Welcome to Canadian Punjabi Post
Follow us on

12

July 2025
 
ਨਜਰਰੀਆ

ਜਦੋਂ ਮੇਰੀ ਤਿੰਨ ਵਾਰੀ ਲਾਟਰੀ ਨਿਕਲੀ

November 29, 2021 01:22 AM

-ਉਜਾਗਰ ਸਿੰਘ
ਮੇਰਾ ਪਿੰਡ ਕੱਦੋਂ ਲੁਧਿਆਣਾ ਜ਼ਿਲੇ ਵਿੱਚ ਜਰਨੈਲੀ ਸੜਕ ਤੋਂ ਪਾਇਲ ਨੂੰ ਜਾਂਦੀ ਸੰਪਰਕ ਸੜਕ ਉੱਤੇ ਦੋਰਾਹਾ ਤੇ ਪਾਇਲ ਦੇ ਵਿਚਕਾਰ ਹੈ। ਮੈਂ ਦਸਵੀਂ ਜਮਾਤ ਵਿੱਚ ਸਰਕਾਰੀ ਹਾਈ ਸਕੂਲ ਦੋਰਾਹਾ ਵਿੱਚ ਪੜ੍ਹਦਾ ਸੀ। ਉਦੋਂ ਸਾਡੇ ਪਿੰਡ ਤੋਂ ਸਕੂਲ ਜਾਣ ਲਈ ਢਾਈ ਕਿਲੋਮੀਟਰ ਰੇਤ ਦੇ ਟਿੱਬਿਆਂ ਵਾਲੇ ਰਸਤੇ ਵਿੱਚ ਪੈਦਲ ਜਾਣਾ ਪੈਂਦਾ ਸੀ। ਜੁੱਤੀ ਪਾਉਣੀ ਜਾਂ ਨਾ ਪਾਉਣੀ ਇੱਕ ਬਰਾਬਰ ਸੀ। ਰੇਤਾ ਇੰਨਾ ਹੁੰਦਾ ਕਿ ਗਰਮੀਆਂ, ਸਰਦੀਆਂ ਦੇ ਦਿਨਾਂ ਵਿੱਚ ਜੁੱਤੀਆਂ ਵਿੱਚ ਤੱਤਾ/ ਠੰਢਾ ਰੇਤਾ ਪੈ ਜਾਂਦਾ ਸੀ। ਕਈ ਵਾਰ ਜੁੱਤੀ ਚੁੱਕ ਕੇ ਭੱਜ ਕੇ ਜਾਣਾ ਪੈਂਦਾ। ਸਕੂਲ ਵਿੱਚ ਮੁੱਖ ਅਧਿਆਪਕ ਹਰਬੰਸ ਸਿੰਘ ਬੜੇ ਅਨੁਸ਼ਾਸਨ ਪਸੰਦ ਸਨ। ਉਹ ਪੜ੍ਹਾਈ ਨਾ ਕਰਨ ਵਾਲਿਆਂ ਨੂੰ ਡੰਡਿਆਂ ਨਾਲ ਕੁੱਟਦੇ ਸਨ। ਬਾਕੀ ਅਧਿਆਪਕ ਪਿਆਰ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ ਸਨ। ਜਦੋਂ ਜਵਾਹਰ ਲਾਲ ਨਹਿਰੂ ਦਾ ਲੇਖ ਲਿਖਣ ਲੱਗਾ ਤਾਂ ਦਿਮਾਗ ਵਿੱਚ ਕੁੰਡੀ ਫਸ ਗਈ ਕਿ ਜਵਾਹਰ ਵਿੱਚ ਤਿੰਨ ‘ਏ' ਨਹੀਂ ਹੋ ਸਕਦੀਆਂ। ਅੱਗੇ ਬੈਠੇ ਸਾਥੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਅੰਗਰੇਜ਼ੀ ਦੇ ਅਧਿਆਪਕ ਗੁਰਚਰਨ ਸਿੰਘ ਨੇ ਮੈਨੂੰ ਅਨੁਸ਼ਾਸਨ ਦਾ ਪਹਿਲਾਂ ਪਾਠ ਪੜ੍ਹਾਇਆ, ਜੋ ਮੈਨੂੰ ਅੱਜ ਤੱਕ ਯਾਦ ਹੈ।
ਮੈਨੂੰ ਮਾਪਿਆਂ ਨੇ ਦਸਵੀਂ ਤੋਂ ਬਾਅਦ ਪੜ੍ਹਾਉਣ ਤੋਂ ਆਰਥਿਕ ਹਾਲਤ ਚੰਗੀ ਨਾ ਹੋਣ ਕਰ ਕੇ ਨਾਂਹ ਕਰ ਦਿੱਤੀ, ਪਰ ਮੈਂ ਅੱਗੇ ਪੜ੍ਹ ਕੇ ਲੈਕਚਰਾਰ ਬਣਨਾ ਚਾਹੁੰਦਾ ਸੀ। ਮੇਰੇ ਵੱਡੇ ਭਰਾ ਧਰਮ ਸਿੰਘ ਪਟਿਆਲੇ ਐਕਸਾਈਜ਼ ਤੇ ਟੈਕਸ ਵਿਭਾਗ ਵਿੱਚ ਸਹਾਇਕ ਲੱਗੇ ਸਨ। ਉਹ ਮੈਨੂੰ ਆਪਣੇ ਕੋਲ ਲੈ ਗਏ। ਪ੍ਰਾਈਵੇਟਲੀ ਗਿਆਨੀ ਦੇ ਇਮਤਿਹਾਨ ਦੇਣ ਲਈ ਪਟਿਆਲੇ ਪੁਰਾਣੀ ਕੋਤਵਾਲੀ ਚੌਕ ਵਿੱਚ ਪ੍ਰੋਫੈਸਰ ਬਾਬੂ ਸਿੰਘ ਗੁਰਮ ਦੀ ਨਿਊ ਆਕਸਫੋਰਡ ਨਾਂਅ ਦੀ ਅਕੈਡਮੀ ਹੁੰਦੀ ਸੀ, ਜੋ ਸਵੇਰੇ ਸ਼ਾਮ ਕਲਾਸਾਂ ਲਾ ਕੇ ਪਹਿਲਾਂ ਗਿਆਨੀ ਅਤੇ ਫਿਰ ਛੇ-ਛੇ ਮਹੀਨੇ ਬਾਅਦ ਪੰਜਾਹ ਨੰਬਰ ਦੀ ਅੰਗਰੇਜ਼ੀ ਜ਼ਰੂਰੀ ਵਿਸ਼ੇ ਨਾਲ ਬੀ ਏ ਕਰਵਾ ਦਿੰਦੇ ਸਨ। ਇਸ ਪੜ੍ਹਾਈ ਨੂੰ ਵਾਇਆ ਬਠਿੰਡਾ ਕਹਿੰਦੇ ਸਨ। ਕਲਾਸ ਵਿੱਚ ਬਹੁਤੇ ਨੌਕਰੀਆਂ ਵਾਲੇ ਮੁਲਾਜ਼ਮ ਸਨ। ਉਨ੍ਹਾਂ ਦਿਨਾਂ ਵਿੱਚ ਇਸ ਅਕੈਡਮੀ ਦਾ ਬੜਾ ਨਾਮ ਸੀ। ਇਸ ਲਈ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਹੁਤੇ ਵਿਦਿਆਰਥੀ ਸੰਜੀਦਾ ਸਨ, ਪਰ ਕੁਝ ਮਨਪ੍ਰਚਾਵੇ ਲਈ ਹੀ ਆਉਂਦੇ ਸਨ, ਜਿਹੜੇ ਅਨੁਸ਼ਾਸਨ ਖਰਾਬ ਕਰਦੇ ਸਨ। ਪੜ੍ਹਾਈ ਕੋ-ਐਜੂਕੇਸ਼ਨ ਸੀ। ਮੈਂ ਅਤੇ ਮਰਹੂਮ ਜਸਵੰਤ ਡਡਹੇੜੀ ਨੇ ਵੀ ਅਕੈਡਮੀ ਵਿੱਚ ਦਾਖਲਾ ਲੈ ਲਿਆ। ਅਕੈਡਮੀ ਦਾ ਮਾਲਕ ਆਪ ਅੰਗਰੇਜ਼ੀ ਪੜ੍ਹਾਉਂਦਾ ਸੀ। ਉਹ ਲੁਧਿਆਣੇ ਜ਼ਿਲੇ ਦੇ ਸਮਰਾਲਾ ਕੋਲ ਪਿੰਡ ਭਰਥਲਾ ਦਾ ਰਹਿਣ ਵਾਲਾ ਸੀ। ਉਸ ਨੇ ਸਾਨੂੰ ਬੁਲਾ ਕੇ ਅਨੁਸ਼ਾਸਨਹੀਣ ਵਿਦਿਆਰਥੀ ਨਾਲ ਸਿੱਝਣ ਲਈ ਕਿਹਾ। ਅਸੀਂ ਚੌੜ ਵਿੱਚ ਆ ਕੇ ਹਾਂ ਕਰ ਦਿੱਤੀ। ਜਸਵੰਤ ਡਡਹੇੜੀ ਦਾ ਛੋਟਾ ਭਰਾ ਹਰਦਿਆਲ ਸਿੰਘ ਖਾਲਸਾ ਕਾਲਜ ਪਟਿਆਲਾ ਵਿੱਚ ਪੜ੍ਹਦਾ ਸੀ। ਉਹ ਥੋੜ੍ਹਾ ਇੱਲਤੀ ਤੇ ਰੋਹਬਦਾਬ ਵਾਲਾ ਸੀ। ਅਸੀਂ ਉਸ ਨੂੰ ਨਾਲ ਲੈ ਆਏ ਅਤੇ ਸਾਰੀ ਗੱਲ ਦੱਸੀ। ਉਸ ਨੇ ਦਬਕੇ ਮਾਰੇ ਅਤੇ ਜੇ ਸਾਡੀਆਂ ਭੈਣਾਂ ਨਾਲ ਕਿਸੇ ਨੇ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਖੈਰ ਨਹੀਂ। ਮੁੜ ਕੇ ਕੋਈ ਲੜਕਾ ਅਕੈਡਮੀ ਦੇ ਮੂਹਰੇ ਵੀ ਨਾ ਲੰਘਿਆ ਕਰੇ। ਸਾਡਾ ਮੁਫਤ ਦਾ ਰੋਹਬ ਪੈ ਗਿਆ। ਉਸ ਦਿਨ ਤੋਂ ਬਾਅਦ ਪ੍ਰਿੰਸੀਪਲ ਨੇ ਸਾਡੀ ਫੀਸ ਮੁਆਫ ਕਰ ਦਿੱਤੀ। ਅਸੀਂ ਗਿਆਨੀ ਅਤੇ ਬੀ ਏ ਮੁਫਤ ਵਿੱਚ ਪਾਸ ਕੀਤੀਆਂ।
ਫਿਰ ਅਸੀਂ ਮਹਿੰਦਰਾ ਕਾਲਜ ਪਟਿਆਲਾ ਵਿੱਚ ਈਵਨਿੰਗ ਕਲਾਸਾਂ ਵਿੱਚ ਐੱਮ ਏ ਪੰਜਾਬੀ ਦਾ ਦਾਖਲਾ ਲੈ ਲਿਆ। ਮੇਰਾ ਕਿਉਂਕਿ ਨਿਸ਼ਾਨਾ ਲੈਕਚਰਾਰ ਬਣਨਾ ਸੀ, ਇਸ ਲਈ ਸ਼ਾਮ ਨੂੰ ਪੰਜਾਬੀ ਵਿਭਾਗ ਦੇ ਮੁਖੀ ਪ੍ਰੋਫੈਸਰ ਕਰਤਾਰ ਸਿੰਘ ਲੂਥਰਾ ਦੇ ਘਰ ਚਲਾ ਜਾਂਦਾ ਤਾਂ ਜੋ ਮੈਨੂੰ ਅਗਵਾਈ ਦੇ ਸਕਣ। ਉਨ੍ਹਾਂ ਨੇ ਮੈਨੂੰ ਇੱਕ ਪੁਸਤਕ ਪੜ੍ਹਨ ਲਈ ਦਿੱਤੀ ਤੇ ਜਦੋਂ ਮੈਂ ਪੁਸਤਕ ਪੜ੍ਹ ਰਿਹਾ ਸੀ ਤਾਂ ਉਸ ਵਿੱਚੋਂ 100 ਦਾ ਨੋਟ ਮਿਲਿਆ। ਉਨ੍ਹਾਂ ਦਿਨਾਂ ਵਿੱਚ ਇਹ ਰਕਮ ਵੱਡੀ ਸੀ। ਮੈਂ ਉਨ੍ਹਾਂ ਨੂੰ ਜਦੋਂ ਦੱਸਿਆ ਤਾਂ ਮੇਰੀ ਇਮਾਨਦਾਰੀ ਦੇ ਕਾਇਲ ਹੋ ਗਏ। ਉਨ੍ਹਾਂ ਨੇ ਮੇਰਾ ਜ਼ਿਆਦਾ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ। ਸ਼ਾਇਦ ਮੇਰੀ ਪਰਖ ਕਰਨ ਲਈ ਹੀ ਉਨ੍ਹਾਂ ਇੰਝ ਕੀਤਾ ਹੋਵੇ। ਅਜੇ ਮੈਂ ਐਮ ਏ ਪਹਿਲੇ ਸਾਲ ਵਿੱਚ ਪੜ੍ਹਦਾ ਸੀ ਤਾਂ ਇੱਕ ਆਸਾਮੀ ਲੋਕ ਸੰਪਰਕ ਵਿਭਾਗ ਪੰਜਾਬ ਵਿੱਚ ਚੰਡੀਗੜ੍ਹ ਵਿਖੇ ਨਿਬੰਧਕਾਰ ਪੰਜਾਬੀ ਦਾ ਇਸ਼ਤਿਹਾਰ ਨਿਕਲਿਆ। ਕਲਾਸ ਵਿੱਚ ਚਰਚਾ ਹੋਈ ਤੇ ਫੈਸਲਾ ਹੋਇਆ ਕਿ ਸਾਰੇ 16 ਵਿਦਿਆਰਥੀਆਂ ਵਿੱਚੋਂ ਇੱਕ ਅਪਲਾਈ ਕਰੇ। ਪ੍ਰੋਫੈਸਰ ਲੂਥਰਾ ਨੇ ਵੀ ਮੇਰੀ ਪਿੱਠ ਥਾਪੜ ਦਿੱਤੀ। ਗੁਣਾ ਮੇਰੇ ਉੱਤੇ ਪੈ ਗਿਆ। ਮੈਨੂੰ ਅਪਲਾਈ ਕਰਨਾ ਨਹੀਂ ਆਉਂਦਾ ਸੀ। ਹਰਨਾਮ ਸਿੰਘ ਸਟੈਨੋ ਨੇ ਆਪੇ ਮੇਰੀ ਅਰਜ਼ੀ ਟਾਈਪ ਕਰ ਕੇ ਮਨੀਆਰਡਰ ਨਾਲ ਲਾ ਕੇ ਪੋਸਟ ਕਰ ਦਿੱਤੀ। ਲਿਖਤੀ ਟੈਸਟ ਆ ਗਿਆ। ਇਹ ਆਸਾਮੀ ਪੰਜਾਬੀ ਸ਼ਾਖਾ ਵਿੱਚ ਸੀ। ਪੰਜਾਬੀ ਸ਼ਾਖਾ ਦਾ ਮੁਖੀ ਪੀ ਆਰ ਓ, ਪੰਜਾਬੀ ਦੇ ਕਵੀ ਸੁਖਪਾਲਵੀਰ ਸਿੰਘ ਹਸਰਤ ਸਨ। ਉਹੀ ਜਾਗ੍ਰਤੀ ਪੰਜਾਬੀ ਸਰਕਾਰੀ ਰਸਾਲੇ ਦੇ ਸੰਪਾਦਕ ਸਨ। ਮੈਂ ਪੇਂਡੂ ਪਿਛੋਕੜ ਵਾਲਾ ਓਦੋਂ ਪਹਿਲਾਂ ਕਦੀ ਚੰਡੀਗੜ੍ਹ ਨਹੀਂ ਗਿਆ ਸੀ। ਔਖਾ-ਸੌਖਾ ਪੁੱਛਦਾ-ਪੁਛਾਉਂਦਾ ਚੰਡੀਗੜ੍ਹ ਸਕਤੱਰੇਤ ਪਹੁੰਚ ਗਿਆ। ਸਾਰਾ ਪੇਪਰ ਹੱਲ ਕਰ ਦਿੱਤਾ। ਮੇਰੀ ਲਿਖਾਈ ਬਹੁਤੀ ਚੰਗੀ ਨਹੀਂ ਸੀ, ਪਰ ਪੜ੍ਹੀ ਜਾਂਦੀ ਸੀ। ਬੱਤੀ ਉਮੀਦਵਾਰ ਇਮਤਿਹਾਨ ਦੇਣ ਆਏ ਸਨ ਜਿਨ੍ਹਾਂ ਵਿੱਚੋਂ ਇਸੇ ਵਿਭਾਗ ਵਿੱਚ ਕੰਮ ਕਰਦੇ ਉਰਦੂ ਦੇ ਅਨੁਵਾਦਕ ਹਰਬੰਸ ਸਿੰਘ ਤਸੱਵਰ ਵੀ ਸਨ। ਉਹ ਉਰਦੂ ਦੇ ਸ਼ਾਇਰ ਤੇ ਵਿਅੰਗਕਾਰ ਲੇਖਕ ਵੀ ਸਨ।
ਉਥੇ ਕਾਨਾਫੂਸੀ ਹੋ ਰਹੀ ਸੀ ਕਿ ਟੈਸਟ ਤਾਂ ਨਾਂਅ ਦਾ ਹੈ, ਚੋਣ ਤਸੱਵਰ ਦੀ ਹੋਣੀ ਹੈ ਕਿਉਂਕਿ ਉਸ ਦੀ ਸਿਫਾਰਸ਼ ਮੁੱਖ ਮਤੰਰੀ ਦੇ ਪ੍ਰੈਸ ਸਕੱਤਰ ਸੂਬਾ ਸਿੰਘ ਨੇ ਕੀਤੀ ਹੈ। ਜਦੋਂ ਟੈਸਟ ਦਾ ਨਤੀਜਾ ਆਇਆ ਤਾਂ ਮੈਂ ਪਹਿਲੇ ਨੰਬਰ ਉੱਤੇ ਤੇ ਤਸੱਵਰ ਦੂਜੇ ਨੰਬਰ ਉੱਤੇ ਆਇਆ। ਇੰਟਰਵਿਊ ਵਿਚ ਮੈਨੂੰ ਬੜੇ ਔਖੇ ਸਵਾਲ ਪੁੱਛੇ ਗਏ। ਅਸਲ ਵਿੱਚ ਨਿਬੰਧਕਾਰ ਹੀ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਹੁੰਦਾ ਸੀ। ਸੁਖਪਾਲਵੀਰ ਸਿੰਘ ਹਸਰਤ ਨੇ ਮੈਨੂੰ ਪਹਿਲੇ ਨੰਬਰ ਉੱਤੇ ਚੁਣ ਲਿਆ ਤੇ ਤਸੱਵਰ ਨੂੰ ਵੇਟਿੰਗ ਸੂਚੀ ਵਿੱਚ ਰੱਖ ਲਿਆ। ਮੈਂ ਹਸਰਤ ਸਾਹਿਬ ਨੂੰ ਬੇਨੇਤੀ ਕੀਤੀ ਕਿ ਮੈਨੂੰ ਜੁਆਇਨ ਕਰਨ ਲਈ ਇੱਕ ਮਹੀਨੇ ਦੀ ਮੋਹਲਤ ਦੇ ਦਿਓ ਤਾਂ ਜੋ ਪੇਪਰ ਦੇ ਸਕਾਂ। ਉਹ ਨਾ ਮੰਨੇ ਤਾਂ ਮੈਂ ਪਟਿਆਲਾ ਆ ਕੇ ਆਪਣੇ ਭਰਾ ਨੂੰ ਕਿਹਾ ਕਿ ਮੈਂ ਨੌਕਰੀ ਨਹੀਂ ਜੁਆਇਨ ਕਰਨੀ, ਕਿਉਂਕਿ ਸੰਪਾਦਕ ਨੇ ਇੱਕ ਮਹੀਨੇ ਦੀ ਮੋਹਲਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜੇ ਨੌਕਰੀ ਜੁਆਇਨ ਕਰ ਕੇ ਪੇਪਰ ਦਿੱਤੇ ਤਾਂ ਚੰਗੇ ਨੰਬਰ ਨਹੀਂ ਆਉਣੇ ਅਤੇ ਮੇਰਾ ਲੈਕਚਰਾਰ ਬਣਨ ਦਾ ਸੁਫਨਾ ਪੂਰਾ ਨਹੀਂ ਹੋਣਾ। ਮੇਰਾ ਭਰਾ ਕਹਿਣ ਲੱਗਾ ਕਿ ਹੁੱਜਤਾਂ ਨਾ ਕਰ, ਮੇਰੀ ਓਨੀ ਤਨਖਾਹ ਨਹੀਂ ਜਿੰਨੀ ਤੇਰੀ ਹੋ ਜਾਣੀ ਹੈ। ਫਿਰ ਮੈਂ ਜੁਆਇਨ ਕਰ ਲਿਆ ਅਤੇ ਹਸਰਤ ਸਾਹਿਬ ਨੇ ਤੁਰੰਤ ਮੈਨੂੰ ਜਾਗ੍ਰਤੀ ਪੰਜਾਬੀ ਦਾ ਸਹਾਇਕ ਸੰਪਾਦਕ ਲਾ ਲਿਆ। ਵੈਸੇ ਮੇਰੇ ਤੋਂ ਪਹਿਲਾਂ ਪੰਜਾਬੀ ਦੇ ਨਿਬੰਧਕਾਰ ਸੁਰਿੰਦਰ ਮੋਹਨ ਸਿੰਘ ਸੀਨੀਅਰ ਸਨ, ਪਰ ਮੇਰਾ ਨੌਕਰੀ ਅਤੇ ਸਹਾਇਕ ਸੰਪਾਦਕੀ ਲਈ ਤੁੱਕਾ ਲੱਗ ਗਿਆ। ਇਸ ਤਰ੍ਹਾਂ ਮੇਰੀ ਤਿੰਨ ਵਾਰ ਲਾਟਰੀ ਨਿਕਲ ਆਈ। ਪਹਿਲੀ ਵਾਰ ਮੁਫਤ ਵਿੱਚ ਬੀ ਏ, ਦੂਜੀ ਵਾਰ ਸਾਹਿਤਕ ਪੇਪਰ ਹੋਣ ਕਰ ਕੇ ਲਿਖਤੀ ਟੈਸਟ ਵਿੱਚੋਂ ਪਹਿਲੇ ਨੰਬਰ ਉੱਤੇ ਆ ਗਿਆ ਅਤੇ ਤੀਜੀ ਵਾਰ ਬਿਨਾਂ ਸਿਫਾਰਸ਼ ਨੌਕਰੀ ਮਿਲ ਗਈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ