· ਕੰਜ਼ਰਵੇਟਿਵ ਆਗੂ ਨੇ ਵੈਟਰਨਜ਼ ਨਾਲ ਜੁੜੀਆਂ ਅਰਜ਼ੀਆਂ ਦਾ ਬੈਕਲਾਗ ਕਲੀਅਰ ਕਰਨ ਦਾ ਵੀ ਦਿਵਾਇਆ ਭਰੋਸਾ
ਓਟਵਾ, 22 ਸਤੰਬਰ (ਪੋਸਟ ਬਿਊਰੋ) : ਕੰਜ਼ਰਵੇਟਿਵ ਆਗੂ ਐਂਡਰਿਊ ਸ਼ੀਅਰ ਨੇ ਐਤਵਾਰ ਨੂੰ ਸੀਨੀਅਰ ਕੈਨੇਡੀਅਨ ਸੈਨਿਕਾਂ ਦੇ ਹੱਕ ਵਿੱਚ ਨਵੇਂ ਮਾਪਦੰਡਾਂ ਦਾ ਐਲਾਨ ਕੀਤਾ। ਸਾਬਕਾ ਫੌਜੀ ਮੈਂਬਰਾਂ ਲਈ ਉਚੇਚੇ ਤੌਰ ਉੱਤੇ ਐਲਾਨ ਕਰਨ ਵਾਲੇ ਸ਼ੀਅਰ ਪਹਿਲੇ ਆਗੂ ਬਣ ਗਏ ਹਨ।
ਪ੍ਰਿੰਸ ਐਡਵਰਡ ਆਈਲੈਂਡ ਦੇ ਕੈਨੋਏ ਕੋਵ ਉੱਤੇ ਗੱਲ ਕਰਦਿਆਂ ਸ਼ੀਅਰ ਨੇ ਆਖਿਆ ਕਿ ਉਹ ਦੋ ਸਾਲਾਂ ਦੇ ਅੰਦਰ ਅੰਦਰ ਵੈਟਰਨਜ਼ ਨਾਲ ਜੁੜੀਆਂ ਬੈਨੇਫਿਟ ਸਬੰਧੀ ਅਰਜ਼ੀਆਂ ਦਾ ਸਾਰਾ ਬੈਕਲਾਗ ਕਲੀਅਰ ਕਰ ਦੇਣਗੇ। ਉਨ੍ਹਾਂ ਆਖਿਆ ਕਿ ਜਦੋਂ ਤੋਂ ਲਿਬਰਲ ਆਗੂ ਜਸਟਿਨ ਟਰੂਡੋ ਨੇ 2015 ਵਿੱਚ ਸੱਤਾ ਸਾਂਭੀ ਸੀ ਉਦੋਂ ਤੋਂ ਹੀ ਅਜਿਹੀਆਂ ਅਰਜ਼ੀਆਂ ਦਾ ਢੇਰ ਲੱਗਦਾ ਰਿਹਾ ਹੈ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ।
ਵੈਟਰਨਜ਼ ਅਫੇਅਰਜ਼ ਕੈਨੇਡਾ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਨਵੰਬਰ ਵਿੱਚ 40,000 ਵੈਟਰਨਜ਼ ਇਸ ਗੱਲ ਦੀ ਉਡੀਕ ਕਰ ਰਹੇ ਸਨ ਕਿ ਕੀ ਉਨ੍ਹਾਂ ਦੀਆਂ ਵਿੱਤੀ ਮਦਦ ਸਬੰਧੀ ਅਰਜ਼ੀਆਂ ਨੂੰ ਮਨਜੂ਼ਰ ਕੀਤਾ ਜਾਵੇਗਾ ਜਾਂ ਨਹੀਂ। ਇਹ ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ 11,000 ਵਾਧੂ ਅਰਜ਼ੀਆਂ ਸਨ। ਫਰਵਰੀ ਵਿੱਚ ਲਿਬਰਲ ਬੈਨੇਫਿਟਜ਼ ਸਿਸਟਮ, ਜੋ ਕਿ ਪਹਿਲੀ ਅਪਰੈਲ ਤੋਂ ਲਾਗੂ ਹੋਇਆ ਸੀ, ਨੂੰ ਉਸ ਸਮੇਂ ਸਖ਼ਤ ਨੁਕਤਾਚੀਨੀ ਦਾ ਸਾਹਮਣਾ ਕਰਨਾ ਪਿਆ ਸੀ ਜਦੋਂ ਪਾਰਲੀਆਮੈਂਟਰੀ ਬਜਟ ਆਫੀਸਰ (ਪੀਬੀਓ) ਯਵੇਸ ਜੀਰੌਕਸ ਵੱਲੋਂ ਕੀਤੇ ਗਏ ਅਧਿਐਨ ਮੁਤਾਬਕ ਆਮ ਤੌਰ ਉੱਤੇ ਸੈਨਿਕਾਂ ਤੇ ਫੌਜ ਛੱਡਣ ਵਾਲੇ ਕਈ ਸੈਨਿਕਾਂ ਲਈ ਸਹਿਯੋਗ ਵਿੱਚ ਕਮੀਆਂ ਪਾਈਆਂ ਗਈਆਂ। ਪੀਬੀਓ ਨੇ ਆਖਿਆ ਕਿ ਇਹ ਖਾਮੀਆਂ ਪਿਛਲੇ ਸਾਲਾਂ ਦੇ ਮੁਕਾਬਲੇ ਵੀ ਕਾਫੀ ਜਿ਼ਆਦਾ ਹਨ।
ਆਪਣੇ ਪ੍ਰਸਤਾਵ ਵਿੱਚ ਸ਼ੀਅਰ ਨੇ ਆਖਿਆ ਕਿ ਉਹ ਵੈਟਰਨਜ਼ ਲਈ ਭਰੋਸੇਯੋਗ ਪੈਨਸ਼ਨ ਸਿਸਟਮ ਵੀ ਕਾਇਮ ਕਰਨਗੇ। ਪੀਬੀਓ ਮੁਤਾਬਕ ਇਨ੍ਹਾਂ ਅਰਜ਼ੀਆ ਦਾ ਬੈਕਲਾਗ ਖਤਮ ਕਰਨ ਲਈ 51 ਮਿਲੀਅਨ ਡਾਲਰ ਦਾ ਖਰਚਾ ਆਵੇਗਾ ਜਦਕਿ ਪੈਨਸ਼ਨ ਪ੍ਰੋਗਰਾਮ ਲਈ 103 ਮਿਲੀਅਨ ਡਾਲਰ ਸਾਲਾਨਾ ਦੇ ਹਿਸਾਬ ਨਾਲ ਸੁ਼ਰੂਆਤ ਕਰਨੀ ਹੋਵੇਗੀ ਤੇ ਫਿਰ 2028-29 ਵਿੱਚ ਇਹ 48 ਮਿਲੀਅਨ ਡਾਲਰ ਤੱਕ ਘੱਟ ਜਾਵੇਗਾ।