Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਸੰਪਾਦਕੀ

ਐਰਿਨ ਓ ਟੂਲ ਦੇ ਪਤਨ ਦਾ ਕਾਰਣ -ਹਕੀਕਤ ਤੋਂ ਦੂਰੀ

February 04, 2022 05:17 AM

ਪੰਜਾਬੀ ਪੋਸਟ ਸੰਪਾਦਕੀ

ਬੁੱਧਵਾਰ ਨੂੰ 119 ਕੰਜ਼ਰਵੇਟਿਵ ਪਾਰਟੀ ਐਮ ਪੀਆਂ ਵਿੱਚੋਂ 73 ਨੇ ਸ਼ਰੇਆਮ ਬਗਾਵਤ ਕਰਦੇ ਹੋਏ ਪਾਰਟੀ ਲੀਡਰ ਐਰਿਨ ਓ ਟੂਲ ਨੂੰ ਅਹੁਦੇ ਤੋਂ ਲਾਂਭੇ ਕਰ ਦਿੱਤਾ ਸੀ। ਸੁਆਲ ਹੈ ਕਿ ਅਜਿਹੇ ਕਿਹੜੇ ਕਾਰਣ ਰਹੇ ਜਿਹਨਾਂ ਕਾਰਣ ਐਰਿਨ ਓ ਟੂਲ ਉਹ ਪਹਿਲਾ ਕੰਜ਼ਰਵੇਟਿਵ ਪਾਰਟੀ ਲੀਡਰ ਬਣ ਗਿਆ ਹੈ ਜਿਸਨੂੰ 2015 ਵਿੱਚ ਪਾਸ ਕੀਤੇ ਗਏ ਰੀਫਾਰਮ ਐਕਟ (Reform Act) ਦੀ ਅਧੀਨ ਰੁਖ਼ਸਤੀ ਕਰਨੀ ਪਈ। 2015 ਵਿੱਚ ਬਣੇ ਇਸ ਕਾਨੂੰਨ ਅਨੁਸਾਰ ਜੇ ਕਿਸੇ ਸਿਆਸੀ ਪਾਰਟੀ ਦੀ ਕਾਕਸ ਦੇ 20%ਮੈਂਬਰ ਬੇਨਤੀ ਕਰਨ ਤਾਂ ਲੀਡਰਸਿ਼ੱਪ ਦਾ ਮੁਲਾਂਕਣ ਕਰਨ ਲਈ ਗੁਪਤ ਵੋਟ ਪਾਈ ਜਾਵੇਗੀ। ਓ’ਟੂਲ ਦੇ ਕੇਸ ਵਿੱਚ ਵੋਟਿੰਗ ਗੁਪਤ ਹੋਣ ਦੇ ਬਾਵਜੂਦ ਕੋਈ ਬਹੁਤੀ ਗੱਲ ਗੁਪਤ ਨਹੀਂ ਰਹੀ। ਉਸਦਾ ਪਾਰਟੀ ਅੰਦਰ ਵਿਰੋਧ ਜੱਗ ਜਾਹਰ ਹੋ ਚੁੱਕਾ ਸੀ। ਡੇਢ ਕੁ ਸਾਲ ਦੇ ਅੰਤਰਾਲ ਵਿੱਚ ਹੀ ਖਾਸ ਕਰਕੇ ਪਿਛਲੀਆਂ ਚੋਣਾਂ ਵਿੱਚ ਚੰਗੀ ਕਾਰਗੁਜ਼ਾਰੀ ਨਾ ਵਿਖਾਉਣ ਕਾਰਣ ਉਸਦਾ ਪਾਰਟੀ ਵਿੱਚ ਆਧਾਰ ਬਿਲਕੁਲ ਕਮਜ਼ੋਰ ਹੋ ਚੁੱਕਾ ਸੀ।

2019 ਦੀਆਂ ਚੋਣਾਂ ਵਿੱਚ ਜਸਟਿਨ ਟਰੂਡੋ ਦੇ ਹਮਦਰਦ ਵੀ ਮੰਨ ਰਹੇ ਸਨ ਕਿ ਇਸ ਵਾਰ ਕੰਜ਼ਰਵੇਟਿਵ ਪਾਰਟੀ ਨੂੰ ਸੱਤਾ ਵਿੱਚ ਆਉਣੋਂ ਰੋਕਣਾ ਅਸੰਭਵ ਗੱਲ ਹੈ। ਵੱਡੀ ਹੱਦ ਤੱਕ ਇਹ ਸਿਹਰਾ ਐਰਿਨ ਓ ਟੂਲ ਨੂੰ ਜਾਂਦਾ ਹੈ ਕਿ ਉਸਨੇ ਕਈ ਪੱਖਾਂ ਤੋਂ ‘ਸੈਲਫ ਗੋਲ’ ਕਰਕੇ ਪ੍ਰਧਾਨ ਮੰਤਰੀ ਦੀ ਕੁਰਸੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੂੰ ਬਖਸ਼ ਦਿੱਤੀ। ਕਈਆਂ ਵਿੱਚੋਂ ਇੱਕ ਵੱਡੀ ਵਜਹ ਸੀ ਓ’ਟੂਲ ਦਾ ਪਰਵਾਸੀ ਭਾਈਚਾਰੇ ਨਾਲ ਮਿਲਵਰਤਣ ਕਾਇਮ ਨਾ ਰੱਖ ਸਕਣਾ। ਜੇ ਅਸੀਂ ਦੂਰ ਨਾ ਜਾਈਏ ਤਾਂ 2021 ਦੀਆਂ ਚੋਣਾਂ ਦੌਰਾਨ ਟੋਰਾਂਟੋ, ਮਿਸੀਸਾਗਾ, ਬਰੈਂਪਟਨ ਅਤੇ ਹੋਰ ਜੀ ਟੀ ਏ ਸ਼ਹਿਰਾਂ ਵੱਲ ਉਸਨੇ ਕੋਈ ਤੱਵਕੋਂ ਨਹੀਂ ਦਿੱਤੀ। ਅਸਲ ਵਿੱਚ ਸਟੀਫਨ ਹਾਰਪਰ ਤੋਂ ਬਾਅਦ ਐਂਡਰੀਓ ਸ਼ੀਅਰ ਅਤੇ ਐਰਿਨ ਓ ਟੂਲ ਦੋਵੇਂ ਹੀ ਪਰਵਾਸੀਆਂ ਨਾਲ ਤਾਲਮੇਲ ਪੈਦਾ ਕਰਨ ਵਿੱਚ ਅਸਮਰੱਥ ਰਹੇ। ਦੂਜੇ ਪਾਸੇ ਲਿਬਰਲ ਪਾਰਟੀ ਦਾ ਸਾਰਾ ਜੋਰ ਹੀ ਪਰਵਾਸੀਆਂ ਨੂੰ ਖੁਸ਼ ਕਰਨ ਉੱਤੇ ਰਿਹਾ ਹੈ। ਨਤੀਜਾ ਸੱਭ ਦੇ ਸਾਹਮਣੇ ਹੈ, ਜੀ ਟੀ ਏ ਪਹਿਲਾਂ ਵੀ ਲਿਬਰਲ ਲਾਲ ਸੀ ਅਤੇ 2021 ਵਿੱਚ ਲਿਬਰਲ ਲਾਲੀ ਸਗੋਂ ਹੋਰ ਮਜ਼ਬੂਤ ਹੋਈ। ਪਿਛਲੀਆਂ ਚੋਣਾਂ ਵਿੱਚ ਤਾਂ ਓ’ਟੂਲ ਇਹ ਵੀ ਸਪੱਸ਼ਟ ਨਹੀਂ ਸੀ ਕਰ ਸਕਿਆ ਕਿ ਲਿਬਰਲ ਪਾਰਟੀ ਦੇ ਹਰ ਸਾਲ ਚਾਰ ਲੱਖ ਇੰਮੀਗਰਾਂਟ ਪੱਕੇ ਕਰਨ ਦੇ ਮੁਕਾਬਲੇ ਕੰਜ਼ਰਵੇਟਿਵ ਪਾਰਟੀ ਦਾ ਸਟੈਂਡ ਕੀ ਹੋਵੇਗਾ!

ਕੋਈ ਸ਼ੱਕ ਨਹੀਂ ਕਿ ਐਰਿਨ ਓ ਟੂਲ ਇੱਕ ਸਿਰੜੀ ਫੌਜੀ, ਸਹੀ ਮਾਅਨਿਆਂ ਵਿੱਚ ਦੇਸ਼ ਭਗਤ ਅਤੇ ਹੁਨਰਮੰਦ ਵਿਅਕਤੀ ਹੈ। ਪਰ ਉਸਦੀ ਅਸਫਲਤਾ ਸਿੱਧ ਕਰਦੀ ਹੈ ਕਿ ਦੇਸ਼ ਨੂੰ ਚਲਾਉਣ ਲਈ ਤਿਆਰ ਹੋਣ ਵਾਸਤੇ ਲੀਡਰ ਦਾ ਪਹਿਲਾ ਗੁਣ ਪਾਰਟੀ ਨੂੰ ਇੱਕ ਪਲੇਟਫਾਰਮ ਉੱਤੇ ਜੋੜ ਕੇ ਰੱਖਣਾ ਵੇਖਿਆ ਜਾਂਦਾ ਹੈ। ਓ’ਟੂਲ ਕਦੇ ਵੀ ਇੱਕ ਸਪੱਸ਼ਟ ਅਤੇ ਬੇਬਾਕ ਕੰਜ਼ਰਵੇਟਿਵ ਵਾਗੂੰ ਪੇਸ਼ ਨਹੀਂ ਆਇਆ। ਉਸਦਾ ਰੁਝਾਨ ਦੋ ਧਾਰੀ ਰਿਹਾ। ਇੱਕ ਪਾਸੇ ਕੰਜ਼ਰਵੇਟਿਵ ਪਾਰਟੀ ਨੂੰ ਬੇਸ ਨੂੰ ਖੁਸ਼ ਕਰਨ ਵਾਲਾ ਅਤੇ ਦੂਜੇ ਪਾਸੇ ਸਮਾਜਿਕ ਮੁੱਦਿਆਂ ਉੱਤੇ ਲਿਬਰਲ ਪਾਰਟੀ ਤੋਂ ਵੀ ਜਿ਼ਆਦਾ ਲਿਬਰਲ ਹੋਣ ਦੇ ਵਿਖਾਵੇ ਵਾਲਾ। ਸਿੱਟਾ ਇਹ ਰਿਹਾ ਕਿ ਲਿਬਰਲ ਪਾਰਟੀ ਦੇ ਆਧਾਰ ਨੂੰ ਤਾਂ ਉਸ ਤੋਂ ਕੋਈ ਖੋਰਾ ਨਾ ਲੱਗ ਸਕਿਆ ਪਰ ਕੰਜ਼ਰਵੇਟਿਵ ਬੇਸ ਨੂੰ ਨਿਰਾਸ਼ ਜਰੂਰ ਕਰ ਬੈਠਾ। ਪਿਛਲੀਆਂ ਚੋਣਾਂ ਵਿੱਚ ਉਸਦਾ ਬਿਆਨ ‘ਇਹ ਤੁਹਾਡੇ ਪਿਓ ਦੀ ਕੰਜ਼ਰਵੇਟਿਵ ਪਾਰਟੀ ਨਹੀਂ ਹੈ’ ਪਾਰਟੀ ਦੇ ਮਨੋਬਲ ਨੂੰ ਥਿੜਕਾਉਣ ਲਈ ਕਾਫੀ ਸੀ। ਸਮੁੱਚੀ ਪਾਰਟੀ ਨੂੰ ਇੱਕ ਪਲੇਟਫਾਰਮ ਨਾਲ ਜੋੜਨ ਦੀ ਥਾਂ ਉਸਨੇ ਦੋ ਗੁੱਟ ਖੜੇ ਕਰਨ ਦੀ ਕੋਸਿ਼ਸ਼ ਕੀਤੀ। ਓਟਾਵਾ ਵਿੱਚ ਚੱਲ ਰਹੇ ‘ਟਰੱਕਾਂ ਵਾਲਿਆਂ’ ਦੇ ਪ੍ਰਦਰਸ਼ਨ ਦੇ ਹੱਕ ਵਿੱਚ ਬਿਆਨ ਦੇਣ ਤੋਂ ਬਾਅਦ ਕੁੱਝ ਅਨਸਰਾਂ ਦੀ ਥਾਂ ਸੱਮੁਚੇ ਪ੍ਰਦਰਸ਼ਨਕਾਰੀਆਂ ਦੀ ਨਿਖੇਧੀ ਕਰਨਾ ਉਸਦੇ ਲੀਡਰਸਿ਼ੱਪ ਕਮਜ਼ੋਰੀ ਦਾ ਇੱਕ ਵੱਡਾ ਨਮੂਨਾ ਹੈ। ਸਮਝਿਆ ਜਾਂਦਾ ਹੈ ਕਿ ਕਈ ਕੰਜ਼ਰਵੇਟਿਵ ਐਮ ਪੀ ‘ਟਰੱਕ ਪ੍ਰਦਰਸ਼ਨ’ ਬਾਰੇ ਉਸਦੀ ਦੁਚਿੱਤੀ ਕਾਰਣ ਜਿ਼ਆਦਾ ਖਫ਼ਾ ਹੋਏ ਹਨ।

ਖੈਰ, ਸਟੀਫਨ ਹਾਰਪਰ ਤੋਂ ਬਾਅਦ ਤੀਜੀ ਲੀਡਰਸਿ਼ੱਪ ਰੇਸ ਲਈ ਤਿਆਰ ਹੋਣ ਜਾ ਰਹੀ ਕੰਜ਼ਰਵੇਟਿਵ ਪਾਰਟੀ ਲਈ ਚੁਣੌਤੀ ਹੈ ਕਿ ਉਹ ਆਪਣੇ ਚੰਗੇ ਭੱਵਿਖ ਲਈ ਕਿਹੋ ਜਿਹੇ ਲੀਡਰ ਦੀ ਚੋਣ ਕਰੇ? ਉਹਨਾਂ ਨੂੰ ਕੋਈ ਐਸਾ ਲੀਡਰ ਚੁਣਨਾ ਹੋਵੇਗਾ ਜੋ ਪਰਵਾਸੀਆਂ ਦਾ ਦਿਲ ਜਿੱਤ ਸਕੇ, ਓ’ਟੂਲ ਵਾਗੂੰ ਕੰਜ਼ਰਵੇਟਿਵ ਹੋਣ ਉੱਤੇ ਸ਼ਰਮਿੰਦਗੀ ਮਹਿਸੂਸ ਨਾ ਕਰੇ ਅਤੇ ਦਿਲਾਂ ਨੂੰ ਜਿੱਤਣ ਦੀ ਕੋਸਿ਼ਸ਼ ਕਰੇ। ਲੀਡਰਸਿ਼ੱਪ ਰੇਸ ਵਿੱਚ ਪੀਅਰੇ ਪੋਇਲੀਵਰੇ, ਮਾਈਕਲ ਚੌਂਗ, ਮਿਸ਼ੈਲ ਰੈਮਪਲ ਗਾਰਨਰ ਅਤੇ ਸ਼ਾਇਦ ਬਰੈਂਟਪਨ ਮੇਅਰ ਪੈਟਰਿਕ ਬਰਾਊਨ ਸਮੇਤ ਜਿਹੜੇ ਚਿਹਰੇ ਚਰਚਾ ਵਿੱਚ ਆ ਰਹੇ ਹਨ, ਇਹਨਾਂ ਵਿੱਚੋਂ ਪਾਰਟੀ ਨੂੰ ਕੋਈ ਐਸਾ ਲੀਡਰ ਚੁਣਨਾ ਹੋਵੇਗਾ ਜਿਹੜਾ ਬੇਬਾਕੀ ਨਾਲ ਕੰਜ਼ਰਵੇਟਿਵ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਂਦੇ ਹੋਏ ਪਾਰਟੀ ਦੇ ਨੀਲੇ ਟੈਂਟ ਨੂੰ ਮਜ਼ਬੂਤੀ ਬਖਸ਼ੇ।

Have something to say? Post your comment