Welcome to Canadian Punjabi Post
Follow us on

12

July 2025
 
ਨਜਰਰੀਆ

ਸਾਉਣ ਮਹੀਨਾ ਬਿਰਹਣ ਦਾ...

August 05, 2020 09:25 AM

-ਡਾਕਟਰ ਪ੍ਰਿਤਪਾਲ ਸਿੰਘ ਮਹਿਰੋਕ
ਬਿਰਹਾ ਦੇ ਸੱਲ੍ਹ ਸਹਿਣੇ ਬਹੁਤ ਕਠਿਨ ਹੁੰਦੇ ਹਨ। ਉਂਝ ਤਾਂ ਸਾਲ ਦੇ ਬਾਰ੍ਹਾਂ ਮਹੀਨੇ ਹੀ ਅਜਿਹੀ ਤਕਲੀਫ ਝੱਲਣੀ ਔਖੀ ਹੁੰਦੀ ਹੈ, ਪਰ ਵਿਸ਼ੇਸ਼ ਕਰ ਕੇ ਸਾਉਣ ਮਹੀਨੇ ਵਿੱਚ ਬਿਰਹਣ ਦੇ ਕੋਮਲ ਮਨ ਦੀਆਂ ਖਿੜੀਆਂ ਕੋਂਪਲਾਂ ਵੀ ਮੁਰਝਾ ਜਾਂਦੀਆਂ ਹਨ। ਉਸ ਦੇ ਵਸਲ-ਅੰਬਰਾਂ ਨੂੰ ਕਾਲੀ ਬੋਲੀ ਰਾਤ ਆਪਣੇ ਕੱਜਲਵਈ ਦੁਪੱਟੇ ਓਹਲੇ ਢੱਕ ਲੈਂਦੀ ਹੈ ਅਤੇ ਚੰਦ ਚਾਨਣੀ ਬਿਰਹਾ ਬੱਦਲਾਂ ਦੀ ਸਿਆਹੀ ਪਿੱਛੇ ਲੁਕ ਜਾਂਦੀ ਹੈ। ਅਜਿਹੀ ਬਿਰਹਣ ਦੀਆਂ ਵੇਦਨਾਵਾਂ ਸਾਉਣ ਦੇ ਲੁਭਾਵਣੇ ਮਹੀਨੇ ਵਿੱਚ ਬੜੀਆਂ ਦਿਲ ਟੁੰਬਵੀਆਂ ਹੁੰਦੀਆਂ ਹਨ। ਵਿਛੋੜੇ ਦੇ ਤੀਰ ਚਲਾ ਕੇ ਚਲੇ ਜਾਣ ਵਾਲੇ ਮਾਹੀ ਨੂੰ ਸੰਬੋਧਨ ਕਰ ਕੇ ਉਹ ਤਰਲੇ ਪਾਉਂਦੀ ਹੈ। ਉਸ ਨੂੰ ਆਪਣੀ ਪ੍ਰੀਤ ਦੇ ਰਾਹ ਕੰਡਿਆਲੇ ਹੋ ਗਏ ਜਾਪਦੇ ਹਨ। ਆਪਣੀਆਂ ਭਾਵਨਾਵਾਂ ਨੂੰ ਉਹ ਪੰਜਾਬੀ ਲੋਕ ਗੀਤਾਂ ਰਾਹੀਂ ਪ੍ਰਗਟਾਉਂਦੀ ਹੈ :
ਘਨਘੋਰ ਘਟਾਵਾਂ ਬਰਸਣ ਕਣੀਆਂ
ਪੌਣਾਂ ਪਾਉਣ ਕਹਾਣੀਆਂ ਵੇ।
ਸਾਉਣ ਮਹੀਨਾ ਰੁੱਤ ਵਸਲਾਂ ਦੀ
ਤੂੰ ਖਬਰਾਂ ਕਿਉਂ ਨਾ ਜਾਣੀਆਂ ਵੇ...
ਬਿਰਹਾ ਦੇ ਬਾਕੀ ਮਹੀਨਿਆ ਵਾਂਗ ਸਾਉਣ ਮਹੀਨੇ ਵਿੱਚ ਵੀ ਉਹ ਕਾਵਾਂ ਅਤੇ ਕਬੂਤਰਾਂ ਰਾਹੀਂ ਸੁਨੇਹੇ ਭੇਜਦੀ ਹੈ, ਉਦਾਸੀ ਵਿੱਚ ਆਪਣੀ ਜੀਵਨ ਬਤੀਤ ਕਰਦੀ ਹੈ। ਰਸੋਈ ਵਿੱਚ ਬੈਠੀ ਨੂੰ ਉਸ ਨੂੰ ‘ਧੂੰਏਂ ਦੇ ਪੱਜ' ਰੋਣਾ ਪੈਂਦਾ ਹੈ। ਉਸ ਨੂੰ ਆਪਣਾ ਜੀਵਨ ਵਿਅਰਥ ਅਤੇ ਜਵਾਨੀ ਬੋਝਲ ਜਾਪਣ ਲੱਗਦੀ ਹੈ। ਉਸ ਦੇ ਮਾਹੀ ਦੀ ਵੀ ਸਾਉਣ ਮਹੀਨੇ ਘਰ ਨਾ ਆ ਸਕਣ ਦੀ ਕੋਈ ਮਜਬੂਰੀ ਹੋਵੇਗੀ, ਪਰ ਉਹ ਸਭ ਮਜਬੂਰੀਆਂ ਉਲੰਘਣੀਆਂ ਚਾਹੰੁਦੀ ਹੈ :
ਕੀਕਣ ਆਵਾਂ ਗੋਰੀਏ, ਸੁਣ ਜਾਨੇ ਮੇਰੀਏ,
ਰਾਹ ਵਿੱਚ ਸ਼ੂਕਣ ਨਾਗ ਕਿ ਸਾਵਣ ਆਇਆ।
ਨਾਗਾਂ ਨੂੰ ਪਾ ਪਟਾਰੀਆਂ, ਸੁਣ ਜਾਨੀ ਮੇਰਿਆ,
ਤੂੰ ਘਰ ਵਗਦਾ ਆ ਕਿ ਸਾਵਣ ਆਇਆ।
ਕੀਕਣ ਆਵਾਂ ਗੋਰੀਏ, ਸੁਣ ਜਾਨੇ ਮੇਰੀਏ,
ਰਾਹ ਵਿੱਚ ਗੱਜਦੇ ਸ਼ੇਰ ਕਿ ਸਾਵਣ ਆਇਆ।
ਕੋਈ ਚਾਰਾ ਨਾ ਚੱਲਦਾ ਵੇਖ ਕੇ ਬਿਰਹਣ ਸਾਉਣ ਦਿਆਂ ਬੱਦਲਾਂ ਰਾਹੀਂ ਆਪਣੇ ਪ੍ਰੀਤਮ ਨੂੰ ਸੁਨੇਹਾ ਭੇਜ ਕੇ ਵਸਲ ਦੀ ਤਾਂਘ ਪ੍ਰਗਟਾਉਂਦੀ ਹੈ। ਅਸਮਾਨੀ ਛਾਏ ਕਾਲੇ ਬੱਦਲ ਉਸ ਨੂੰ ਬੇਹਾਲ ਕਰ ਦਿੰਦੇ ਹਨ :
ਕਾਲੇ ਬੱਦਲ ਆ ਗਏ ਬਿਜਲੀ ਦੇ ਲਿਸ਼ਕਾਰ
ਮੇਰੇ ਨੈਣ ਉਡੀਕ ਵਿੱਚ ਵਰਸਣ ਮੋਹਲੇਧਾਰ।
ਫੁੱਲ ਖਿੜੇ ਕਚਨਾਰ ਦੇ, ਪੈਲਾਂ ਪਾਵਣ ਮੋਰ
ਚੰਨ, ਚੁਫੇਰੇ ਭਾਲਦੇ, ਮੇਰੇ ਨੈਣ ਚਕੋਰ।
ਸਾਉਣ ਮਹੀਨੇ ਮੌਸਮ ਸੁਹਾਵਣਾ ਹੋ ਜਾਂਦਾ ਹੈ। ਕੁੜੀਆਂ ਬੜੇ ਚਾਵਾਂ ਮਲਾਰਾਂ ਨਾਲ ਪੀਂਘਾਂ ਝੂਟਦੀਆਂ ਹਨ। ਨਿੱਕੀ ਨਿੱਕੀ ਪੈਂਦੀ ਫੁਹਾਰ ਜੋਬਨ ਮੱਤੀਆਂ ਮੁਟਿਆਰਾਂ ਨੂੰ ਮਸਤੀ ਨਾਲ ਭਰਦੀ ਜਾਂਦੀ ਹੈ। ਇਸ ਸਮੇਂ ਬਿਰਹਣ ਕੋਲੋਂ ਆਪਣੀਆਂ ਸੱਧਰਾਂ ਸਾਂਭੀਆਂ ਨਹੀਂ ਜਾਂਦੀਆਂ। ਫਿਰ ਛੇਤੀ ਹੀ ਉਸ ਨੂੰ ਮਾਹੀ ਦੇ ਆਉਣ ਦੀਆਂ ਤਰੀਕਾਂ ਦੇ ਅਜੇ ਦੂਰ ਹੋਣ ਦੀ ਸਚਾਈ ਦਾ ਪਤਾ ਲੱਗ ਜਾਂਦਾ ਹੈ :
ਘਟਾਂ ਕਾਲੀਆਂ ਛਾਈਆਂ
ਵਰ੍ਹਦਾ ਨੂਰ ਵੇ ਚੰਨਾ,
ਤੇਰੇ ਆਉਣ ਦੀਆਂ
ਅਜੇ ਤਰੀਕਾਂ ਦੂਰ, ਵੇ ਚੰਨਾ...
ਮਾਹੀ ਦੇ ਛੇਤੀ ਮੁੜ ਆਉਣ ਦਾ ਦਿਲਾਸਾ ਉਸ ਲਈ ਕੋਈ ਅਹਿਮੀਅਤ ਨਹੀਂ ਰੱਖਦਾ। ਮਾਹੀ ਵੱਲੋਂ ਕੀਤੀ ਜਾਂਦੀ ਕਮਾਈ ਵੀ ਉਸ ਵਾਸਤੇ ਬਹੁਤਾ ਮਹੱਤਵ ਨਹੀਂ ਰੱਖਦੀ ਕਿਉਂ ਜੋ ਕਮਾਈ ਦੇ ਬਦਲੇ ਉਸ ਦੀ ਜਵਾਨੀ ਦਾਅ 'ਤੇ ਲੱਗਦੀ ਹੈ। ਭਰ ਜੋਬਨ ਮੁਟਿਆਰ ਨੂੰ ਸਾਉਣ ਮਹੀਨੇ ਵਿੱਚ ਆਪਣੇ ਪਤੀ ਦੀ ਨੌਕਰੀ ਵੀ ਉਸ ਦੇ ਮਿਲਾਪ ਤੋਂ ਹਲਕੀ ਜਾਪਦੀ ਹੈ। ਉਸ ਦੇ ਹਉਕੇ ਹਾਵੇ ਉਸ ਦੇ ਪਤੀ ਦੇ ਰੁਝੇਵਿਆਂ ਨੂੰ ‘ਟੋ ਟਕਿਆਂ ਦੀ ਨੌਕਰੀ’ ਕਹਿੰਦੇ ਹਨ। ਇਸ ਮਹੀਨੇ ਮਨਮੋਹਕ ਤੇ ਠੰਢੀਆਂ ਹਵਾਵਾਂ ਵਿੱਚ ਬਿਰਹਣ ਨੂੰ ਆਪਣੇ ਪ੍ਰੀਤਮ ਦੀ ਯਾਦ ਸਤਾਉਂਦੀ ਹੈ ਤਾਂ ਉਹ ਆਪਣਾ ਆਪਾ ਭੁਲਾ ਕੇ ਪੀਂਘ ਵੀ ਨਹੀਂ ਝੂਟ ਸਕਦੀ :
ਪਹਿਨ ਪੱਚਰ ਕੇ ਚੜ੍ਹ ਗਈ ਪੀਂਘ 'ਤੇ
ਡਿੱਗ ਪਈ ਹੁਲਾਰਾ ਖਾ ਕੇ।
ਪੈਣ ਫੁਹਾਰਾਂ ਚਮਕੇ ਬਿਜਲੀ
ਮੈਨੂੰ ਵੇਖ ਲੈ ਰਾਂਝਿਆਂ ਆ ਕੇ।
ਬੱਦਲਾਂ ਨੂੰ ਵੇਖ ਰਹੀ
ਮੈਂ ਤੇਰਾ ਸੁਨੇਹਾ ਪਾ ਕੇ...
ਸਾਉਣ ਦੇ ਮਹੀਨੇ ਵਿੱਚ ਪੇਕੇ ਘਰ ਬੈਠੀ, ਉਡੀਕ ਦੀ ਲੰਮੀ ਕਹਾਣੀ ਬਣੀ ਬਿਰਹਣ ਦੀ ਨਿੱਤ ਦੀ ਤਾਂਘ ਦਾ ਅਹਿਸਾਸ ਕਰ ਕੇ ਉਸ ਦਾ ਮਾਹੀ ਉਸ ਪਾਸ ਆ ਪਹੁੰਚਦਾ ਹੈ :
ਸਾਉਣ ਦਾ ਮਹੀਨਾ ਬਾਗੀਂ ਬੋਲਦੇ ਨੇ ਮੋਰ ਨੀਂ
ਤੁਰ ਚੱਲ ਨਖਰੋ, ਨਾ ਗੱਡੀ ਖਾਲੀ ਮੋੜ ਨੀਂ।
ਬਿਰਹਣ ਨੂੰ ਹੋਰ ਕੀ ਚਾਹੀਦਾ ਹੈ? ਜਿਸ ਬਿਰਹਣ ਨੂੰ ਸਾਉਣ ਦੇ ਮਹੀਨੇ ਵਿੱਚ ਆਪਣੀਆਂ ਗਲੀਆਂ ਵਿੱਚ ਸੋਕਾ ਪ੍ਰਤੀਤ ਹੁੰਦਾ ਰਿਹਾ ਹੋਵੇ, ਉਸ ਦੇ ਵਿਹੜੇ ਵਿੱਚ ਖੁਸ਼ੀਆਂ ਦੀ ਛਹਿਬਰ ਲੱਗ ਜਾਂਦੀ ਹੈ। ਉਸ ਦੇ ਬਿਰਹਾ ਭਾਵਾਂ ਦਾ ਸੋਕਾ ਮੱਠਾ ਪੈਣਾ ਸ਼ੁਰੂ ਹੋ ਜਾਂਦਾ ਹੈ ਤੇ ਉਹ ਕਹਿ ਉਠਦੀ ਹੈ :
ਸਾਉਣ ਦੇ ਮਹੀਨੇ ਬੱਦਲ ਘਿਰ ਆਏ ਕਾਲੇ
ਛੱਡ ਕੇ ਨਾ ਜਾਵੀਂ ਸਾਨੂੰ ਲੈ ਚੱਲੀਂ ਨਾਲੇ।
ਸ਼ਾਲਾ! ਕਿਸੇ ਵੀ ਬਿਰਹਣ ਦੀ ਉਡੀਕ ਦੀ ਉਮਰ ਬਹੁਤੀ ਲੰਮੀ ਨਾ ਹੋਵੇ। ਸਭਨਾਂ ਦੇ ਵਿਹੜੇ ਮੇਲ ਮਿਲਾਪ ਦੀਆਂ ਬਰਕਤਾਂ ਨਾਲ ਭਰੇ ਰਹਿਣ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ