ਮੁੰਬਈ, 31 ਮਾਰਚ (ਪੋਸਟ ਬਿਊਰੋ)- ਮਹਾਰਾਸ਼ਟਰ ਦੇ ਨਾਂਦੇੜ ਵਿੱਚ ਪੁਲਸ ਵਾਲਿਆਂ ਉੱਤੇ ਹਮਲਾ ਕਰਨ ਦੇ ਦੋਸ਼ ਹੇਠ 22 ਜਣਿਆਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਇਸ ਬਾਰੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਹੋਲਾ ਮਹੱਲਾ ਮੌਕੇ ਨਗਰ ਕੀਰਤਨ ਸਜਾਉਣ ਦੀ ਪ੍ਰਵਾਨਗੀ ਨਾ ਮਿਲਣ ਉੱਤੇ ਕਿਰਪਾਨਾਂ ਨਾਲ ਲੈਸ ਸਿੱਖਾਂ ਦੀ ਇੱਕ ਭੀੜ ਨੇ ਸ੍ਰੀ ਹਜ਼ੂਰ ਸਾਹਿਬ ਗੁਰਦੁਆਰੇ ਦੇ ਬਾਹਰ ਪੁਲਸ ਉਤੇ ਹਮਲਾ ਕਰ ਦਿੱਤਾ ਸੀ। ਨਾਂਦੇੜ ਜ਼ਿਲ੍ਹੇ ਦੀ ਵਜ਼ੀਰਾਬਾਦ ਪੁਲਸ ਨੇ ਇਸ ਘਟਨਾ ਬਾਰੇ 74 ਜਣਿਆਂ ਦੇ ਖਿਲਾਫ ਵੱਖ-ਵੱਖ ਕੇਸ ਦਰਜ ਕੀਤੀ ਹੈ, ਜਿਸ ਵਿੱਚ 500 ਤੋਂ ਵੱਧ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ।
ਘਟਨਾ ਦੇ ਸੰਬੰਧ ਵਿੱਚ ਵਾਇਰਲ ਹੋਈ ਵੀਡੀਓ ਵਿਚ ਕਿਰਪਾਨਾਂ ਲੈ ਕੇ ਭੀੜ ਗੁਰਦੁਆਰੇ ਵਿੱਚੋਂ ਬਾਹਰ ਆਉਂਦੀ ਨਜ਼ਰ ਆ ਰਹੀ ਹੈ। ਭੀੜ ਨੇ ਪੁਲਸ ਵੱਲੋਂ ਲਾਏ ਬੈਰੀਕੇਡ ਪੁੱਟ ਦਿੱਤੇ ਤੇ ਉਨ੍ਹਾਂ ਉਤੇ ਹਮਲਾ ਕਰ ਦਿੱਤਾ। ਇਸ ਹਿੰਸਾ ਵਿੱਚ ਅੱਠ ਕਾਂਸਟੇਬਲ ਫੱਟੜ ਹੋਏ ਅਤੇ ਛੇ ਵਾਹਨ ਨੁਕਸਾਨੇ ਗਏ ਹਨ। ਪੁਲਸ ਗੁਰਦੁਆਰਾ ਕਮੇਟੀ ਨਾਲ ਜੁੜੇ ਕਿਸੇ ਵਿਅਕਤੀ ਦਾ ਹਿੰਸਾ ਵਿੱਚ ਹੱਥ ਹੋਣ ਦੀ ਜਾਂਚ ਕਰ ਰਹੀ ਹੈ। ਨਾਂਦੇੜ ਰੇਂਜ ਦੇ ਡੀ ਆਈ ਜੀ ਨਿਸਾਰ ਤੰਬੋਲੀ ਨੇ ਦੱਸਿਆ ਹੈ ਕਿ 14 ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ `ਤੇ ਹੱਤਿਆ ਦੀ ਕੋਸ਼ਿਸ਼, ਦੰਗਾ ਫਸਾਦ ਕਰਨ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਲਾਈਆਂ ਗਈਆਂ ਹਨ ਅਤੇ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਸ ਅਧਿਕਾਰੀ ਨੇ ਦੱਸਿਆ ਕਿ ਮਹਾਮਾਰੀ ਦਾ ਫੈਲਾਅ ਮੁੜ ਵਧਣ ਕਾਰਨ ਹੋਲਾ ਮਹੱਲਾ ਮੌਕੇ ਨਗਰ ਕੀਰਤਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਅਤੇ ਇਸ ਬਾਰੇ ਗੁਰਦੁਆਰਾ ਕਮੇਟੀ ਨੂੰ ਜਾਣੂ ਕਰਵਾ ਦਿੱਤਾ ਸੀ ਅਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਉਹ ਹਦਾਇਤਾਂ ਦੀ ਪਾਲਣਾ ਕਰਨਗੇ। ਉਨ੍ਹਾਂ ਨੇ ਗੁਰਦੁਆਰੇ ਦੇ ਅੰਦਰ ਹੀ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ ਸੀ। ਪੁਲਸ ਦੇ ਮੁਤਾਬਕ ਜਦ ਨਿਸ਼ਾਨ ਸਾਹਿਬ ਕੱਲ੍ਹ ਸ਼ਾਮ ਚਾਰ ਵਜੇ ਗੇਟ ਉਤੇ ਲਿਆਂਦਾ ਗਿਆ ਤਾਂ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਵਾਲੇ ਕਈ ਲੋਕਾਂ ਨੇ ਪੁਲਸ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਅਤੇ 300 ਨੌਜਵਾਨ ਗੇਟ ਤੋੜ ਕੇ ਬਾਹਰ ਆ ਗਏ, ਬੈਰੀਕੇਡ ਤੋੜ ਦਿੱਤੇ ਅਤੇ ਪੁਲਸ ਕਰਮਚਾਰੀਆਂ ਉਤੇ ਹਮਲਾ ਕਰ ਦਿੱਤਾ ਸੀ।