Welcome to Canadian Punjabi Post
Follow us on

12

July 2025
 
ਨਜਰਰੀਆ

ਦੀਵਾਲੀ ਮੌਕੇ ਵਿਸ਼ੇਸ਼: ਬੰਦੀ ਛੋੜ ਦਿਵਸ ਦੀ ਮਹਾਨਤਾ

November 13, 2020 06:20 AM

-ਬਿੰਦਰ ਸਿੰਘ ਖੁੱਡੀ ਕਲਾਂ
ਸਿੱਖ ਭਾਈਚਾਰੇ ਵਿੱਚ ਦੀਵਾਲੀ ਨੂੰ ‘ਬੰਦੀ ਛੋੜ ਦਿਵਸ' ਵਜੋਂ ਮਨਾਉਣ ਦਾ ਸੰਬੰਧ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਨਾਲ ਜੁੜਿਆ ਹੋਇਆ ਹੈ। ਗੁਰੂ ਅਰਜਨ ਦੇਵ ਦੀ ਸ਼ਹਾਦਤ ਮਗਰੋਂ ਸਿੱਖਾਂ ਨੂੰ ਮੁਗਲਾਂ ਦੇ ਜ਼ੁਲਮ ਨਾਲ ਨਜਿੱਠਣ ਦੀ ਨੀਤੀ ਵਿੱਚ ਤਬਦੀਲੀ ਦੀ ਗੱਲ ਭਲੀ ਪ੍ਰਕਾਰ ਸਪੱਸ਼ਟ ਹੋ ਚੁੱਕੀ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਕੌਮ ਨੂੰ ਹਥਿਆਰਬੰਦ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਦੁਨਿਆਵੀ ਤੇ ਅਧਿਆਤਮਕ ਦੋਵਾਂ ਪੱਖਾਂ ਨੂੰ ਬਰਾਬਰ ਦੀ ਮਹਾਨਤਾ ਦੇਣ ਦਾ ਸਿਧਾਂਤ ਦਿੰਦਿਆਂ ਖੁਦ ਮੀਰੀ ਅਤੇ ਪੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ। ਉਨ੍ਹਾਂ ਸਿੱਖ ਕੌਮ ਨੂੰ ਸਰੀਰਕ ਤੌਰ 'ਤੇ ਰਿਸ਼ਟ ਪੁਸ਼ਟ ਰਹਿਣ ਅਤੇ ਘੋੜ ਸਵਾਰੀ ਸਮੇਤ ਯੁੱਧ ਕਲਾ 'ਚ ਨਿਪੁੰਨ ਹੋਣ ਦਾ ਸੰਦੇਸ਼ ਦਿੱਤਾ। ਗੁਰੂ ਸਾਹਿਬ ਨੇ ਨਗਰ ਦੀ ਰਖਵਾਲੀ ਲਈ ਕਿਲ੍ਹੇ ਦੀ ਉਸਾਰੀ ਦੇ ਨਾਲ-ਨਾਲ ਸਿੱਖ ਕੌਮ ਦੇ ਦੁਨਿਆਵੀ ਨਿਰਣਿਆਂ ਲਈ ਅਕਾਲ ਤਖਤ ਸਾਹਿਬ ਦੀ ਸਥਾਪਨਾ ਕੀਤੀ।
ਗੁਰੂ ਸਾਹਿਬ ਦੀ ਸ਼ਾਹੀ, ਸੁਤੰਤਰ ਅਤੇ ਬੇਬਾਕ ਜੀਵਨ ਸ਼ੈਲੀ ਹਕੂਮਤ ਨੂੰ ਰੜਕਣ ਲੱਗੀ ਅਤੇ ਸਿੱਖ ਕੌਮ ਦੀ ਯੁੱਧ ਕਲਾ ਵਿੱਚ ਨਿਪੁੰਨਤਾ ਤੋਂ ਭੈਅ ਆਉਣ ਲੱਗਾ ਅਤੇ ਗੁਰੂ ਘਰ ਦੇ ਵਿਰੋਧੀਆਂ ਨੇ ਮੁਗਲ ਬਾਦਸ਼ਾਹ ਨੂੰ ਗੁਰੂ ਸਾਹਿਬ ਬਾਰੇ ਭੜਕਾਉਣਾ ਸ਼ੁਰੂ ਕਰ ਦਿੱਤਾ। ਗੁਰੂ ਜੀ ਵੱਲੋਂ ਆਤਮ ਰੱਖਿਆ ਲਈ ਬਣਾਈ ਜਾ ਰਹੀ ਫੌਜ ਨੂੰ ਵਿਰੋਧੀਆਂ ਨੇ ਬਹੁਤ ਕੁਝ ਵਧਾ ਚੜ੍ਹਾ ਕੇ ਪੇਸ਼ ਕੀਤਾ। ਜਹਾਂਗੀਰ ਨੂੰ ਵੀ ਜਾਪਦਾ ਸੀ ਕਿ ਸ਼ਾਇਦ ਗੁਰੂ ਸਾਹਿਬ ਇਹ ਸਾਰੀ ਤਿਆਰੀ ਮੁਗਲ ਹਕੂਮਤ ਤੋਂ ਅਪਣੇ ਪਿਤਾ ਦੀ ਸ਼ਹਾਦਤ ਦਾ ਬਦਲਾ ਲੈਣ ਲਈ ਕਰ ਰਹੇ ਹਨ। ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਨਿਸ਼ਾਨਾ ਬਣਾਉਣ ਦੀਆਂ ਸਕੀਮਾਂ ਸ਼ੁਰੂ ਕਰ ਕੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚ ਬੰਦੀ ਬਣਾ ਲਿਆ। ਜਹਾਂਗੀਰ ਨੇ ਬਹਾਨਾ ਬਣਾਇਆ ਕਿ ਗੁਰੂ ਅਰਜਨ ਦੇਵ ਨੂੰ ਕੀਤੇ ਜੁਰਮਾਨੇ ਦੀ ਭਰਪਾਈ ਗੁਰੂ ਹਰਗੋਬਿੰਦ ਸਾਹਿਬ ਨੇ ਨਹੀਂ ਕੀਤੀ।
ਇਤਿਹਾਸਕਾਰਾਂ ਅਨੁਸਾਰ ਜਹਾਂਗੀਰ ਨੇ ਵੱਖ-ਵੱਖ ਰਿਆਸਤਾਂ ਦੇ 52 ਰਾਜਿਆਂ ਦੀਆਂ ਰਿਆਸਤਾਂ ਖੋਹ ਕੇ ਉਨ੍ਹਾਂ ਨੂੰ ਬੰਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਰੱਖਿਆ ਸੀ। ਇੱਥੇ ਗੁਰੂ ਸਾਹਿਬ ਨੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਨਾਲ ਭਰੇ ਸਰਕਾਰੀ ਖਜ਼ਾਨੇ 'ਚੋਂ ਆ ਰਿਹਾ ਭੋਜਨ ਖਾਣ ਤੋਂ ਇਨਕਾਰ ਕਰਨ ਦਾ ਹਵਾਲਾ ਮਿਲਦਾ ਹੈ। ਬੰਦੀ ਰਾਜੇ ਕਿਲ੍ਹੇ 'ਚੋਂ ਆਪਣੀ ਆਜ਼ਾਦੀ ਦਾ ਵਿਚਾਰ ਤਿਆਗ ਕੇ ਘੋਰ ਨਿਰਾਸ਼ਾ ਦੇ ਆਲਮ ਵਿੱਚ ਚਲੇ ਗਏ ਸਨ। ਗੁਰੂ ਸਾਹਿਬ ਨੇ ਕਿਲ੍ਹੇ ਵਿੱਚ ਬੰਦੀ ਦੇ ਦਿਨਾਂ ਨੂੰ ਪ੍ਰਮਾਤਮਾ ਦੀ ਮਿਹਰ ਵਜੋਂ ਕਹਿ ਕੇ ਮੰਨਿਆ ਤੇ ਬੰਦੀ ਰਾਜਿਆਂ ਨੂੰ ਸਮਝਾਇਆ ਕਿ ਇਹੋ ਜਿਹੇ ਜ਼ਾਲਮ ਸਿਰਫ ਸਰੀਰਾਂ ਨੂੰ ਬੰਦੀ ਬਣਾ ਸਕਦੇ ਹਨ, ਆਤਮਾ ਨੂੰ ਨਹੀਂ। ਗੁਰੂ ਸਾਹਿਬ ਨੇ ਫੁਰਮਾਇਆ, ‘‘ਇਸ ਜ਼ਾਲਮ ਦੀ ਬੰਦੀ ਨਾਲ ਮੈਨੂੰ ਪਰਮਾਤਮਾ ਦੇ ਸਿਮਰਨ ਵਿੱਚ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲਿਆ ਹੈ।” ਗੁਰੂ ਸਾਹਿਬ ਦੇ ਵਿਚਾਰਾਂ ਦਾ ਰਾਜਿਆਂ ਦੇ ਮਨਾਂ 'ਤੇ ਭਾਰੀ ਅਸਰ ਹੋਇਆ।
ਗੁਰੂ ਸਾਹਿਬ ਨੇ ਜੇਲ੍ਹ ਬੰਦੀ ਬਦਲੇ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਕੇ ਹਰ ਪਲ ਉਸ ਦੇ ਹੁਕਮ ਅਨੁਸਾਰ ਬਿਤਾਉਣ ਦੇ ਸਿੱਖੀ ਸਿਧਾਂਤ ਦੇ ਨਾਲ ਪਰਉਪਕਾਰ ਦਾ ਵਿਸ਼ਵ ਅਲੋਕਾਰੀ ਕਾਰਜ ਕੀਤਾ। ਉਨ੍ਹਾ ਦੀ ਤਰਕਹੀਣ ਕਿਲ੍ਹਾਬੰਦੀ ਦਾ ਸਿੱਖਾਂ ਸਮੇਤ ਸਭਨਾਂ ਧਰਮਾਂ ਨੇ ਵਿਰੋਧ ਕੀਤਾ, ਜਿਸ ਕਾਰਨ ਮੁਗਲ ਹਕੂਮਤ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫੈਸਲਾ ਲਿਆ। ਗੁਰੂ ਸਾਹਿਬ ਨੇ ਮੁਗਲ ਹਕੂਮਤ ਖੁਦ ਦੀ ਰਿਹਾਈ ਦੇ ਨਾਲ 52 ਰਾਜਿਆਂ ਦੀ ਰਿਹਾਈ ਦੀ ਵੀ ਸ਼ਰਤ ਰੱਖੀ। ਗੁਰੂ ਸਾਹਿਬ ਵੱਲੋਂ ਪਹਿਨੇ ਬਵੰਜਾ ਕਲੀਆਂ ਵਾਲੇ ਪਵਿੱਤਰ ਚੋਲੇ ਨਾਲ ਉਨ੍ਹਾਂ 52 ਰਾਜਿਆਂ ਦੀ ਵੀ ਰਿਹਾਈ ਹੋਈ।
ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾਈ ਮਗਰੋਂ ਗੁਰੂ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਪਹੰਚੇ ਤਾਂ ਸੰਗਤ ਨੇ ਉਨ੍ਹਾਂ ਦੀ ਆਮਦ ਦੀ ਖੁਸ਼ੀ ਵਿੱਚ ਜਿੱਥੇ ਹਰਿਮੰਦਰ ਸਾਹਿਬ, ਉਥੇ ਸਮੂਹ ਸੰਗਤ ਨੇ ਆਪੋ ਆਪਣੇ ਘਰਾਂ ਦੇ ਬਨੇਰਿਆਂ 'ਤੇ ਦੀਪ ਮਾਲਾ ਕੀਤੀ। ਉਸ ਦਿਨ ਤੋਂ ਲੈ ਕੇ ਸਿੱਖ ਕੌਮ ਦਾ ਦੀਵਾਲੀ ਨਾਲ ਸੰਬੰਧ ਹੋਰ ਗਹਿਰਾ ਹੋ ਗਿਆ ਅਤੇ ਸਿੱਖਾਂ ਨੇ ਦੀਵਾਲੀ ਨੂੰ ‘ਬੰਦੀ ਛੋੜ ਦਿਵਸ’ ਵਜੋਂ ਮਨਾਉਣਾ ਸ਼ੁਰੂ ਕਰ ਦਿੱਤਾ।
ਸਿੱਖਾਂ ਵੱਲੋਂ ਜ਼ੁਲਮ ਨਾਲ ਟਕਰਾਉਣ 'ਚ ਵਿਖਾਵੇ ਗਏ ਜੋਸ਼ ਤੋਂ ਮੁਗਲ ਹਕੂਮਤ ਬਹੁਤ ਹੈਰਾਨ ਸੀ। ਮੁਗਲਾਂ ਵੱਲੋਂ ਵਿਖਾਇਆ ਜਾਂਦਾ ਭੈਅ ਸਿੱਖਾਂ ਨੂੰ ਡਰਾਉਣ ਜਾਂ ਧਮਕਾਉਣ ਵਿੱਚ ਇੱਕ ਤਰ੍ਹਾਂ ਅਸਫਲ ਹੁੰਦਾ ਵੇਖ ਮੁਗਲਾਂ ਨੇ ਸਿੱਖਾਂ ਦੀ ਸ਼ਕਤੀ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਸਿੱਖਾਂ ਦੀ ਦਰਬਾਰ ਸਾਹਿਬ ਆਮਦ 'ਤੇ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾਣ ਲੱਗੀਆਂ। ਦਸਮ ਗੁਰੂ ਗੋਬਿੰਦ ਸਿੰਘ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਮਗਰੋਂ ਮੁਗਲਾਂ ਵੱਲੋਂ ਸਿੱਖਾਂ 'ਤੇ ਕੀਤੇ ਗਏ ਅਤਿਆਚਾਰਾਂ ਵਿੱਚ ਭਾਰੀ ਵਾਧਾ ਹੋਇਆ, ਪਰ ਸਿੱਖ ਜੰਗਲਾਂ ਅਤੇ ਵੀਰਾਨ ਥਾਵਾਂ 'ਤੇ ਸਮਾਂ ਗੁਜ਼ਾਰਦੇ ਹੋਏ ਵੀ ਸ੍ਰੀ ਹਰਿਮੰਦਰ ਸਾਹਿਬ ਦੇ ਦੀਦਾਰਿਆਂ ਲਈ ਜ਼ਰੂਰ ਪਹੁੰਚਦੇ। ਮੁਗਲਾਂ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੰਦੀ ਛੋੜ ਦਿਵਸ ਮਨਾਉਣ ਲਈ ਵੀ ਸਿੱਖ ਸੰਗਤ ਦੀ ਆਮਦ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਸ ਸਮੇਂ ਦਰਬਾਰ ਸਾਹਿਬ ਵਿੱਚ ਮੁੱਖ ਗ੍ਰੰਥੀ ਦੀ ਸੇਵਾ ਨਿਭਾ ਰਹੇ ਭਾਈ ਮਨੀ ਸਿੰਘ ਨੇ ਮੁਗਲ ਹਕੂਮਤ ਤੋਂ ਬੰਦੀ ਛੋੜ ਦਿਵਸ ਮਨਾਉਣ ਦੀ ਇਜਾਜ਼ਤ ਮੰਗੀ। ਮੁਗਲ ਹਕੂਮਤ ਨੇ ਦੁਸ਼ਟ ਭਾਵਨਾ ਹੇਠ ਟੈਕਸ ਦੀ ਅਦਾਇਗੀ ਬਦਲੇ ਇਹ ਮਨਜ਼ੂਰੀ ਦੇ ਦਿੱਤੀ। ਭਾਈ ਮਨੀ ੀਸੰਘ ਨੇ ਸਿੱਖ ਸੰਗਤ ਨੂੰ ਦਰਬਾਰ ਸਾਹਿਬ ਪਹੁੰਚਣ ਦੀ ਕੀਤੀ ਅਪੀਲ ਦਾ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਬੰਦੀ ਛੋੜ ਦਿਵਸ ਮੌਕੇ ਇਕੱਠੀ ਹੋਈ ਸੰਗਤ 'ਤੇ ਮੁਗਲ ਹਕੂਮਤ ਵੱਲੋਂ ਕੀਤੇ ਜਾਣ ਵਾਲੇ ਅਤਿਆਚਾਰ ਦੀ ਭਾਈ ਮਨੀ ਸਿੰਘ ਨੂੰ ਖਬਰ ਲੱਗੀ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਬੰਦੀ ਛੋੜ ਦਿਵਸ ਮਨਾਉਣ ਲਈ ਦਰਬਾਰ ਸਾਹਿਬ ਨਾ ਪਹੁੰਚਣ ਦੀ ਅਪੀਲ ਵੀ ਕਰ ਦਿੱਤੀ। ਭਾਈ ਮਨੀ ਸਿੰਘ ਦੀ ਅਪੀਲ ਕਬੂਲਦਿਆਂ ਬਹੁਤ ਘੱਟ ਗਿਣਤੀ 'ਚ ਸੰਗਤ ਦਰਬਾਰ ਸਾਹਿਬ ਪਹੁੰਚੀ। ਇਸ ਮਗਰੋਂ ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਨਿਸ਼ਾਨਾ ਬਣਾਉਣ ਦੀਆਂ ਚਾਲਾਂ ਚੱਲਣੀਆਂ ਸ਼ੁਰੂ ਕਰ ਦਿੱਤੀਆਂ। ਭਾਈ ਮਨੀ ਸਿੰਘ ਵੱਲੋਂ ਮੁਗਲ ਹਕੂਮਤ ਨੂੰ ਬੰਦੀ ਛੋੜ ਦਿਵਸ ਮਨਾਉਣ ਲਈ ਅਦਾ ਕੀਤੇ ਜਾਣ ਵਾਲੇ ਟੈਕਸ ਦੀ ਅਦਾਇਗੀ ਤੋਂ ਇਨਕਾਰ ਕਰਨ ਨਾਲ ਮੁਗਲ ਹਕੂਮਤ ਨੂੰ ਭਾਈ ਮਨੀ ਸਿੰਘ ਦੀ ਗ੍ਰਿਫਤਾਰ ਦੀ ਬਹਾਨਾ ਮਿਲ ਗਿਆ। ਮੁਗਲ ਹਕੂਮਤ ਵੱਲੋਂ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਕੇ ਇਸਲਾਮ ਕਬੂਲਣ ਜਾਂ ਮੌਤ ਲਈ ਤਿਆਰ ਰਹਿਣ ਦਾ ਫੁਰਮਾਨ ਸੁਣਾਇਆ ਗਿਆ। ਭਾਈ ਮਨੀ ਸਿੰਘ ਨੇ ਗੁਰੂਆਂ ਤੇ ਸ਼ਹੀਦਾਂ ਵੱਲੋਂ ਹੱਸ ਹੱਸ ਕੇ ਸ਼ਹਾਦਤਾਂ ਦੇਣ ਦੇ ਗੌਰਵਮਈ ਇਤਿਹਾਸ 'ਤੇ ਪਹਿਰਾ ਦਿੰਦਿਆਂ ਮੁਗਲਾਂ ਦੀਆਂ ਧਮਕੀਆਂ ਨੂੰ ਠੋਕਰ ਮਾਰ ਕੇ ਸ਼ਹਾਦਤ ਨੂੰ ਪ੍ਰਵਾਨ ਕੀਤਾ। ਭਾਈ ਸਾਹਿਬ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, ‘‘ਮੈਨੂੰ ਜਾਨ ਨਹੀਂ, ਸਿੱਖੀ ਪਿਆਰੀ ਹੈ। ਮੇਰੀ ਜ਼ਿੰਦਗੀ ਤਾਂ ਮੇਰੇ ਗੁਰੂਆਂ ਦੀ ਅਮਾਨਤ ਹੈ। ਮੈਂ ਇਸ ਨੂੰ ਉਨ੍ਹਾਂ ਦੇ ਪਾਏ ਪੂਰਨਿਆਂ ਨੂੰ ਨਿਭਾਉਣ ਲਈ ਲੇਖੇ ਲਾ ਕੇ ਆਪਣੇ ਆਪ ਨੂੰ ਵਡਭਾਗਾ ਸਮਝਦਾ ਹਾਂ।” ਮੁਗਲ ਹਕੂਮਤ ਨੇ ਭਾਈ ਮਨੀ ਸਿੰਘ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ। ਭਾਈ ਮਨੀ ਸਿੰਘ ਵੱਲੋਂ ਸਿੱਖੀ ਸਿਦਕ ਨਿਭਾਉਣ ਲਈ ਦਿੱਤੀ ਸ਼ਹਾਦਤ ਦਾ ਦਿਨ ਬੇਸ਼ੱਕ ਦੀਵਾਲੀ ਵਾਲਾ ਨਹੀਂ ਸੀ, ਪਰ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਜ਼ਰੂਰ ਬਣਿਆ। ਇਸ ਤਰ੍ਹਾਂ ਸਿੱਖ ਕੌਮ ਦੇ ਕੁਰਬਾਨੀਆਂ ਭਰਪੂਰ ਮਾਣਮੱਤੇ ਇਤਿਹਾਸ ਦੀ ਭਾਈ ਮਨੀ ਸਿੰਘ ਦੀ ਸ਼ਹਾਦਤ ਵਾਲੀ ਦੂਜੀ ਗੌਰਵਮਈ ਘਟਨਾ ਦਾ ਸੰਬੰਧ ਵੀ ‘ਬੰਦੀ ਛੋੜ ਦਿਵਸ’ ਨਾਲ ਜੁੜ ਗਿਆ। ਕੌਮ ਵੱਲੋਂ ਬੰਦੀ ਛੋੜ ਦਿਵਸ ਮਨਾਏ ਜਾਣ ਦਾ ਮਨੋਰਥ ਗੁਰੁੂ ਸਾਹਿਬ ਅਤੇ ਭਾਈ ਮਨੀ ਸਿੰਘ ਵਾਂਗ ਜਬਰ ਅਤੇ ਜ਼ੁਲਮ ਨਾਲ ਜ਼ਿੰਦਗੀ ਦੀ ਕੀਮਤ 'ਤੇ ਟਕਰਾਉਣ ਦੇ ਵਿਲੱਖਣ ਜਜ਼ਬੇ ਨਾਲ ਹੀ ਪੂਰਾ ਹੋ ਸਕਦਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ