ਬੀਕਾਨੇਰ, 27 ਸਤੰਬਰ (ਪੋਸਟ ਬਿਊਰੋ)- ਬੀਕਾਨੇਰ ਵਿੱਚ ਰਾਜਸਥਾਨ ਅਧਿਆਪਕ ਯੋਗਤਾ ਪ੍ਰੀਖਿਆ (ਰੀਟ) 2021 ਦੌਰਾਨ ਪੁਲਸ ਅਤੇ ਡੀ ਐਸ ਟੀ ਟੀਮ ਨੇ ਬਲਿਊਟੁੱਥ ਡਿਵਾਈਸ ਲੱਗੀ ਚੱਪਲ ਨਾਲ ਨਕਲ ਕਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਇਮਤਿਹਾਨ ਤੋਂ ਕੁਝ ਸਮਾਂ ਪਹਿਲਾਂ ਹੀ ਇੱਕ ਮਹਿਲਾ ਸਮੇਤ ਪੰਜ ਲੋਕਾਂ ਨੂੰ ਨਵੇਂ ਬੱਸ ਸਟੈਂਡ ਤੋਂ ਗ਼੍ਰਿਫ਼ਤਾਰ ਕੀਤਾ ਹੈ। ਇਸ ਤੋਂ ਬਾਅਦ ਪੁਲਸ ਨੇ ਤਿੰਨ ਹੋਰਨਾਂ ਨੂੰ ਵੀ ਗ਼੍ਰਿਫ਼ਤਾਰ ਕੀਤਾ। ਇਸ ਸਾਰੀ ਪੁਲਸ ਕਾਰਵਾਈ ਦੇ ਦੌਰਾਨ ਕੁੱਲ੍ਹ ਅੱਠ ਲੋਕਾਂ ਨੂੰ ਦੇਰ ਸ਼ਾਮ ਤਕ ਫੜਿਆ ਜਾ ਚੁੱਕਾ ਹੈ।
ਰੀਟ ਵਿੱਚ ਨਕਲ ਕਰਾਉਣ ਵਾਲੇ ਗੈਂਗ ਨੇ ਰਾਜਸਥਾਨ ਦੇ ਹੋਰ ਜ਼ਿਲ੍ਹਿਆਂ ਵਿੱਚ 25 ਚੱਪਲਾਂ ਵੰਡੀਆਂ ਹਨ।ਜ਼ਿਲ੍ਹਾ ਪੁਲਸ ਸੁਪਰਡੈਂਟ ਪ੍ਰੀਤੀ ਚੰਦਰਾ ਨੇ ਦੱਸਿਆ ਕਿ ਨਕਲ ਕਰਵਾਉਣ ਲਈ ਬਣਾਈ ਚੱਪਲ ਦੀ ਕੀਮਤ ਛੇ ਲੱਖ ਰੁਪਏ ਰੱਖੀ ਸੀ। ਪੁਲਸ ਨੇ ਗਿਰੋਹ ਕੋਲੋਂ ਐਂਡਰਾਇਡ ਮੋਬਾਈਲ, ਮਾਈਕ੍ਰੋ ਈਅਰਫੋਨ, ਮੋਬਾਈਲ ਚਿੱਪ ਤੇ ਸਿਮ, ਬਲਿਊਟੁੱਥ ਸਮੇਤ ਕਈ ਹੋਰ ਯੰਤਰ ਬਰਾਮਦ ਕੀਤੇ ਹਨ।