-ਮਨੀਸ਼ ਤਿਵਾੜੀ
ਯੂਕਰੇਨ-ਰੂਸ ਜੰਗ ਨੂੰ 21 ਹਫਤਿਆਂ ਤੋਂ ਵੱਧ ਦਾ ਸਮਾਂ ਹੋਣ ਲੱਗਾ ਹੈ। ਇਸ ਜੰਗ ਨੇ ਵਿਸ਼ਵ ਦੀਆਂ ਅਖਬਾਰਾਂ ਵਿੱਚ ਥਾਂ ਬਣਾਈ ਹੋਈ ਹੈ ਤੇ ਇਹ ਘੱਟ ਨਹੀਂ ਹੋ ਰਹੀ, ਬਾਵਜੂਦ ਇਸ ਦੇ ਕਿ ਲੱਖਾਂ ਯੂਕਰੇਨੀਅਨ ਬੇਘਰ ਹੋ ਚੁੱਕੇ ਹਨ ਅਤੇ ਅਣਗਿਣਤ ਇਸ ਦੇ ਨਾਗਰਿਕ ਰੂਸ ਦੇ ਜ਼ੁਲਮ ਝੱਲ ਰਹੇ ਹਨ। ਜੰਗ ਪ੍ਰਤੀ ਰੂਸੀਆਂ ਦੀ ਵੀ ਆਪਣੀ ਵੱਖਰੀ ਕਹਾਣੀ ਹੈ। ਰਸ਼ੀਆ ਟੀ ਵੀ ਵਰਗੇ ਰੂਸ ਸਮਰਥਿਤ ਟੀ ਵੀ ਚੈਨਲਾਂ ਵੱਲ ਦੇਖੀਏ ਤਾਂ ਸਾਨੂੰ ਸਾਰਾ ਬਿਰਤਾਂਤ ਪਤਾ ਲੱਗਦਾ ਹੈ।
ਇਸ ਹੱਥੋਪਾਈ ਦਰਮਿਆਨ ਵਣਜ ਇੱਕ ਵੱਖਰਾ ਮੁੱਦਾ ਹੈ। ਪਿੱਛੇ ਜਿਹੇ ਰੂਸ ਅਤੇ ਯੂਕਰੇਨ ਨੇ ਯੂ ਐਨ ਅਤੇ ਤੁਰਕੀ ਦੀ ਵਿਚੋਲਗੀ ਸਦਕਾ ਇੱਕ ਡੀਲ ਉੱਤੇ ਦਸਤਖਤ ਕੀਤੇ ਜਿਸ ਤਹਿਤ ਯੂਕਰੇਨ ਦੀ ਕਣਕ, ਤੇਲ ਦੇ ਬੀਜ ਅਤੇ ਹੋਰ ਖੇਤੀ ਉਤਪਾਦਾਂ ਨੂੰ ਬਲੈਕ-ਸੀ ਬੰਦਰਗਾਹ ਤੋਂ ਬਰਾਮਦ ਕੀਤਾ ਜਾਵੇ ਜਿਸ ਨੂੰ ਅਜੇ ਤੱਕ ਰੂਸੀ ਸਮੁੰਦਰੀ ਫੌਜ ਨੇ ਬਲਾਕ ਕਰ ਕੇ ਰੱਖਿਆ ਹੈ। ਬਲੈਕ ਸੀ ਵਿੱਚ ਯੂਕਰੇਨ ਨੇ ਵੀ ਗਲਬਾ ਕਾਇਮ ਰੱਖਿਆ ਹੋਇਆ ਹੈ।ਉਸ ਨੇ ਰੂਸ ਨੂੰ ਹੋਰ ਵੱਧ ਬੰਦਰਗਾਹਾਂ ਉੱਤੇ ਕਬਜ਼ਾ ਕਰਨ ਤੋਂ ਰੋਕਿਆ ਹੋਇਆ ਹੈ। ਇਸ ਡੀਲ ਦੇ ਬਦਲੇ ਰੂਸ ਕੋਲ ਖਾਦਾਂ ਤੇ ਆਪਣੀ ਕਣਕ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਬਰਾਮਦ ਕਰਨ ਦਾ ਅਧਿਕਾਰ ਹੋਵੇਗਾ। ਇਸਤਾਂਬੁਲ ਵਿੱਚ ਲਿਖੀ ਗਈ ਇਸ ਡੀਲ ਦਾ ਕਾਰਨ ਇਹ ਹੈ ਕਿ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂ ਐਫ ਪੀ) ਨੇ ਅੰਦਾਜ਼ਾ ਲਾਇਆ ਕਿ ਵਿਸ਼ਵ ਵਿੱਚ 47 ਮਿਲੀਅਨ ਲੋਕ ਪਹਿਲਾਂ ਤੋਂ ਹੀ ਭੁੱਖਮਰੀ ਦੇ ਕੰਢੇ ਉੱਤੇ ਹਨ, ਜੋ ਯੂਕਰੇਨ ਵਿੱਚ ਰੂਸੀ ਕਬਜ਼ੇ ਦਾ ਨਤੀਜ਼ਾ ਹੈ।
ਯੂਕਰੇਨ ਗ੍ਰੇਨ ਸੰਗਠਨ ਦੇ ਮੁਖੀ ਮਾਇਕੋਲਾ ਹੋਰਬਾਚੋਵ ਅਨੁਸਾਰ ਇੱਕ ਵਿਸ਼ਵ ਪੱਧਰੀ ਖੁਰਾਕ ਸੰਕਟ ਨੂੰ ਰੋਕਣ ਲਈ ਇੱਕੋ ਉਪਾਅ ਯੂਕਰੇਨ ਬੰਦਰਗਾਹਾਂ ਦਾ ਆਜ਼ਾਦ ਹੋਣਾ ਹੈ। ਇਹ ਬੰਦਰਗਾਹਾਂ ਯੂਕਰੇਨੀ ਕਿਸਾਨਾਂ ਨੂੰ ਵੀ ਬਚਾਉਣ ਦਾ ਉਪਾਅ ਹੈ। ਮਾਇਕੋਲਾ ਨੇ ਦੋਸ਼ ਲਾਇਆ ਕਿ ਰੂਸੀਆਂ ਨੇ ਕਬਜ਼ੇ ਵਾਲੇ ਇਲਾਕੇ ਵਿੱਚੋਂ ਪੰਜ ਲੱਖ ਟਨ ਅਨਾਜ ਚੋਰੀ ਕੀਤਾ ਤੇ ਲਗਭਗ ਇੱਕ ਮਿਲੀਅਨ ਟਨ ਅਨਾਜ ਦੀਆਂ ਵਸਤਾਂ ਰੂਸੀ ਬਲਾਂ ਦੇ ਕਬਜ਼ੇ ਵਿੱਚ ਹਨ। ਇੱਕ ਅੰਦਾਜ਼ੇ ਅਨੁਸਾਰ 2021 ਵਿੱਚ ਵਿਸ਼ਵ ਦੀ 10 ਪੀਸਦੀ ਕਣਕ ਬਰਾਮਦ ਲਈ ਯੂਕਰੇਨ ਜ਼ਿੰਮੇਵਾਰ ਹੈ, ਜਦ ਕਿ ਰਸ਼ੀਆ ਵਿਸ਼ਵ ਦੀ 17 ਫੀਸਦੀ ਕਣਕ ਆਪਣੇ ਇੱਥੇ ਉਗਾਉਂਦਾ ਹੈ।
ਇਸ ਤੋਂ ਪਹਿਲਾਂ ਕਿ ਇਸਤਾਂਬੁਲ ਵਿੱਚ ਲਿਖੇ ਸਮਝੌਤੇ ਦੀ ਸਿਆਹੀ ਸੁੱਕਦੀ। ਰੂਸੀ ਮਿਜ਼ਾਈਲਾਂ ਨੇ ਯੂਕਰੇਨ ਦੀ ਮਹੱਤਵਪੂਰਨ ਬੰਦਰਗਾਹ ਓਡੇਸਾ ਉੱਤੇ ਹਮਲਾ ਕਰ ਦਿੱਤਾ। ਰੂਸ ਨੇ ਪਹਿਲਾਂ ਤੋਂ ਹੀ ਮੈਰਿਊ ਪੋਲ, ਬਰਦੀਨਸਕ ਅਤੇ ਸਕਾਦੋਵਸਕ ਦੀਆਂ ਸਮੁੰਦਰੀ ਬੰਦਰਗਾਹਾਂ ਦੇ ਨਾਲ ਕਾਲੇ ਸਾਗਰ ਦੀ ਖੈਰ ਸੋਨ ਬੰਦਰਗਾਹ ਉੱਤੇ ਕਬਜ਼ਾ ਕੀਤਾ ਹੋਇਆ ਹੈ। ਅੱਜ ਇਸ ਦੇ ਕਬਜ਼ੇ ਵਿੱਚ ਓਡੇਸਾ ਵੀ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਇਹ ਸਮਝੌਤਾ ਕਿੰਨੀ ਦੂਰ ਤੱਕ ਅਤੇ ਕਿੰਨੇ ਸਮੇਂ ਤੱਕ ਚੱਲਦਾ ਹੈ।
ਇਸ ਸਾਰੇ ਸਮੀਕਰਨ ਵਿੱਚ ਇੱਕ ਹੋਰ ਗੂੜ੍ਹਾ ਨੈਤਿਕ ਸਵਾਲ ਖੜ੍ਹਾ ਹੁੰਦਾ ਹੈ। ਰੂਸ ਤੇ ਯੂਕਰੇਨ ਇਸ ਸਮਝੌਤੇ ਦੇ ਬਾਅਦ ਧਰਾਤਲ ਉੱਤੇ ਕਿੰਨੇ ਨੇਕ ਦਿਖਾਈ ਦਿੰਦੇ ਹਨ। ਕੋਈ ਦੇਸ਼ ਇਸ ਲੋੜਵੰਦ ਅਤੇ ਭੁੱਖੇ ਮੁਲਕ ਦੀ ਮਦਦ ਕਰਨ ਲਈ ਅੱਗੇ ਨਹੀਂ ਆ ਰਿਹਾ, ਜੋ ਖੁਰਾਕੀ ਪਦਾਰਥਾਂ ਦੀ ਘਾਟ ਨਾਲ ਜੂਝ ਰਿਹਾ ਹੈ। ਇਸ ਬਰਾਮਦ ਤੋਂ ਰੂਸ ਅਤੇ ਯੂਕਰੇਨ ਜੋ ਪੈਸਾ ਕਮਾਉਣਗੇ, ਉਸ ਦਾ ਕੀ ਹੋਵੇਗਾ, ਇਸ ਦੇ ਬਾਰੇ ਕੁਝ ਨਹੀਂ ਪਤਾ।ਸਵਾਲ ਇਹ ਉਠਦਾ ਹੈ ਕਿ ਯੂ ਐੱਨ ਓ ਅਤੇ ਤੁਰਕੀ ਇਸ ਵਿਸ਼ੇਸ਼ ਵਿਵਸਥਾ ਲਈ ਜ਼ਿੰਮੇਵਾਰ ਹੋ ਸਕਦੇ ਹਨ ਤਾਂ ਦੋਵਾਂ ਧਿਰਾਂ ਦਰਮਿਆਨ ਪੈਦਾ ਹੋਈ ਦੁਸ਼ਮਣੀ ਨੂੰ ਘਟਾਉਣ ਲਈ ਇਨ੍ਹਾਂ ਨੂੰ ਕਿਸ ਨੇ ਰੋਕਿਆ ਹੋਇਆ ਹੈ?
ਦੋਵਾਂ ਦੇਸ਼ਾਂ ਦੇ ਇਸ ਸੰਘਰਸ਼ ਵਿੱਚ ਕਣਕ ਤੇ ਖਾਦ ਪ੍ਰਮੁੱਖ ਵਸਤੂਆਂ ਨਹੀਂ ਹਨ। ਇਸ ਦੇ ਇਲਾਵਾ ਛੋਟੇ ਮਿਲਣ ਵਾਲੇ ਹੋਰ ਉਤਪਾਦ ਵੀ ਹਨ ਜਿਨ੍ਹਾਂ ਨੂੰ ਵਿਸ਼ਵ ਆਪਣੇ ਵੱਲ ਖਿੱਚ ਰਿਹਾ ਹੈ। ਮਿਸਾਲ ਦੇ ਤੌਰ ਉੱਤੇ ਭਾਰਤ ਦੀ ਰੂਸ ਤੋਂ ਤੇਲ ਇੰਪੋਰਟ ਜੂਨ 2022 ਵਿੱਚ 9,50,000 ਬੈਰਲ ਦੇ ਸਭ ਤੋਂ ਉੱਚੇ ਪੱਧਰ ਉੱਤੇ ਪਹੁੰਚ ਗਈ। ਭਾਰਤ ਦੀ ਪੂਰੀ ਇੰਪੋਰਟ ਵਿੱਚ ਇਹ ਗਿਣਤੀ ਪੰਜਵੇਂ ਸਥਾਨ ਉੱਤੇ ਹੈ। ਕਾਰਨ ਸਪੱਸ਼ਟ ਹੈ ਕਿ ਰੂਸੀ ਤੇਲ ਛੋਟ ਉੱਤੇ ਮਿਲਦਾ ਹੈ।ਇਸ ਯਤਨ ਵਿੱਚ ਭਾਰਤ ਇਕੱਲਾ ਅਜਿਹਾ ਦੇਸ਼ ਨਹੀਂ, ਫਰਾਂਸ, ਚੀਨ, ਯੂ ਏ ਈ ਅਤੇ ਸਾਊਦੀ ਅਰਬ ਨੇ ਵੀ ਆਪਣੀ ਤੇਲ ਇੰਪੋਰਟ ਵਧਾਈ ਹੈ। ਤਰਾਸਦੀ ਦੇਖੋ ਕਿ ਯੂਰਪੀਅਨ ਯੂਨੀਅਨ ਯੂਕਰੇਨ ਵਿੱਚ ਰੂਸੀ ਹਮਲੇ ਦਾ ਕੱਟੜ ਵਿਰੋਧੀ ਰਿਹਾ ਹੈ, ਉਹ ਵੀ ਜੰਗ ਦੇ ਪਹਿਲੇ 100 ਦਿਨਾਂ ਦੌਰਾਨ 60 ਬਿਲੀਅਨ ਡਾਲਰ ਦਾ ਤੇਲ ਖਰੀਦ ਚੁੱਕਾ ਹੈ। ਜੰਗ ਦੇ ਸ਼ੁਰੂ ਹੋਣ ਦੇ ਪਹਿਲੇ 15 ਹਫਤਿਆਂ ਦਾ ਰੂਸ ਨੇ 98 ਬਿਲੀਅਨ ਡਾਲਰ ਦਾ ਤੇਲ ਵੇਚਿਆ ਹੈ।
ਭਾਰਤੀ ਪਾਰਲੀਮੈਂਟ ਵਿੱਚ ਇੱਕ ਜਵਾਬ ਦੌਰਾਨ ਸਰਕਾਰ ਨੇ ਦੱਸਿਆ ਕਿ ਇਸ ਸਾਲ ਅਪ੍ਰੈਲ ਅਤੇ ਜੂਨ ਦੇ ਮੱਧ ਵਿੱਚ ਰੂਸ ਖਾਦ ਦੇ ਮਾਮਲੇ ਵਿੱਚ ਵੀ ਭਾਰਤ ਲਈ ਮੋਹਰੀ ਹੈ। ਭਾਰਤ ਨੂੰ 7.74 ਲੱਖ ਮੀਟਿ੍ਰਕ ਟਨ ਖਾਦ ਰੂਸ ਤੋਂ ਪਹਿਲੀ ਤਿਮਾਹੀ ਵਿੱਚ ਖਰੀਦੀ ਸੀ। ਕਾਰਨ ਸਪੱਸ਼ਟ ਹੈ ਕਿ ਰੂਸੀ ਖਾਦ ਦੇਸ਼ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਛੋਟ ਉੱਤੇ ਵੇਚੀ ਜਾ ਰਹੀ ਹੈ ਕਿਉਂਕਿ ਰੂਸ ਨੂੰ ਜੰਗੀ ਮਸ਼ੀਨਰੀ ਲਈ ਪੈਸੇ ਦੀ ਸਖਤ ਲੋੜ ਹੈ।ਇਸ ਮਾਮਲੇ ਵਿੱਚ ਵੀ ਭਾਰਤ ਇਕੱਲਾ ਦੇਸ਼ ਨਹੀਂ। ਪਾਬੰਦੀਆਂ ਦੇ ਬਾਵਜੂਦ ਹੋਰ ਦੇਸ਼ ਵੀ ਸਸਤੇ ਰੇਟਾਂ ਉੱਤੇ ਰੂਸ ਤੋਂ ਵਸਤੂਆਂ ਖਰੀਦਦੇ ਹਨ। ਦਿਲਚਸਪ ਗੱਲ ਹੈ ਕਿ ਰੂਸੀ ਕਰੰਸੀ ਰੂਬਲ ਇਸ ਦੌਰਾਨ ਚੰਗੀ ਕਾਰਗੁਜ਼ਾਰੀ ਕਰ ਰਹੀ ਹੈ।
ਇਸ ਸਾਲ ਮਈ ਵਿੱਚ ਭਾਰਤ ਨੇ ਚੀਨ ਨੂੰ 1.6 ਬਿਲੀਅਨ ਅਮਰੀਕੀ ਡਾਲਰ ਦੀਆਂ ਵਸਤਾਂ ਇੰਪੋਰਟ ਕੀਤੀਆਂ। ਅਪ੍ਰੈਲ ਅਤੇ ਮਈ ਵਿੱਚ ਸਾਂਝੇ ਤੌਰ ਉੱਤੇ ਭਾਰਤ ਦੀ ਇੰਪੋਰਟ 31 ਫੀਸਦੀ ਦੇ ਲਗਭਗ ਡਿੱਗੀ। ਚੀਨ ਤੋਂ ਇੰਪੋਰਟ ਮਈ 2022 ਵਿੱਚ ਪਿਛਲੇ ਸਾਲ ਇਸ ਅਰਸੇ ਦੀ ਤੁਲਨਾ ਵਿੱਚ 5.47 ਫੀਸਦੀ ਵਧੀ।
ਇਸ ਲਈ ਅਸਲੀ ਸਿਆਸਤ ਦੇ ਨਾਂਅ ਉੱਤੇ ਜਿੱਥੇ ਕੁਝ ਲੋਕਾਂ ਨੂੰ ਰਾਸ਼ਟਰੀ ਹਿੱਤ ਵਿੱਚ ਮਰਨਾ ਪੈਂਦਾ ਹੈ, ਉਥੇ ਕੁਝ ਲੋਕਾਂ ਨੂੰ ਰਾਸ਼ਟਰ ਹਿੱਤ ਵਿੱਚ ਫਿਰ ਪੈਸਾ ਕਮਾਉਣਾ ਪੈਂਦਾ ਹੈ। ਲੋਕਾਂ ਤੇ ਰਾਸ਼ਟਰਾਂ ਦੇ ਮਾਮਲੇ ਵਿੱਚ ਨੈਤਿਕ ਘੇਰੇ ਦੀ ਭਾਵੁਕਤਾ ਦੇ ਰੂਪ ਵਿੱਚ ਕੁਝ ਮੰਨਿਆ ਜਾਂਦਾ ਹੈ।