ਨਵੀਂ ਦਿੱਲੀ, 3 ਦਸੰਬਰ, (ਪੋਸਟ ਬਿਊਰੋ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਵਿਚ ਸਾਫ ਲਫਜ਼ਾਂ ਵਿੱਚ ਇਹ ਗੱਲ ਕਹੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਦਾ ਦੋਸ਼ੀ ਮੰਨੇ ਜਾਂਦੇ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਕੀਤੀ ਗਈ।
ਅੱਜ ਪਾਰਲੀਮੈਂਟ ਵਿੱਚ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫੀ ਬਾਰੇ ਅਮਿਤ ਸ਼ਾਹ ਨੂੰ ਸਵਾਲ ਕੀਤਾ ਸੀ। ਇਸ ਦੇ ਜਵਾਬ ਵਿਚ ਅਮਿਤ ਸ਼ਾਹ ਨੇ ਸਾਫ ਕਿਹਾ ਕਿ ਮੀਡੀਆ ਰਿਪੋਰਟਾਂ ਉੱਤੇ ਨਾ ਜਾਓ, ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਨਹੀਂ ਹੋਈ। ਲੋਕ ਸਭਾ ਵਿੱਚ ਬਹਿਸ ਦੌਰਾਨ ਰਵਨੀਤ ਬਿੱਟੂ ਨੇ ਅਮਿਤ ਸ਼ਾਹ ਨੂੰ ਪੁੱਛਿਆ ਸੀ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਨ੍ਹਾਂ ਨੇ ਕਿਉਂ ਮੁਆਫ ਕੀਤੀ ਹੈ।
ਵਰਨਣ ਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ (52 ਸਾਲ) ਇਸ ਵੇਲੇ ਪਟਿਆਲਾ ਜੇਲ੍ਹ ਵਿਚ ਕੈਦ ਹੈ ਤੇ ਉਸ ਨੂੰ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਅਦਾਲਤ ਤੋਂ ਫਾਂਸੀ ਦੀ ਸਜ਼ਾ ਹੋਈ ਹੈ। ਕੇਂਦਰ ਸਰਕਾਰ ਨੇ ਕਈ ਕੈਦੀ ਸਿੱਖਾਂ ਦੀਆਂ ਸਜ਼ਾਵਾਂ ਬੀਤੇ ਦਿਨੀਂ ਮੁਆਫ ਕੀਤੀਆਂ ਸਨ ਤਾਂ ਓਦੋਂ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਹੋਣ ਦੀ ਖਬਰ ਵੀ ਆਈ ਸੀ, ਪਰ ਅੱਜ ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਉਸ ਨੇ ਰਾਜੋਆਣਾ ਦੀ ਸਜ਼ਾ ਮੁਆਫ ਨਹੀਂ ਕੀਤੀ, ਜਿਸ ਨਾਲ ਇੱਕ ਨਵੀਂ ਚਰਚਾ ਅਤੇ ਰਾਜਨੀਤਕ ਬਹਿਸ ਛਿੜ ਗਈ ਹੈ।
ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿਦਿੱਲੀ ਸ਼ੁਰੂ ਤੋਂ ਹੀ ਸਿੱਖਾਂ ਬਾਰੇ ਦੋਹਰੇ ਮਾਪਦੰਡ ਵਰਤ ਰਹੀ ਹੈ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਮੁਆਫੀ ਦੇ ਐਲਾਨ ਕਰਨ ਪਿੱਛੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੁਕਰਨ ਨਾਲ ਇਕ ਵਾਰ ਫਿਰ ਦਿੱਲੀ ਦੀ ਸਿੱਖਾਂ ਪ੍ਰਤੀ ਦੋਗਲੀ ਨੀਤੀ ਜ਼ਾਹਰ ਹੋਈ ਹੈ। ਉਨ੍ਹਾ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਦੇ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮੁਆਫ ਕਰਨ ਦੇ ਐਲਾਨ ਨਾਲ ਖੁਸ਼ੀ ਹੋਈ ਤੇ ਹੈਰਾਨੀ ਹੋਈ ਸੀ ਕਿ ਦਿੱਲੀ ਸਿੱਖਾਂ ਉੱਤੇ ਮੇਹਰਬਾਨ ਕਿਵੇਂ ਹੋ ਗਈ, ਪ੍ਰੰਤੂ ਅੱਜ ਗ੍ਰਹਿ ਮੰਤਰੀ ਵੱਲੋਂ ਸਾਫ ਸ਼ਬਦਾਂ ਵਿਚ ਉਸ ਤੋਂ ਪਲਟ ਜਾਣ ਨਾਲ ਦਿੱਲੀ ਦਾ ਕਿਰਦਾਰ ਫਿਰ ਨੰਗਾ ਹੋ ਗਿਆ ਅਤੇ ਭਾਰਤ ਸਰਕਾਰ ਬਾਰੇ ਬਣੀ ਆਸ ਟੁੱਟ ਗਈ ਅਤੇ ਇਕ ਵਾਰ ਫਿਰ ਸਿੱਖਾਂ ਨੂੰ ਬੇਗਾਨਗੀ ਦਾ ਅਹਿਸਾਸ ਹੋਇਆ ਹੈ।
ਇਸ ਦੌਰਾਨ ਖਬਰ ਹੈ ਕਿ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਰੱਦ ਕਰਨਬਾਰੇਕੇਂਦਰ ਦੀ ਭਾਜਪਾ ਸਰਕਾਰ ਦੇ ਯੂ-ਟਰਨ ਤੋਂ ਅਕਾਲੀ ਦਲ ਦੀ ਲੀਡਰਸਿ਼ਪ ਵੀ ਬੜੀ ਔਖੀ-ਭਾਰੀ ਹੋ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਰਾਜੋਆਣਾ ਦੀ ਸਜ਼ਾ ਮੁਆਫੀ ਬਾਰੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ ਨਵੇਂ ਬਿਆਨ ਨੂੰ ਸਿੱਖਾਂ ਨਾਲ ਗੰਭੀਰ ਬੇਇਨਸਾਫੀ ਕਿਹਾ ਹੈ। ਉਨ੍ਹਾਂ ਕਿਹਾ ਇਹ ਬਿਆਨ ਬੀਤੇ ਸਮੇਂ ਦੇ ਜ਼ਖ਼ਮਾਂ ਨੂੰ ਮਲਮ ਲਾਉਣ ਦੀ ਥਾਂ ਦੁੱਖ ਦੇਣ ਵਾਲਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਰਾਜੋਆਣਾ ਦੀ ਸਜ਼ਾ ਮੁਆਫੀ ਲਈ ਉਨ੍ਹਾਂ ਦੀ ਪਾਰਟੀ ਫਿਰ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰੇਗੀ।