ਮਾਨਾਂਵਾਲਾ, 19 ਜੂਨ (ਪੋਸਟ ਬਿਊਰੋ)- ਕੱਲ੍ਹ ਰਾਤ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਤ ਕਾਲੋਨਾਈਜ਼ਰਾਂ ਅਤੇ ਪ੍ਰਾਪਰਟੀ ਡੀਲਰਾਂ ਦੇ ਝਗੜੇ ਵਿੱਚ ਗੋਲੀਆਂ ਚੱਲਣ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ।
ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪ੍ਰਾਪਰਟੀ ਦੇ ਕਾਰੋਬਾਰ ਵਾਲੇਕਈ ਲੋਕ ਮਾਨਾਂਵਾਲਾ ਵਿਖੇ ਬਣਾਈ ਜਾ ਰਹੀ ਕਾਲੋਨੀ ਡਰੀਮ ਸਿਟੀ ਨੈਕਸਟ ਵਿੱਚ ਰਾਤ ਦੀ ਪਾਰਟੀ ਵਿੱਚ ਇਕੱਠੇ ਹੋਏ ਸਨ, ਜਿਸ ਵਿੱਚ ਦੋ ਧਿਰਾਂ ਦਾ ਬੋਲ-ਬੁਲਾਰਾ ਹੋ ਗਿਆ ਅਤੇ ਫਿਰ ਦੋਵੇਂ ਧਿਰਾਂ ਰਾਤਕਰੀਬ 11-12 ਵਜੇ ਡਰੀਮ ਸਿਟੀ-1 ਦੇ ਬਾਹਰ ਮਾਨਾਂਵਾਲਾ ਪਹੁੰਚ ਗਈਆਂ, ਜਿੱਥੇ ਇਨ੍ਹਾਂ ਦਾ ਝਗੜਾ ਵਧ ਕੇ ਗੱਲ ਗੋਲੀ ਚੱਲਣ ਤਕ ਪਹੁੰਚ ਗਿਆ ਅਤੇ ਫਿਰ ਫਾਇਰਿੰਗ ਵਿੱਚ ਇੱਕ ਨੌਜਵਾਨ ਨਰਿੰਦਰ ਸਿੰਘ ਦੀ ਮੌਤ ਹੋ ਗਈ। ਇਸ ਬਾਰੇ ਚਰਨਜੋਤ ਸਿੰਘ ਗਲੀ ਜਾਮਣਾਂ ਵਾਲੀ, ਅੰਮ੍ਰਿਤਸਰ ਨੇ ਪੁਲਸ ਨੂੰ ਦੱਸਿਆ ਕਿ ਉਹ ਪ੍ਰਾਪਰਟੀ ਦਾ ਕੰਮ ਕਰਦਾ ਹੈ ਅਤੇ ਰਾਤ ਉਹ ਆਪਣੇ ਦੋਸਤਾਂ ਮਾਈਕਲ ਅਤੇ ਬਰਜਿੰਦਰ ਸੇਠ ਨਾਲ ਡਰੀਮ ਸਿਟੀ ਨੈਕਸਟ ਦੀ ਪਾਰਟੀ ਵਿੱਚ ਗਿਆ ਸੀ। ਉਥੇ ਮੌਜੂਦ ਮਹਿੰਦਰਪਾਲ ਸਿੰਘ ਨੇ ਮਾਈਕਲ ਨੂੰ ਅਪਸ਼ਬਦ ਬੋਲੇ, ਪਰ ਮੁਹਤਬਰਾਂ ਨੇ ਦੋਵਾਂ ਨੂੰ ਵੱਖ-ਵੱਖ ਕਰ ਦਿੱਤਾ ਤੇ ਉਸ ਤੋਂ ਬਾਅਦ ਮਹਿੰਦਰਪਾਲ ਨੇ ਬਰਜਿੰਦਰ ਸੇਠ ਦੇ ਫੋਨ ਉੱਤੇ ਫੋਨ ਕੀਤਾ ਅਤੇ ਡਰੀਮ ਸਿਟੀ-1 ਦੇੇ ਬੈਸਟ ਪ੍ਰਾਈਜ਼ ਮਾਨਾਂਵਾਲਾ ਵਿਖੇ ਬੁਲਾ ਲਿਆ। ਚਰਨਜੋਤ ਸਿੰਘ ਦੱਸਿਆ ਕਿ ਉਹ ਮਾਈਕਲ, ਬਰਜਿੰਦਰ ਸੇਠ ਨਾਲ ਉਥੇ ਚਲੇ ਗਏ ਤੇ ਇਸੇ ਦੌਰਾਨ ਮਾਈਕਲ ਨੇ ਆਪਣੇ ਦੋਸਤਾਂ ਸਨੀ ਤੇ ਨਰਿੰਦਰ ਸਿੰਘ ਨੂੰ ਬੁਲਾ ਲਿਆ ਅਤੇ ਉਹ ਵੀ ਡਰੀਮ ਸਿਟੀ ਪਹੁੰਚ ਗਏ। ਕੁਝ ਸਮੇਂ ਬਾਅਦ ਮਹਿੰਦਰਪਾਲ ਸਿੰਘ ਆਪਣੇ ਸਾਥੀ ਸਮੇਤ ਆਇਆ ਤਾਂ ਆਉਂਦਿਆਂ ਹੀ ਮਾਈਕਲ ਨੂੰ ਗਾਲ੍ਹਾਂ ਕੱਢਣੀਆਂ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜਦੋਂ ਮੈਂ, ਸਨੀ ਤੇ ਨਰਿੰਦਰ ਸਿੰਘ ਉਸ ਨੂੰ ਰੋਕਣ ਲੱਗੇ ਤਾਂ ਉਸ ਨੇ ਸਿੱਧੀਆਂ ਗੋਲੀਆਂ ਚਲਾ ਦਿੱਤੀਆਂ। ਡਰੀਮ ਸਿਟੀ-1 ਦੇ ਇੱਕ ਸੁਰੱਖਿਆ ਗਾਰਡ ਨੇ ਦੱਸਿਆ ਕਿ 25-30 ਗੋਲੀਆਂ ਚੱਲੀਆਂ ਸਨ। ਥਾਣਾ ਚਾਟੀਵਿੰਡ ਦੇ ਐਸ ਐਚ ਓ ਨੇ ਦੱਸਿਆ ਕਿ ਬੀਤੀ ਰਾਤ ਵਾਪਰੀ ਘਟਨਾ ਵਿੱਚ ਨਰਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਚਰਨਜੋਤ ਸਿੰਘ, ਸਨੀ ਅਤੇ ਮਹਿੰਦਰਪਾਲ ਸਿੰਘ ਆਦਿ ਜ਼ਖਮੀ ਹੋ ਗਏ, ਜੋ ਅੰਮ੍ਰਿਤਸਰ ਦੇ ਨਿੱਜੀ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ।