਨ ਹੋਰ ਕੱਸੀਆਂ ਜਾ ਰਹੀਆਂ ਹਨ ਤਾਂ ਗ਼ਦਰੀ ਬਾਬਿਆਂ ਦੀ ਲੋਕ-ਪੱਖੀ, ਦੇਸ਼ਭਗਤ ਤੇ ਆਪਾਵਾਰੂ ਵਿਚਾਰਧਾਰਾ ਸਮੇਤ ਉਨ੍ਹਾਂ ਦੇ ਸਿਦਕ ਸਿਰੜ ਨੂੰ ਪਰਨਾਉਣਾ ਕਿਸਾਨ ਲਹਿਰ ਦੀ ਦ੍ਰਿੜ੍ਹ ਪੇਸ਼ਕਦਮੀ ਲਈ ਅਣਸਰਦੀ ਲੋੜ ਹੈ।

ਕਿਸਾਨ ਆਗੂ ਨੇ ਕਿਹਾ ਕਿ ਬੇਸ਼ੱਕ ਜਾਨਹੂਲਵੇਂ ਦਿੱਲੀ ਘੋਲ਼ ਦੇ ਦਬਾਅ ਹੇਠ ਸਾਮਰਾਜੀ-ਸੇਵਕ ਕੇਂਦਰੀ ਭਾਜਪਾ ਸਰਕਾਰ ਕੋਲੋਂ ਕਾਲ਼ੇ ਖੇਤੀ ਕਾਨੂੰਨ ਤਾਂ ਰੱਦ ਕਰਵਾ ਲਏ ਗਏ ਸਨ। ਪ੍ਰੰਤੂ ਐਮ ਐੱਸ ਪੀ ਦੀ ਕਾਨੂੰਨੀ ਗਰੰਟੀ ਤੋਂ ਟਾਲ਼ਾ ਵੱਟਣ, ਜਾਨਲੇਵਾ ਖੇਤੀ ਕਰਜ਼ਿਆਂ ਅਤੇ ਨਿੱਜੀਕਰਨ/ਵਪਾਰੀਕਰਨ ਦੇ ਸਰਬਵਿਆਪੀ ਹੱਲੇ ਨਾਲ਼ ਅੰਤਾਂ ਦੀ ਬੇਰੁਜ਼ਗਾਰੀ, ਮਹਿੰਗਾਈ ਤੋਂ ਇਲਾਵਾ ਨਸ਼ਿਆਂ ਦੀ ਮਹਾਂਮਾਰੀ ਵਰਗੇ ਸੱਤਾਧਾਰੀ ਹੱਲਿਆਂ ਨੇ ਛੋਟੇ ਤੇ ਬੇਜ਼ਮੀਨੇ ਆਮ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਮੇਤ ਸਨਅਤੀ ਕਾਮਿਆਂ, ਠੇਕਾ ਕਾਮਿਆਂ, ਛੋਟੇ ਕਾਰੋਬਾਰੀਆਂ ਸਭਨਾਂ ਕਿਰਤੀ ਤਬਕਿਆਂ ਦਾ ਜਿਉਣਾ ਦੁੱਭਰ ਕੀਤਾ ਹੋਇਆ ਹੈ। ਧਰਤੀ ਹੇਠਲੇ ਅਤੇ ਦਰਿਆਈ ਪਾਣੀਆਂ ਨੂੰ ਕੁਦਰਤੀ ਦਾਤ ਦੀ ਬਜਾਏ ਵਪਾਰਕ ਵਸਤੂ ਦੱਸਣ ਵਾਲੀ ਸੰਸਾਰ ਬੈਂਕ ਦੀ ਨੀਤੀ ਮੁਤਾਬਕ ਇਨ੍ਹਾਂ ਦਾ ਕੰਟਰੋਲ ਕਾਰਪੋਰੇਟਾਂ ਹੱਥ ਦੇ ਕੇ ਤਿਹਾਏ ਮਾਰਨ ਵਾਲੇ ਫੈਸਲੇ ਕੇਂਦਰੀ ਤੇ ਸੂਬਾਈ ਸੱਤਾਧਾਰੀਆਂ ਦੇ ਸਿਰ ਚੜ੍ਹ ਬੋਲ ਰਹੇ ਹਨ।
ਭਰਾਤਰੀ ਜਥੇਬੰਦੀਆਂ ਵੱਲੋਂ ਜੱਥਿਆਂ ਸਮੇਤ ਸ਼ਾਮਲ ਹੋਏ ਨੌਜਵਾਨ ਭਾਰਤ ਸਭਾ ਦੇ ਆਗੂ ਅਸ਼ਵਨੀ ਘੁੱਦਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੇ ਆਗੂ ਹੁਸ਼ਿਆਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੂਬਾ ਆਗੂ ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ ਅਤੇ ਹਰਿੰਦਰ ਕੌਰ ਬਿੰਦੂ ਸਮੇਤ ਜ਼ਿਲ੍ਹਿਆਂ ਬਲਾਕਾਂ ਦੇ ਅਹੁਦੇਦਾਰ ਅਤੇ ਔਰਤਾਂ ਦੀਆਂ ਆਗੂ ਹਾਜ਼ਰ ਸਨ।
ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਦੀ ਟੀਮ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ‘ਚ ਗ਼ਦਰ ਲਹਿਰ ਅਤੇ ਉਸਦੇ ਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਕੋਰਿਓਗਰਾਫੀ ” ਦੇਸ਼ ਨੂੰ ਚੱਲੋ” ਪੇਸ਼ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਵੱਲੋਂ ਬਾਖੂਬੀ ਨਿਭਾਈ ਗਈ। ਇਸਤੋਂ ਇਲਾਵਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਵੀ ਹਾਜ਼ਰੀ ਲਵਾਈ ਗਈ।

 

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ ਹਰਚੰਦ ਸਿੰਘ ਬਰਸਟ ਨੇ ਸੜਕ ਹਾਦਸੇ ਵਿੱਚ ਸਕੂਲੀ ਬਚਿੱਆਂ ਦੀ ਹੋਈ ਮੌਤ `ਤੇ ਦੁੱਖ ਪ੍ਰਗਟ ਕੀਤਾ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਐਕਸ਼ਨ: ਸਕੂਲੀ ਬੱਸਾਂ ਅਤੇ ਟਿੱਪਰਾਂ ਲਈ ਸਖ਼ਤ ਹੁਕਮ ਜਾਰੀ ਫਾਜ਼ਿਲਕਾ ਵਿਚ ਵਿਆਹ ਸ਼ਾਦੀਆਂ ਅਤੇ ਧਾਰਮਿਕ ਪ੍ਰੋਗਰਾਮਾਂ 'ਤੇ ਡਰੋਨ ਅਤੇ ਆਤਿਸ਼ਬਾਜੀ ਪਟਾਖੇ ਚਲਾਉਣ 'ਤੇ ਰੋਕ ਸਰਪੰਚਾਂ/ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੇ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ 315ਵੇਂ ਸਰਹਿੰਦ ਫਤਿਹ ਦਿਵਸ 'ਤੇ 13 ਮਈ ਨੂੰ ਰਕਬਾ ਭਵਨ ਤੋਂ ਆਰੰਭ ਹੋਵੇਗਾ ਇਤਿਹਾਸਿਕ ਫਤਿਹ ਮਾਰਚ : ਬਾਵਾ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ 'ਪੋਹਲੀ ਦੇ ਫੁੱਲ" ਉਪਰ ਵਿਚਾਰ ਗੋਸਟੀ ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ, ਦੋ ਪਿਸਤੌਲਾਂ ਸਮੇਤ 3 ਵਿਅਕਤੀ ਕਾਬੂ ਆਪ੍ਰੇਸ਼ਨ ਸਿੰਦੂਰ: ਭਾਰਤੀ ਫੌਜ ਦੀ ਬਹਾਦਰੀ 'ਤੇ ਪੂਰੇ ਦੇਸ਼ ਨੂੰ ਮਾਣ : ਮੋਹਿੰਦਰ ਭਗਤ