Welcome to Canadian Punjabi Post
Follow us on

17

May 2022
 
ਨਜਰਰੀਆ

ਨਵਾਂ ਸਿੱਖਣ ਦੀ ਪਿਆਸ

December 16, 2021 02:09 AM

-ਗੁਰਚਰਨ ਸਿੰਘ ਨੂਰਪੁਰ
ਦਿਨ ਚੜ੍ਹਦੇ ਲਹਿੰਦੇ ਰਹਿੰਦੇ ਹਨ, ਪਰ ਸਾਡੀ ਜ਼ਿੰਦਗੀ ਵਿੱਚ ਸਵੇਰਾ ਉਦੋਂ ਹੁੰਦਾ ਹੈ, ਜਦੋਂ ਅਗਿਆਨਤਾ ਦਾ ਹਨੇਰ ਮਿਟ ਜਾਂਦਾ ਹੈ। ਘੜੀ ਦੀਆਂ ਚੱਲਦੀਆਂ ਸੂਈਆਂ ਸਾਨੂੰ ਕਹਿੰਦੀਆਂ ਹਨ, ਜਾਗੋ, ਉਠੋ, ਤੁਰੋ ਤੁਹਾਡਾ ਵਰਤ ਲੰਘਦਾ ਜਾਂਦਾ ਹੈ। ਵਿਕਾਸ ਦੇ ਮਾਰਗ ਉੱਤੇ ਤੁਰਨ ਲਈ ਇਹ ਜ਼ਰੂਰੀ ਹੈ ਕਿ ਸਾਡੇ ਅੰਦਰ ਸਿੱਖਣ, ਸਮਝਣ ਅਤੇ ਜਾਣਨ ਦੀ ਪਿਆਸ ਪੈਦਾ ਹੋਵੇ। ਅਸੀਂ ਕੁਦਰਤ ਦੇ ਹਰ ਵਰਤਾਰੇ ਤੋਂ ਸਿੱਖਣ ਦੀ ਚੇਸ਼ਟਾ ਪੈਦਾ ਕਰੀਏ। ਆਪਣੇ ਵਿੱਚ ਸਿੱਖਣ ਦੀ ਚਿਣਗ ਬਾਲ ਕੇ ਜ਼ਿੰਦਗੀ ਦੇ ਹਨੇਰੇ ਕੋਨਿਆਂ ਨੂੰ ਵੇਖਿਆ, ਸਮਝਿਆ, ਜਾਣਿਆ ਅਤੇ ਮਾਣਿਆ ਜਾ ਸਕਦਾ ਹੈ। ਸਿੱਖਣ ਦੇ ਸਰੋਤ ਭਾਵੇਂ ਕਿਤਾਬਾਂ ਹੋਣ ਜਾਂ ਕੁਝ ਹੋਰ, ਇਹ ਹਰ ਕੀਮਤ ਉੱਤੇ ਸਸਤੇ ਹੁੰਦੇ ਹਨ।
ਹਰ ਦੌਰ ਵਿੱਚ ਸਮਾਜ ਦੇ ਬਹੁ-ਗਿਣਤੀ ਲੋਕਾਂ ਨੂੰ ਇਹ ਭਰਮ ਰਿਹਾ ਹੈ ਕਿ ਉਸ ਸਭ ਕੁਝ ਜਾਣਦੇ ਹਨ, ਇਸ ਲਈ ਹੋਰ ਸਿੱਖਣ ਅਤੇ ਜਾਣਨ ਦੀ ਲੋੜ ਨਹੀਂ, ਪਰ ਸਿੱਖਣ ਲਈ ਜ਼ਿੰਦਗੀ ਬਹੁਤ ਛੋਟੀ ਹੈ। ਹਰ ਯੁੱਗ ਵਿੱਚ ਲੱਖਾਂ ਲੋਕ ਇਸ ਧਰਤੀ ਉੱਤੇ ਪੈਦਾ ਹੁੰਦੇ ਅਤੇ ਚਲੇ ਜਾਂਦੇ ਹਨ। ਉਹ ਜ਼ਿੰਦਗੀ ਦੀ ਕਲਾ ਸਿੱਖਣ ਤੇ ਸਮਝਣ ਦਾ ਥੋੜ੍ਹਾ ਜਿਹਾ ਯਤਨ ਨਹੀਂ ਕਰਦੇ। ‘ਅਸੀਂ ਬਹੁਤ ਕੁਝ ਜਾਣਦੇ ਹਾਂ।' ਇਸ ਤੋਂ ਵੱਡਾ ਭਰਮ ਇਸ ਦੁਨੀਆ ਵਿੱਚ ਕੋਈ ਨਹੀਂ। ਜਿਸ ਨੂੰ ਬਹੁਤ ਕੁਝ ਜਾਣਨ ਦਾ ਭਰਮ ਸੀ, ਜਦੋਂ ਉਹ ਖੋਜ ਕਰਨ ਤੁਰਿਆ ਤਾਂ ਉਸ ਨੇ ਸਮਝਿਆ ਕਿ ਉਹ ਬਹੁਤ ਥੋੜ੍ਹਾ ਜਾਣਦਾ ਹੈ। ਅੱਜ ਵੀ ਅੰਧਵਿਸ਼ਵਾਸ, ਕਰਮਕਾਡਾਂ, ਕਰਾਮਾਤਾਂ ਜਿਹਾ ਬਹੁਤ ਕੁਝ ਬਹੁ-ਗਿਣਤੀ ਸੱਚ ਮੰਨਦੀ ਹੈ, ਪਰ ਇਸ ਦੀ ਅਸਲੀਅਤ ਕੁਝ ਹੋਰ ਹੈ। ਸਿੱਖਣ ਦੇ ਮਾਧਿਅਮ ਨਾਲ ਅੱਜ ਸਮਾਜ ਦੀ ਬਹੁ-ਗਿਣਤੀ ਜੋ ਸਿੱਖਦੀ ਹੈ, ਉਸ ਵਿੱਚ ਜ਼ਿੰਦਗੀ ਨਾਲ ਜੁੜੇ ਪਹਿਲੂ ਅਣਛੋਹੇ ਰਹਿ ਜਾਂਦੇ ਹਨ। ਦੂਜੇ ਅਰਥਾਂ ਵਿੱਚ ਸਿੱਖਣ ਦੇ ਨਾਮ ਉੱਤੇ ਅਜਿਹਾ ਕਬਾੜਾ ਮਨੁੱਖ ਦੇ ਦਿਮਾਗ਼ ਵਿੱਚ ਭਰਿਆ ਜਾਂਦਾ ਹੈ, ਜੋ ਉਸ ਦੇ ਮਾਨਸਿਕ ਵਿਕਾਸ ਦੇ ਰਾਹ ਵਿੱਚ ਰੋੜੇ ਅਟਕਾਉਣ ਦਾ ਕੰਮ ਵੀ ਕਰਦਾ ਹੈ।
ਇੰਟਰਨੈਟ ਦੀ ਦੁਨੀਆ ਨੇ ਜ਼ਿੰਦਗੀ ਬਦਲ ਦਿੱਤੀ ਹੈ। ਲੱਖਾਂ ਲੋਕ ਪੂਰਾ ਪੂਰਾ ਦਿਨ ਮੋਬਾਈਲ ਦੀ ਸਕਰੀਨ ਉੱਤੇ ਉਗਲਾਂ ਮਾਰਦੇ ਰਹਿੰਦੇ ਹਨ। ਮਾਨਸਿਕ ਵਿਕਾਰਾਂ ਦੇ ਸ਼ਿਕਾਰ ਬਣਦੇ ਹਨ। ਮਨੋਵਿਗਿਆਨੀ ਕਹਿੰਦੇ ਹਨ ਕਿ ਤੁਹਾਡਾ ਮਨ ਜਿਸ ਭਾਵ ਵਿੱਚ ਗਿਆ ਹੋਵੇ, ਉਸ ਤੋਂ ਇਕਦਮ ਬਾਹਰ ਨਹੀਂ ਆਉਣਾ ਚਾਹੀਦਾ, ਵਰਨਾ ਇਹ ਸਥਿਤੀ ਸਮੱਸਿਆ ਪੈਦਾ ਕਰ ਸਕਦੀ ਹੈ। ਕਿਸੇ ਦਾ ਦਾਹ ਸੰਸਕਾਰ ਕਰਵਾ ਕੇ ਆਏ ਬੰਦੇ ਨੂੰ ਆਉਂਦੇ ਸਾਰ ਭੰਗੜਾ ਪਾਉਣ ਲਈ ਕਿਹਾ ਜਾਵੇ ਤਾਂ ਥੋੜ੍ਹੀ ਜਿਹੀ ਸਮਝ ਰੱਖਣ ਵਾਲਾ ਇਨਸਾਨ ਵੀ ਏਦਾਂ ਕਰਨੋਂ ਇਨਕਾਰ ਕਰ ਦੇਵੇਗਾ। ਮੋਬਾਈਲ ਫ਼ੋਨ ਦੀ ਸਕਰੀਨ ਉੱਤੇ ਹਰ ਪਲ ਸਾਡੇ ਨਾਲ ਅਜਿਹੇ ਹੋ ਰਿਹਾ ਹੈ। ਇੱਕ ਵੀਡੀਓ ਵੇਖ ਕੇ ਅਸੀਂ ਖੁਸ਼ ਹੁੰਦੇ ਹਾਂ। ਮਨ ਵਿੱਚ ਖ਼ੁਸ਼ੀ ਦਾ ਭਾਵ ਚੱਲ ਹੀ ਰਿਹਾ ਹੈ ਕਿ ਦੂਜੀ ਤਸਵੀਰ ਵਿੱਚ ਕਿਸੇ ਬੱਚੇ ਨੂੰ ਬੇਰਹਿਮੀ ਨਾਲ ਕੁੱਟਣ ਦਾ ਦਿ੍ਰਸ਼ ਵੇਖ ਕੇ ਅਸੀਂ ਹੋਰ ਭਾਵ ਵਿੱਚ ਚਲੇ ਜਾਂਦੇ ਹਾਂ। ਇਹ ਸਭ ਕੁਝ ਮਨ ਦੀ ਤੰਦਰੁਸਤੀ ਲਈ ਠੀਕ ਨਹੀਂ। ਇਹ ਸਭ ਇਕਾਗਰਤਾ ਲਈ ਬੇਹੱਦ ਖਤਰਨਾਕ ਹੈ। ਹਰ ਤਰ੍ਹਾਂ ਦੀ ਸਾਰਥਿਕ ਸਰਗਰਮੀ ਲਈ ਮਨ ਦੀ ਇਕਾਗਰਤਾ ਬੇਹੱਦ ਜ਼ਰੂਰੀ ਹੈ।
ਸਾਰੀ ਮਨੁੱਖ ਜਾਤੀ ਦਿਨ-ਰਾਤ ਇੱਕ ਕਰਕੇ ਆਪਣੀਆਂ ਮੁਸ਼ਕਲਾਂ ਹੱਲ ਕਰਨ ਲੱਗੀ ਹੋਈ ਹੈ, ਪਰ ਸਮੱਸਿਆਵਾਂ ਦੇ ਕੱਦ ਹਰ ਦਿਨ ਹੋਰ ਵੱਡੇ ਹੋ ਰਹੇ ਹਨ। ਸਾਡੀ ਹਾਲਤ ਇਹ ਹੈ ਕਿ ਜੋ ਕੁਝ ਸਾਡੇ ਕੋਲ ਹੈ, ਉਹ ਜ਼ਿੰਦਗੀ ਵਿੱਚ ਵੱਡੀਆਂ ਤਬਦੀਲੀਆਂ ਦਾ ਜਾਮਨ ਨਹੀਂ ਬਣਦਾ। ਕਈ ਸਾਲਾਂ ਦਾ ਸਮਾਂ ਅਤੇ ਲੱਖਾਂ ਰੁਪਏ ਖਰਚ ਕੇ ਇੱਕ ਨੌਜੁਆਨ ਸਕੂਲ, ਕਾਲਜ ਤੇ ਯੂਨੀਵਰਸਿਟੀ ਵਿੱਚ ਪੜ੍ਹਾਈ ਪੂਰੀ ਕਰਦਾ ਹੈ। ਇੰਨੀ ਮਿਹਨਤ ਕਰਕੇ ਲਈ ਡਿਗਰੀ ਉਸ ਦੇ ਰੁਜ਼ਗਾਰ ਦੀ ਜਾਮਨ ਨਹੀਂ ਬਣਦੀ ਤਾਂ ਇਸ ਦਾ ਕੀ ਅਰਥ? ਅਸੀਂ ਜ਼ਿੰਦਗੀ ਭਰ ਕਈ ਤਰ੍ਹਾਂ ਦੇ ਨਿਯੁਕਤੀ ਪੱਤਰ ਚੁੱਕੀ ਫਿਰਦੇ ਹਾਂ। ਸਮਾਜ ਵਿੱਚ ਬਹੁਤ ਸਾਰੇ ਧਰਮ ਗੁਰੂ ਤੇ ਰਾਜਨੇਤਾ ਆਪਣੇ ਢੰਗ ਨਾਲ ਇਹੋ ਕਾਰਜ ਅੱਗੇ ਵਧਾਉਂਦੇ ਹਨ। ਇਸ ਸਭ ਕੁਝ ਨਾਲ ਬਦਲਦਾ ਕੁਝ ਨਹੀਂ। ਬਦਲਾਅ ਦਾ ਪਹਿਲਾ ਨਿਯਮ ਇਹ ਹੈ ਕਿ ਤੁਹਾਡੇ ਅੰਦਰ ਸਿੱਖਣ ਦੀ ਚਿਣਗ ਪੈਦਾ ਹੋਵੇ।
ਅਰਬ ਦੇਸ਼ਾਂ ਦੀ ਇੱਕ ਕਥਾ ਹੈ ਕਿ ਇੱਕ ਫ਼ਕੀਰ ਆਪਣੇ ਚੇਲਿਆਂ ਦੇ ਵੱਡੇ ਟੋਲੇ ਨਾਲ ਬੈਠਾ ਰੋਜ਼ਾਨਾ ਉਚੀ ਉਚੀ ਪੁਕਾਰਦਾ ‘ਅੱਲ੍ਹਾ! ਦਰਵਾਜ਼ਾ ਖੋਲ੍ਹ, ਅੱਲ੍ਹ! ਦਰਵਾਜ਼ਾ ਖੋਲ੍ਹ! ਹੋਰ ਕਿੰਨੀ ਉਡੀਕ ਕਰਵਾਉਣੀ ਏ ਸਾਥੋਂ ਅੱਲ੍ਹਾ! ਦਰਵਾਜ਼ਾ ਖੋਲ੍ਹ!' ਉਹਦੇ ਚੇਲੇ ਵੀ ਉਚੀ ਆਵਾਜ਼ ਵਿੱਚ ਉਸ ਦੇ ਮਗਰ ਪੁਕਾਰਦੇ। ਇਹ ਆਵਾਜ਼ਾਂ ਦੂਰ-ਦੂਰ ਤੱਕ ਸੁਣਾਈ ਦਿੰਦੀਆਂ। ਇੱਕ ਦਿਨ ਇੱਕ ਜਾਗਦੀ ਜ਼ਮੀਰ ਵਾਲੀ ਰਾਬੀਆ (ਪ੍ਰਸਿੱਧ ਫ਼ਕੀਰਨੀ) ਨਾਮ ਦੀ ਔਰਤ ਉਸ ਰਾਹ ਤੋਂ ਲੰਘ ਰਹੀ ਸੀ। ਉਹ ਸਿੱਧੀ ਫ਼ਕੀਰ ਕੋਲ ਗਈ। ਉਸ ਨੇ ਅੱਖਾਂ ਮੀਟੀ ‘ਅੱਲ੍ਹਾ ਦਰਵਾਜ਼ਾ ਖੋਲ੍ਹ’ ਦੀ ਰਟ ਲਾ ਰਹੇ ਫ਼ਕੀਰ ਨੂੰ ਮੋਢੇ ਤੋਂ ਫੜ ਕੇ ਹਲੂਣਿਆਂ ਤੇ ਬੋਲੀ, ‘ਇਹ ਕੀ ਦੁਹਾਈ ਦੇ ਰਹੇ ਹੋ? ਕਿਉਂ ਰੌਲਾ ਪਾ ਰਹੇ ਹੋ? ਦਰਵਾਜ਼ਾ ਬੰਦ ਕਿੱਥੇ ਹੈ? ਅੱਖਾਂ ਖੋਲ੍ਹਣ ਦੀ ਲੋੜ ਹੈ। ਦੁਹਾਈ ਦੇਣੀ ਬੰਦ ਕਰੋ।' ਕਹਿੰਦੇ ਹਨ ਕਿ ਉਸ ਫ਼ਕੀਰ ਨੂੰ ਅਹਿਸਾਸ ਹੋਇਆ ਕਿ ਜਿਸ ਤਬਦੀਲੀ ਲਈ ਉਹ ਦੁਹਾਈ ਦੇ ਰਿਹਾ ਹੈ, ਉਸ ਲਈ ਉਚੀ ਉਚੀ ਸ਼ੋਰ ਕਰਨ ਦੀ ਲੋੜ ਨਹੀਂ। ਉਸ ਲਈ ਆਪਣੇ ਅੰਦਰ ਝਾਤੀ ਪਾਉਣ ਦੀ ਲੋੜ ਹੈ। ਅਕਲ ਦਾ ਦੀਵਾ ਬਾਲਣ ਦੀ ਲੋੜ ਹੈ।
ਅਸੀਂ ਸਭ ਮਨੁੱਖ ਇਤਿਹਾਸਕ ਵਿਰਸੇ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਗਿਆਨ ਦਾ ਦੀਵਾ ਬਾਲ ਕੇ ਸੁੱਤੀਆਂ ਜ਼ਮੀਰਾਂ ਨੂੰ ਜਗਾਇਆ ਜਾ ਸਕਦਾ ਹੈ। ਜਿਹੜਾ ਗਿਆਨ ਮਨੁੱਖ ਨੂੰ ਉਸ ਦੇ ਹੱਕਾਂ ਪ੍ਰਤੀ ਜਾਗਰੂਕ ਕਰਕੇ, ਉਸ ਅੰਦਰ ਤਬਦੀਲੀ ਨਹੀਂ ਲਿਆਉਂਦਾ, ਉਹ ਗਿਆਨ ਬੌਣੀ ਮਾਨਸਿਕਤਾ ਨੂੰ ਜਨਮ ਦਿੰਦਾ ਹੈ। ਗਿਆਨ ਵਿਹੂਣੀ ਬੌਣੀ ਮਾਨਸਿਕਤਾ ਸਮੇਂ ਦੇ ਹਰ ਦੌਰ ਵਿੱਚ ਸਮਾਜ ਲਈ ਘਾਤਕ ਸਿੱਧ ਹੁੰਦੀ ਹੈ। ਚਾਹੀਦਾ ਹੈ ਕਿ ਗਿਆਨ ਮਨੁੱਖ ਨੂੰ ਅੰਦਰੋਂ ਬਾਹਰੋਂ ਇੰਨਾ ਤਾਕਤਵਰ ਬਣਾ ਦੇਵੇ ਕਿ ਉਹ ਹਰ ਤਰ੍ਹਾਂ ਦੇ ਅਨਿਆਂ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸਾਹਸ ਰੱਖਦਾ ਹੋਵੇ। ਸਾਹਸੀ ਲੋਕ ਨਿਆਂ, ਇਨਸਾਫ ਅਤੇ ਆਪਣੇ ਹੱਕਾਂ ਲਈ ਲਾਮਬੰਦ ਹੁੰਦੇ ਹਨ। ਜਦੋਂ ਲੋਕ ਅੰਧਕਾਰ ਤੋਂ ਨਿਕਲਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਸਿਰਾਂ ਦੇ ਅੰਬਰ ਦਾ ਅਹਿਸਾਸ ਹੁੰਦਾ ਹੈ। ਗਿਆਨ ਮਨੁੱਖ ਨੂੰ ਉਸ ਦੀ ਜ਼ਿੰਦਗੀ ਦੇ ਅੰਧਕਾਰ ਤੋਂ ਵਾਕਿਫ਼ ਹੀ ਨਹੀਂ ਕਰਾਉਂਦਾ, ਉਹਨੂੰ ਇਸ ਵਿੱਚੋਂ ਬਾਹਰ ਨਿਕਲਣ ਦਾ ਰਾਹ ਵੀ ਦੱਸਦਾ ਹੈ। ਇਸ ਲਈ ਸਮੇਂ ਦੇ ਹਰ ਦੌਰ ਵਿੱਚ ਮਨੁੱਖਤਾ ਨੂੰ ਸਿਆਣੇ ਮਨੁੱਖਾਂ ਦੀ ਅਗਵਾਈ ਦੀ ਲੋੜ ਰਹੀ ਹੈ।
ਇਹ ਵੀ ਸੱਚ ਹੈ ਕਿ ਜਿੰਨਾ ਅਸੀਂ ਗਿਆਨ ਹਾਸਲ ਕਰਦੇ ਹਾਂ, ਓਨਾ ਆਪਣੀ ਅਗਿਆਨਤਾ ਤੋਂ ਵਾਕਿਫ਼ ਵੀ ਹੁੰਦੇ ਹਾਂ। ਆਓ, ਆਪਣੇ ਮੱਥਿਆਂ ਵਿੱਚ ਗਿਆਨ ਦੇ ਦੀਵੇ ਬਾਲ ਕੇ ਰੌਸ਼ਨੀ ਕਰਨ ਦਾ ਅਹਿਦ ਕਰੀਏ।

 
Have something to say? Post your comment