Welcome to Canadian Punjabi Post
Follow us on

12

July 2025
 
ਨਜਰਰੀਆ

ਤੀਰ ਨਿਸ਼ਾਨੇ ਉੱਤੇ

June 01, 2020 10:17 AM

-ਸੁਖਵੀਰ ਸਿੰਘ ਕੰਗ
ਇਹ ਗੱਲ ਉਨੀ ਸੌਂ ਪਚਾਸੀ ਜਾਂ ਛਿਆਸੀ ਦੀ ਹੋਵੇਗੀ। ਉਨ੍ਹਾਂ ਸਮਿਆਂ ਵਿੱਚ ਕੌਮੀ ਸ਼ਾਹ-ਰਾਹਾਂ ਜਾਂ ਮੁੱਖ ਸੜਕਾਂ ਉਪਰ ਸਰਕਾਰੀ ਬੱਸਾਂ ਹੀ ਜ਼ਿਆਦਾ ਚਲਦੀਆਂ ਸਨ ਤੇ ਪ੍ਰਾਈਵੇਟ ਬੱਸਾਂ ਦੀ ਗਿਣਤੀ ਘੱਟ ਹੁੰਦੀ ਸੀ। ਕਾਰਾਂ ਦੇ ਸਫ਼ਰ ਦਾ ਰੁਝਾਨ ਉਦੋਂ ਤੱਕ ਘੱਟ ਸੀ। ਇਸ ਕਰਕੇ ਬੱਸਾਂ ਨੂੰ ਸਵਾਰੀ ਕਾਫ਼ੀ ਮਿਲ ਜਾਂਦੀ ਸੀ। ਬੱਸਾਂ ਆਮ ਕਰਕੇ ਮੁੱਖ ਅੱਡਿਆਂ ਤੋਂ ਹੀ ਸਵਾਰੀਆਂ ਨਾਲ ਭਰ ਜਾਂਦੀਆਂ ਸਨ। ਫਿਰ ਇਹ ਵੱਡੇ ਕਸਬਿਆਂ ਵਿੱਚ ਹੀ ਰੁਕਦੀਆਂ ਸਨ ਅਤੇ ਬੱਸਾਂ ਵਾਲੇ ਰਸਤੇ ਦੇ ਪਿੰਡਾਂ ਦੀ ਸਵਾਰੀ ਘੱਟ ਹੀ ਚੁੱਕਦੇ ਜਾਂ ਉਤਾਰਦੇ ਸਨ।
ਮੇਰਾ ਪਿੰਡ ਵੀ ਇਸ ਵਰਤਾਰੇ ਦਾ ਸ਼ਿਕਾਰ ਰਿਹਾ ਸੀ। ਮੇਰਾ ਪਿੰਡ ਚੰਡੀਗੜ੍ਹ-ਲੁਧਿਆਣਾ ਰੁਟ 'ਤੇ ਪੈਂਦੇ ਕਸਬਿਆਂ ਸਮਰਾਲਾ ਤੇ ਖਮਾਣੋਂ ਦੇ ਵਿਚਾਲੇ ਮੁੱਖ ਸੜਕ ਦੇ ਐਨ ਉਪਰ ਵਸਿਆ ਹੋਇਆ ਹੈ। ਇਸ ਵਿੱਚੋਂ ਲੰਘਦੀਆਂ ਬੱਸਾਂ ਬੱਚਿਆਂ ਨੂੰ ‘ਪੀ' ਦਿਖਾਉਣ ਦੇ ਕੰਮ ਆਉਂਦੀਆਂ ਸਨ। ਇਨ੍ਹਾਂ ਵਿੱਚ ਸਵਾਰ ਹੋ ਕੇ ਪਿੰਡ ਉਤਰਨ ਜਾਂ ਲੋੜ ਪੈਣ 'ਤੇ ਪਿੰਡੋਂ ਸਵਾਰ ਹੋ ਜਾਣ ਦਾ ਸਬੱਬ ਬਹੁਤ ਘੱਟ ਹੀ ਬਣਦਾ ਸੀ।
ਇੱਕ ਵਾਰ ਸਾਡੇ ਇਲਾਕੇ ਵਿੱਚ ਮੀਂਹ ਨਾਲ ਬਹੁਤ ਤੇਜ਼ ਹਨੇਰੀ ਆਈ, ਜਿਸ ਨਾਲ ਬਿਜਲੀ ਦੇ ਬਹੁਤ ਸਾਰੇ ਖੰਭੇ ਤੇ ਦਰੱਖਤ ਟੁੱਟ ਕੇ ਅਤੇ ਜੜ੍ਹਾਂ ਤੋਂ ਉਖੜ ਕੇ ਡਿੱਗ ਪਏ। ਗਰਮੀ ਦਾ ਮੌਸਮ ਸੀ, ਬਾਅਦ ਦੁਪਹਿਰ ਦਾ ਵੇਲਾ ਸੀ ਅਤੇ ਬਿਜਲੀ ਵੀ ਨਹੀਂ ਸੀ, ਪਰ ਬਾਹਰ ਮੀਂਹ ਹਟਣ ਤੋਂ ਬਾਅਦ ਮੌਸਮ ਸੋਹਣਾ ਹੋ ਗਿਆ ਸੀ। ਮੱਠੀ-ਮੱਠੀ ਚਲਦੀ ਠੰਢੀ ਹਵਾ ਦਾ ਆਨੰਦ ਲੈਣ ਮੈਂ ਤੇ ਮੇਰਾ ਵੱਡਾ ਭਰਾ ਘਰੋਂ ਬਾਹਰ ਨਿਕਲ ਆਏ ਅਤੇ ਸੜਕ ਵੱਲ ਜਾਂਦਿਆਂ ਸਾਡੇ ਨਾਲ ਗੁਆਂਢ ਅਤੇ ਪਿੰਡ ਦੇ ਪੰਜ ਛੇ ਮੁੰਡੇ ਹੋਰ ਰਲ ਗਏ। ਅਸੀਂ ਦੇਖਿਆ ਕਿ ਪਿੰਡਾਂ ਦੇ ਚੜ੍ਹਦੇ ਵਾਲੇ ਪਾਸੇ ਸੜਕ 'ਤੇ ਕਾਫ਼ੀ ਦਰੱਖਤ ਡਿੱਗੇ ਹੋਏ ਸਨ। ਅਸੀਂ ਸਾਰੇ ਇਕੱਠੇ ਹੋ ਕੇ ਡਿੱਗੇ ਰੁੱਖਾਂ ਦਾ ਜਾਇਜ਼ਾ ਲੈਣ ਸੜਕ 'ਤੇ ਉਸ ਪਾਸੇ ਗੇੜਾ ਮਾਰਨ ਚੱਲ ਪਏ। ਥੋੜ੍ਹੀ ਦੂਰ ਜਾ ਕੇ ਦੇਖਿਆ ਕਿ ਲੋੜਵੰਦ ਲੋਕ ਬਾਲਣ ਵਾਸਤੇ ਟਾਹਣੀਆਂ ਵੱਢਣ ਵਿੱਚ ਜੁਟੇ ਹੋਏ ਸਨ। ਆਵਾਜਾਈ ਬੰਦ ਵਰਗੀ ਸੀ। ਅਸੀਂ ਹੋਰ ਅੱਗੇ ਹੋਏ ਤਾਂ ਦੇਖਿਆ ਕਿ ਫਿਰੋਜ਼ਪੁਰ ਡਿਪੂ ਦੀ ਰੋਡਵੇਜ਼ ਦੀ ਬੱਸ ਡਿੱਗੇ ਦਰੱਖਤਾਂ ਦੇ ਵਿਚਕਾਰ ਰੁਕੀ ਹੋਈ ਸੀ। ਬੱਸ ਤੇ ਸਵਾਰੀਆਂ ਸੁਰੱਖਿਅਤ ਸਨ, ਪਰ ਬੱਸ ਅੱਗੇ ਜਾਂ ਪਿੱਛੇ ਨਹੀਂ ਸੀ ਜਾ ਸਕਦੀ। ਬੱਸ ਦਾ ਡਰਾਈਵਰ ਅਤੇ ਕੰਡਕਟਰ ਦੋਵੇਂ ਬਾਲਣ ਵੱਢਣ ਵਾਲਿਆਂ ਤੇ ਸਵਾਰੀਆਂ ਦੀ ਮਦਦ ਨਾਲ ਡਿੱਗੇ ਹੋਏ ਦਰੱਖਤਾਂ ਦੀਆਂ ਟਾਹਣੀਆਂ ਵੱਢ ਅਤੇ ਖਿੱਚ ਕੇ ਪਾਸੇ ਕਰਨ ਲੱਗੇ ਹੋਏ ਸਨ। ਸਾਨੂੰ ਸੱਤ-ਅੱਠ ਮੁੰਡਿਆਂ ਨੂੰ ਆਪਣੇ ਵੱਲ ਆਉਂਦਿਆਂ ਨੂੰ ਸਭ ਆਸ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਉਨ੍ਹਾਂ ਦੇ ਥੋੜ੍ਹਾ ਹੋਰ ਨੇੜੇ ਪਹੁੰਚਣ 'ਤੇ ਡਰਾਈਵਰ ਨੇ ਆਵਾਜ਼ ਦੇ ਦਿੱਤੀ, ‘‘ਆਇਓ ਬਈ ਮੁੰਡਿਓ! ਆਹ ਟਾਹਣੇ ਨੂੰ ਪੁਆਇਓ ਹੱਥ, ਇਹ ਜ਼ਿਆਦਾ ਈ ਭਾਰੀ ਐ।''
ਉਸ ਦੇ ਇੰਨਾ ਕਹਿਣ 'ਤੇ ਮੇਰੇ ਵੱਡੇ ਭਰਾ ਨੂੰ ਇਕਦਮ ਪਤਾ ਨਹੀਂ ਕਿੱਥੋਂ ਗੱਲ ਸੁੱਝੀ ਅਤੇ ਕਹਿ ਦਿੱਤਾ, ‘‘ਅਸੀਂ ਓਹੀ ਆਂ, ਜਿਨ੍ਹਾਂ ਨੂੰ ਸਮਰਾਲੇ ਇਹ ਕਹਿ ਕੇ ਬੱਸ ਤੋਂ ਥੱਲੇ ਲਾਹ ਦਿੰਨੇ ਓਂ, ਬਈ ਖਮਾਣੋਂ ਤੋਂ ਰਾਹ 'ਚ ਨੀਂ ਰੁਕਣੀ। ਖਿੱਚ ਲਓ ਆਪੇ।'' ਇਹ ਗੱਲ ਸੁਣ ਕੇ ਡਰਾਈਵਰ ਸ਼ਰਮਿੰਦਾ ਹੋ ਗਿਆ ਅਤੇ ਅੱਗੋਂ ਕੁਝ ਵੀ ਨਾ ਕਹਿ ਸਕਿਆ। ਅਸੀਂ ਸਾਰਿਆਂ ਨੇ ਵੀ ਉਸ ਦੀ ਗੱਲ ਦੀ ਹਾਮੀ ਭਰੀ। ਸਵਾਰੀਆਂ ਚੁੱਪ ਸਨ ਕਿਉਂਕਿ ਗੱਲ ਵਾਜਬ ਸੀ। ਫਿਰ ਸਾਡੇ ਇੱਕ-ਦੋ ਸਾਥੀਆਂ ਦੇ ਕਹਿਣ 'ਤੇ ਅਤੇ ਸਵਾਰੀਆਂ ਬਾਰੇ ਸੋਚ ਕੇ ਅਸੀਂ ਵੱਡਾ ਟਾਹਣਾ ਖਿੱਚ ਕੇ ਪਾਸੇ ਕਰਨ ਵਿੱਚ ਮਦਦ ਕਰ ਦਿੱਤੀ ਅਤੇ ਸਾਡੇ ਸਭ ਦੇ ਨਾਲ ਲੱਗ ਜਾਣ ਕਰਕੇ ਬੱਸ ਦੇ ਲੰਘਣ ਯੋਗ ਰਸਤਾ ਛੇਤੀ ਸਾਫ਼ ਹੋ ਗਿਆ। ਜਾਣ ਵੇਲੇ ਬੱਸ ਦਾ ਡਰਾਈਵਰ ਅਤੇ ਕੰਟਕਟਰ ਸਾਡੇ ਸਾਰਿਆਂ ਨਾਲ ਹੱਥ ਮਿਲਾ ਕੇ ਇਹ ਵਾਅਦਾ ਕਰਕੇ ਗਏ ਕਿ ਅਸੀਂ ਤੁਹਾਡੇ ਪਿੰਡ ਸਵਾਰੀ ਉਤਾਰਿਆ ਵੀ ਕਰਾਂਗੇ ਅਤੇ ਚੁੱਕਿਆ ਵੀ ਕਰਾਂਗੇ। ਬੱਸ ਦੇ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਜਾਣ 'ਤੇ ਅਸੀਂ ਹੱਸਦੇ-ਖੇਡਦੇ ਇੱਕ ਯਾਦ ਪੱਲੇ ਬੰਨ੍ਹ ਕੇ ਵਾਪਸ ਘਰ ਆ ਗਏ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ