Welcome to Canadian Punjabi Post
Follow us on

30

June 2022
ਨਜਰਰੀਆ

ਤੁਹਾਨੂੰ ਘਰ ਉਡੀਕਦਾ ਹੈ..

May 10, 2022 03:22 AM

-ਕੁਲਵਿੰਦਰ ਵਿਰਕ
ਘਰ-ਅਸੀਸਾਂ, ਆਸਥਾਵਾਂ, ਸਕੂਨ, ਦੁਆਵਾਂ, ਮੁਹੱਬਤਾਂ ਤੇ ਭਾਵਨਾਵਾਂ ਦਾ ਸੁਮੇਲ ਹੈ। ਪਰਿੰਦੇ ਵੀ ਤੀਲ੍ਹ-ਤੀਲ੍ਹਾ ਕਰ ਕੇ ਆਲ੍ਹਣੇ ਉਸਾਰਦੇ, ਸੰਭਾਲਦੇ ਤੇ ਆਪਣੇ ਬੋਟਾਂ ਨੂੰ ਪਾਲਦੇ ਹਨ। ਤੁਸੀਂ ਘਰ ਨੂੰ ਸੰਭਾਲੋ, ਘਰ ਤੁਹਾਨੂੰ ਸੰਭਾਲੇਗਾ, ਤੁਰ ਗਿਆਂ ਦੇ ਪਿੱਛੋਂ ਵੀ ਤੁਹਾਡੀਆਂ ਪੈੜਾਂ ਭਾਲੇਗਾ। ਜਦੋਂਮੰਜ਼ਲਾਂ ਦੀ ਭਾਲ ਵਿੱਚ ਤੁਰ ਪਏ ਤਾਂ ਘਰਾਂ ਦਾ ਬਹੁਤਾ ਫ਼ਿਕਰ ਨਾ ਕਰਿਓ! ਰਾਹਾਂ ਵਿੱਚ ਆਉਂਦੀਆਂ ਪਹਾੜੀ ਕਿੱਕਰਾਂ ਤੇ ਅੱਕਾਂ ਨੂੰ ਛਾਂਗਦੇ ਜਾਇਓ, ਬਿੱਖਰੀਆਂ ਸੂਲਾਂ ਨੂੰ ਹਟਾਇਓਤੇ ਜੇ ਫਿਰ ਵੀ ਕਿਤੇ ਅਟਕ ਪਏ ਤਾਂ ਆਪਣੇ ਸਿਰਾਂ ਉੱਤੇ ਪੈਰ ਰੱਖ ਲੈਣਾ, ਰਾਹਾਂ ਵਿੱਚ ਹਰਗਿਜ਼ ਨਾ ਬਹਿਣਾ, ਤੇ ਮੰਜ਼ਿਲਾਂ ਨੂੰ ਸਰ ਕਰਕੇ ਹੀ ਦਮ ਲੈਣਾ।
ਯਕੀਨ ਮੰਨਿਓ! ਘਰਾਂ ਦਾ ਮੋਹ ਤਿਆਗ ਕੇ ਜੇ ਮੰਜ਼ਿਲਾਂ ਨੂੰ ਸਰ ਕਰ ਲਉ ਤਾਂ ਤੁਹਾਡੀਆਂ ਪੈੜਾਂ ਵਿੱਚ ਪੈਰ ਧਰਦੇ ਕਾਫ਼ਲੇ ਨਜ਼ਰ ਆਉਣਗੇ। ਫਿਰ ਤੁਹਾਡੇ ਘਰ ਅਤੇ ਦਰ ਵੀ ਤੁਹਾਡੇ ਗਲਾਂ ਵਿੱਚ ਮੁਹੱਬਤਾਂ ਦੇ ਹਾਰ ਪਾਉਣਗੇ। ਪਰਿੰਦੇ ਵੀ ਸ਼ਾਮੀ ਆਪਣੇ ਆਲ੍ਹਣਿਆਂ ਵਿੱਚ ਪਰਤ ਆਉਂਦੇ ਨੇ, ਬੇਟਾਂ ਨੂੰ ਗਲ ਲਾਉਂਦੇ ਨੇ..।
ਤੁਸੀਂ ਘਰ ਛੇਤੀ ਪਰਤਿਆ ਕਰੋ। ਬੱਚਿਆਂ ਨਾਲ ਲਾਡ ਲਡਾਇਆ ਕਰੋ, ਬਜ਼ੁਰਗਾਂ ਦੇ ਦਰਦ ਵੰਡਾਇਆ ਕਰੋ, ਪਰ ਐਵੇਂ ਨਾ ਹਰਖਿਆ ਕਰੋ, ਕਿਉਕਿ ਤੁਹਾਡੇ ਪਿੱਛੋਂ ਘਰ ਤੁਹਾਡੀ ਉਡੀਕ ਕਰਦਾ ਹੈ, ਪਰਦੇਸ ਤੁਰ ਗਿਆ ਨੂੰ ਵਿਹੜਾ `ਵਾਜ਼ਾਂ ਮਾਰਦਾ ਹੈ। ਤੁਹਾਡੀਆਂ ਯਾਦਾਂ ਸੰਭਾਲਦਾ ਹੈ।
ਜਦੋਂ ਕਦੇ ਘਰ ਨੂੰ ਛੱਡਣ ਲਈ ਮਜਬੂਰ ਹੋ ਜਾਇਦਾ ਹੈ, ਰੋਟੀ-ਰੋਜ਼ੀ ਦੇ ਚੱਕਰ ਵਿੱਚ ਘਰ ਤੋਂ ਦੂਰ ਹੋ ਜਾਈਦਾ ਹੈ ਤਾਂ ਵਿਹੜਿਆਂ ਦੀ ਰੌਣਕ ਵੀ ਚਲੀ ਜਾਂਦੀ ਹੈ। ਵਕਤ ਦੇ ਪੈਰਾਂ ਹੇਠ ਆ ਕੇ ਸੱਧਰਾਂ ਦੀ ਕੋਈ ਕਲੀ ਮਸਲੀ ਜਾਂਦੀ ਹੈ। ਬਨੇਰਿਆਂ ਉੱਤੇ ਬੈਠੇ ਮਿੱਟੀ ਦੇ ਮੋਰ ਵੀ ਉਡੀਕਦੇ-ਉਡੀਕਦੇ ਰਾਤਾਂ, ਬਰਸਾਤਾਂ ਵਿੱਚ ਭੁਰ ਜਾਂਦੇ ਹਨ। ਕਿਧਰੇ ਹਨੇਰੀਆਂ ਵਿੱਚ ਉਡ-ਪੁੱਡ ਜਾਂਦੇ ਹਨ। ਘਰ ਉਦਾਸ ਹੋ ਜਾਂਦਾ ਹੈ, ਗਲੀ ਦਾ ਬੂਹਾ ਨਿਰਾਸ਼ ਹੋ ਜਾਂਦਾ ਅਤੇ ਕੰਧਾਂ ਹਉਕੇ ਭਰਦੀਆਂ ਹਨ, ਜਿੰਦਰੇ ਜੰਗਾਲੇ ਜਾਂਦੇ ਹਨ, ਵਿਹੜੇ ਵਿੱਚ ਲੱਗੀਆਂ ਡੇਕਾਂ, ਧਰੇਕਾਂ ਵੀ `ਕੱਲੀਆਂ ਆਖ਼ਿਰ ਕਿੰਨਾ ਕੁ ਚਿਰ ਖੜ੍ਹਦੀਆਂ ਨੇ।ਘਰ ਵਸਦੇ ਤੇ ਬੱਚੇ ਹੱਸਦੇ ਰਹਿਣ, ਬੱਚੇ ਤੇ ਬਜ਼ੁਰਗ ਤਾਂ ਹੱਸਦੇ-ਵਸਦੇ ਘਰਾਂ ਦੀ ਨਿਸ਼ਾਨੀ ਹੁੰਦੇ ਹਨ। ਕੋਈ ਨਵੀਂ, ਪੁਰਾਣੀ ਕਹਾਣੀ ਹੁੰਦੇ ਹਨ। ਬੁੱਢੇ ਬਾਪੂ ਤੇ ਬੇਬੇ ਘਰਾਂ ਦਾ ਮਾਣ ਹੁੰਦੇ ਹਨ, ਸਨਮਾਨ ਹੁੰਦੇ ਹਨ। ਉਹ ਕਮਰਿਆਂ ਵਿੱਚ ਵੰਜਿਆ ਨਾ ਜਾਵੇ, ਕੰਧਾਂ ਵਿੱਚ ਤਰੇੜਾਂ ਨਾ ਪੈਣ। ਸ਼ਾਮ ਨੂੰ ਘਰ ਦੇ ਸਾਰੇ ਜੀਅ ਚੁੱਲ੍ਹੇ ਮੂਹਰੇ ਜਾਂ ਡਾਇਨਿੰਗ ਟੇਬਲ ਉੱਤੇ ਜੁੜ ਬਹਿਣ। ਪਿਆਰ ਮਿਲੇ, ਸਤਿਕਾਰ ਮਿਲੇ, ਦੁਲਾਰ ਮਿਲੇ। ਮੋਹ-ਮਮਤਾ ਦੇ ਦੀਵੇ ਬਲਦੇ ਰਹਿਣ, ਆਸਾਂ ਦੇ ਬੂਟੇ ਫਲਦੇ ਰਹਿਣ।ਆਥਣੇ ਕੰਮਾਂ ਤੋਂ ਸੁਰਖੁਰੂ ਹੋ ਕੇ ਘਰ ਮੁੜਨ ਦੀ ਕਾਹਲ ਹੋਵੇ, ਬੂਹੇ ਵਿੱਚ ਉਡੀਕਾਂ ਦੇ ਕੋਈ ਦੀਵੇ ਜਗਾ ਕੇ ਰੱਖੇ..ਚਿਹਰੇ ਉੱਤੇ ਮੁਸਕਰਾਹਟ ਸਜਾ ਕੇ ਰੱਖੋ, ਬੱਚੇ ਭੱਜ ਕੇ ਮਿਲਣ, ਥਕਾਵਟ ਆਪੇ ਹੀ ਦੂਰ ਹੋ ਜਾਵੇਗੀ।
ਤ੍ਰੇਲੋਚਨ ਲੋਚੀ ਘਰ ਦੀ ਕਾਮਨਾ ਕਰਦਾ ਹੋਇਆ ਲਿਖਦਾ ਹੈ-
ਇਸ ਤੋਂ ਖ਼ੂਬਸੂਰਤ ਘਰ ਦੀ ਕਾਮਨਾ ਹੋਰ ਕੀ ਹੋ ਸਕਦੀ ਹੈ। ਹਰ ਘਰ ਵਿੱਚ ਖ਼ੁਸ਼ੀਆਂ-ਖੇੜੇ ਮਹਿਕਦੇ ਰਹਿਣ, ਬੱਚੇ ਚਹਿਕਦੇ ਤੇ ਫੁੱਲ ਮਹਿਕਦੇ ਰਹਿਣ-ਬਨੇਰਿਆਂ ਉੱਤੇ ਸੁਨਹਿਰੀ ਸੂਰਜ ਉਂਗੇ, ਦੁਪਹਿਰ ਚਮਕਦੀ ਹੋਵੇ, ਦਰਾਂ ਵਿੱਚੋਂ ਸੰਧੂਰੀ ਸ਼ਾਮ ਤੇ ਕੰਧਾਂ ਤੋਂ ਚੰਨ ਦੀ ਚਾਨਣੀ ਤਿਲ੍ਹਕਦੀ ਆਵੇ..ਘਰ ਸੱਚ-ਮੁੱਚ ਹੀ ਘਰ ਬਣ ਜਾਵੇ।
ਘਰ ਵਿੱਚ ਸੱਧਰਾਂ, ਜਜ਼ਬੇ ਤੇ ਭਾਵਨਾਵਾਂ ਪਲਦੀਆਂ ਹਨ, ਫਲਦੀਆਂ ਹਨ, ਸਲਾਹਾਂ ਬਣਦੀਆਂ ਹਨ। ਸੰਸਾਰ ਵੱਲ ਖਿੜਕੀਆਂ ਖੁੱਲ੍ਹਦੀਆਂ ਹਨ, ਨਵੀਆਂ ਰਾਹਾਂ ਬਣਦੀਆਂ ਹਨ। ਬੰਦਾ ਇੱਟਾਂ, ਲੋਹੇ ਸੰਗ ਮਕਾਨ ਉਸਾਰਦਾ ਹੈ ਤੇ ਮੋਹ ਦੀਆਂ ਕਲੀਆਂ ਨਾਲ ਸਜਾ ਕੇ ਉਸ ਨੂੰ ਘਰ ਬਣਾ ਲੈਂਦਾ ਹੈ। ਕਦੇ ਪਹਿਲਾਂ ਤੇ ਕਦੇ ਮਗਰੋਂ ਕੁਝ ਸੁਪਨੇ ਵੀ ਸਜਾ ਲੈਂਦਾ ਹੈ।ਹਰ ਘਰ ਦੀਆਂ ਕਈ-ਕਈ ਕਹਾਣੀਆਂ ਹੁੰਦੀਆਂ ਹਨ, ਕੁਝ ਨਵੀਂਆਂ ਤੇ ਕੁਝ ਪੁਰਾਣੀਆਂ। ਘਰ ਦਾ ਮੁਖੀ ਸਿਆਣਾ ਤੇ ਦੂਰ-ਅੰਦੇਸ਼ੀ ਹੋਵੇ ਤਾਂ ਇਨ੍ਹਾਂ ਕਹਾਣੀਆਂ ਦੇ ਘਰ ਦੀ ਦਹਿਲੀਜ਼ ਤੋਂ ਬਾਹਰ ਚਰਚੇ ਨਹੀਂ ਹੁੰਦੇ। ਕੁਝ ਘਰਾਂ ਦੀਆਂ ਕਹਾਣੀਆਂ ਦੇ ਵਰਕੇ ਅਕਸਰ ਪਿੰਡ ਦੀਆਂ ਗਲੀਆਂ, ਸੱਥਾਂ, ਸ਼ਹਿਰ ਦੇ ਮੁਹੱਲਿਆਂ, ਥਾਣੇ ਤੇ ਕਚਹਿਰੀਆਂ ਵਿੱਚ ਉਡਦੇ ਰਹਿੰਦੇ ਹਨ।
ਵਿਹੜਿਆਂ ਵਿੱਚ ਬੱਚਿਆਂ ਦੀਆਂ ਕਿਲਕਾਰੀਆਂ ਅਤੇ ਹਾਸੇ ਖਣਕਦੇ ਰਹਿਣ। ਤੋਤੇ, ਘੁੱਗੀਆਂ, ਚਿੜੀਆਂ ਚਹਿਕਦੇ ਰਹਿਣ ਤੇ ਛਣਕਣੇ ਛਣਕਦੇ ਰਹਿਣ। ਰਸੋਈ ਵਿੱਚ ਰੋਟੀ ਪੱਕਦੀ ਹੋਵੇ ਤੇ ਬੂਹੇ ਵਿੱਚ ਖੜ੍ਹੀ ਮਾਂ, ਧੀ, ਪਤਨੀ ਤੁਹਾਡਾ ਰਾਹ ਤੱਕਦੀ ਹੋਵੇ। ਘਰਾਂ ਅੰਦਰ ਫੁੱਲ-ਬੂਟਿਆਂ ਤੇ ਹਰਿਆਵਲ ਦਾ ਹੋਣਾ ਸ਼ੁਭ ਵੀ ਹੁੰਦੇ ਤੇ ਖੂਬਸੂਰਤ ਵੀ। ਗਮਲਿਆਂ ਵਿੱਚ ਬੂਟੇ ਲੱਗਾ ਕੇ ਰੱਖੀਏ, ਹਰਿਆਵਲ ਬਣਾ ਕੇ ਰੱਖੀਏ।
ਕੋਈ ਸਮਾਂ ਸੀ ਜਦੋਂ ਘਰ ਕੱਚੇ ਤੇ ਲੋਕ ਸੱਚੇ ਸਨ। ਭਾਈਚਾਰਕ ਸਾਂਝ ਵੀ ਮਜ਼ਬੂਤ ਸੀ। ਦਾਲ ਦੀ ਕੌਲੀ ਤੋਂ ਲੈ ਕੇ ਖੇਤੀ ਦੇ ਸੰਦਾਂ ਤੱਕ ਬੜਾ ਕੁਝ ਇੱਧਰ-ਉਧਰ ਵੱਟਦਾ ਰਹਿੰਦਾ ਸੀ, ਪਰ ਜ਼ਮਾਨੇ ਦੀ ਤੇਜ਼ ਰਫ਼ਤਾਰ ਤੇ ਨਿਰਮੋਹੇ ਸ਼ਹਿਰਾਂ ਵਿੱਚ ਉਗੇ ਕੰਕਰੀਟਾਂ ਦੇ ਜੰਗਲ ਵਿੱਚ ਸਾਡੀਆਂ ਉਹ ਸਾਂਝਾ ਗੁਆਚਦੀਆਂ ਜਾਂਦੀਆਂ ਹਨ। ਘਰ ਪੱਕੇ, ਮੋਹ ਅਤੇ ਵਾਅਦੇ ਕੱਚੇ ਹੋ ਗਏ ਹਨ।ਬਹੁਤੇ ਘਰਾਂ ਕੋਲ ਜਜ਼ਬਿਆਂ ਨੂੰ ਸਾਂਭਣ ਦਾ ਵਕਤ ਨਹੀਂ ਰਿਹਾ। ਪੁਰਖਿਆਂ ਦੀਆਂ ਯਾਦਾਂ ਤੇ ਵਿਰਸੇ ਦੀਆਂ ਸੌਗਾਤਾਂ ਕਿਸੇ ਡੂੰਘੀ ਨੁੱਕਰੇ ਦੱਬ ਕੇ ਲੋਕ ਸੁਰਖੁਰੂ ਹੋ ਗਏ। ਬਹੁਤੇ ਘਰਾਂ ਵਿੱਚ ਚੁੱਪ ਉਗ ਆਈ ਹੈ। ਚੜ੍ਹਦੀ ਜਵਾਨੀ ਹੱਥ ਬੰਦੂਕਾਂ ਤੇ ਗਾਣਿਆਂ ਵਿੱਚ ਅਰਧ-ਨਗਨ ਮਾਸੂਕਾਂ ਨੂੰ ਅਸੀਂ ਸੱਭਿਆਚਾਰ ਮੰਨ ਲਿਆ ਹੈ। ਮੁਹੱਬਤ ਹੋਵੇ ਤਾਂ ਗ਼ਰੀਬਾਂ ਦੇ ਕੱਚੇ ਖੋਲੇ ਵੀ ਸਵਰਗ ਜਾਪਦੇ ਹਨ, ਵਰਨਾਂ ਸਰਦਾਰਾਂ ਦੀਆਂ ਹਵੇਲੀਆਂ ਵੀ ਨਰਕ ਭੋਗਦੀਆਂ ਹਨ।
ਮਿੱਟੀ ਉੱਤੇ ਪਾਣੀ ਪਾ, ਫਿਰ ਗਿੱਲੀ ਮਿੱਟੀ ਨੂੰ ਪੈਰਾਂ ਉੱਤੇ ਜਮਾ ਬੱਚੇ ਘਰ ਬਣਾਉਂਦੇ ਹਨ ਤੇ ਵੱਟਾਂ ਉੱਤੇ ਬਹੁਕਰ ਦੀਆਂ ਤੀਲ੍ਹਾਂ ਗੱਡ ਕੇ ਜਾਣੀ ਰੁੱਖ ਲਾਉਂਦੇ ਹਨ। ਘਰ-ਘਰ ਖੇਡਦੇ ਬੱਚੇ ਸੁਪਨੇ ਸਜਾਉਂਦੇ ਹਨ, ਕਦੇ ਲੜ ਪੈਂਦੇ ਹਨ ਤਾਂ ਇੱਕ-ਦੂਜੇ ਦੇ ਘਰ ਵੀ ਢਾਹ ਦਿੰਦੇ ਹਨ। ਵੱਡੇ ਹੋ ਕੇ ਜਦੋਂ ‘ਬੰਦੇ’ ਬਣਨ ਦਾ ਵਕਤ ਆਉਂਦਾ ਹੈ ਤਾਂ ਬਚਪਨ ਦੀਆਂ ਉਹ ਖੇਡਾਂ ਮੁੜ ਦੁਹਰਾਉਂਦੇ ਹਨ। ਕਦੇ ਬਣਾਉਂਦੇ ਤੇ ਕਦੇ ਘਰ ਢਾਹੁੰਦੇ ਹਨ, ਘਰ ਦੀਆਂ ਵੰਡੀਆਂ ਪਾਉਂਦੇ ਹਨ।
ਰੋਟੀ-ਰੋਜ਼ੀ ਦੀ ਭਾਲ ਵਿੱਚ ਘਰਾਂ ਤੋਂ ਵਿਦਾ ਹੋਏ ਬੰਦਿਆਂ ਦਾ ਛੇਤੀ ਘਰ ਮੁੜਨਾ ਕਿਹੜਾ ਸੌਖਾ ਹੁੰਦੈ, ਸੱਚੀ ਬੜਾ ਹੀ ਔਖਾ ਹੁੰਦੈ, ਗਲੀਆਂ, ਸੱਥਾਂ, ਖੂਹਾਂ, ਟੋਭਿਆਂ ਸਮੇਤ ਘਰਾਂ ਦੀਆਂ ਕੰਧਾਂ, ਦਰਵਾਜ਼ੇ ਉਦਾਸ ਹੋ ਜਾਂਦੇ ਨੇ, ਰੁੱਖ ਵੀ ਜਿਵੇਂ ਹਉਕੇ ਭਰਦੇ ਨੇ। ਬੋਹੜਾਂ, ਪਿੱਪਲਾਂ ਦੀਆਂ ਛਾਵਾਂ ਹੇਠਾਂ ਬਿਤਾਈਆਂ ਦੁਪਹਿਰਾਂ ਤੇ ਮਾਵਾਂ ਦੀਆਂ ਮੰਗੀਆਂ ਖ਼ੈਰਾਂ ਬੜਾ ਯਾਦ ਆਉਂਦੀਆਂ ਹਨ। ਪਰਦੇਸ ਬੈਠਿਆਂ ਨੂੰ ਯਾਦਾਂ ਅਕਸਰ ਰਵਾਉਂਦੀਆਂ ਹਨ, ਜੀਅ ਤਾਂ ਕਰਦਾ ਹੁੰਦੈ ਕਿ ਖੰਭ ਲਾ ਕੇ ਘਰਾਂ ਨੂੰ ਉਡ ਜਾਈਏ, ਮਾਂ ਦੇ ਪੈਰੀਂ ਹੱਥ ਲਾਈਏ, ਬਾਪੂ ਦਾ ਮੋਹ ਲਈਏ, ਭੈਣਾਂ ਦੇ ਸਿਰ ਉੱਤੇ ਹੱਥ ਰੱਖੀਏ ਤੇ ਚੂੜੇ ਵਾਲੀ ਦੇ ਗਲ ਬਾਹਾਂ ਪਾਈਏ, ਕੰਧਾਂ ਉੱਤੇ ਪਾਈਆਂਲੀਕਾਂ ਮਿਟਾਈਏ, ਪਰ ਫ਼ੌਜੀਆਂ ਤੇ ਪਰਦੇਸੀਆਂ ਦੀ ਕੋਈ ਵਾਹ ਨਹੀਂ ਚੱਲਦੀ। ਘਰਾਂ ਦੀਆਂ ਥੁੜ੍ਹਾਂ ਤੇ ਡਾਲਰਾਂ, ਪੌਡਾਂ ਦੀਆਂ ਖਿੱਚਾਂ ਅੱਗਾ ਵਲ-ਵਲ ਬਹਿੰਦੀਆਂ ਹਨ, ਬੜੇ ਬਦਲੇ ਲੈਂਦੀਆਂ ਹਨ।
ਬੇਸ਼ੱਕ ਬੰਦਾ ਸਾਰੀ ਦੁਨੀਆ ਗਾਹ ਆਉਂਦਾ ਹੈ, ਪਰ ਆਪਣੇ ਘਰ ਆ ਕੇ ਸਕੂਨ ਮਿਲਦਾ ਹੈ, ਅਸਲ ਵਿੱਚ ਸੁੱਖ ਦਾ ਸਾਹ ਆਉਂਦਾ ਹੈ। ਘਰ ਘਰ ਹੀ ਹੁੰਦਾ ਹੈ। ਬੰਦਾ ਘਰ ਤੇ ਘਰ ਬੰਦੇ ਨੂੰ ਸੰਭਾਲਦਾ ਹੈ ਹਰ ਬੰਦੇ ਨੂੰ ਘਰ ਮਿਲੇ, ਘਰ ਦਾ ਪਿਆਰ ਮਿਲੇ, ਧੀਆਂ-ਧਿਆਣੀਆਂ ਨੂੰ ਵੀ ਘਰ ਤੇ ਵਰ ਦੋਵਾਂ ਤੋਂ ਸਤਿਕਾਰ ਮਿਲੇ।

Have something to say? Post your comment