ਓਨਟਾਰੀਓ, 17 ਅਗਸਤ (ਪੋਸਟ ਬਿਊਰੋ) : ਓਨਟਾਰੀਓ ਸਰਕਾਰ ਵੱਲੋਂ ਵੀਰਵਾਰ ਨੂੰ ਆਪਣੇ ਪਲੈਨ ਟੂ ਸਟੇਅ ਓਪਨ ਤਹਿਤ ਅਗਲੇ ਕਦਮਾਂ ਦਾ ਖੁਲਾਸਾ ਕੀਤਾ ਜਾਵੇਗਾ। ਓਨਟਾਰੀਓ ਦੀ ਸਿਹਤ ਮੰਤਰੀ ਸਿਲਵੀਆ ਜੋਨਜ਼ ਵੱਲੋਂ ਇਹ ਸੰਕੇਤ ਦਿੱਤਾ ਗਿਆ ਹੈ ਕਿ ਇਸ ਨਾਲ ਪ੍ਰੋਵਿੰਸ ਦੇ ਹੈਲਥ ਕੇਅਰ ਸਿਸਟਮ ਵਿੱਚ ਸਥਿਰਤਾ ਆਵੇਗੀ ਤੇ ਮਹਾਂਮਾਰੀ ਤੋਂ ਬਾਅਦ ਰਿਕਵਰ ਹੋਣ ਵਿੱਚ ਸਫਲਤਾ ਹਾਸਲ ਹੋਵੇਗੀ।
ਓਟਵਾ ਵਿੱਚ ਐਸੋਸਿਏਸ਼ਨ ਆਫ ਮਿਊਂਸਪੈਲਿਟੀਜ਼ ਓਨਟਾਰੀਓ ਦੀ ਕਾਨਫਰੰਸ ਵਿੱਚ ਗੱਲ ਕਰਦਿਆਂ ਜੋਨਜ਼ ਨੇ ਆਖਿਆ ਕਿ ਸਰਕਾਰ ਦਾ ਟੀਚਾ ਮਰੀਜ਼ਾਂ ਅਤੇ ਰੈਜ਼ੀਡੈਂਟਸ ਨੂੰ ਬਿਹਤਰ ਸਿਹਤ ਸੰਭਾਲ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਆਖਿਆ ਕਿ ਇਸ ਦੇ ਨਾਲ ਹੀ ਸਰਕਾਰ ਸਰੋਤਾਂ ਤੇ ਮਦਦ ਨੂੰ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ ਤਾਂ ਕਿ ਸਾਡੀ ਪ੍ਰੋਵਿੰਸ ਤੇ ਅਰਥਚਾਰਾ ਚੱਲਦੇ ਰਹਿ ਸਕਣ।ਉਨ੍ਹਾਂ ਆਖਿਆ ਕਿ ਅਸੀਂ ਯਥਾ ਸਥਿਤੀ ਨੂੰ ਬਰਕਰਾਰ ਨਹੀਂ ਰੱਖ ਸਕਦੇ ਕਿਉਂਕਿ ਸਿਹਤ ਸੈਕਟਰ ਨੂੰ ਅਜੋਕੇ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਨਾਲ ਇਹ ਯਥਾ ਸਥਿਤੀ ਇਨਸਾਫ ਨਹੀਂ ਕਰ ਸਕਦੀ।
ਉਨ੍ਹਾਂ ਆਖਿਆ ਕਿ ਹੋਰਨਾਂ ਥਾਂਵਾਂ ਤੋਂ ਸੇਧ ਲੈਂਦਿਆਂ ਸਰਕਾਰ ਵੱਲੋਂ ਅਹਿਮ ਤੇ ਪੇਸ਼ਕਦਮੀ ਨਾਲ ਕਦਮ ਚੁੱਕੇ ਜਾਣਗੇ ਜਿਸ ਨਾਲ ਮਰੀਜ਼ਾਂ ਨੂੰ ਪਹਿਲ ਮਿਲ ਸਕੇ ਤੇ ਉਨ੍ਹਾਂ ਦੀ ਸਿਹਤ ਸਰਬੋਪਰੀ ਰਹਿ ਸਕੇ। ਇਸ ਪਲੈਨ ਦੇ ਹਿੱਸੇ ਵਜੋਂ ਇਸ ਪ੍ਰੋਗਰਾਮ ਦਾ ਪਸਾਰ ਕੀਤਾ ਜਾਵੇਗਾ ਜਿਹੜਾ ਪੈਰਾਮੈਡਿਕਸ ਨੂੰ ਮਰੀਜ਼ਾਂ ਨੂੰ ਐਮਰਜੰਸੀ ਰੂਮ ਤੋਂ ਇਲਾਵਾ ਕਿਤੇ ਹੋਰ ਲਿਜਾਣ ਜਾਂ ਮੌਕੇ ਉੱਤੇ ਹੀ ਉਨ੍ਹਾਂ ਦਾ ਇਲਾਜ ਕਰਨ ਦੀ ਖੁੱਲ੍ਹ ਦੇਵੇਗਾ। ਇਸ ਪਲੈਨ ਨੂੰ ਵਿਸਥਾਰਪੂਰਬਕ ਵੀਰਵਾਰ ਨੂੰ ਜਾਰੀ ਕੀਤਾ ਜਾਵੇਗਾ। ਅਜੇ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਸ ਵਿੱਚ ਹੋਰ ਕੀ ਕੀ ਸ਼ਾਮਲ ਹੋਵੇਗਾ।