Welcome to Canadian Punjabi Post
Follow us on

12

July 2025
 
ਨਜਰਰੀਆ

ਜਦੋਂ ਮੈਨੂੰ ਬਿਨਾਂ ਸਿਫਾਰਸ਼ ਤੋਂ ਨੌਕਰੀ ਮਿਲੀ

July 30, 2020 09:14 AM

-ਰਮੇਸ਼ ਕੁਮਾਰ ਸ਼ਰਮਾ
ਇਹ ਮੇਰੀ ਪਹਿਲੀ ਇੰਟਰਵਿਊ ਸੀ। ਮਨ ਵਿੱਚ ਬੜਾ ਧੁੜਕੂ ਜਿਹਾ ਲੱਗਾ ਹੋਇਆ ਸੀ। ਡਿਪਲੋਮਾ ਕਰਨ ਤੋਂ ਬਾਅਦ ਮੈਂ ਪਹਿਲੀ ਵਾਰ ਕਿਸੇ ਨੌਕਰੀ ਲਈ ਜਾ ਰਿਹਾ ਸੀ। ਮੇਰੇ ਪਿਤਾ ਜੀ ਕੋਲ ਮੇਰੇ ਲਈ ਸਮਾਂ ਨਹੀਂ ਸੀ, ਇਸ ਕਰ ਕੇ ਮਾਂ ਤੋਂ ਅਸ਼ੀਰਵਾਦ ਲੈ ਕੇ ਇੰਟਰਵਿਊ ਲਈ ਮੈਂ ਇਕੱਲਾ ਹੀ ਚਲਾ ਗਿਆ।
ਇਹ ਐਮ ਈ ਐਸ ਦਾ ਮਹਿਕਮਾ ਸੀ ਜਿੱਥੇ ਮਿਲਟਰੀ ਵਾਲੇ ਤੇ ਸਿਵਲੀਅਨ ਮਿਲਜੁਲ ਕੇ ਕੰਮ ਕਰਦੇ ਹਨ। ਇੱਕ ਹੀ ਇੰਸਟੂਰਮੈਂਟ ਮਕੈਨਿਕ ਦੀ ਆਸਾਮੀ ਸੀ, ਉਹ ਵੀ ਆਰਜ਼ੀ। ਇਥੇ ਪਹੁੰਚ ਕੇ ਭੀੜ ਵੇਖ ਕੇ ਮੇਰਾ ਰੰਗ ਉਡ ਗਿਆ। ਘਬਰਾਹਟ ਜਿਹੀ ਹੋਣ ਲੱਗ ਪਈ। ਕਿਸੇ ਨਾਲ ਨੀਲੀ ਪੱਗ ਵਾਲਾ, ਕਿਸੇ ਨਾਲ ਚਿੱਟੀ ਪੱਗ ਵਾਲਾ, ਕਿਸੇ ਨਾਲ ਕੋਈ, ਕਿਸੇ ਨਾਲ ਕੋਈ। ਮੈਂ ਸੋਚਿਆ; ਘਰ ਨੂੰ ਮੁੜ ਚੱਲ ਸ਼ਰਮਾ, ਇਥੇ ਤੇਰਾ ਕੀ ਬਣਨਾ।
ਮੈਂ ਹੀ ਇੱਕ ਅਜਿਹਾ ਸ਼ਖਸ ਸੀ ਜਿਸ ਨਾਲ ਕੋਈ ਸਹਾਇਕ ਵਜੋਂ ਨਹੀਂ ਸੀ ਆਇਆ। ਇੰਟਰਵਿਊ ਲੈਣ ਦਾ ਸਮਾਂ ਸ਼ੁਰੂ ਹੋ ਗਿਆ। ਕੋਈ ਮੰੁਡਾ ਅੰਦਰੋਂ ਆਉਂਦਾ ਤਾਂ ਸਾਰੇ ਉਸ ਨੂੰ ਘੇਰ ਕੇ ਖੜੇ ਹੋ ਜਾਂਦੇ, ‘ਕੀ ਪੁੱਛਦੇ ਨੇ, ਕੀ ਜਵਾਬ ਦਿੱਤੈ, ਕਿੰਨੇ ਜਣੇ ਨੇ ਇੰਟਰਵਿਊ ਲੈਣ ਵਾਲੇ?’ ਕਿਸੇ ਨਾਲ ਆਇਆ ਉਸ ਦਾ ਸਹਾਇਕ ਅੰਦਰ ਜਾਣ ਲੱਗਾ ਤਾਂ ਉਸ ਨੂੰ ਚਪੜਾਸੀ ਨੇ ਸਖਤੀ ਨਾਲ ਬਾਹਰ ਹੀ ਰੋਕ ਦਿੱਤਾ। ਤਕਰੀਬਨ 30-35 ਲੜਕੇ ਭੁਗਤ ਚੁੱਕੇ ਸਨ, ਪਰ ਮੇਰੀ ਵਾਰੀ ਨਾ ਆਈ। ਸਭ ਤੋਂ ਅਖੀਰ ਵਿੱਚ ਮੈਨੂੰ ਆਵਾਜ਼ ਮਾਰੀ ਗਈ।
ਮੈਂ ਇਜਾਜ਼ਤ ਲੈ ਕੇ ਕਮਰੇ ਵਿੱਚ ਦਾਖਲ ਹੋਇਆ। ਇੰਟਰਵਿਊ ਲੈਣ ਵਾਲਾ ਇੱਕ ਕੈਪਟਨ ਰੈਂਕ ਦਾ ਅਧਿਕਾਰੀ ਸੀ। ਇਨ੍ਹਾਂ ਤੋਂ ਬਿਨਾਂ ਦੋ ਹੋਰ ਸਨ। ਮੇਰੀ ਫਾਈਲ ਵੇਖਦੇ ਹੋਏ ਕੈਪਟਨ ਸਾਹਿਬ ਨੇ ਕਿਹਾ, ‘‘ਯੰਗ ਮੈਨ ਆਪ ਕੇ ਨੰਬਰ ਤੋ ਬਹੁਤ ਅੱਛੇ ਹੈਂ, ਪਰ ਯਿਹ ਕਿਯਾ, ਆਪ ਕੇ ਪਾਸ ਤਜਰਬਾ ਨਹੀਂ ਹੈ, ਕਿਉਂ?”
ਮੈਂ ਉੱਤਰ ਦਿੱਤਾ, ‘‘ਸਰ ਜੀ, ਮੈਨੂੰ ਕਦੇ ਨੌਕਰੀ ਨਹੀਂ ਮਿਲੀ। ਇਸ ਕਰ ਕੇ ਮੇਰੇ ਕੋਲ ਕੋਈ ਤਜਰਬਾ ਨਹੀਂ।”
ਉਸ ਨੇ ਫਿਰ ਪੁੱਛਿਆ, ‘‘ਆਪ ਕੇ ਸਾਥ ਕੋਈ ਸਹਾਇਕ ਨਹੀਂ ਆਇਆ ਕਿਯਾ?”
ਮੈਂ ਕਿਹਾ, ‘‘ਨਹੀਂ ਸਰ।”
ਇਸ ਤੋਂ ਬਾਅਦ ਮੁੜ ਮੇਰੇ ਵੱਲ ਇੱਕ ਹੋਰ ਪ੍ਰਸ਼ਨ ਆਇਆ, ‘‘ਆਪ ਕੀ ਕੋਈ ਸਿਫਾਰਸ਼ ਨਹੀਂ ਹੈ?”
ਮੈਂ ਉੱਤਰ ਦਿੱਤਾ, ‘‘ਨਹੀਂ ਸਰ।”
ਉਨ੍ਹਾਂ ਨੇ ਫਿਰ ਕਿਹਾ, ‘‘ਆਪ ਸੇ ਪਹਿਲੇ ਜਿਤਨੇ ਭੀ ਲੜਕੇ ਆਏ ਹੈਂ, ਸਭੀ ਕੇ ਪਾਸ ਕੋਈ ਨਾ ਕੋਈ ਸਿਫਾਰਸ਼ ਥੀ। ਕੁਛ ਤੋ ਹਮੇਂ ਫੋਨ ਭੀ ਆ ਚੁਕੇ ਹੈਂ, ਪਰ ਹਮ ਕਿਸੇ ਕੀ ਪ੍ਰਵਾਹ ਨਹੀਂ ਕਰਤੇ। ਹਮੇਂ ਇਮਾਨਦਾਰ ਔਰ ਮਿਹਨਤੀ ਲੜਕੇ ਕੀ ਜ਼ਰੂਰਤ ਹੈ।”
ਮੈਂ ਕਿਹਾ, ‘‘ਸਰ, ਮੈਨੂੰ ਕਿਤੇ ਇਮਾਨਦਾਰੀ ਤੇ ਮਿਹਨਤ ਕਰਨ ਦਾ ਮੌਕਾ ਅਜੇ ਤੱਕ ਤਾਂ ਮਿਲਿਆ ਨਹੀਂ, ਪਰ ਜੇ ਮਿਲਿਆ ਤਾਂ ਮੈਂ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਕੰਮ ਕਰਾਂਗਾ ਅਤੇ ਕਦੇ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ।”
ਉਨ੍ਹਾਂ ਦੇ ਬਾਕੀ ਸਹਾਇਕਾਂ ਨੇ ਵੀ ਮੇਰੇ ਤੋਂ ਕੁਝ ਸਵਾਲ ਪੁੱਛੇ, ਜਿਨ੍ਹਾਂ ਦਾ ਮੈਂ ਸਹੀ-ਸਹੀ ਜਵਾਬ ਦੇ ਦਿੱਤਾ। ਫਿਰ ਉਨ੍ਹਾਂ ਨੇ ਮੈਨੂੰ ਬਾਹਰ ਭੇਜ ਦਿੱਤਾ ਤੇ ਆਪੋ ਵਿੱਚ ਗੱਲਬਾਤ ਕਰਨ ਲੱਗ ਪਏ। ਕੁਝ ਸਮੇਂ ਪਿੱਛੋਂ ਚਪੜਾਸੀ ਬਾਹਰ ਆਇਆ ਤੇ ਕਿਹਾ, ‘‘ਆਪ ਮੇਂ ਸੇ ਰਮੇਸ਼ ਕੁਮਾਰ ਕੌਣ ਹੈ?”
ਮੈਂ ਹੱਥ ਖੜ੍ਹਾ ਕੀਤਾ। ‘‘ਆਪ ਅੰਦਰ ਜਾਓ ਆਪ ਕੋ ਸਾਹਿਬ ਨੇ ਬੁਲਾਇਆ ਹੈ।”
ਚਪੜਾਸੀ ਨੇ ਦੂਜਿਆਂ ਵੱਲ ਨੂੰ ਹੁੰਦਿਆਂ ਕਿਹਾ, ‘‘ਅਬ ਆਪ ਸਭੀ ਘਰ ਜਾ ਸਕਤੇ ਹੈਂ।”
ਬਾਹਰ ਸ਼ੋਰ ਮੱਚ ਗਿਆ। ਜੇ ਆਪਣਾ ਹੀ ਆਦਮੀ ਰੱਖਣਾ ਸੀ ਤਾਂ ਇਹ ਇੰਟਰਵਿਊ ਦਾ ਢੌਂਗ ਕਿਉਂ ਕੀਤਾ ਗਿਆ। ਕੋਈ ਕੁਝ ਬੋਲ ਰਿਹਾ ਸੀ, ਕੋਈ ਕੁਝ। ਮਿਲਟਰੀ ਵਾਲਿਆਂ ਨੇ ਸਭ ਨੂੰ ਭਜਾ ਦਿੱਤਾ।
ਮੈਂ ਅੰਦਰ ਗਿਆ ਤਾਂ ਕੈਪਟਨ ਸਾਹਿਬ ਨੇ ਕਿਹਾ, ‘‘ਵੈਲ ਯੰਗ ਮੈਨ, ਹਮ ਆਪ ਕੋ ਇਸ ਕੋ ਇਸ ਪੋਸਟ ਕੇ ਲੀਏ ਨਿਯੁਕਤ ਕਰਤੇ ਹੈਂ। ਕੱਲ੍ਹ ਆਪ ਮਿਲਟਰੀ ਹੋਸਪੀਟਲ ਮੇਂ ਜਾ ਕਰ ਆਪਣਾ ਮੈਡੀਕਲ ਕਰਵਾ ਲੇਨਾ। ਹਮ ਆਪ ਕੋ ਬਹੁਤ ਜ਼ਿੰਮੇਵਾਰੀ ਵਾਲਾ ਕਾਮ ਸੌਂਪੇਗੇ, ਸਮਝੋ ਯਿਹ ਆਪ ਕਾ ਇਮਤਿਹਾਨ ਹੈ। ਗੁੱਡ ਲੱਕ ਐਂਡ ਬੈਸਟ ਵਿਸ਼ਿਜ਼।”
ਇਹ ਸੁਣ ਕੇ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਮੈਂ ਇਸ ਨੌਕਰੀ ਲਈ ਰੱਬ ਦਾ ਸ਼ੁਕਰਾਨਾ ਕੀਤਾ। ਇਸ ਪਿੱਛੋਂ ਮੈਂ ਇਸ ਮਹਿਕਮੇ ਦਾ ਇੱਕ ਸਾਲ ਕੰਮ ਕੀਤਾ। ਬਹੁਤ ਮਿਹਨਤ ਤੇ ਇਮਾਨਦਾਰੀ ਦਾ ਸਬੂਤ ਦਿੱਤਾ। ਇਮਾਨਦਾਰੀ ਕਾਇਮ ਰੱਖਣ ਲਈ ਮੁਸ਼ਕਲਾਂ ਤਾਂ ਬਹੁਤ ਆਈਆਂ, ਪਰ ਵਿਸ਼ਵਾਸ ਅਤੇ ਅਟਲ ਇਰਾਦੇ ਅੱਗੇ ਸਭ ਪਸਤ ਹੋ ਗਈਆਂ। ਬਾਅਦ ਵਿੱਚ ਮੇਰੀ ਬਿਜਲੀ ਵਿਭਾਗ ਵਿੱਚ ਨੌਕਰੀ ਲੱਗ ਗਈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ