ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਦੇ ਸਫਰ ਨੂੰ ਦਿਖਾਉਂਦੀ ਵੈੱਬ ਸੀਰੀਜ਼ ‘ਮੋਦੀ : ਸੀ ਐੱਮ ਟੂ ਪੀ ਐੱਮ’ ਵਿੱਚ ਮਹੇਸ਼ ਠਾਕੁਰ ਨੇ ਨਰਿੰਦਰ ਮੋਦੀ ਦਾ ਕਿਰਦਾਰ ਨਿਭਾਇਆ ਹੈ। ਇਰੋਸ ਨਾਉ 'ਤੇ ਰਿਲੀਜ਼ ਹੋਈ ਇਹ ਵੈਬ ਸੀਰੀਜ਼ ਕਿਸ਼ੋਰ ਮਕਵਾਨਾ ਦੀ ਕਿਤਾਬ ‘ਕਾਮਨ ਮੈਨ ਪੀ ਐੱਮ : ਨਰਿੰਦਰ ਮੋਦੀ’ ਉੱਤੇ ਆਧਾਰਤ ਹੈ ਅਤੇ ਵੈਬ ਸੀਰੀਜ਼ ‘ਮੋਦੀ : ਜਰਨੀ ਆਫ ਕਾਮਨ ਮੈਨ’ ਦਾ ਦੂਸਰਾ ਸੀਜ਼ਨ ਹੈ। ਇਸ ਵਿੱਚ ਨਰਿੰਦਰ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਤੋਂ ਦੇਸ਼ ਦਾ ਪ੍ਰਧਾਨ ਮੰਤਰੀ ਬਣਨ ਤੱਕ ਦਾ ਸਫਰ ਦਿਖਾਇਆ ਗਿਆ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਮਹੇਸ਼ ਠਾਕੁਰ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਨਰਿੰਦਰ ਮੋਦੀ ਦੇ ਕਿਰਦਾਰ ਵਿੱਚ ਸਭ ਤੋਂ ਚੁਣੌਤੀ ਪੂਰਨ ਕੀ ਰਿਹਾ?
- ਅਸੀਂ ਸਭ ਨੇ ਮੋਦੀ ਜੀ ਨੂੰ ਟੀ ਵੀ ਸਕੀਰਨ ਜਾਂ ਮੰਚਾਂ 'ਤੇ ਭਾਸ਼ਣ ਦਿੰਦੇ ਹੋਏ ਦੇਖਿਆ ਹੈ। ਕੈਮਰੇ ਦੇ ਪਿੱਛੇ ਵੱਖ-ਵੱਖ ਹਾਲਾਤਾਂ ਵਿੱਚ ਉਨ੍ਹਾਂ ਦਾ ਹਾਵ-ਭਾਵ ਕਿਹੋ ਜਿਹਾ ਹੁੰਦਾ ਹੈ, ਉਨ੍ਹਾਂ ਦੇ ਦਿੱਲ ਵਿੱਚ ਕੀ ਚੱਲ ਰਿਹਾ ਹੁੰਦਾ ਹੈ, ਇਸ ਦੀ ਜਾਣਕਾਰੀ ਬਹੁਤ ਘੱਟ ਲੋਕਾਂ ਨੂੰ ਹੈ। ਉਨ੍ਹਾਂ ਦੀ ਜ਼ਿੰਦਗੀ ਨੂੰ ਸਮਝਣਾ ਅਤੇ ਕੈਮਰੇ ਦੇ ਸਾਹਮਣੇ ਨਿਭਾਉਣਾ ਵੱਡੀ ਚੁਣੌਤੀ ਸੀ। ਮੈਂ ਉਨ੍ਹਾਂ ਨੂੰ ਕਦੇ ਮਿਲਿਆ ਨਹੀਂ, ਮੈਂ ਡਾਇਰੈਕਟਰ ਅਤੇ ਲੇਖਨ ਟੀਮ ਤੋਂ ਵੱਖ-ਵੱਖ ਹਾਲਾਤਾਂ ਵਿੱਚ ਮੋਦੀ ਜੀ ਦੇ ਸੁਭਾਅ ਅਤੇ ਉਨ੍ਹਾਂ ਹਾਵ-ਭਾਵ ਨੂੰ ਸਮਝਣ ਦੀ ਕੋਸ਼ਿਸ਼ ਕੀਤੀ।
* ਪਹਿਲੀ ਵਾਰ ਇਸ ਪ੍ਰਸਤਾਵ ਦੇ ਬਾਰੇ ਸੁਣ ਕੇ ਕੀ ਪ੍ਰਤੀਕਿਰਿਆ ਸੀ?
-ਮੇਰਾ ਪਹਿਲਾ ਪ੍ਰਸ਼ਨ ਸੀ ਕਿ ਇਹ ਕੋਈ ਰਾਜਨੀਤਕ ਪ੍ਰੋਜੈਕਟ ਹੈ ਜਾਂ ਕ੍ਰਿਏਟਿਵ ਪ੍ਰੋਜੈਕਟ? ਨਿਰਮਾਤਾਵਾਂ ਨੇ ਦੱਸਿਆ ਕਿ ਇਹ ਪ੍ਰੋਜੈਕਟ ਇੱਕ ਕਿਤਾਬ 'ਤੇ ਆਧਾਰਤ ਹੈ, ਜਿਸ ਵਿੱਚ ਕੁਝ ਵੀ ਰਾਜਨੀਤਕ ਨਹੀਂ, ਇਹ ਪੂਰੀ ਤਰ੍ਹਾਂ ਨਾਲ ਕ੍ਰਿਏਟਿਵ ਪ੍ਰੋਜੈਕਟ ਹੈ। ਮੈਂ ਇਸ ਵਿੱਚ ਜੀਅ ਜਾਨ ਨਾਲ ਜੁੱਟ ਗਿਆ। ਡਾਇਰੈਕਟਰ ਉਮੇਸ਼ ਸ਼ੁਕਲਾ ਨੇ ਮੈਨੂੰ ਭਰੋਸਾ ਦਿੱਤਾ ਕਿ ਤੁਸੀਂ ਸਿਰਫ ਮੋਦੀ ਜੀ ਦੀਆਂ ਭਾਵਨਾਵਾਂੇ ਅਤੇ ਹਾਵ-ਭਾਵ ਨੂੰ ਸਮਝਣ ਦਾ ਯਤਨ ਕਰੋ, ਬਾਕੀ ਲੁਕ ਟੀਮ ਸੰਭਾਲ ਲਵੇਗੀ।
* ਮੋਦੀ ਜੀ ਦੀਆਂ ਕਿਨ੍ਹਾਂ ਵਿਸ਼ੇਸ਼ਤਾਵਾਂ ਨੇ ਸਭ ਤੋਂ ਜ਼ਿਆਦਾ ਪ੍ਰਭਾਵਤ ਕੀਤਾ?
-ਦਿਲ ਵਿੱਚ ਚਲ ਰਹੀ ਅੰਦਰੂਨੀ ਜੰਗ ਜਿੱਤ ਕੇ ਮੋਦੀ ਜੀ ਆਪਣੇ ਸ਼ਾਸਨਕਾਲ ਵਿੱਚ ਇੰਨੇ ਵੱਡੇੇ ਬਦਲਾਅ ਲਿਆਉਣ ਦੇ ਸਮਰੱਥ ਹੋਏ ਹਨ। ਇਹ ਇੱਕ ਵੱਡੀ ਚੁਣੌਤੀ ਹੈ। ਉਨ੍ਹਾਂ ਦੀ ਸੋਚ ਉਨ੍ਹਾਂ ਨੂੰ ਦੂਸਰਿਆਂ ਤੋਂ ਅਲੱਗ ਕਰਦੀ ਹੈ। ਮੋਦੀ ਜੀ ਦੀ ਤਰ੍ਹਾਂ ਬਤੌਰ ਐਕਟਰ ਮੈਂ ਵੀ ਆਪਣੇ ਲਏ ਕੋਈ ਕਿਰਦਾਰ ਨਾਮੁਮਕਿਨ ਨਹੀਂ ਮੰਨਦਾ ਹਾਂ। ਬਸ਼ਰਤੇ ਕਿਰਦਾਰ ਵਿੱਚ ਕੁਝ ਦਿਲਚਸਪ ਅਤੇ ਚੁਣੌਤੀਪੂਰਨ ਚੀਜ਼ਾਂ ਦਿਸਣੀਆਂ ਚਾਹੀਦੀਆਂ ਹਨ।
* ਇਸ ਤਰ੍ਹਾਂ ਦੇ ਪ੍ਰੋਜੈਕਟ ਦੇ ਬਾਅਦ ਕਲਾਕਾਰਾਂ ਨੂੰ ਅਕਸਰ ਸੰਬੰਧਤ ਵਿਚਾਰਧਾਰਾ ਨਾਲ ਜੋੜ ਕੇ ਦੇਖਿਆ ਜਾਣ ਲੱਗਦਾ ਹੈ, ਇਸ ਦਾ ਕੋਈ ਡਰ ਸੀ?
-ਮੈਂ ਇਸ ਇੰਡਸਟਰੀ ਵਿੱਚ 20-25 ਸਾਲਾਂ ਤੋਂ ਹਾਂ। ਮੈਂ ਵੱਖ-ਵੱਖ ਕਿਰਦਾਰ ਨਿਭਾਏ ਹਨ। ਮੇਰੀ ਕੋਈ ਰਾਜਸੀ ਖਾਹਿਸ਼ ਨਹੀਂ ਹੈ। ਕਿਰਦਾਰ ਨਿਭਾਉਣਾ ਮੇਰਾ ਕਰਮ ਤੇ ਪੂਜਾ ਹੈ। ਜੇ ਲੋਕਾਂ ਨੂੰ ਮੈਨੂੰ ਕਿਸੇ ਵਿਚਾਰਧਾਰਾ ਨਾਲ ਜੋੜਨਾ ਹੈ ਤਾਂ ਇਹ ਉਨ੍ਹਾਂ ਦੀ ਸੋਚ ਹੈ। ਮੈਂ ਉਸ ਨੂੰ ਨਹੀਂ ਬਦਲ ਸਕਦਾ ਹਾਂ।
* ਕਿਸੇ ਕਿਰਦਾਰ ਨੂੰ ਨਿਭਾਉਣ ਲਈ ਉਸ ਦੀ ਵਿਚਾਰਧਾਰਾ ਵਿੱਚ ਯਕੀਨ ਕਰਨਾ ਕੀ ਜ਼ਰੂਰੀ ਹੁੰਦੀ ਹੈ?
-ਜੇ ਕਲਾਕਾਰ ਨੂੰ ਕਿਰਦਾਰ ਦੀ ਵਿਚਾਰਧਾਰਾ ਵਿੱਚ ਯਕੀਨ ਹੋਵੇ ਤਾਂ ਕਿਰਦਾਰ ਨੂੰ ਸਮਝਣ ਵਿੱਚ ਮਦਦ ਮਿਲਦੀ ਹੈ। ਕੈਮਰੇ ਦੇ ਸਾਹਮਣੇ ਤੁਸੀਂ ਖੁਦ ਨੂੰ ਭੁੱਲ ਕੇ ਉਹੀ ਕਿਰਦਾਰ ਬਣ ਜਾਂਦੇ ਹੋ। ਕਿਰਦਾਰ ਦੇ ਹਾਵ-ਭਾਵ ਖੁਦ ਹੀ ਚਿਹਰੇ 'ਤੇ ਆ ਜਾਂਦੇ ਹਨ। ਮੈਂ ਮੋਦੀ ਜੀ ਦਾ ਪ੍ਰਸ਼ੰਸਕ ਹਾਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਵਿੱਚ ਯਕੀਨ ਰੱਖਦਾ ਹਾਂ।
* ਕਰੀਬ 25 ਸਾਲਾ ਕਰੀਅਰ ਵਿੱਚ ਟੀ ਵੀ ਜਾਂ ਫਿਲਮਾਂ ਵਿੱਚੋਂ ਕਿਸੇ ਇੱਕ 'ਤੇ ਫੋਕਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ?
- ਫਿਲਮਾਂ ਵਿੱਚ ਕੰਮ ਕਰਨ ਲਈ ਟੀ ਵੀ ਛੱਡਣਾ ਮੈਨੂੰ ਹਾਸੋਹੀਣਾ ਲੱਗਦਾ ਹੈ। ਟੀ ਵੀ, ਫਿਲਮ, ਥੀਏਟਰ ਜਾਂ ਵੈਬ ਸੀਰੀਜ਼ ਕਿਤੇ ਵੀ ਕੰਮ ਕਰਨ ਵਾਲਾ ਅਭਿਨੇਤਾ ਹੀ ਹੁੰਦਾ ਹੈ। ਮੈਂ ਹਮੇਸ਼ਾ ਫਿਲਮ ਅਤੇ ਟੀ ਵੀ ਦੋਵਾਂ ਨੂੰ ਕਲਾ ਦਿਖਾਉਣ ਦੇ ਮੰਚ ਦੀ ਤਰ੍ਹਾਂ ਦੇਖਿਆ ਹੈ।