ਅਮਰੀਕ ਕੁਮਰੀਆ ਮੁੜ ਪ੍ਰਧਾਨ ਚੁਣੇ ਗਏ
ਬਰੈਂਪਟਨ, (ਡਾ. ਝੰਡ) -ਬੀਤੇ ਐਤਵਾਰ 8 ਸਤੰਬਰ ਨੂੰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਦਾ ਸਲਾਨਾ ਸਮਾਗ਼ਮ ਹੋਇਆ ਜਿਸ ਵਿਚ ਕਲੱਬ ਦੇ ਲੱਗਭੱਗ ਸਾਰੇ ਹੀ ਮੈਂਬਰ ਸ਼ਾਮਲ ਹੋਏ। ਸਮਾਗ਼ਮ ਦੀ ਕਾਰਵਾਰੀ ਆਰੰਭ ਕਰਦਿਆਂ ਸੱਭ ਤੋਂ ਪਹਿਲਾਂ ਐਸੋਸੀਏਸ਼ਨ ਦੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਵੱਲੋਂ ਪਿਛਲੇ ਸਾਲ ਦੀ ਆਮਦਨ ਤੇ ਖ਼ਰਚੇ ਦਾ ਹਿਸਾਬ-ਕਿਤਾਬ ਮੈਂਬਰਾਂ ਦੇ ਸਨਮੁੱਖ ਪੇਸ਼ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਐਸੋਸੀਏਸ਼ਨ ਦੀਆਂ ਬੀਤੇ ਵਰ੍ਹੇ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਵਿਚ ਦੱਸਿਆ ਗਿਆ। ਸਾਰੇ ਮੈਂਬਰਾਂ ਨੇ ਆਪਣੇ ਹੱਥ ਖੜੇ ਕਰਕੇ ਇਨ੍ਹਾਂ ਨੂੰ ਪਾਸ ਕੀਤਾ। ਉਪਰੰਤ, ਪ੍ਰਧਾਨ ਜੀ ਨੇ ਪਿਛਲੇ ਸਾਲ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਅਤੇ ਹਾਊਸ ਨੂੰ ਨਵੀਂ ਕਾਰਜਕਾਰਨੀ ਦੀ ਚੋਣ ਕਰਨ ਲਈ ਬੇਨਤੀ ਕੀਤੀ।
ਮੰਚ-ਸੰਚਾਲਨ ਦੀ ਅਹਿਮ ਜਿ਼ੰਮੇਵਾਰੀ ਸੰਭਾਲ ਰਹੇ ਸੁਖਦੇਵ ਸਿੰਘ ਗਿੱਲ ਨੇ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਲਈ ਮੈਂਬਰਾਂ ਤੋਂ ਨਾਵਾਂ ਦੀ ਮੰਗ ਕੀਤੀ ਜਿਸ 'ਤੇ ਸਾਰੇ ਮੈਂਬਰਾਂ ਨੇ ਮੁੜ ਅਮਰੀਕ ਸਿੰਘ ਕੁਮਰੀਆ ਨੂੰ ਮੁੜ ਪ੍ਰਧਾਨ ਬਨਾਉਣ ਲਈ ਆਪਣੀ ਸਹਿਮਤੀ ਦਿੱਤੀ। ਉਪਰੰਤ, ਦੋਬਾਰਾ ਚੁਣੇ ਗਏ ਪ੍ਰਧਾਨ ਅਮਰੀਕ ਕੁਮਰੀਆ ਨੇ ਸਟੇਜ ਸੰਭਾਲੀ ਅਤੇ ਕਾਰਜਕਾਰਨੀ ਦੇ ਮੈਂਬਰਾਂ ਦੀ ਚੋਣ ਸਾਰੇ ਮੈਂਬਰਾਂ ਦੇ ਸਲਾਹ-ਮਸ਼ਵਰੇ ਨਾਲ ਕੀਤੀ ਗਈ ਜਿਸ ਵਿਚ ਕਈ ਪੁਰਾਣੇ ਅਹੁਦੇਦਾਰ ਵੀ ਸ਼ਾਮਲ ਸਨ।
ਨਵੀਂ ਕਾਰਜਕਾਰਨੀ ਕਮੇਟੀ ਵਿਚ ਅਮਰੀਕ ਸਿੰਘ ਕੁਮਰੀਆ (ਪ੍ਰਧਾਨ), ਰਾਮ ਪ੍ਰਕਾਸ਼ ਪਾਲ (ਮੀਤ ਪ੍ਰਧਾਨ), ਸੁਖਦੇਵ ਸਿੰਘ ਗਿੱਲ (ਜਨਰਲ ਸਕੱਤਰ), ਜਗਦੇਵ ਸਿੰਘ ਗਰੇਵਾਲ (ਖ਼ਜ਼ਾਨਚੀ) ਅਤੇ ਗੁਰਬਖ਼ਸ਼ ਸਿੰਘ ਤੂਰ, ਗਿਆਨ ਸਿੰਘ ਸੰਘਾ, ਗੁਰਬਖ਼ਸ਼ ਸਿੰਘ ਭੁੱਲਰ, ਸੁਖਵੰਤ ਕੌਰ ਸੰਧੂ, ਸੁਖਦੇਵ ਕੌਰ ਮਾਨ ਡਾਇਰੈੱਕਟਰ ਚੁਣੇ ਗਏ। ਐਸੋਸੀਏਸ਼ਨ ਦੇ ਸੰਵਿਧਾਨ ਵਿਚ ਸੋਧ ਕਰਕੇ ਇਹ ਨਵੀਂ ਕਾਰਜਕਾਰਨੀ ਕਮੇਟੀ ਤਿੰਨ ਸਾਲਾਂ ਲਈ ਚੁਣੀ ਗਈ ਅਤੇ ਐਸੋਸੀਏਸ਼ਨ ਦੀ ਮੈਂਬਰਸਿ਼ਪ ਅਪ੍ਰੈਲ ਤੋਂ ਅਗਲੇ ਸਾਲ ਮਾਰਚ ਮਹੀਨੇ ਤੀਕ ਹੋਵੇਗੀ। ਇਸ ਮੌਕੇ ਖਾਣ-ਪੀਣ ਦਾ ਖੁੱਲ੍ਹਾ ਪ੍ਰਬੰਧ ਸੀ।
ਅਖ਼ੀਰ ਵਿਚ ਪ੍ਰਧਾਨ ਕੁਮਰੀਆ ਵੱਲੋਂ ਸਾਰੇ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਉਨ੍ਹਾਂ ਅਤੇ ਕਾਰਜਕਾਰਨੀ ਕਮੇਟੀ ਦੇ ਹੋਰ ਮੈਂਬਰਾਂ ਵਿਚ ਆਪਣਾ ਵਿਸ਼ਵਾਸ ਪ੍ਰਗਟਾਇਆ ਹੈ। ਇਸ ਸਬੰਧੀ ਹੋਰ ਜਾਣਕਾਰੀ ਲਈ ਅਮਰੀਕ ਸਿੰਘ ਕੁਮਰੀਆ ਨੂੰ 647-998-7253 'ਤੇ ਸੰਪਰਕ ਕੀਤਾ ਜਾ ਸਕਦਾ ਹੈ।