Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਨਜਰਰੀਆ

ਮੈਨੂੰ ਚੂੜੀਆਂ ਚੜ੍ਹਾ ਦੇ ਚੰਨ ਵੇ...

August 04, 2022 04:28 PM

-ਪ੍ਰੇਮ ਭੂਸ਼ਣ ਗੋਇਲ
ਵੰਗਾਂ ਦਾ ਵਣਜਾਰਾ ਆਇਆ ਤਾਂ ਉਹ ਗਲੀਆਂ ਵਿੱਚ ਵਾਰ-ਵਾਰ ਹੋਕਾ ਦੇ ਰਿਹਾ ਹੈ, ‘ਵੰਗਾਂ ਚੜ੍ਹਾ ਲਓ, ਲਾਲ ਹਰੀਆਂ ਪੀਲੀਆਂ ਰੰਗੀਨ ਚੂੜੀਆਂ ਵੰਨ-ਸੁਵੰਨੀਆਂ ਚੂੜੀਆਂ।” ਉਸ ਦੀ ਇਹ ਆਵਾਜ਼ ਸੁਣ ਕੇ ਬੱਚੀਆਂ, ਮੁਟਿਆਰਾਂ, ਬੁੱਢੀਆਂ, ਕੁਆਰੀਆਂ, ਵਿਆਹੀਆਂ, ਸਭ ਵਣਜਾਰੇ ਦੁਆਲੇ ਝੁਰਮੁਟ ਪਾ ਲੈਂਦੀਆਂ ਅਤੇ ਸਾਹੋ ਸਾਹ ਇਕਦਮ ਸਾਰੀਆਂ ਇਹੋ ਮੰਗ ਕਰਦੀਆਂ, ‘‘ਵਿਖਾ ਚੂੜੀਆਂ, ਜ਼ਰਾ ਗੂੜ੍ਹੇ ਰੰਗ ਦੀਆਂ।” ‘‘ਪਹਿਲਾਂ ਮੈਨੂੰ ਵਿਖਾ।”
ਔਰਤਾਂ ਨੂੰ ਵੰਗਾਂ ਚੜ੍ਹਾਉਣ ਦਾ ਚਾਅ ਚੜ੍ਹਿਆ ਰਹਿੰਦਾ। ਗਰਮੀ ਹੋਵੇ, ਭਾਵੇਂ ਸਰਦੀ, ਬਸੰਤ ਹੋਵੇ ਜਾਂ ਵਰਖਾ, ਹਰ ਮੌਸਮ ਵਿੱਚ ਉਹ ਵਣਜਾਰਿਆਂ ਨੂੰ ਉਡੀਕਦੀਆਂ। ਇਹ ਚੂੜੀਆਂ ਭਾਵੇਂ ਘੋਗੇ-ਸਿੱਪੀਆਂ, ਧਾਤ ਦੀਆਂ ਜਾਂ ਚਾਂਦੀ-ਸੋਨੇ, ਪਲੈਟੀਨਮ ਜਾਂ ਜੜਾਊ ਹੋਣ, ਪਰ ਕੱਚ ਦੀਆਂ ਵੰਗਾਂ ਦੀ ਗੱਲ ਹੀ ਹੋਰ ਹੈ। ਇਨ੍ਹਾਂ ਨੂੰ ਪਹਿਣਨਾ ਉਹ ਜ਼ਰੂਰੀ ਸਮਝਦੀਆਂ ਹਨ। ਬਲੌਰੀ ਚੂੜੀਆਂ ਲਈ ਉਨ੍ਹਾਂ ਦੀ ਵਿਸ਼ੇਸ਼ ਖਿੱਚ ਹੈ। ਲੰਮੇ ਸਮੇਂ ਤੋਂ ਪਰੰਪਰਾ ਦੇ ਰੂਪ ਵਿੱਚ ਇਹ ਸ਼ੌਕ ਉਨ੍ਹਾਂ ਤੱਕ ਪਹੁੰਚਿਆ ਹੈ। ਵੰਗਾਂ ਉਨ੍ਹਾਂ ਲਈ ਮਾਤਰ ਗਹਿਣੇ ਨਹੀਂ, ਜਿਸ ਨਾਲ ਉਨ੍ਹਾਂ ਦੀਆਂ ਕਲਾਈਆਂ ਸਜ ਜਾਂਦੀਆਂ ਹਨ, ਜਿਨ੍ਹਾਂ ਦੀ ਖਣਕ ਨਾਲ ਪੈਦਾ ਹੋਏ ਮਧੁਰ ਸੰਗੀਤ ਨੂੰ ਸੁਣ ਕੇ ਉਹ ਮਸਤ ਹੋ ਜਾਂਦੀਆਂ ਹਨ। ਵੀਣੀਆਂ ਗੱਲਾਂ ਕਰਨ ਲੱਗਦੀਆਂ ਹਨ, ਹੱਸਦੀਆਂ ਹਨ, ਗਾਉਂਦੀਆਂ ਹਨ। ਨੱਚਦੀਆਂ ਹਨ। ਉਨ੍ਹਾਂ ਨਾਲ ਆਪਣੇ ਦਿਲਾਂ ਦੀਆਂ ਗੱਲਾਂ ਕਰ ਕੇ ਫੁੱਲ ਵਾਂਗ ਖਿੜ ਜਾਂਦੀਆਂ ਹਨ। ਅੰਗ-ਅੰਗ ਨਸ਼ਿਆ ਜਾਂਦਾ ਹੈ।
ਇਨ੍ਹਾਂ ਚੂੜੀਆਂ ਨੂੰ ਦੱਖਣੀ ਏਸ਼ੀਆ ਦੇ ਦੇਸ਼ਾਂ-ਭਾਰਤ, ਨੇਪਾਲ, ਬੰਗਲਾ ਦੇਸ਼, ਪਾਕਿਸਤਾਨ ਆਦਿ ਦੀਆਂ ਔਰਤਾਂ ਪਹਿਨਦੀਆਂ ਹਨ। ਵੰਗਾਂ ਨੂੰ ਪੰਜਾਬ ਵਿੱਚ ਚੂੜੀਆਂ ਕਿਹਾ ਜਾਂਦਾ ਹੈ। ਇਸ ਨੂੰ ਨੇਪਾਲੀ ਵਿੱਚ ਚੁਰਾ, ਬੰਗਲਾ ਵਿੱਚ ਚੂੜਿ, ਹਿੰਦੀ ਵਿੱਚ ਵੰਗੜੀ, ਮਰਾਠੀ ਵਿੱਚ ਬਾਂਗੜੀ ਤੇ ਉਰਦੂ ਵਿੱਚ ਚੂੜੀਆਂ ਕਿਹਾ ਜਾਂਦਾ ਹੈ। ਤਮਿਲ ਵਿੱਚ ਵਲਿਆਲ ਅਤੇ ਮਲਿਆਲਮ ਵਿੱਚ ਇਸ ਨੂੰ ਵਲ ਕਿਹਾ ਜਾਂਦਾ ਹੈ। ਇਹ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਸ਼ਹਿਰ ਅਯੁੱਧਿਆ ਦੇ ਜੁੜਵੇਂ ਨਗਰ ਫਿਰੋਜ਼ਾਬਾਦ ਵਿੱਚ ਬਣਦੀਆਂ ਹਨ। ਇਨ੍ਹਾਂ ਕਰ ਕੇ ਹੀ ਇਸ ਨੂੰ ਸੁਹਾਗ ਨਗਰੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਇੱਥੇ ਵੰਗਾਂ ਦੀਆਂ ਦੁਕਾਨਾਂ ਰੋਜ਼ ਸਜਦੀਆਂ ਹਨ ਤੇ ਇੱਥੇ ਬਾਜ਼ਾਰ ਦੀ ਰੌਣਕ ਵੇਖਣਯੋਗ ਹੁੰਦੀ ਹੈ। ਹੈਦਰਾਬਾਦ ਤੇ ਮੁਰਾਦਾਬਾਦ ਵੀ ਵੰਗਾਂ ਬਣਾਉਣ ਦੇ ਪ੍ਰਸਿੱਧ ਕੇਂਦਰ ਹਨ। ਵੰਗਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਟਾਂਕੇ ਵਾਲੀ ਤੇ ਦੂਜੀ ਬਿਨਾਂ ਟਾਂਕੇ ਤੋਂ। ਟਾਂਕੇ ਵਾਲੀ ਵੰਗ ਉਤੇ ਟਾਂਕਾ ਹੱਥੀਂ ਲਾਉਣਾ ਪੈਂਦਾ ਹੈ, ਬਿਨਾਂ ਟਾਂਕੇ ਦੀ ਵੰਗ ਡਾਈਆਂ ਨਾਲ ਬਣਾਈ ਜਾਂਦੀ ਹੈ।
ਦੱਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਚੂੜੀਆਂ ਪਾਉਣ ਦੀ ਦੀਰਘ ਪ੍ਰੰਪਰਾ ਹੈ। ਭਾਰਤ ਵਿੱਚ ਅਨੇਕ ਥਾਂ ਉੱਤੇ ਖੁਦਾਈ ਦੌਰਾਨ ਘੋਗਿਆਂ-ਸਿੱਪੀਆਂ ਤੋਂ ਬਣੀਆਂ ਚੂੜੀਆਂ ਨਿਕਲੀਆਂ ਹਨ। 2600 ਸਾਲ ਪੂਰਵ ਈਸਾ ਵਿੱਚ, ਮੋਹੰਜੋਦੜੋ-ਹੜੱਪਾ ਖੁਦਾਈ ਕੀਤੀ ਗਈ। ਉਥੇ ਇੱਕ ਨੱਚਦੀ ਮੁਟਿਆਰ ਦੀ ਮੂਰਤੀ ਮਿਲੀ ਜਿਸ ਦੇ ਖੱਬੇ ਹੱਥ ਚੂੜੀਆਂ ਪਾਈਆਂ ਹੋਈਆਂ ਸਨ। ਫੇਰ ਮੌਰਿਆ ਰਾਜਕਾਲ ਸਮੇਂ ਮਹੁਰਝਾਰੀ ਦੇ ਸ਼ਹਿਰ ਵਿੱਚ ਖੁਦਾਈ ਹੋਈ। ਉਥੋਂ 322-185 ਸਾਲ ਈਸਾ ਪੂਰਵ ਸਮੇਂ ਦੀਆਂ ਪਿੱਤਲ ਦੀਆਂ ਚੂੜੀਆਂ ਨਿਕਲੀਆਂ। ਕਾਫੀ ਵੱਡੀ ਮਾਤਰਾ ਵਿੱਚ ਘੋਗਿਆਂ-ਸਿੱਪੀਆਂ ਤੋਂ ਬਣੀਆਂ ਚੂੜੀਆਂ ਵੀ ਮਿਲੀਆਂ। ਤਕਸ਼ਿਲਾ ਦੀ ਖੁਦਾਈ ਵਿੱਚ ਛੇਵੀਂ ਸਦੀ ਈਸਾ ਪੂਰਵ ਸੋਨੇ ਦੀਆਂ ਚੂੜੀਆਂ ਦੇ ਨਮੂਨੇ ਮਿਲੇ। ਇਨ੍ਹਾਂ ਚੂੜੀਆਂ ਦੀ ਹੋਂਦ ਦੀ ਗਵਾਹੀ ਅਜੰਤਾ ਦੀਆਂ ਗੁਫਾਵਾਂ ਦੀਆਂ ਮੂਰਤਾਂ ਅਤੇ ਇਲੋਰਾ ਗੁਫਾਵਾਂ ਵਿੱਚ ਪੱਥਰ ਦੀਆਂ ਮੂਰਤਾਂ ਦਿੰਦੀਆਂ ਹਨ। ਇਨ੍ਹਾਂ ਲੱਭਤਾਂ ਤੋਂ ਸਪੱਸ਼ਟ ਹੈ ਕਿ ਸਮਾਜ ਵਿੱਚ ਚੂੜੀਆਂ ਪੂਰੀ ਤਰ੍ਹਾਂ ਪ੍ਰਚੱਲਤ ਸਨ। ਇਨ੍ਹਾਂ ਚੂੜੀਆਂ ਨਾਲ ਔਰਤ ਦੀ ਕੋਈ ਮੁੱਖ ਜ਼ਰੂਰਤ ਦੀ ਪੂਰਤੀ ਨਹੀਂ ਸੀ ਹੁੰਦੀ। ਇਸ ਤੋਂ ਸਾਨੂੰ ਉਨ੍ਹਾਂ ਦੀ ਕਲਾ ਤੇ ਸੁੰਦਰਤਾ ਦੀ ਸਮਝ ਦਾ ਪਤਾ ਚੱਲਦਾ ਹੈ। ਉਹ ਅਜਿਹੇ ਸਰੋਤਾਂ ਦੀ ਖੋਜ ਵਿੱਚ ਸੀ ਜਿਸ ਨਾਲ ਉਨ੍ਹਾਂ ਦੇ ਸੁਹੱਪਣ ਵਿੱਚ ਵਾਧਾ ਹੋਵੇ।
ਇਤਿਹਾਸਕ ਖੋਜਾਂ ਤੋਂ ਇਹ ਪਤਾ ਨਹੀਂ ਚੱਲਦਾ ਕਿ ਕੱਚ ਦੀਆਂ ਚੂੜੀਆਂ ਕਦੋਂ ਹੋਂਦ ਵਿੱਚ ਆਈਆਂ। ਕੱਚ ਦੀਆਂ ਚੂੜੀਆਂ ਨਾਲ ਭਾਰਤ ਦੀਆਂ ਨਾਰੀਆਂ ਦੀਆਂ ਭਾਵਨਾਵਾਂ, ਰਸਮਾਂ ਰਿਵਾਜ, ਪ੍ਰੰਪਰਾ ਅਤੇ ਅਕੀਦੇ ਜੁੜੇ ਹੋਏ ਹਨ। ਰੋਮਨ ਸਲਤਨਤ ਯਾਨੀ 500 ਸਾਲ ਈਸਾ ਪੂਰਵ ਵੇਲੇ ਕੱਚ ਨੂੰ ਪਿਘਲਾਉਣ, ਉਸ ਤੋਂ ਵਸਤਾਂ ਬਣਾਉਣ ਦੀ ਪ੍ਰਕਿਰਿਆ ਬਹੁਤ ਤਰੱਕੀ ਉਤੇ ਸੀ। ਕੱਚ ਥੋੜ੍ਹੇ ਜਿਹੇ ਤਾਪਮਾਨ ਉੱਤੇ ਹੀ ਪਿਘਲ ਜਾਂਦਾ ਸੀ। ਇਸੇ ਸਮੇਂ ਤੋਂ ਕੱਚ ਦੀਆਂ ਚੂੜੀਆਂ ਵੀ ਦੱਖਣ ਏਸ਼ੀਆ ਦੇ ਦੇਸ਼ਾਂ ਵਿੱਚ ਪ੍ਰਚਲਤ ਹੋਈਆਂ ਅਤੇ ਸਮੇਂ ਸਮੇਂ ਇਸ ਨਾਲ ਰਸਮ ਰਿਵਾਜ, ਧਰਮ ਆਦਿ ਜੁੜਦੇ ਗਏ ਤੇ ਕੱਚ ਦੀਆਂ ਚੂੜੀਆਂ ਪਹਿਨਣਾ ਭਾਰਤ ਦੀ ਨਾਰੀ ਲਈ ਲਾਜ਼ਮੀ ਹੋ ਗਿਆ। ਹੋਰ ਕਿਸੇ ਸਮੱਗਰੀ ਜਾਂ ਧਾਤ ਤੋਂ ਬਣੀ ਚੁੂੜੀਆਂ ਨੂੰ ਕੱਚ ਦੀਆਂ ਚੂੜੀਆਂ ਕਿਤੇ ਪਿੱਛੇ ਛੱਡ ਆਈਆਂ।
ਕੱਚ ਦੀਆਂ ਚੂੜੀਆਂ ਨੂੰ ਵੰਗਾਂ ਕਿਹਾ ਜਾਂਦਾ ਹੈ। ਇਹ ਹਿੰਦੀ ਵਿੱਚ ਪ੍ਰਚੱਲਤ ‘ਵੰਗੜੀ’ ਦੇ ਨੇੜੇ ਹੈ। ਵੰਗੜੀ ਦਾ ਅਰਥ ਹੈ ਕੱਚ। ਇਸ ਤਰ੍ਹਾਂ ਵੰਗ ਵੀ ਬਲੌਰੀ ਹੋਈ। ਵੰਗ ਆਪਣੀ ਛਲਕਾਂ ਮਾਰਦੀ ਲਿਸ਼ਕ, ਸਤਰੰਗੀ ਪੀਂਘ ਦੇ ਮਨਮੋਹਕ ਵੰਨ-ਸੁਵੰਨੇ ਰੰਗ, ਪਾਰਦਰਸ਼ਿਤਾ ਅਤੇ ਛੋਟੀ ਤੋਂ ਛੋਟੀ ਬੱਚੀ ਤੋਂ ਵੱਡੀ ਤੋਂ ਵੱਡੀ ਅਤੇ ਮੋਟੀ ਤੋਂ ਮੋਟੀ ਕਲਾਈ ਜਾਂ ਵੀਣੀ ਗੁੱਟ ਦੇ ਮਨਚਾਹੇ ਆਕਾਰ ਵਿੱਚ ਮਿਲਣ, ਬਣਾਉਣ ਵਿੱਚ ਸੌਖ ਤੇ ਸਸਤਾਪਣ ਵੰਗਾਂ ਦੇ ਪ੍ਰਚੱਲਤ ਹੋਣ ਦੇ ਕਾਰਨ ਹਨ।
ਇਹ ਵੰਗਾਂ ਆਕਾਰ ਵਿੱਚ ਗੋਲ ਹੰੁਦੀਆਂ ਹਨ। ਇਨ੍ਹਾਂ ਨੂੰ ਦੋਵਾਂ ਹੱਥਾਂ ਵਿੱਚ ਪਾਉਣ ਦੀ ਪ੍ਰੰਪਰਾ ਹੈ। ਅੱਧੀਆਂ ਵੰਗਾਂ ਇੱਕ ਬਾਂਹ ਵਿੱਚ ਤੇ ਅੱਧੀਆਂ ਦੂਜੀ ਬਾਂਹ ਵਿੱਚ। ਇੱਕ ਬਾਂਹ ਵਿੱਚ ਇੱਕ ਵੰਗ ਵਾਧੂ ਪਾਉਣ ਦੀ ਪਿਰਤ ਹੈ। ਵਣਜਾਰੇ ਜਾਂ ਦੁਕਾਨਦਾਰ ਇਸ ਨੂੰ ਭਲੀਭਾਂਤ ਜਾਣਦੇ ਹਨ। ਜੇ ਕਿਸੇ ਮਹਿਲਾ ਨੇ ਇੱਕ ਦਰਜਨ ਚੂੜੀਆਂ ਲਈਆਂ ਹਨ ਤਾਂ ਵਣਜਾਰੇ ਜਾਂ ਦੁਕਾਨਦਾਰ ਤੋਂ ਇਹ ਮਹਿਲਾ ਮੰਗ ਕਰੇਗੀ, ‘‘ਇੱਕ ਵੰਗ ਸੁਹਾਗ ਦੀ।” ਔਰਤਾਂ ਲਈ ਇਹ ਨਿਰੀ ਸਜਾਵਟੀ ਵਸਤ ਜਾਂ ਸ਼ਿੰਗਾਰ ਦਾ ਹਿੱਸਾ ਨਹੀਂ, ਇਹ ਉਨ੍ਹਾਂ ਦੀ ਜਿੰਦਾ ਜਾਨ ਹੈ। ਉਨ੍ਹਾਂ ਦੇ ਜਿਊਂਦਿਆਂ ਹੋਣ ਦੀ ਨਿਸ਼ਾਨ ਹੈ। ਪਛਾਣ ਹੈ। ਉਨ੍ਹਾਂ ਦੀ ਖੁਸ਼ੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਉਨ੍ਹਾਂ ਦਾ ਸੁਹਾਗ ਹੈ, ਸੁਹਾਗਣ ਹੋਣ ਦਾ ਪ੍ਰਮਾਣ ਹੈ। ਇਨ੍ਹਾਂ ਵੰਗਾਂ ਨੂੰ ਪਾ ਕੇ ਉਹ ਅਧੂਰੀ ਤੋਂ ਪੂਰੀ ਹੋ ਜਾਂਦੀ ਹੈ-ਸੰਪੂਰਨ ਔਰਤ। ਹਰ ਔਰਤ ਵੰਗਾਂ ਨੂੰ ਪਹਿਨਣਾ ਜ਼ਰੂਰੀ ਸਮਝਦੀ ਹੈ। ਉਨ੍ਹਾਂ ਲਈ ਇਹ ਇੱਕ ਸ਼ਗਨ ਹੈ। ਸੱਖਣੀਆਂ ਬਾਹਾਂ ਨੂੰ ਭਾਰਤ ਵਿੱਚ ਬਦਸ਼ਗਨੀ ਸਮਝਿਆ ਜਾਂਦਾ ਹੈ।
ਭਾਰਤ ਦੇ ਕੁਝ ਹਿੱਸਿਆਂ ਵਿੱਚ ਜਿਵੇਂ ਪੰਜਾਬ ਵਿੱਚ ਮਰਦ ਵੀ ਇਸ ਨੂੰ ਪਹਿਨ ਲੈਂਦੇ ਹਨ, ਪਰ ਇਸ ਨੂੰ ਚੂੜੀ ਜਾਂ ਵੰਗ ਨਹੀਂ ਕਿਹਾ ਜਾਂਦਾ। ਇਸ ਨੂੰ ਕੜਾ ਕਿਹਾ ਜਾਂਦਾ ਹੈ। ਇਹ ਆਮ ਤੌਰ ਉੱਤੇ ਸੋਨੇ ਦਾ ਹੁੰਦਾ ਹੈ। ਇਹ ਲਾੜੇ ਨੂੰ ਸਹੁਰਿਆਂ ਵੱਲੋਂ ਮਿਲਦਾ ਹੈ। ਆਮ ਤੌਰ ਉੱਤੇ ਪੰਜਾਬੀ, ਵਿਸ਼ੇਸ਼ ਕਰ ਕੇ ਸਿੱਖ, ਲੋਹੇ ਦਾ ਕੜਾ ਪਹਿਨਦੇ ਹਨ ਕਿਉਂਕਿ ਸਿੱਖ ਧਰਮ ਵਿੱਚ ਪੰਜ ਕਕਾਰਾਂ ਦੀ ਪਰੰਪਰਾ ਹੈ ਤੇ ਕੜਾ ਇਨ੍ਹਾਂ ਵਿੱਚੋਂ ਇੱਕ ਹੈ।
ਭਾਰਤ ਵਿੱਚ ਵਿਆਹੁਲੀ ਕੁੜੀ ਵੱਲੋਂ ਚੂੜਾ ਪਹਿਨਿਆ ਜਾਂਦਾ ਹੈ। ਇਹ ਲਾਜ਼ਮੀ ਹੁੰਦਾ ਹੈ। ਇਹ ਚੂੜਾ ਚਿੱਟੇ ਅਤੇ ਲਾਲ ਰੰਗ ਦੀਆਂ ਚੂੜੀਆਂ ਦਾ ਇੱਕ ਸਮੂਹ ਹੈ। ਇਨ੍ਹਾਂ ਚੂੜੀਆਂ ਉੱਤੇ ਮੀਨਾਕਾਰੀ ਕੀਤੀ ਹੁੰਦੀ ਹੈ। ਇਸ ਨੂੰ ਵਿਆਹ ਵਾਲੇ ਦਿਨ ਤੋਂ ਸਵਾ ਮਹੀਨੇ ਤੱਕ ਪਾਉਣਾ ਹੁੰਦਾ ਹੈ। ਇਹ ਚੂੜਾ ਪਾ ਕੇ ਮੁਟਿਆਰ ਫੁੱਲੀ ਨਹੀਂ ਸਮਾਉਂਦੀ ਤੇ ਅੰਦਰ-ਬਾਹਰ ਜਾਂਦੀ ਦਾ ਜਦੋਂ ਚੂੜਾ ਛੜਕਦਾ ਹੈ ਤਾਂ ਉਹ ਆਪ ਮੁਹਾਰੇ ਕਹਿ ਉਠਦੀ ਹੈ :
ਲੌਢੇ ਵੇਲੇ ਮਾਹੀਏ ਆਉਣਾ
ਮੰਨ ਪਕਾਵਾਂ ਕਣਕ ਦਾ।
ਅੰਦਰ ਜਾਵਾਂ, ਬਾਹਰ ਜਾਵਾਂ
ਲਾਲ ਚੂੜਾ ਛੜਕਦਾ।
ਇਹ ਚੂੜਾ ਤੇ ਚੂੜੀਆਂ ਉਸ ਦੇ ਸੁਹਾਗ ਦੀਆਂ ਨਿਸ਼ਾਨੀਆਂ ਹਨ। ਉਹ ਸੁਭਾਗਵਤੀ ਕਹਾਉਂਦੀ ਹੈ। ਇਹ ਪਤੀ-ਪਤਨੀ ਦੀ ਇਕਮਿਕਤਾ ਹੈ। ਇੱਕ ਜੋਤ ਦੋ ਮੂਰਤਾਂ ਹੋਣ ਦਾ ਚਿੰਨ੍ਹ। ਹਰ ਔਰਤ ਨੂੰ ਵੰਗਾਂ ਨਾਲ ਬੇਹੱਦ ਪਿਆਰ ਹੈ। ਜੇ ਕਿਤੇ ਕੰਮ ਕਰਦਿਆਂ ਭਾਂਡੇ ਮਾਂਜਦਿਆਂ ਜਾਂ ਬਾਂਹ ਦੇ ਕਿਸੇ ਸਖਤ ਚੀਜ਼ ਨਾਲ ਟਕਰਾਉਣ ਕਾਰਨ ਚੂੜੀ ਜਾਂ ਚੂੜੀਆਂ ਨੂੰ ਨੁਕਸਾਨ ਪੁੱਜ ਜਾਵੇ ਤਾਂ ਇਹ ਉਸ ਔਰਤ ਲਈ ਦੁਖਦਾਈ ਹੈ। ਚੂੜੀਆਂ ਦਾ ਟੁੱਟਣਾ ਉਸ ਉੱਤੇ ਦੁੱਖਾਂ ਦੇ ਪਹਾੜ ਟੁੱਟਣ ਦੇ ਬਰਾਬਰ ਹੈ। ਇਹ ਸਾਡੀ ਭਾਸ਼ਾ ਦੀ ਅਮੀਰੀ ਹੈ। ਭਰਤ ਵਿੱਚ ਇੱਕ ਰਸਮ ਪ੍ਰਚੱਲਤ ਹੈ ਜਿਸ ਅਨੁਸਾਰ ਗਰਭ ਠਹਿਰਨ ਦੇ ਸੱਤਵੇਂ ਮਹੀਨੇ ਦੌਰਾਨ ਔਰਤ ਦੀਆਂ ਬਾਹਵਾਂ ਨੂੰ ਰੰਗ ਬਿੰਰਗੀਆਂ ਕੱਚ ਦੀਆਂ ਚੂੜੀਆਂ ਨਾਲ ਸ਼ਿੰਗਾਰਿਆ ਜਾਂਦਾ ਹੈ। ਇਸ ਕੰਮ ਲਈ ਰਿਸ਼ਤੇਦਾਰ, ਆਂਢ-ਗੁਆਂਢ ਦੀਆਂ ਸੁਆਣੀਆਂ ਜਸ਼ਨ ਵਾਲੇ ਘਰ ਹੁੰਮ ਹੁਮਾ ਕੇ ਪਹੁੰਚਦੀਆਂ ਹਨ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਨ੍ਹਾਂ ਵੰਗਾਂ ਦੀ ਮਧੁਰ ਛਣਕਾਰ ਨੂੰ ਗਰਭ ਵਾਲਾ ਬੱਚਾ ਸੁਣ ਕੇ ਖੁਸ਼ ਹੁੰਦਾ ਹੈ। ਇਸ ਰਸਮ ਨੂੰ ਦੱਖਣੀ ਭਾਰਤ ਵਿੱਚ ਵਲਾਏ ਕਾਪੂ ਕਹਿੰਦੇ ਹਨ। ਸੰਸਕ੍ਰਿਤ ਵਿੱਚ ਇਸ ਨੂੰ ਸ੍ਰੀਮੰਥਮ ਕਿਹਾ ਜਾਂਦਾ ਹੈ।
ਭਾਰਤੀ ਸੰਸਕ੍ਰਿਤੀ ਮਨੁੱਖੀ ਅਤੇ ਪ੍ਰਕ੍ਰਿਤੀ ਦੀ ਸਹਿਹੋਂਦ ਵਿੱਚ ਵਿਸ਼ਵਾਸ ਰੱਖਦੀ ਹੈ। ਚੂੜੀਆਂ ਵੀ ਇਸੇ ਸੰਸਕ੍ਰਿਤੀ ਦਾ ਹਿੱਸਾ ਹਨ। ਚੂੜੀਆਂ ਦੇ ਤਿੰਨ-ਭਿੰਨ ਰੰਗਾਂ ਦਾ ਆਪਣਾ ਮਹੱਤਵ ਹੈ। ਇਹ ਰੰਗ ਔਰਤਾਂ ਦੀ ਸਿਹਤ, ਸੁਭਾਗ ਤੇ ਸੁੱਖ-ਸਮਰਿਧੀ ਦੀ ਨਿਸ਼ਾਨੀ ਹਨ। ਲਾਲ ਰੰਗ ਦੀਆਂ ਚੂੜੀਆਂ ਪਹਿਨਣ ਵਾਲੀ ਦੀ ਜੀਵਨ ਲਈ ਜਵਾਨੀ ਦੇ ਮਸਤਾਨੀ ਹੋਣ ਦੀ ਪ੍ਰਤੀਕ ਅਤੇ ਖੁਸ਼ੀ ਖੁਸ਼ਹਾਲੀ ਦੀਆਂ ਲਖਾਇਕ ਹਨ। ਹਰਾ ਰੰਗ ਸੁਭਾਗ ਦਾ ਪ੍ਰਤੀਕ ਹੈ। ਪੀਲੀਆਂ ਚੂੜੀਆਂ ਪ੍ਰਸੰਨਤਾ ਦਾ ਚਿੰਨ੍ਹ ਹਨ ਅਤੇ ਚਿੱਟਾ ਰੰਗ ਜੀਵਨ ਵਿੱਚ ਨਵੀਂ ਸ਼ੁਰੂਆਤ ਕਰਨਾ ਦੱਸਦਾ ਹੈ। ਸੰਤਰੀ ਰੰਗ ਸਫਲਤਾ ਦਾ ਹੈ। ਚੂੜੀਆਂ ਦੇ ਰੰਗਾਂ ਦਾ ਆਪਣਾ ਵੱਖਰਾ ਮਹੱਤਵ ਹੈ। ਇਨ੍ਹਾਂ ਦੇ ਰੰਗਾਂ ਅਤੇ ਆਕਾਰ ਵਿੱਚ ਪ੍ਰਕਿਰਤੀ ਤੇ ਮਨੁੱਖ ਦੀ ਸਾਂਭ ਨੂੰ ਭਲੀਭਾਂਤ ਸਮਝਿਆ ਜਾ ਸਕਦਾ ਹੈ। ਇਹ ਨਿਯਮ ਚੂੜੀਆਂ ਤੱਕ ਸੀਮਿਤ ਨਹੀਂ, ਵਸਤਰਾਂ, ਗਹਿਣਿਆਂ, ਦੇਵਤਿਆਂ ਤੇ ਸੂਰਜ ਮੰਡਲ ਉਤੇ ਵੀ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ।ਔਰਤਾਂ ਦੇ ਦਿਲਾਂ ਵਿੱਚ ਚੂੜੀਆਂ ਪ੍ਰਤੀ ਬੇਇੰਤਹਾ ਪਿਆਰ ਸਦਕਾ ਇਹ ਕਿੱਤਾ ਭਾਰਤ ਵਿੱਚ ਖੂਬ ਫਲਿਆ-ਫੁੱਲਿਆ। ਬਾਜ਼ਾਰਾਂ ਵਿੱਚ ਦੁਕਾਨਾਂ ਸਜ ਗਈਆਂ। ਸੁਆਣੀਆਂ ਦੀਆਂ ਵੀਣੀਆਂ ਨੂੰ ਚੂੜੀਆਂ ਨਾਲ ਸਜਾਉਣ ਲਈ ਵਣਜਾਰੇ ਗਲੀਆਂ ਦੇ ਫੇਰੇ ਲਾਉਣ ਲੱਗ ਪਏ। ਉਹ ਵੀ ਖੁਸ਼ ਸਨ। ਉਨ੍ਹਾਂ ਦੀ ਰੋਜ਼ੀ ਰੋਟੀ ਦਾ ਮਸਲਾ ਹੱਲ ਸੀ। ਉਹ ਖੁਸ਼ ਸਨ। ਚੰਗੀ ਕਮਾਈ ਹੋ ਜਾਂਦੀ ਸੀ। ਚੰਗਾ ਧੰਦਾ ਸੀ। ਗੋਰੇ ਗੋਰੇ ਹੱਥਾਂ ਵਿੱਚ ਚੂੜੀਆਂ ਚੜ੍ਹਾਉਣ, ਚੂੜੀਆਂ ਦੇ ਰੰਗਾਂ ਦੀ ਚੋਣ ਕਰਾਉਣ, ਮੁੱਲ ਭਾਅ ਕਰਨ ਦਾ ਮਜ਼ਾ ਵੱਖਰਾ ਸੀ, ਪਰ ਇਹ ਵਣਜਾਰੇ ਪਤਾ ਨਹੀਂ ਕਿੱਥੇ ਲੋਪ ਹੋ ਗਏ। ਵੰਗਾਂ ਦੇ ਵਪਾਰ ਦਾ ਨਿਗਮੀਕਰਨ ਹੋਣ ਕਰ ਕੇ ਵਣਜਾਰਿਆਂ ਦਾ ਧੰਦਾ ਚੌਪਟ ਹੋ ਗਿਆ। ਚੂੜੀਆਂ ਬਾਜ਼ਾਰਾਂ ਦੀਆਂ ਵੱਡੀਆਂ ਦੁਕਾਨਾਂ ਜਾਂ ਸ਼ੋਅ ਰੂਮਾਂ ਵਿੱਚ ਮਿਲਣ ਲੱਗੀਆਂ। ਤ੍ਰੀਮਤਾਂ ਦੇ ਦਰਵਾਜ਼ੇ ਉੱਤੇ ਵਣਜਾਰੇ ਨਹੀਂ ਪਹੁੰਚਦੇ, ਉਨ੍ਹਾਂ ਨੂੰ ਬਾਜ਼ਾਰਾਂ ਦੇ ਚੱਕਰ ਕੱਟਣੇ ਪੈਂਦੇ ਹਨ। ਕਰਵਾ ਚੌਥ, ਤੀਆਂ ਜਾਂ ਤਿੱਥ ਤਿਉਹਾਰ ਉੱਤੇ ਬਾਜ਼ਾਰਾਂ ਵਿੱਚ ਔਰਤਾਂ ਦੀ ਭੀੜ ਜਮ੍ਹਾਂ ਹੋ ਜਾਂਦੀ ਹੈ। ਰਸਤੇ ਜਾਮ ਹੋ ਜਾਂਦੇ ਹਨ। ਪਟਿਆਲਾ ਦੇ ਚੂੜੀਆਂ ਵਾਲੇ ਬਾਜ਼ਾਰ ਅਤੇ ਲੁਧਿਆਣਾ ਦੇ ਘੁਮਾਰ ਮੰਡੀ ਵਿੱਚ ਜਾਮ ਦੇ ਅਜਿਹੇ ਦਿ੍ਰਸ਼ ਇਨ੍ਹਾਂ ਮੌਕਿਆਂ ਉੱਤੇ ਵੇਖੇ ਜਾਂਦੇ ਹਨ, ਪਰ ਔਰਤਾਂ ਅੱਜ ਵੀ ਉਨ੍ਹਾਂ ਦਿਨਾਂ ਨੂੰ ਯਾਦ ਕਰਦੀਆਂ ਹਨ, ਜਦੋਂ ਉਹ ਵੰਗਾਂ ਦੇ ਵਣਜਾਰੇ ਦੁਆਲੇ ਝੁਰਮੁਟ ਪਾ ਲੈਂਦੀਆਂ ਸਨ ਤੇ ਬੋਲਣ ਲੱਗਦੀਆਂ ਸਨ, ‘‘ਪਹਿਲਾਂ ਮੈਨੂੰ ਵਿਖਾ, ਇਹ ਵੰਗ ਤਾਂ ਕੱਚੀ ਐ, ਹੋਰ ਵਿਖਾ, ਕੁਝ ਸਸਤੀ ਕਰ, ਤੇਰੀ ਲੁੱਟ ਇੱਥੇ ਨਹੀਂ ਚੱਲਣੀ।” ਇਹੋ ਗੱਲਾਂ ਯਾਦ ਕਰ ਕੇ ਉਹ ਲੰਮਾ ਸਾਹ ਭਰ ਕੇ ਕਹਿੰਦੀਆਂ ਹਨ :
ਫੇਰ ਨਾ ਉਹ ਵਣਜਾਰੇ ਆਏ
ਚਾੜ੍ਹ ਗਏ ਜੋ ਵੰਗਾਂ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”