Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਨਜਰਰੀਆ

ਫੀਸ ਵਾਲੇ ਪੈਸੇ

August 10, 2022 04:00 PM

-ਪ੍ਰਿੰਸੀਪਲ ਵਿਜੈ ਕੁਮਾਰ
ਕਿਸੇ ਦੂਰ ਦੁਰਾਡੇ ਸਥਾਨ ਉੱਤੇ ਜਾਣ ਲਈ ਆਪਣੀ ਗੱਡੀ ਲਈ ਕਿਸੇ ਨਾ ਕਿਸੇ ਸ਼ਖਸ ਨੂੰ ਡਰਾਈਵਰ ਵਜੋਂ ਲੈ ਜਾਂਦਾ ਹਾਂ। ਇੱਕ ਦਿਨ ਅਚਨਚੇਤ ਕਿਸੇ ਕੰਮ ਅੰਬਾਲੇ ਜਾਣਾ ਪੈ ਗਿਆ। ਭਰੋਸੇ ਵਾਲੇ ਜਿਸ ਸ਼ਖਸ ਨੂੰ ਡਰਾਈਵਰ ਵਜੋਂ ਲੈ ਕੇ ਜਾਂਦਾ ਹਾਂ, ਉਹ ਉਸ ਦਿਨ ਵਿਹਲਾ ਨਹੀਂ ਸੀ, ਪਰ ਜਾਣਾ ਬਹੁਤ ਜ਼ਰੂਰੀ ਸੀ। ਉਹਨੂੰ ਹੋਰ ਜ਼ੋਰ ਪਾਇਆ ਤਾਂ ਉਹਨੇ ਆਪਣੇ ਭਰੋਸੇ ਵਾਲੇ ਕਿਸੇ ਬੰਦੇ ਦਾ ਪ੍ਰਬੰਧ ਕਰ ਦਿੱਤਾ, ਨਾਲੇ ਆਖ ਦਿੱਤਾ ਕਿ ਕੋਈ ਸ਼ਿਕਾਇਤ ਵੀ ਨਹੀਂ ਹੋਵੇਗੀ, ਸਮੇਂ ਸਿਰ ਪਹੁੰਚ ਜਾਵੇਗਾ ਅਤੇ ਸਮੇਂ ਸਿਰ ਪਹੁੰਚਾ ਦੇਵੇਗਾ। ਮੈਂ ਉਸ ਨੂੰ ‘ਹਾਂ’ ਕਰ ਦਿੱਤੀ।
ਉਹ ਸ਼ਖਸ ਦੱਸੇ ਹੋਏ ਸਮੇਂ ਉੱਤੇ ਘਰ ਆ ਗਿਆ। ਮੈਂ ਇਹ ਗੱਲ ਚੰਗੀ ਸਮਝੀ ਕਿ ਘਰੋਂ ਤੁਰਨ ਤੋਂ ਪਹਿਲਾਂ ਉਸ ਨਾਲ ਪੈਸੇ ਮੁਕਾ ਲਏ ਜਾਣ। ਮੈਂ ਕਿਹਾ, ‘ਉਸਤਾਦ, ਮੈਂ ਆਪਣੇ ਪਹਿਲੇ ਡਰਾਈਵਰ ਨੂੰ ਛੇ ਸੌ ਰੁਪਏ ਦਿੰਦਾ ਹਾਂ, ਤੂੰ ਕਿੰਨੇ ਪੈਸੇ ਲਵੇਂਗਾ? ਬਾਅਦ ਵਿੱਚ ਘਮਸਾਣ ਪੈਣ ਨਾਲੋਂ ਪਹਿਲਾਂ ਗੱਲ ਮੁਕਾ ਲੈਣੀ ਚੰਗੀ ਹੁੰਦੀ ਹੈ।’ ਉਹ ਅੱਗਿਓਂ ਬੋਲਿਆ, ‘ਤੁਸੀਂ ਜਾਣਦੇ ਹੀ ਹੋ, ਜੋ ਠੀਕ ਬਣਦਾ, ਦੇ ਦਿਓ।’ ਬਹੁਤ ਜ਼ੋਰ ਲਾਇਆ, ਪਰ ਉਹਨੇ ਗੱਲ ਨਹੀਂ ਖੋਲ੍ਹੀ। ਆਖਰ ਮਨ ਹੀ ਮਨ ਫੈਸਲਾ ਕਰ ਲਿਆ ਕਿ ਛੇ ਸੌ ਦੇ ਕੇ ਦੇਖਾਂਗਾ, ਨਾ ਮੰਨਿਆ ਤਾਂ ਜੋ ਮੰਗੇਗਾ, ਦੇ ਦੇਵਾਂਗਾ। ਰਾਹ ਵਿੱਚ ਉਹ ਦਾ ਵਿਹਾਰ ਬਹੁਤ ਹੀ ਸੁਹਿਰਦ ਸੀ। ਉਹ ਬੜੇ ਸਲੀਕੇ ਅਤੇ ਅਦਬ ਨਾਲ ਗੱਲਾਂ ਕਰ ਰਿਹਾ ਸੀ।
ਸਫਰ ਉੱਤੇ ਨਿਕਲਣ ਲੱਗਿਆਂ ਪੜ੍ਹਨ ਲਈ ਅਕਸਰ ਕੋਈ ਨਾ ਕੋਈ ਪੁਸਤਕ ਲੈ ਜਾਂਦਾ ਹਾਂ, ਪਰ ਉਸ ਦਿਨ ਦੀ ਪੁਸਤਕ ਬਹੁਤੀ ਦਿਲਚਸਪ ਨਾ ਹੋਣ ਕਾਰਨ ਸਮਾਂ ਗੁਜ਼ਾਰਨ ਲਈ ਗੱਡੀ ਦੇ ਡਰਾਈਵਰ ਨਾਲ ਗੱਲੀਂ ਪੈ ਗਿਆ। ਉਹਨੇ ਦੁਬਈ ਜਾ ਕੇ ਚੰਗੇ ਪੈਸੇ ਕਮਾਏ ਸਨ, ਪਰ ਪਤਨੀ ਦੀ ਬਿਮਾਰੀ ਅਤੇ ਪਰਵਾਰਕ ਜ਼ਿੰਮੇਵਾਰੀਆਂ ਨੇ ਉਸ ਦੀ ਜਮ੍ਹਾਂ ਪੂੰਜੀ ਵੀ ਖਰਚਾ ਦਿੱਤੀ ਸੀ ਤੇ ਉਹ ਮੁੜ ਵਿਦੇਸ਼ ਨਹੀਂ ਜਾ ਸਕਿਆ। ਉਹਨੇ ਕਈ ਹੋਰ ਕੰਮ ਕੀਤੇ, ਪਰ ਕਿਤੇ ਕੋਈ ਪੱਕਾ ਕੰਮ ਨਹੀਂ ਮਿਲ ਸਕਿਆ। ਇੱਕ ਗੱਡੀ ਉੱਤੇ ਡਰਾਈਵਰੀ ਸ਼ੁਰੂ ਕੀਤੀ। ਉਸ ਨਾਲ ਹਾਦਸੇ ਵਿੱਚ ਇੱਕ ਬੰਦਾ ਮਾਰਿਆ ਗਿਆ। ਬਚੇ ਖੁਚੇ ਪੈਸੇ ਕੇਸ ਉੱਤੇ ਲੱਗ ਗਏ।ਉਹ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾ ਰਿਹਾ ਸੀਤੇ ਮੈਨੂੰ ਉਸ ਦੀਆਂ ਗੱਲਾਂ ਤੋਂ ਲੱਗ ਰਿਹਾ ਸੀ, ਜਿਵੇਂ ਮੈਂ ਉਹਨੂੰ ਜਾਣਦਾ ਹੋਵਾਂ। ਮਨ ਕਰੇ ਕਿ ਉਸ ਬਾਰੇ ਜਾਣਕਾਰੀ ਪ੍ਰਾਪਤ ਕਰਾਂ, ਪਰ ਇਹ ਸੋਚ ਕੇ ‘ਕੀ ਲੈਣਾ’, ਚੁੱਪ ਰਹਿਣ ਵਿੱਚ ਬਿਹਤਰੀ ਸਮਝੀ।
ਸਫਰ ਲੰਮਾ ਸੀ, ਸਮਾਂ ਲੰਘਾਉਣ ਖਾਤਰ ਪੁਤਸਕ ਦੇ ਵਰਕੇ ਮੁੜ ਫਰੋਲੇ, ਦਿਲਚਸਪੀ ਫਿਰ ਵੀ ਨਾ ਬਣੀ। ਗੱਡੀ ਦੀ ਅਗਲੀ ਸੀਟ ਉੱਤੇ ਮੈਨੂੰ ਨੀਂਦ ਵੀ ਨਹੀਂ ਆਉਂਦੀ, ਸੋ ਉਹਦੇ ਨਾਲ ਮੁੜ ਗੱਲਬਾਤ ਸ਼ੁਰੂ ਕੀਤੀ।ਪਹਿਲਾਂ ਉਹਦੀਆਂ ਗੱਲਾਂ ਸੁਣੀਆਂ ਸਨ, ਐਤਕੀਂ ਆਪਣੇ ਤੋਂ ਗੱਲ ਸ਼ੁਰੂ ਕੀਤੀ। ਉਹਨੂੰ ਸਗੋਂ ਸਿੱਧਾ ਸਵਾਲ ਕੀਤਾ, ‘ਤੁਸੀਂ ਮੈਨੂੰ ਜਾਣਦੇ ਹੋ?’ ਇਸ ਸਵਾਲ ਦਾ ਜਵਾਬ ਉਹਦੇ ਚਿਹਰੇ ਨੇ ਦੱਸ ਦਿੱਤਾ ਸੀ। ਮੇਰਾ ਅੰਦਾਜ਼ਾ ਠੀਕ ਨਿਕਲਿਆ। ਇੱਕ ਟੋਲ ਪਲਾਜ਼ੇ ਦੇ ਪੈਸੇ ਵੀ ਉਸ ਮੈਨੂੰ ਨਹੀਂ ਦੇਣ ਦਿੱਤੇ। ਗੱਲਾਂ-ਬਾਤਾਂ ਵਿੱਚ ਉਹਨੇ ਇਹ ਗੱਲ ਸਾਂਝੀ ਕੀਤੀ ਕਿ ਉਹਦੇ ਦੋਵੇਂ ਬੱਚੇ ਮੇਰੇ ਤੋਂ ਪੜ੍ਹੇ ਹੋਏ ਹਨ। ਘਰ ਜਾ ਕੇ ਉਹ ਗੱਡੀ ਖੜ੍ਹੀ ਕਰ ਕੇ ਜਾਣ ਲੱਗਾ। ਮੈਂ ਰੋਕ ਕੇ ਕਿਹਾ, ‘ਉਸਤਾਦ ਜੀ, ਆਪਣੇ ਪੈਸੇ ਤਾਂ ਲੈਂਦੇ ਜਾਓ।’ ਉਹ ਬੋਲਿਆ, ‘ਕਿਉਂ ਸ਼ਰਮਿੰਦਾ ਕਰਦੇ ਓ ਜੀ। ਮੇਰੇ ਧੰਨਭਾਗ, ਤੁਸੀਂ ਸੇਵਾ ਕਰਨ ਦਾ ਮੌਕਾ ਦਿੱਤਾ।’
ਇਸੇ ਦੌਰਾਨ ਉਹਨੇ ਆਪਣਾ ਫੋਨ ਮਿਲਾ ਕੇ ਮੈਨੂੰ ਦਿੰਦਿਆਂ ਕਿਹਾ, ‘ਸਰ, ਆਹ ਬੱਚਿਆਂ ਨਾਲ ਗੱਲ ਕਰ ਲਓ, ਇਨ੍ਹਾਂ ਨੇ ਮੈਨੂੰ ਕਹਿ ਕੇ ਭੇਜਿਆ ਸੀ ਕਿ ਸਰ ਤੋਂ ਪੈਸੇ ਨਾ ਲਿਓ।’ ਦੂਜੇ ਪਾਸਿਓ ਉਹਦੀ ਧੀ ਦੀ ਆਵਾਜ਼ ਸੀ, ‘ਸਰ, ਮੈਂ ਨਿਸ਼ਾ ਬੋਲਦੀ ਆਂ। ਮੈਂ ਤੇ ਮੇਰਾ ਭਰਾ ਅਰੁਣ ਤੁਹਾਡੇ ਕੋਲ ਪੜ੍ਹੇ ਹੋਏ ਆਂ।” ਇੰਨਾ ਕਹਿ ਕੇ ਉਹ ਰੋ ਪਈ, ਫਿਰ ਕਹਿਣ ਲੱਗੀ, ‘ਜੇ ਮੁਸੀਬਤ ਦੇ ਦਿਨਾਂ ਵਿੱਚ ਤੁਸੀਂ ਸਾਡਾ ਸਹਾਰਾ ਨਾ ਬਣੇ ਹੁੰਦੇ, ਅਸੀਂ ਪੜ੍ਹਾਈ ਛੱਡ ਜਾਣੀ ਸੀ। ਅੱਜ ਮੈਂ ਬੈਂਕ ਵਿੱਚ ਲੱਗੀ ਹੋਈ ਆਂ ਤੇ ਭਰਾ ਬਿਜਲੀ ਬੋਰਡ ਵਿੱਚ ਹੈ। ਤੁਸੀਂ ਸਾਡੀਆਂ ਫੀਸਾਂ ਦਿੰਦੇ ਰਹੇ ਹੋ।” ਮੈਂ ਕਿਹਾ, ‘‘ਪੁੱਤਰ, ਤੁਹਾਡੀਆਂ ਫੀਸਾਂ ਤਾਂ ਕੋਈ ਹੋਰ ਦਿੰਦਾ ਸੀ, ਮੈਂ ਲੈ ਕੇ ਦੇਣ ਵਾਲਾ ਸੀ।” ਅੱਗੋਂ ਕੁੜੀ ਦੇ ਜਵਾਬ ਨੇ ਭਾਵੁਕ ਕਰ ਦਿੱਤਾ, ‘‘ਸਰ, ਕਿਸੇ ਲਈ ਕੌਣ ਮੰਗਤਾ ਬਣਦਾ? ਅਸੀਂ ਤੁਹਾਡੇ ਕੀ ਲੱਗਦੇ ਸੀ। ਸਾਡੇ ਤਾਏ-ਚਾਚਿਆਂ ਨੇ ਮਦਦ ਦੀ ਥਾਂ ਪਾਪਾ ਨੂੰ ਕਿਹਾ ਸੀ ਕਿ ਬੱਚਿਆਂ ਨੂੰ ਪੜ੍ਹਨ ਤੋਂ ਹਟਾ ਕੇ ਦੁਕਾਨਾਂ ਉੱਤੇ ਲਾ ਦੇ, ਘਰ ਦੀ ਰੋਟੀ ਤਾਂ ਤੁਰ ਪਊ। ਅਸੀਂ ਭੈਣ-ਭਰਾ ਨੇ ਪੜ੍ਹਾਈ ਛੱਡਣ ਦਾ ਫੈਸਲਾ ਕਰ ਲਿਆ ਸੀ, ਪਰ ਤੁਸੀਂ ਸਾਨੂੰ ਘਰੋਂ ਲੈ ਗਏ ਸੀ।” ਉਹ ਦੀਆਂ ਭੁੱਬਾਂ ਨਿਕਲ ਗਈਆਂ।
ਉਸ ਦੇ ਭਰਾ ਨੇ ਮੇਰੇ ਨਾਲ ਗੱਲ ਸ਼ੁਰੂ ਕੀਤੀ, ਕਹਿੰਦਾ, ‘‘ਸਰ ਆਪਣੇ ਬੱਚੇ ਸਮਝਕੇ ਇਹ ਸੇਵਾ ਮਨਜ਼ੂਰ ਕਰ ਲਓ ਜਾਂ ਫਿਰ ਫੀਸ ਵਾਲੇ ਪੈਸੇ ਸਮਝ ਕੇ ਬੇਨਤੀ ਮੰਨ ਲਓ।'' ਮੈਂ ਬੱਚੇ ਨੂੰ ‘ਹਾਂ' ਕਰ ਦਿੱਤੀ, ਪਰ ਮੈਂ ਉਸ ਨੂੰ 500 ਰੁਪਏ ਦਾ ਨੋਟ ਫੜਾ ਕੇ ਕਿਹਾ, ‘‘ਇਹ ਰੱਖ ਲਓ ਪਲੀਜ਼, ਨਹੀਂ ਤਾਂ ਮੇਰੇ ਮਨ ਉੱਤੇ ਬੋਝ ਰਹੇਗਾ। ' ਉਹ ਨੂੰ ਗੱਲ ਜਚ ਗਈ ਹੋਣੀ ਏ, ਸਾਡੀਆਂ ਅੱਖਾਂ ਆਪਸ ਵਿੱਚ ਮਿਲੀਆਂ ਤੇ ਉਹਨੇ ਪੈਸੇ ਫੜ ਲਏ।

Have something to say? Post your comment