Welcome to Canadian Punjabi Post
Follow us on

19

August 2022
ਨਜਰਰੀਆ

ਆਪਨੜੇ ਗਿਰੀਵਾਨ ਮਹਿ...

January 11, 2022 01:13 AM

-ਗੁਰਦੀਪ ਸਿੰਘ ਢੁੱਡੀ
1999 ਵਿੱਚ ਮੇਰੀ ਬਦਲੀ ਸਰਕਾਰੀ ਇਨ ਸਰਵਿਸ ਟਰੇਨਿੰਗ ਸੈਂਟਰ ਦੀ ਹੋ ਗਈ। ਇਸ ਸੰਸਥਾ ਵਿੱਚ ਸੈਕੰਡਰੀ ਸਕੂਲ ਅਧਿਆਪਕਾਂ ਦੇ ਸੇਵਾ ਕਾਲੀਨ ਕੋਰਸ ਲੱਗਦੇ ਸਨ। ਮਿਹਨਤ ਕਰਨ ਵਾਲਿਆਂ ਲਈ ਇਹ ਸਿਖਲਾਈ ਦੇਣ ਦਾ ਕੰਮ ਕੋਈ ਬਹੁਤਾ ਔਖਾ ਨਹੀਂ। ਦਿਨ ਵਿੱਚ ਜਿੰਨਾ ਸਮਾਂ ਕੰਮ ਕਰਨਾ ਪੈਂਦਾ ਸੀ, ਇਸ ਤੋਂ ਵੱਧ ਸਮਾਂ ਵਿਹਲੇ ਰਹਿਣ ਲਈ ਮਿਲ ਜਾਂਦਾ ਸੀ। ਵਿਹਲ ਵਾਲਾ ਇਹ ਸਮਾਂ ਹਕੀਕਤ ਵਿੱਚ ਵਿਹਲ ਦਾ ਨਹੀਂ ਹੰੁਦਾ, ਇਸ ਸਮੇਂ ਦੌਰਾਨ ਅਧਿਐਨ ਕਰਨਾ ਹੁੰਦਾ ਸੀ ਕਿ ਸਕੂਲਾਂ ਵਿੱਚ ਅਧਿਆਪਨ ਨੂੰ ਹੋਰ ਬਿਹਤਰ ਕਿਵੇਂ ਬਣਾਇਆ ਜਾ ਸਕਦਾ ਹੈ। ਸੰਸਥਾ ਵਿੱਚ ਵੱਡੀ ਲਾਇਬਰੇਰੀ ਵੀ ਸੀ ਅਤੇ ਸਾਨੂੰ ਅਧਿਆਪਕਾਂ ਨੂੰ ਇੱਕ ਇੱਕ ਕਮਰਾ ਮਿਲਿਆ ਸੀ ਤਾਂ ਜੋ ਵਿਹਲੇ ਸਮੇਂ ਅਧਿਐਨ ਕਰ ਸਕੀਏ। ਸੰਸਥਾ ਦੇ ਸਵੇਰੇ ਸ਼ੁਰੂ ਹੋਣ ਸਮੇਂ ਅਧਿਆਪਕਾਂ ਨੂੰ ਕਰਵਾਈ ਜਾਣ ਵਾਲੀ ਸਵੇਰ ਦੀ ਸਭਾ ਤੋਂ ਲੈ ਕੇ ਹਰ ਕੰਮ ਅਨੁਸ਼ਾਸਨ ਵਿੱਚ ਹੁੰਦਾ ਸੀ। ਆਪਣੇ ਪੀਰੀਅਡ ਵਿੱਚ ਜਾਣ ਦਾ ਅਰਥ ਹੁੰਦਾ ਸੀ, ਅਸੀਂ ਇਸ ਸੰਸਥਾ ਦੇ ਅਧਿਆਪਕਾਂ ਨੇ ਮਿਹਨਤ ਕਰ ਕੇ ਜਮਾਤ ਵਿੱਚ ਜਾਣਾ ਹੈ ਤਾਂ ਜੋ ਵਿਸ਼ੇ ਅਤੇ ਅਧਿਆਪਨ ਤਕਨੀਕ ਨੂੰ ਹੋਰ ਚੰਗੇਰੇ ਬਣਾਉਣ ਲਈ ਸਕੂਲਾਂ ਦੇ ਅਧਿਆਪਕਾਂ ਨਾਲ ਵਿਚਾਰ ਚਰਚਾ ਕਰੀਏ ਅਤੇ ਆਪਣੇ ਵੱਲੋਂ ਅਗਵਾਈ ਵੀ ਦੇਈਏ। ਇਸ ਸੰਸਥਾ ਵਿੱਚ ਮੈਥੋਂ ਪਹਿਲਾਂ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਗਿਆਨ ਅਤੇ ਮਿਹਨਤ ਤੋਂ ਮੈਂ ਬੇਹੱਦ ਪ੍ਰਭਾਵਤ ਹੋਇਆ। ਆਪਣੇ ਆਪ ਨੂੰ ਸਿੱਖਿਅਤ ਕਰਨ ਵਾਸਤੇ ਮੈਂ ਪੁਸਤਕਾਂ ਵੀ ਇਕੱਠੀਆਂ ਕੀਤੀਆਂ ਅਤੇ ਆਪਣੇ ਸੀਨੀਅਰਜ਼ ਕੋਲ ਬੈਠ ਕੇ ਸਿੱਖਣ ਦੀ ਕੋਸ਼ਿਸ਼ ਵੀ ਕੀਤੀ।
ਥੋੜ੍ਹੇ ਸਮੇਂ ਵਿੱਚ ਇਸ ਸੰਸਥਾ ਤੇ ਵੀ ਸਿਆਸਤ ਦੀ ਮਾਰ ਪੈਣੀ ਸ਼ੁਰੂ ਹੋ ਗਈ। ਸੰਸਥਾ ਵਿੱਚ ਸਥਾਈ ਪ੍ਰਿੰਸੀਪਲ ਦੀ ਤੈਨਾਤੀ ਦੀ ਥਾਂ ਡੀ ਈ ਓ, ਸੀ ਈ ਓ ਨੂੰ ਵਾਧੂ ਚਾਰਜ ਨਾਲ ਕੰਮ ਚਲਾਉਣਾ ਸ਼ੁਰੂ ਕਰ ਦਿੱਤਾ। ਇਸ ਨਾਲ ਸੰਸਥਾ ਦਾ ਪ੍ਰਬੰਧ ਲੜਖੜਾਉਣ ਵਾਲੀ ਹਾਲਤ ਵਿੱਚ ਪਹੁੰਚਣ ਲੱਗ ਪਿਆ। ਖਾਲੀ ਹੋਈਆਂ ਜਾਂ ਹੋਣ ਵਾਲੀਆਂ ਪੋਸਟਾਂ ਵਿਰੁੱਧ ਸ਼ਹਿਰੀ ਐਡਜਸਟਮੈਂਟ ਕਰਾਉਣ ਵਾਲੇ ਅਧਿਆਪਕਾਂ ਨੇ ਬਦਲੀਆਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ। ਇਨ੍ਹਾਂ ਨੇ ਸਵੇਰੇ ਆਉਣ ਤੋਂ ਬਾਅਦ ਜਲਦੀ ਹੀ ਜਦੋਂ ਆਪਣੇ ਕੰਮਾਂ ਕਾਰਾਂ ਨੂੰ ਜਾਣਾ ਸ਼ੁਰੂ ਕੀਤਾ ਤਾਂ ਮੇਰੇ ਸਾਥੀ ਮੱਖਣ ਸਿੰਘ ਨੇ ਕਿਹਾ, ‘‘ਆਪਾਂ ਨੂੰ ਇਹ ਸਿੱਖਣ ਉਤੇ ਬਹੁਤ ਚਿਰ ਲੱਗਿਆ ਸੀ ਤੇ ਅਜੇ ਵੀ ਪੂਰੀ ਤਰ੍ਹਾਂ ਨਹੀਂ ਸਿੱਖੇ, ਪਰ ਲੱਗਦਾ ਹੈ, ਇਹ ਸਿੱਖੇ ਸਿਖਾਏ ਆਏ ਹਨ।” ਅਸਲ ਵਿੱਚ ਮੱਖਣ ਸਿੰਘ ਦੀ ਚਿੰਤਾ ਸੀ ਕਿ ਸੰਸਥਾ ਦੇ ਕੰਮ ਵਿੱਚ ਨਿਘਾਰ ਸ਼ੁਰੂ ਹੋ ਗਿਆ ਸੀ, ਇੱਕ ਟੀਚਰ ਨੇ ਸਗੋਂ ਮੈਨੂੰ ਵੀ ਮੱਤ ਦਿੱਤੀ, ‘‘ਬਹੁਤਾ ਫਿਕਰ ਨਾ ਕਰਿਆ ਕਰੋ ਜੀ। ਕੰਮ ਆਪਣੇ ਤੋਂ ਪਹਿਲਾਂ ਵੀ ਚੱਲਦਾ ਰਿਹਾ ਹੈ ਤੇ ਅੱਗੇ ਵੀ ਚੱਲਦਾ ਰਹਿਣਾ ਹੈ”, ਪਰ ਮੈਨੂੰ ਚਿੰਤਾ ‘ਸਹੇ ਦੀ ਨਹੀਂ, ਪਹੇ ਦੀ’ ਸੀ। ਮੇਰਾ ਮੰਨਣਾ ਸੀ ਕਿ ਜਿਵੇਂ ਜਿਵੇਂ ਅਸੀਂ ਅਣਗਹਿਲੀ ਵਰਤਦੇ ਜਾਵਾਂਗੇ, ਤਿਵੇਂ ਤਿਵੇਂ ਮਹਿਕਮੇ ਨੂੰ ਸਾਡੀ ਲੋੜ ਵੀ ਸਮਾਪਤ ਹੁੰਦੀ ਜਾਵੇਗੀ।
ਇੱਥੇ ਯਾਦ ਕਰਵਾਉਣਾ ਜ਼ਰੂਰੀ ਹੈ ਕਿ ਪਹਿਲਾਂ ਹੋਏ ਸਿੱਖਿਆ ਕਮਿਸ਼ਨਾਂ ਨੇ ਅਧਿਆਪਕਾਂ ਦੀ ਇਨ ਸਰਵਿਸ ਸਿਖਲਾਈ ਉੱਤੇ ਬਹੁਤ ਬਲ ਦਿੱਤਾ ਹੈ। ਯੂਨੀਵਰਸਿਟੀ, ਕਾਲਜਾਂ ਵਿਚ ਰਿਫਰੈਸ਼ਰ ਕੋਰਸਾਂ ਦੇ ਨਾਂਅ ਉੱਤੇ ਇਨ ਸਰਵਿਸ ਸਿਖਲਾਈ ਦਿੱਤੀ ਜਾਂਦੀ ਹੈ, ਜਦੋਂ ਕਿ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਦੀ ਇਨ ਸਰਵਿਸ ਸਿਖਲਾਈ ਸੈਮੀਨਾਰਾਂ ਦੇ ਨਾਂਅ ਉੱਤੇ ਹੁੰਦੀ ਰਹੀ। ਜਿਵੇਂ ਪਹਿਲਾਂ ਵੇਰਵਾ ਦਿੱਤਾ ਗਿਆ ਹੈ, ਇਨ੍ਹਾਂ ਸਿਖਲਾਈ ਸੰਸਥਾਵਾਂ ਵਿੱਚ ਵਿੱਚ ਸੈਮੀਨਾਰਾਂ ਨੂੰ ਬਹੁਤ ਘਟਾ ਕੇ ਲਿਆ ਜਾਣ ਲੱਗ ਪਿਆ। ਬਹੁਤ ਵਾਰੇ ਡੰਗ-ਟਪਾਈ ਹੀ ਕੀਤੀ ਜਾਂਦੀ ਸੀ। ਇਨ੍ਹਾਂ ਸੰਸਥਾਵਾਂ ਵਿੱਚ ਬਦਲੀਆਂ ਨੂੰ ਸ਼ਹਿਰੀ ਸਕੂਲਾਂ ਵਿੱਚ ਐਡਜਸਟਮੈਂਟ ਸਮਝਦਿਆਂ ਬਦਲੀਆਂ ਕਰਾਉਣੀਆਂ ਸ਼ੁਰੂ ਹੋ ਗਈਆਂ। ਸੰਸਥਾ ਦੇ ਟੀਚਰ ਜਦੋਂ ਆਪ ਮਿਹਨਤ ਦੀ ਥਾਂ ਡੰਗ-ਟਪਾਈ ਕਰਨ ਲੱਗੇ ਤਾਂ ਸੈਮੀਨਾਰਾਂ ਵਿੱਚ ਆਉਣ ਵਾਲੇ ਅਧਿਆਪਕਾਂ ਨੇ ਵੀ ਇਸ ਨੂੰ ਡੰਗ ਟਪਾਈ ਮੰਨਣਾ ਸ਼ੁਰੂ ਕਰ ਦਿੱਤਾ ਅਤੇ ਸੈਕੰਡਰੀ ਸਕੂਲਾਂ ਦੀ ਇਨ ਸਰਵਿਸ ਕੋਰਸਾਂ ਵਾਲੀ ਸੰਸਥਾ ਇਨ ਸਰਵਿਸ ਟਰੇਨਿੰਗ ਸੈਂਟਰ ਬੰਦ ਹੋ ਗਈ ਹੈ ਅਤੇ ਪਿਛਲੇ ਸੈਕਟਰੀ ਸਮੇਂ ਡਾਇਟਾਂ ਵਿੱਚੋਂ ਬਹੁਤ ਸਾਰੀਆਂ ਪੋਸਟਾਂ ਸਮਾਪਤ ਕਰ ਕੇ ਇਨ੍ਹਾਂ ਨੂੰ ਖਾਲੀ ਵਾਂਗ ਕਰ ਦਿੱਤਾ ਹੈ। ਅੱਜਕੱਲ੍ਹ ਈ ਟੀ ਟੀ ਦੇ ਵਿਦਿਆਰਥੀਆਂ ਦੀ ਸਿਖਲਾਈ ਸਿਮਟਿਆਂ ਵਾਂਗ ਹੋ ਗਈ ਹੈ। ਇਸ ਨੂੰ ਕੇਵਲ ਸਰਕਾਰਾਂ ਦੀ ਬੇਈਮਾਨੀ ਨਹੀਂ ਮੰਨਿਆ ਜਾਣਾ ਚਾਹੀਦਾ, ਜਦੋਂ ਅਸੀਂ ਆਪਣੇ ਹੀ ਕੰਮ ਦੀ ਮਹੱਤਤਾ ਨਹੀਂ ਬਣਾ ਸਕੇ ਤਾਂ ਇਸ ਨੂੰ ਨਕਾਰਾ ਕਰਨ ਲਈ ਸਰਕਾਰ ਦੇ ਨਾਲ ਅਸੀਂ ਵੀ ਬਰਾਬਰ ਦੀ ਧਿਰ ਬਣਦੇ ਹਾਂ। ਜੇ ਅਸੀਂ ਆਪਣੇ ਅਧਿਕਾਰਾਂ ਅਤੇ ਫਰਜ਼ਾਂ ਨੂੰ ਤੱਕੜੀ ਵਿੱਚ ਪਾ ਕੇ ਤੋਲੀਏ ਤਾਂ ਅਸੀਂ ਆਪਣਾ ਜ਼ਿਆਦਾ ਕੁਝ ਗੁਆਚਣ ਤੋਂ ਬਚਾਅ ਸਕਦੇ ਹਾਂ। ਬੱਸ ਲੋੜ ਤਾਂ ‘ਆਪਨੜੇ ਗਿਰੀਵਾਨ ਮਹਿ’ ਝਾਤ ਮਾਰਨ ਦੀ ਹੈ। ਗੁਣਾਂ ਔਗੁਣਾਂ, ਸੱਚ ਝੂਠ, ਗਲਤ ਠੀਕ ਦਾ ਨਿਤਾਰਾ ਆਪਣੇ ਆਪ ਹੋ ਜਾਵੇਗਾ।

Have something to say? Post your comment