Welcome to Canadian Punjabi Post
Follow us on

30

June 2022
ਨਜਰਰੀਆ

ਨਿਤੀਸ਼ ਦੀ ਚੁੱਪ ਨਾਲ ਬਿਹਾਰ ਦੀ ਸਿਆਸਤ ਵਿੱਚ ਸਸਪੈਂਸ

May 10, 2022 03:22 AM

-ਓਮ ਪ੍ਰਕਾਸ਼ ਅਸ਼ਕ
ਨਿਤੀਸ਼ ਕੁਮਾਰ ਦੇ ਬਦਲੇ ਅੰਦਾਜ਼ ਅਤੇ ਉਨ੍ਹਾਂ ਦੀ ਚੁੱਪ ਕਾਰਨ ਬਿਹਾਰ ਦੀ ਸਿਆਸਤ ਵਿੱਚ ਸਸਪੈਂਸ ਬਣ ਗਿਆ ਹੈ। ਇਸ ਸਸਪੈਂਸ ਤੋਂ ਜਿੰਨਾ ਜਨਤਾ ਦਲ (ਯੂ) ਦੇ ਆਗੂ ਘਬਰਾਏ ਹੋਏ ਹਨ, ਉਸ ਤੋਂ ਘੱਟ ਸਰਕਾਰ ਦੀ ਸਹਿਯੋਗੀ ਪਾਰਟੀ ਭਾਜਪਾ ਵਾਲੇ ਵੀ ਘਬਰਾਏ ਹੋਏ ਨਹੀਂ। 2017 ਪਿੱਛੋਂ ਪਹਿਲੀ ਵਾਰ ਇਫਤਾਰ ਦੇ ਬਹਾਨੇ ਰਾਬੜੀ ਦੇਵੀ ਦੇ ਘਰ ਨਿਤੀਸ਼ ਕੁਮਾਰ ਦਾ ਜਾਣਾ, ਕਾਨੂੰਨ ਮੰਤਰਾਲਾ ਵੱਲੋਂ ਦਿੱਲੀ ਵਿੱਚ ਮੁੱਖ ਮੰਤਰੀਆਂ ਦੇ ਸੰਮੇਲਨ ਵਿੱਚ ਉਨ੍ਹਾਂ ਦੇ ਸ਼ਾਮਲ ਨਾ ਹੋਣ ਤੇ ਲਾਊਡ ਸਪੀਕਰਾਂ ਬਾਰੇ ਯੂ ਪੀ ਮਾਡਲ ਦੀ ਹਰ ਪਾਸੇ ਹੋ ਰਹੇ ਸ਼ਲਾਘਾ ਨੂੰ ਬਕਵਾਸ ਤੇ ਬੇਕਾਰ ਦੱਸਣਾ ਸਸਪੈਂਸ ਹੋਣ ਦੇ ਖਾਸ ਕਾਰਨਾਂ ਵਿੱਚ ਸ਼ਾਮਲ ਹੈ।
ਹਾਲਾਂਕਿ ਇਹ ਪਹਿਲਾ ਮੌਕਾ ਨਹੀਂ, ਜਦੋਂ ਨਿਤੀਸ਼ ਕੁਮਾਰ ਆਪਣੇ ਬਿਆਨਾਂ ਨਾਲ ਭਾਜਪਾ ਜਾਂ ਉਸਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਕਦਮ ਚੁੱਕ ਰਹੇ ਹਨ। ਸੀ ਏ ਏ, ਐਨ ਆਰ ਸੀ ਅਤੇ ਇੱਕ ਸਾਰ ਸਿਵਲ ਕੋਡ ਉੱਤੇ ਉਹ ਭਾਜਪਾ ਦੇ ਸਟੈਂਡ ਦੇ ਵਿਰੁੱਧ ਰਹੇ ਹਨ। ਉਨ੍ਹਾਂ ਦੀ ਵਿਰੋਧਤਾ ਦਾ ਅੰਦਾਜ਼ਾ ਅਜੇ ਕਾਇਮ ਹੈ ਪਰ ਇਫਤਾਰ ਦੇ ਬਹਾਨੇ ਰਾਬੜੀ ਦੇ ਨਿਵਾਸ ਵਿਖੇ ਉਨ੍ਹਾਂ ਦਾ ਸੱਤ ਸਾਲ ਬਾਅਦ ਜਾਣਾ ਅਤੇ ਕੁਝ ਮੁੱਦਿਆਂ ਉੱਤੇ ਰਾਸ਼ਟਰੀ ਜਨਤਾ ਦਲ ਦੇ ਸਟੈਂਡ ਨਾਲ ਉਨ੍ਹਾਂ ਦਾ ਸਟੈਂਡ ਮਿਲਣਾ ਸਿਆਸੀ ਪੰਡਿਤਾਂ ਦੇ ਨਾਲ ਗਠਜੋੜ ਦੀਆਂ ਮੁੱਖ ਦੋਵੇਂ ਪਾਰਟੀਆਂ ਭਾਜਪਾ ਅਤੇ ਜਨਤਾ ਦਲ (ਯੂ) ਦੇ ਆਗੂਆਂ ਨੂੰ ਉਲਝਣ ਵਿੱਚ ਪਾ ਦਿੰਦਾ ਹੈ। ਜਾਤੀ ਮਰਦਮਸ਼ੁਮਾਰੀ ਦੇ ਮੁੱਦੇ ਉੱਤੇ ਜਨਤਾ ਦਲ (ਯੂ) ਅਤੇ ਰਾਸ਼ਟਰੀ ਜਨਤਾ ਦਲ ਦਾ ਬਰਾਬਰ ਸਟੈਂਡ ਹੈ।
ਭਾਜਪਾ ਦੇ ਆਗੂ ਸਮੇਂ-ਸਮੇਂਨਿਤੀਸ਼ ਨੂੰ ਇਹ ਅਹਿਸਾਸ ਕਰਵਾਉਣ ਤੋਂ ਨਹੀਂ ਖੁੰਝਦੇ ਕਿ ਨਿਤੀਸ਼ ਕੁਮਾਰ ਉਨ੍ਹਾਂ ਦੇ ਕਾਰਨ ਹੀ ਮੁੱਖ ਮੰਤਰੀ ਹਨ। ਭਾਜਪਾ ਦੇ ਪਾਰਲੀਮੈਂਟ ਮੈਂਬਰ ਛੇਦੀ ਪਾਸਵਾਨ ਅਤੇ ਵਿਧਾਇਕ ਵਿਨੇ ਬਿਹਾਰੀ ਨੇ ਤਾਂ ਨਿਤੀਸ਼ ਦੀ ਥਾਂ ਭਾਜਪਾ ਦੇ ਮੁੱਖ ਮੰਤਰੀ ਦੀ ਮੰਗ ਪੇਸ਼ ਕਰ ਦਿੱਤੀ ਹੈ। ਨਿਤੀਸ਼ ਸਰਕਾਰ ਨੂੰ ਸਮੇਂ-ਸਮੇਂਵਧਦੇ ਅਪਰਾਧ,ਘੱਟ-ਗਿਣਤੀਆਂ ਦੀ ਤੁਸ਼ਟੀਕਰਨ ਦੀ ਨੀਤੀ ਤੇ ਸ਼ਰਾਬਬੰਦੀ ਦੇ ਸਵਾਲ ਉੱਤੇ ਵੀ ਭਾਜਪਾ ਦੇ ਆਗੂ ਕਟਹਿਰੇ ਵਿੱਚ ਖੜ੍ਹਾ ਕਰਦੇ ਹਨ। ਇਸ ਉੱਤੇ ਨਿਤੀਸ਼ ਦੀ ਸਿੱਧੀ ਪ੍ਰਤੀਕਿਰਿਆ ਤਾਂ ਕਦੇ ਨਹੀਂ ਆਈ, ਪਰ ਉਨ੍ਹਾਂ ਦੀ ਨਾਰਾਜ਼ਗੀ ਸੁਭਾਵਕ ਹੈ। ਇਫਤਾਰ ਵਿੱਚ ਰਾਬੜੀ ਦੇਵੀ ਦੇ ਘਰ ਪੈਦਲ ਹੀ ਨਿਤੀਸ਼ ਦਾ ਜਾਣਾ ਅਤੇ ਨਿਤੀਸ਼ ਦੇ ਘਰ ਤੇਜਸਵੀ, ਤੇਜ ਪ੍ਰਤਾਪ ਦੇ ਆਉਣ ਤੋਂ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਨੂੰ ਨਿਤੀਸ਼ ਵੱਲੋਂ ਸ਼ੀਸ਼ਾ ਦਿਖਾਉਣ ਦੀ ਰਣਨੀਤੀ ਦਾ ਹਿੱਸਾ ਹੈ।
ਇੱਕ ਸਾਰ ਸਿਵਲ ਕੋਡ ਲਾਗੂ ਦੀ ਪ੍ਰਤੀਬੱਧਤਾ ਜਦੋਂ ਕੇਂਦਰੀ ਗ੍ਰਹਿ ਮੰਤਰੀ ਨੇ ਪਿੱਛੇ ਜਿਹੇ ਪ੍ਰਗਟਾਈ ਤਾਂ ਨਿਤੀਸ਼ ਦਾ ਕੋਈ ਬਿਆਨ ਨਹੀਂ ਆਇਆ, ਪਰ ਜਨਤਾ ਦਲ (ਯੂ) ਦੇ ਚੋਟੀ ਦੇ ਆਗੂਆਂ ਵਿੱਚੋਂ ਉਪੇਂਦਰ ਕੁਸ਼ਵਾਹਾ ਨੇ ਸਾਫ ਨਾਂਹ ਕਰ ਦਿੱਤੀ ਕਿ ਬਿਹਾਰ ਵਿੱਚ ਇਸ ਦੀ ਲੋੜ ਨਹੀਂ। ਉਸੇ ਤਰ੍ਹਾਂ ਭਾਜਪਾ ਦੇ ਜਨਕ ਰਾਮ ਵਰਗੇ ਆਗੂਆਂ ਨੇ ਧਾਰਮਿਕ ਥਾਵਾਂ ਤੋਂ ਲਾਊਡ ਸਪੀਕਰ ਹਟਾਉਣ ਜਾਂ ਉਸ ਦੀ ਆਵਾਜ਼ ਨੂੰ ਘੱਟ ਕਰਨ ਦੇ ਯੂ ਪੀ ਦੇ ਮੁੱਖ ਮੰਤਰੀ ਆਂਦਿੱਤਆਨਾਥ ਮਾਡਲ ਨੂੰ ਲਾਗੂ ਕਰਨ ਦੀ ਮੰਗ ਕੀਤੀ ਤਾਂ ਨਿਤੀਸ਼ ਨੇ ਇਸ ਨੂੰ ਬੇਕਾਰ ਅਤੇ ਬਕਵਾਸ ਦੱਸ ਕੇ ਇੱਕ ਸਿਰੇ ਤੋਂ ਰੱਦ ਕਰ ਦਿੱਤਾ। ਸੀ ਏ ਏ ਵਾਲੇ ਸਵਾਲ ਉੱਤੇ ਵੀ ਨਿਤੀਸ਼ ਦਾ ਸਟੈਂਡ ਜਨਤਾ ਦਲ (ਯੂ) ਦੇ ਸਾਬਕਾ ਅਤੇ ਅੱਗੋਂ ਅਹੁਦਾ ਛੱਡ ਰਹੇ ਉਪ ਪ੍ਰਧਾਨ ਪ੍ਰਸ਼ਾਂਤ ਕਿਸ਼ੋਰ ਵੱਲੋਂ ਬਾਹਰ ਆਇਆ ਸੀ ਕਿ ਬਿਹਾਰ ਵਿੱਚ ਇਸ ਨੂੰ ਲਾਗੂ ਨਹੀਂ ਕੀਤਾ ਜਾਵੇਗਾ।
ਵਿਧਾਇਕਾਂ ਦੀ ਗਿਣਤੀ ਦੇ ਜ਼ੋਰ ਉੱਤੇ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਬੇਸ਼ੱਕ ਬਿਹਾਰ ਵਿੱਚ ਤੀਜੇ ਨੰਬਰਦੀ ਹੈ, ਪਰ ਪ੍ਰੈਸ਼ਰ ਪਾਲਿਟਿਕਸ ਕਾਰਨ ਨਿਤੀਸ਼ ਨੇ ਆਪਣਾ ਰੁਤਬਾ ਨੰਬਰ ਵਨ ਦਾ ਬਣਾ ਕੇ ਰੱਖਿਆ ਹੈ। ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਭਾਜਪਾ ਦੇ ਕੁਝ ਨੇਤਾ ਕਰਦੇ ਅਤੇ ਵਾਰ-ਵਾਰ ਇਹ ਅਹਿਸਾਸ ਕਰਵਾ ਰਹੇ ਹਨ ਕਿ ਭਾਜਪਾ ਕਾਰਨ ਉਹ ਮੁੱਖ ਮੰਤਰੀ ਦੀ ਕੁਰਸੀ ਉੱਤੇ ਹਨ ਤਾਂ ਅਜਿਹੀ ਸਥਿਤੀ ਵਿੱਚ ਸੰਭਵ ਹੈ ਕਿ ਉਹ ਰਾਸ਼ਟਰੀ ਜਨਤਾ ਨਾਲ ਨਾਲ ਰਿਸ਼ਤਾ ਵਧਾਉਣ ਦਾ ਦਿ੍ਰਸ਼ ਬਣਾ ਕੇ ਭਾਜਪਾ ਉੱਤੇ ਦਬਾਅ ਦੀ ਚਾਲ ਚੱਲ ਰਹੇ ਹੋਣ।
ਭਾਜਪਾ ਦੀ ਕੇਂਦਰੀ ਲੀਡਰਸ਼ਿਪ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿ ਬਿਹਾਰ ਵਿੱਚ ਅਜੇ ਸੱਤਾ ਤੱਕ ਆਪਣੇ ਦਮ ਉੱਤੇ ਪਹੁੰਚਣਾ ਉਸ ਲਈ ਔਖਾ ਹੈ। ਉਸ ਨੂੰ ਅਜਿਹੇ ਸਹਿਯੋਗੀ ਦੀ ਲੋੜ ਹੈ, ਜਿਸ ਨਾਲ ਤਾਲਮੇਲ ਬਣਿਆ ਰਹੇ। ਇਸ ਲਈ ਕੇਂਦਰੀ ਲੀਡਰਸ਼ਿਪ ਚਾਹੁੰਦੇ ਹੋਏ ਵੀ ਅਜੇ ਨਿਤੀਸ਼ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੇਗੀ। ਨਿਤੀਸ਼ ਖੁਦ ਵੀ ਇਹ ਚੰਗੀ ਤਰ੍ਹਾਂ ਸਮਝਦੇ ਹਨ। ਇਹੀ ਕਾਰਨ ਹੈ ਲੋਕ ਸਭਾ, ਵਿਧਾਨ ਸਭਾ ਅਤੇ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਸੀਟਾਂ ਦੀ ਭਾਈਵਾਲੀ ਵਿੱਚ ਨਿਤੀਸ਼ ਬਰਾਬਰ ਦੇ ਭਾਈਵਾਲ ਬਣਨ ਲਈ ਭਾਜਪਾ ਨੂੰ ਮਜ਼ਬੂਰ ਕਰਦੇ ਆਏ ਹਨ।
ਓਧਰ ਬੋਚਹਾ ਵਿਧਾਨ ਸਭਾ ਉਪ ਚੋਣ ਵਿੱਚ ਭਾਜਪਾ ਉਮੀਦਵਾਰ ਦੀ ਹਾਰ ਤੇ ਵਿਧਾਨ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਪਹਿਲਾਂ ਵਾਲੀਆਂ ਸੀਟਾਂ ਨਾ ਬਚਾ ਸਕਣ ਕਾਰਨ ਭਾਜਪਾ ਦੀ ਨਾਕਾਮੀ ਕਾਰਨ ਪਾਰਟੀ ਵਿੱਚ ਬਨਵਾਸ ਭੋਗ ਰਹੇ ਸੁਸ਼ੀਲ ਕੁਮਾਰ ਮੋਦੀ ਨੂੰ ਸੂਬਾਈ ਭਾਜਪਾ ਉੱਤੇ ਉਂਗਲ ਉਠਾਉਣ ਦਾ ਮੌਕਾ ਮਿਲ ਗਿਆ ਹੈ।ਸੁਸ਼ੀਲ ਮੋਦੀ ਨੂੰ ਨਿਤੀਸ਼ ਕੁਮਾਰ ਦਾ ਕਰੀਬੀ ਮੰਨਿਆ ਜਾਂਦਾ ਹੈ। ਨਿਤੀਸ਼ ਨਾਲ ਉਨ੍ਹਾਂ ਉਪ ਮੁੱਖ ਮੰਤਰੀ ਦੀ ਲੰਬੀ ਪਾਰੀ ਖੇਡੀ ਹੈ। ਬਿਹਾਰ ਦੀ ਸਿਆਸਤ ਵਿੱਚ ਅਜੇ ਨਿਤੀਸ਼ ਨੇ ਜੋ ਸਸਪੈਂਸ ਪੈਦਾ ਕੀਤਾ ਹੈ, ਉਹ ਅਗਲੇ ਦਿਨਾਂ ਵਿੱਚ ਕੀ ਰੂਪ ਲਏਗਾ, ਇਹ ਦੇਖਣਾ ਬਾਕੀ ਹੈ। ਨਿਤੀਸ਼ ਕੀ ਸੋਚਦੇ ਅਤੇ ਕੀ ਕਰਦੇ ਹਨ, ਇਸ ਬਾਰੇ ਉਨ੍ਹਾਂ ਦੇ ਕਰੀਬੀਆਂ ਨੂੰ ਵੀ ਕੁਝ ਪਤਾ ਨਹੀਂ ਹੁੰਦਾ। ਇਸ ਲਈ ਉਨ੍ਹਾਂ ਦੇ ਸਸਪੈਂਸ ਕਾਰਨ ਨਾ ਰਾਸ਼ਟਰੀ ਜਨਤਾ ਦਲ ਵਾਲੇ ਉਤਸ਼ਾਹਿਤ ਹਨ ਅਤੇ ਨਾ ਹੀ ਭਾਜਪਾ ਵਾਲੇ ਨਿਸ਼ਚਿੰਤ।

 

Have something to say? Post your comment