Welcome to Canadian Punjabi Post
Follow us on

03

July 2025
 
ਨਜਰਰੀਆ

ਔਂਦੀ ਯਾਦ ਵਤਨ ਦੀ ਖਾਕ ਹੈ

August 21, 2019 10:23 AM

-ਗੁਰਦੇਵ ਸਿੰਘ ਸਿੱਧੂ
ਪੰਦਰਾਂ ਅਗਸਤ 1947 ਨੂੰ ਦਿੱਲੀ ਦੇ ਲਾਲ ਕਿਲ੍ਹੇ ਬ੍ਰਿਟਿਸ਼ ਸਾਮਰਾਜ ਦਾ ਚਿੰਨ੍ਹ ਯੂਨੀਅਨ ਜੈਕ ਉਤਾਰ ਕੇ ਸੁਤੰਤਰ ਭਾਰਤ ਦਾ ਆਪਣਾ ਕੌਮੀ ਝੰਡਾ ਤਿਰੰਗਾ ਲਹਿਰਾਏ ਜਾਣ ਨਾਲ ਗੁਲਾਮੀ ਦੇ ਯੁੱਗ ਦਾ ਅੰਤ ਹੋ ਗਿਆ। ਆਜ਼ਾਦੀ ਪ੍ਰਾਪਤੀ ਦੀ ਖੁਸ਼ੀ ਵਿੱਚ ਦੇਸ਼ ਵਿੱਚ ਜਸ਼ਨ ਮਨਾਏ ਜਾਣ ਲੱਗੇ, ਪਰ ਪੰਜਾਬੀਆਂ ਲਈ ਖੁਸ਼ੀ ਦਾ ਇਹ ਅਵਸਰ ਵੰਡ ਦਾ ਸੰਤਾਪ ਲੈ ਕੇ ਆਇਆ। ਲੱਖਾਂ ਪੰਜਾਬੀਆਂ ਨੂੰ ਨਾ ਚਾਹੁੰਦਿਆਂ ਵੀ ਆਪਣਾ ਘਰ ਘਾਟ ਛੱਡ ਕੇ ਇਧਰੋਂ ਉਧਰ ਤੇ ਉਧਰੋਂ ਇਧਰ ਆਉਣਾ ਪਿਆ। ਵੱਡੇ ਪੱਧਰ ਉੱਤੇ ਹੋਏ ਆਬਾਦੀ ਦੇ ਤਬਾਦਲੇ ਦੇ ਨਾਲ ਹੋਏ ਜਾਨੀ ਮਾਲੀ ਨੁਕਸਾਨ ਨੇ ਇਸ ਘਟਨਾ ਨੂੰ ਸੰਸਾਰ ਦੀ ਅਜਿਹੀ ਦੁਖਦਾਈ ਘਟਨਾ ਬਣਾ ਦਿੱਤਾ, ਜਿਹੋ ਜਿਹੀ ਘਟਨਾ ਪਹਿਲਾਂ ਕਦੇ ਨਹੀਂ ਸੀ ਵਾਪਰੀ।
ਇਸ ਤਰ੍ਹਾਂ ਦਾ ਹਿਰਦੇ ਵੇਧਕ ਸੰਤਾਪ ਭੋਗਣ ਵਾਲਾ ਸੰਵੇਦਨਸ਼ੀਲ ਵਿਅਕਤੀ ਸੀ ਬਾਬੂ ਰਜਬ ਅਲੀ। ਰਜਬ ਅਲੀ ਦਾ ਜਨਮ 10 ਅਗਸਤ 1894 ਨੂੰ ਉਸ ਵੇਲੇ ਦੇ ਜ਼ਿਲ੍ਹੇ ਫਿਰੋਜ਼ਪੁਰ (ਅੱਜਕੱਲ੍ਹ ਜ਼ਿਲ੍ਹਾ ਮੋਗਾ) ਦੇ ਇੱਕ ਪਿੰਡ ਸਾਹੋਕੇ ਵਿੱਚ ਇੱਕ ਰੱਜੇ ਪੁੱਜੇ ਮੁਸਲਮਾਨ ਪਰਵਾਰ ਵਿੱਚ ਹੋਇਆ। ਮੈਟਿ੍ਰਕ ਤੋਂ ਪਿੱਛੋਂ ਓਵਰਸੀਅਰ ਦੀ ਟਰੇਨਿੰਗ ਲੈ ਕੇ ਉਸ ਨੇ ਪੰਜਾਬ ਦੇ ਸਿੰਚਾਈ ਵਿਭਾਗ ਵਿੱਚ ਨੌਕਰੀ ਕੀਤੀ, ਜਿਸ ਕਾਰਨ ਉਹ ਬਾਬੂ ਵਜੋਂ ਜਾਣਿਆ ਜਾਣ ਲੱਗਾ। ਆਪਣੇ ਪਿਤਾ ਤੋਂ ਪ੍ਰਾਪਤ ਕਾਵਿ ਚੇਟਕ ਉਸ ਨੂੰ ਉਸ ਸਮੇਂ ਦੇ ਪ੍ਰਸਿੱਧ ਕਿੱਸਾਕਾਰ ਮਾਨ ਸਿੰਘ ਕਾਨ੍ਹ ਸਿੰਘ ਵਾਲਾ ਕੋਲ ਲੈ ਗਈ ਅਤੇ ਉਸ ਨੇ ਮਾਨ ਸਿੰਘ ਤੋਂ ਪਿੰਗਲ ਦੀ ਸਿਖਿਆ ਪ੍ਰਾਪਤ ਕੀਤੀ। ਥੋੜ੍ਹੇ ਸਮੇਂ ਵਿੱਚ ਉਹ ਵਧੀਆ ਕਵਿਤਾ ਲਿਖਣ ਦੇ ਸਮਰੱਥ ਹੋ ਗਿਆ ਤਾਂ ਕਵੀਸ਼ਰੀ ਦੇ ਸ਼ੌਕੀ ਉਸ ਦੇ ਗਿਰਦ ਮੰਡਰਾਉਣ ਲੱਗੇ। ਉਸ ਦੀ ਨਹਿਰੀ ਕੋਠੀ ਕਾਵਿ ਰਸੀਆਂ ਦਾ ਟਿਕਾਣਾ ਬਣ ਗਈ।
ਦੇਸ਼ ਨੂੰ ਆਜ਼ਾਦੀ ਮਿਲਣ ਸਮੇਂ ਉਹ ਸਵੇ ਇੱਛਤ ਸੇਵਾ ਮੁਕਤੀ ਲੈ ਕੇ ਕਵੀਸ਼ਰੀ ਖੇਤਰ ਵਿੱਚ ਆਪਣੇ ਚੇਲਿਆਂ-ਚਾਟੜਿਆਂ ਵਿਚਕਾਰ ਵਿਚਰਦਿਆਂ ਖੁਸ਼ਹਾਲ ਸਰਗਰਮ ਜੀਵਨ ਜਿਊ ਰਿਹਾ ਸੀ। ਪਿੰਡ ਵਿੱਚ ਹੀ ਨਹੀਂ, ਇਲਾਕੇ ਵਿੱਚ ਉਸ ਦੀ ਹਰਮਨ ਪਿਆਰਤਾ ਅਤੇ ਅਸਰ ਸਰੂਖ ਦਾ ਇਸ ਤੋਂ ਵੱਡਾ ਪ੍ਰਮਾਣ ਕੀ ਹੋ ਸਕਦਾ ਹੈ ਕਿ ਦੇਸ਼ ਵੰਡ ਦੇ ਫਲਸਰੂਪ ਹੋ ਰਹੇ ਆਬਾਦੀ ਦੇ ਤਬਾਦਲੇ ਕਾਰਨ ਜਦੋਂ ਉਸ ਨੇ ਆਪਣੀ ਜਨਮ ਭੋਇੰ ਸਾਹੋਕੇ ਛੱਡ ਕੇ ਜਾਣ ਦਾ ਫੈਸਲਾ ਕੀਤਾ ਤਾਂ ਵੱਡੀ ਗਿਣਤੀ ਵਿੱਚ ਜਨ ਸਮੂਹ ਸਰਹੱਦ ਤੱਕ ਉਸ ਨੂੰ ਵਿਦਾ ਕਰਨ ਗਿਆ। ਪਿਆਰ ਸਤਿਕਾਰ ਅਤੇ ਅਪਣੱਤ ਦੀ ਇਸ ਨਿੱਘੀ ਭਾਵਨਾ ਦਾ ਫਲ ਸੀ ਕਿ ਉਸ ਦਾ ਭਰਿਆ ਭਕੁੰਨਿਆ ਘਰ ਜਿਉਂ ਦਾ ਤਿਉਂ ਨਾ ਰਿਹਾ, ਸਗੋਂ ਸਾਹੋਕੇ ਵਾਸੀਆਂ ਨੇ ਉਸ ਦੀ ਘੋੜੀ ਤੇ ਚਾਰ ਮੱਝਾਂ ਦੀ ਸਾਂਭ ਸੰਭਾਲ ਵੀ ਉਦੋਂ ਤੱਕ ਨਿਰੰਤਰਤਾ ਨਾਲ ਕੀਤੀ ਜਦ ਤੱਕ ਉਸ ਦਾ ਪੁੱਤਰ ਇਧਰ ਆ ਕੇ ਇਹ ਮਾਲ ਡੰਗਰ ਅਤੇ ਹੋਰ ਕੀਮਤੀ ਸਾਮਾਨ ਨਹੀਂ ਲੈ ਗਿਆ।
ਪਾਕਿਸਤਾਨ ਜਾ ਕੇ ਬਾਬੂ ਰਜਬ ਅਲੀ ਨੂੰ ਆਪਣੇ ਪੈਰ ਜਮਾਉਣ ਵਿੱਚ ਬਹੁਤਾ ਸਮਾਂ ਨਹੀਂ ਲੱਗਾ। ਇਧਰਲੀ ਅਚੱਲ ਜਾਇਦਾਦ ਦੇ ਇਵਜ਼ ਵਿੱਚ ਉਸ ਨੂੰ ਔਕਾੜੇ ਨੇੜੇ ਚੱਕ ਨੰਬਰ 32/2 ਐਲ ਵਿੱਚ ਜ਼ਮੀਨ ਅਲਾਟ ਹੋ ਗਈ। ਉਸ ਦੇ ਵੱਡੇ ਦੋ ਪੁੱਤਰਾਂ ਨੇ ਖੇਤੀ ਵਾਹੀ ਦਾ ਕੰਮ ਸੰਭਾਲ ਲਿਆ ਅਤੇ ਛੋਟਾ ਪੁੱਤਰ ਲਾਹੌਰ ਜਾ ਕੇ ਪੜ੍ਹਾਈ ਕਰਨ ਲੱਗਾ। ਇਉਂ ਪਰਵਾਰਕ ਗੱਡੀ ਲੀਹ ਉਤੇ ਚੱਲ ਪੈਣ ਪਿੱਛੋਂ ਬਾਬੂ ਰਜਬ ਅਲੀ ਸੰਸਾਰਕ ਝਮੇਲਿਆਂ ਤੋਂ ਚਿੰਤਾ ਮੁਕਤ ਹੋ ਕੇ ਕਾਵਿ ਰਚਨਾ ਵਿੱਚ ਰੁੱਝ ਗਿਆ। ਬਾਬੂ ਰਜਬ ਅਲੀ ਕਿੱਸਾਕਾਰੀ ਤਾਂ ਪਹਿਲਾਂ ਵੀ ਕਰਦਾ ਸੀ ਅਤੇ ਉਹ ਇਸ਼ਕੀਆ ਕਿੱਸਿਆਂ ਦੇ ਨਾਲ ਨਾਲ ਹਿੰਦੂ ਮਿਥਿਹਾਸ ਅਤੇ ਸਿੱਖ ਇਤਿਹਾਸ ਵਿੱਚੋਂ ਚੋਣਵੀਆਂ ਘਟਨਾਵਾਂ ਨੂੰ ਕਾਵਿ ਰੂਪ ਦੇ ਕੇ ਆਪਣੀ ਧਰਮ ਨਿਰਪੱਖ ਸੋਚਣੀ ਦਾ ਪ੍ਰਮਾਣ ਦੇ ਚੁੱਕਾ ਸੀ, ਪਰ ਦੇਸ਼ ਵੰਡ ਪਿੱਛੋਂ ਪਾਕਿਸਤਾਨ ਵਿੱਚ ਜਾ ਵੱਸਣ ਦੇ ਨਤੀਜੇ ਵਜੋਂ ਉਸ ਦੀਆਂ ਲਿਖਤਾਂ ਵਿੱਚ ਇੱਕ ਨਵਾਂ ਵਿਸ਼ਾ ਜੁੜਿਆ। ਇਹ ਵਿਸ਼ਾ ਸੀ ਰਾਜਨੀਤਕ ਘਟਨਾਵਾਂ ਦੇ ਫਲਸਰੂਪ ਮਜਬੂਰਨ ਛੱਡਣੀ ਪਈ ਜਨਮ ਭੂਮੀ ਤੋਂ ਵਿੱਛੜ ਜਾਣ ਦਾ ਹੇਰਵਾ। ਬਾਬੂ ਰਜਬ ਅਲੀ ਨੇ ਜੜ੍ਹਾਂ ਨਾਲੋਂ ਟੁੱਟਣ ਦੇ ਕਰਮ ਨੂੰ ਹੱਡੀਂ ਹੰਢਾਇਆ ਸੀ ਤੇ ਇਸ ਦਾ ਕਾਵਿ ਵਰਣਨ ਕਰਨ ਨਾਲ ਉਸ ਦੀ ਆਤਮਾ ਨੂੰ ਠੰਢ ਪੈਂਦੀ ਸੀ। ਇਸ ਲਈ ਜਦ ਵੀ ਉਹ ਕੋਈ ਕਿੱਸਾ ਕਹਾਣੀ ਲਿਖਣੀ ਸ਼ੁਰੂ ਕਰਦਾ, ਉਸ ਦੇ ਅੰਦਰਰਲਾ ਦਰਦ ਆਪ ਮੁਹਾਰੇ ਕਲਮ ਦੀ ਨੋਕ ਉਤੇ ਆ ਜਾਂਦਾ ਅਤੇ ਸ਼ਬਦਾਂ ਦਾ ਰੂਪ ਧਾਰ ਚੱਲਦੇ ਪ੍ਰਸੰਗ ਵਿੱਚ ਅੰਕਿਤ ਹੋ ਜਾਂਦਾ। ਅਜਿਹੀ ਮਨੋ ਅਵਸਥਾ ਵਿੱਚ ਹੀ ਉਸ ਨੇ ‘ਆਵੇ ਵਤਨ ਪਿਆਰਾ ਚੇਤੇ, ਜਦ ਖਿੱਚ ਪਾਉਣ ਮੁਹੱਬਤਾਂ ਜੀ', ‘ਰਜਬਲੀ ਕਵੀਸ਼ਰ ਦੀ, ਸਦਾ ਰਹੇ ਨਗਰੀ ਰੰਗਾਂ ਵਿੱਚ ਵਸਦੀ' ਅਤੇ ‘ਮੈਨੂੰ ਉਠਦੇ ਬੈਠਦੇ ਨੂੰ, ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ' ਦੀ ਰਚਨਾ ਕੀਤੀ। ਉਸ ਨੇ ਵੰਡ ਦੇ ਫਲਸਰੂਪ ਸਾਹੋਕਿਆਂ ਤੋਂ ਪਾਕਿਸਤਾਨ ਵਿੱਚ ਕਿਸੇ ਅਣਦੱਸੀ ਅਣਦੇਖੀ ਥਾਂ ਲਈ ਚੱਲਣ ਸਮੇਂ ਮਨ ਵਿੱਚ ਪਾਏ ਵੈਣਾਂ ਨੂੰ ਏਦਾਂ ਲਿਖਿਆ :
ਮੈਨੂੰ ਰੱਖ ਲੋ ਨਗਰ ਮੇਂ ਜੀ,
ਨਗਰ ਦੇ ਲੋਕੋ ਹੱਥਾਂ ਦੀਆਂ ਵਾਹੋ।
ਬਾਬੂ ਜਾਣ ਦੇਵਣਾ ਨਾ,
ਦਾਸ ਦੀ ਕਬਰ ਬਣਾ ਲੋ ਸਾਹੋ।
ਲਾਸ਼ ਦੱਬ ਦਿਓ ਗਾਮ ਮੇਂ ਜੀ,
ਸੱਚੇ ਕੋਲ ਭੌਰ ਪਹੁੰਚ ਜੂ ਗ੍ਹਾਂ ਗ੍ਹਾਂ।
ਮੈਨੂੰ ਉਠਦੇ ਬੈਠਦੇ ਨੂੰ,
ਰਹਿਣ ਹਰ ਵਕਤ ਵਤਨ ਦੀਆਂ ਤਾਂਘਾਂ।
ਬਾਬੂ ਰਜਬ ਅਲੀ ਨੇ ਵਸੋਂ ਤਬਾਦਲੇ ਨੂੰ ਵਕਤੀ ਤੌਰ ਉੱਤੇ ਰੱਬ ਦਾ ਭਾਣਾ ਮੰਨ ਕੇ ਦਿਲ ਸਮਝਾ ਲਿਆ, ਪਰ ਸੰਗੀਆਂ-ਸਾਥੀਆਂ ਦੇ ਵਿਛੋੜੇ ਦਾ ਦਰਦ ਸਦਾ ਅਜਿਹੀ ਮਨੋਅਵਸਥਾ ਦਾ ਚਿਤਰਣ ਇਉਂ ਕੀਤਾ ਹੈ :
ਮੰਨ ਲੀ ਜੋ ਕਰਦਾ ਰੱਬ ਪਾਕ ਐ,
ਔਂਦੀ ਯਾਦ ਵਤਨ ਦੀ ਖਾਕ ਐ,
ਟੁਟ ਫੁਟ ਟੁਕੜੇ ਬਣ ਗੇ ਦਿਲ ਦੇ,
ਹਾਇ ਮੈਂ ਭੁੱਜ ਗਿਆ ਵਾਂਗੂੰ ਖਿੱਲ ਦੇ,
ਬੱਜਰ ਬਣ ਗੀ ਦੇਹੀ ਐ,
ਵਿਛੜੇ ਯਾਰ ਪਿਆਰੇ,
ਬਣੀ ਮੁਸੀਬਤ ਕੇਹੀ ਐ।
ਇਹੀ ਕਾਰਨ ਸੀ ਕਿ ਭਾਵੇਂ ਨਵੇਂ ਵਸੇਬੇ ਉਤੇ ਵੀ ਬਾਬੂ ਰਜਬ ਅਲੀ ਦੇ ਉਦਾਲੇ ਸ਼ਾਗਿਰਦ ਮੰਡਲੀ ਦਾ ਪਰਵਾਰ ਬਣ ਗਿਆ, ਪਰ ਉਸ ਦੀ ਧੁਰ ਅੰਦਰ ਦੀ ਤਾਰ ਇਧਰਲੇ ਪੰਜਾਬ ਵਿਚਲੇ ਉਨ੍ਹਾਂ ਚੇਲਿਆਂ ਨਾਲ ਹੀ ਜੁੜੀ ਰਹੀ ਜਿਨ੍ਹਾਂ ਨੂੰ ਉਸ ਨੇ ‘ਬਾਬੂ ਕਹੇ ਜਗਮੇਲ, ਬਸੰਤ, ਠਾਣਾ, ਪਿਆਰੇ ਸ਼ਿਸ਼ ਕੁਰਾਨ ਦੀ ਆਇਤ ਮੇਰੀ’ ਕਹਿੰਦਿਆਂ ਮੋਹ ਭਿੱਜੇ ਮਾਣ ਸਤਿਕਾਰ ਨਾਲ ਯਾਦ ਕੀਤਾ ਸੀ। ਲੋਕ ਬੋਲੀ ਇਹ ਕਹਿੰਦੀ ਹੈ, ‘ਰੂਹ ਲੈ ਗਿਆ ਦਿਲਾਂ ਦਾ ਜਾਨੀ, ਬੁੱਤ ਸਾਡਾ ਪਿੱਛੇ ਰਹਿ ਗਿਆ', ਪਰ ਬਾਬੂ ਰਜਬ ਅਲੀ ਦੀ ਸਥਿਤੀ ਵਿੱਚ ਇਸ ਤੋਂ ਉਲਟ ਵਾਪਰਿਆ। ਦੇਸ਼ ਵੰਡ ਦੇ ਫਲ ਸਰੂਪ ਹੋਏ ਵਸੋਂ ਦੇ ਤਬਾਦਲੇ ਕਾਰਨ ਮਜਬੂਰ ਹੋਏ ਬਾਬੂ ਰਜਬ ਅਲੀ ਦੇ ਪਾਕਿਸਤਾਨ ਜਾਣ ਸਮੇਂ ਉਸ ਦੇ ਨਾਲ ਕੇਵਲ ਖਾਕੀ ਸਰੀਰ ਹੀ ਪਾਕਿਸਤਾਨ ਗਿਆ, ਉਸ ਦੀ ਰੂਹ ਆਪਣੀ ਮੁੱਢਲੀ ਕਰਮ ਭੂਮੀ ਵਿੱਚ ਭਟਕਦੀ ਰਹੀ। ਇਹੋ ਕਾਰਨ ਸੀ ਕਿ ਸਰਹੱਦ ਤੋਂ ਓਸ ਪਾਰ ਬੈਠਿਆਂ ਵੀ ਉਸ ਨੂੰ ਸਰਹੱਦ ਦੇ ਇਸ ਪਾਸੇ ਪੈਂਦੀਆਂ ਰਾਸਾਂ, ਗਾਉਂਦੇ ਕਵੀਸ਼ਰ, ਵੱਜਦੀਆਂ ਢੱਡਾਂ ਅਤੇ ਛਣਦੇ ਛੈਣੇ ਸੁਣਾਈ ਦਿੰਦੇ ਤਾਂ ਹੀ ਉਸ ਨੇ ਲਿਖਿਆ :
ਰਾਸਾਂ ਪੈਂਦੀਆਂ ਵਾਂਗ ਕ੍ਰਿਸ਼ਨ ਜੀ ਦੇ,
ਕਰਦੇ ਨਾਚ ਹਮੇਸ਼ਾ ਨਾਚਾਰ ਰਹਿੰਦੇ।
ਸ਼ਬਦ ਪੜ੍ਹਨ ਖੜ੍ਹੇ ਜਥੇ ਢਾਡੀਆਂ ਦੇ,
ਵਜਦੇ ਛੈਣਿਆਂ ਨਾਲ ਸਿਤਾਰ ਰਹਿੰਦੇ।
ਆਪਣੀ ਇਸ ਭਟਕਣਾ, ਇਸ ਵੇਦਨਾ ਦਾ ਬਿਆਨ ਉਸ ਨੇ ਪਾਕਿਸਤਾਨ ਤੋਂ ਇਧਰਲੇ ਜਾਣੂੰਆਂ ਨੂੰ ਲਿਖੇ ਖਤ ਵਿੱਚ ਇਨ੍ਹਾਂ ਸ਼ਬਦਾਂ ਵਿੱਚ ਕੀਤਾ :
ਦੇਵਾਂ ਤਿਫਲ ਤਸੱਲੀਆਂ ਮੈਂ,
ਨਹੀਂ ਦਿਲ ਵਿਰਦਾ,
ਨਹੀਂ ਦਿਲ ਵਿਰਦਾ।
ਮੂੰਹੋਂ ਆਹਾਂ ਨਿਕਲਦੀਆਂ,
ਲੋਕ ਕਹਿਣ ਕਮਲ ਮਾਰਦਾ ਫਿਰਦਾ।
ਰਹੇ ਦਰਦ ਮੱਠਾ ਜਿਹਾ ਜੀ,
ਫਰਕ ਨਾ ਵਾਲ ਬਰਾਬਰ ਪੈਂਦਾ।
ਰਿਹਾ ਭੇਜ ਸਲਾਮਾਂ ਨੂੰ,
ਐਸ ਪਿੰਡ ਜੰਮਿਆ, ਹੋਰ ਪਿੰਡ ਰਹਿੰਦਾ।
ਜਿਸ ਦੇ ਦਿਲ ਵਿੱਚ ਅਜਿਹੇ ਦਰਦ ਦਾ ਨਾਸੂਰ ਹੋਵੇ, ਜਿਸ ਦਾ ਇਲਾਜ ਕੇਵਲ ਅਤੇ ਕੇਵਲ ਆਪਣੀ ਜਨਮ ਭੋਇੰ ਦੀ ਮਿੱਟੀ ਚੁੰਮਣਾ ਅਤੇ ਉਥੋਂ ਦੀ ਹਵਾ ਵਿੱਚ ਸਾਹ ਲੈਣਾ ਹੋਵੇ, ਉਹ ਅਜਿਹਾ ਅਵਸਰ, ਜੋ ਉਸ ਦੀ ਮਰਜ਼ ਦੀ ਦਵਾ ਬਣ ਸੇ, ਭਾਲਣ ਲਈ ਪਲ ਪਲ ਤਾਂਘਦਾ ਹੈ। ਬਾਬੂ ਰਜਬ ਅਲੀ ਨੇ ਵੀ ਆਪਣੇ ਪਿੰਡ ਸਾਹੋਕਿਆਂ ਦੀ ਪੰਚਾਇਤ ਦੇ ਸੱਦੇ ਉਤੇ 1964 ਵਿੱਚ ਇਧਰ ਆਉਣ ਵਾਸਤੇ ਵੀਜ਼ਾ ਪ੍ਰਾਪਤੀ ਲਈ ਦਰਖਾਸਤ ਦਿੱਤੀ। ਬਦਕਿਸਮਤੀ ਨੂੰ ਵੀਜ਼ਾ ਨਾ ਮਿਲਿਆ ਤਾਂ ਵੀਜ਼ਾ ਅਫਸਰ ਲਈ ਇਹ ਸਵਾਲ ਵਾਰ ਵਾਰ ਬਾਬੂ ਰਜਬ ਅਲੀ ਦੀ ਜ਼ੁਬਾਨ ਉਤੇ ਆਉਂਦਾ ਰਿਹਾ, ‘ਸਾਈਨ ਕਰਦਿਆਂ ਦੱਸ ਤਕਲੀਫ ਕੀ ਸੀ, ਬੜਾ ਕਰੇ ਅਫਸੋਸ ਪੰਚੈਤ ਮੇਰੀ।’ ਅਤੇ ਜਦ ਵਿਧ ਬਣ ਗਈ ਤਾਂ ਉਸ ਦੇ ਪਿੰਡ ਵਾਸੀਆਂ, ਇਲਾਕਾ ਵਾਸੀਆਂ ਤੇ ਉਸ ਦੇ ਚੇਲਿਆਂ ਦੀਆਂ ਆਪਣੇ ਕਾਵਿ-ਗੁਰੂ ਦਾ ਸ਼ਾਨਦਾਰ ਮਾਣ ਸਤਿਕਾਰ ਕਰਨ ਲਈ ਬਣਾਈਆਂ ਯੋਜਨਾਵਾਂ ਉਦੋਂ ਧਰੀਆਂ ਧਰਾਈਆਂ ਰਹਿ ਗਈਆਂ ਜਦ ਹਿੰਦ-ਪਾਕਿ ਜੰਗ ਦੇ ਦੈਂਤ ਦੇ ਪਰਗਟ ਹੋ ਜਾਣ ਕਾਰਨ ਉਸ ਨੂੰ ਗਿਣਤੀ ਦੇ ਦਿਨ ਇਥੇ ਗੁਜ਼ਾਰਨ ਪਿੱਛੋਂ ਵਾਪਸ ਮੁੜਨਾ ਪਿਆ। ਇਸ ਘਟਨਾ ਪਿੱਛੋਂ ਬਾਬੂ ਰਜਬ ਅਲੀ ਨੇ ਲਗਭਗ ਇੱਕ ਦਹਾਕਾ ਹੋਰ ਜੀਵਨ ਭੋਗਿਆ। ਇਸੇ ਅਰਸੇ ਵਿੱਚ ਭਾਵੇਂ ਉਹ ਮੁੜ ਏਥੇ ਆਉਣ ਦਾ ਹੌਸਲਾ ਨਾ ਕਰ ਸਕਿਆ, ਪਰ ਉਹ ਹਰ ਹਾਰ ਸਾਹ ਨਾਲ ਆਪਣੇ ਜਨਮ ਪਿੰਡ ਸਾਹੋਕੇ, ਆਪਣੇ ਕਾਵਿ ਸੇਵਕਾਂ ਅਤੇ ਆਪਣੇ ਸੰਗੀਆਂ ਸਾਥੀਆਂ ਨੂੰ ਯਾਦ ਕਰਦਾ ਰਿਹਾ। ਉਸ ਦੇ ਇੱਕ ਪਾਕਿਸਤਾਨ ਸ਼ਾਗਿਰਦ ਅਲੀ ਨਿਵਾਜ਼, ਜੋ ਬਾਬੂ ਹੋਰਾਂ ਦੇ ਆਖਰੀ ਪਲਾਂ ਸਮੇਂ ਉਸ ਦੇ ਕੋਲ ਸੀ, ਨੇ ਇਨ੍ਹਾਂ ਅੰਤਿਮ ਘੜੀਆਂ ਦੀ ਬਿਰਹੋਂ ਵੇਦਨਾ ਨੂੰ ਬੜੇ ਦਰਦ ਭਿੱਜੇ ਸ਼ਬਦਾਂ ਵਿੱਚ ਬਿਆਨ ਕੀਤਾ ਹੈ। ਅਲੀ ਨਿਵਾਜ਼ ਮੁਤਾਬਕ ਬਾਬੂ ਜੀ ਨੇ ਮੌਤ ਦੇ ਫਰਿਸ਼ਤੇ ਨੂੰ ਇਹ ਸਿਫਾਰਸ਼ ਕੀਤੀ :
ਕਹਿਣ ਲੱਗੇ ਫਰਿਸ਼ਤੇ ਨੂੰ,
ਮੇਰੀ ਰੂਹ ਨੂੰ ਲੈ ਜਾ ਜਿਧਰ ਜੀ ਤੇਰਾ।
ਪਰ ਸੱਜਣ ਮਿਲਾ ਦੇਵੀਂ,
ਮੰਨ ਲੈ ਰੱਬ ਦਾ ਵਾਸਤਾ ਮੇਰਾ।
ਫੇਰ ਲੈ ਜਾਵੀਂ ਅਰਸ਼ਾਂ ਤੇ,
ਕੇਰਾਂ ਤੂੰ ਸਾਹੋ ਸੈਰ ਕਰਾ ਕੇ।
ਵੀਰਾ! ਬਾਰਡਰ ਲੰਘ ਕੇ ਤੇ,
ਵੇਖ ਲੋ ਕਬਰ ਗਰੂ ਦੀ ਆ ਕੇ।
ਜਦ ਪ੍ਰਾਣ ਪੰਖੇਰੂ ਉਡਾਰੀ ਮਰਨ ਲੱਗੇ ਤਾਂ ਵੀ :
ਭੌਰ ਉਡਿਆ ਜਾਂਦਾ ਵੀ,
ਕਰਦਾ ਜਾਂਦਾ ‘ਸਾਹੋ' ‘ਸਾਹੋ'
ਕਹੇ ਜਨਮ ਭੂਮਕਾ ਮੇਂ,
ਮੇਰੀ ਅਰਤੀ ਮੋੜ ਲਿਆਓ।
ਬਿਨਾਂ ਸੱਜਣ ਪਿਆਰਿਆਂ ਦੇ,
ਕਰੂੰ ਕੀ ਸੁਰਗਾਂ ਦੇ ਵਿੱਚ ਜਾ ਕੇ।
ਵੀਰ! ਬਾਰਡਰ ਲੰਘ ਕੇ ਤੇ,
ਵੇਖ ਲੋ ਕਬਰ ਗੁਰੂ ਦੀ ਆ ਕੇ।
ਆਪਣੇ ਜਨਮ ਸਥਾਨ ‘ਸਾਹੋ’, ਜਿੱਥੋਂ ਦੀ ਪਾਕ ਪਵਿੱਤਰ ਮਿੱਟੀ ਵਿੱਚ ਖੇਡਦਿਆਂ, ਤੁਰਦਿਆਂ ਫਿਰਦਿਆਂ ਤੇ ਜਿੱਥੋਂ ਦੀ ਸੁਗੰਧੀਆਂ ਭਰੀ ਪੌਣ ਵਿੱਚ ਸਾਹ ਲੈਂਦਿਆਂ ਉਸ ਨੇ ਜ਼ਿੰਦਗੀ ਦੇ ਪੰਜ ਦਹਾਕੇ ਪੂਰੇ ਕੀਤੇ, ਨੂੰ ਨਤਮਸਤਕ ਹੋਣ ਦੀ ਤਾਂਘ ਅਧੂਰੀ ਰਹਿਣ ਦਾ ਬਦਲ ਬਾਬੂ ਰਜਬ ਅਲੀ ਦੀ ਨਿਗਾਹ ਵਿੱਚ ਇਹੋ ਸੀ ਕਿ ਉਸ ਦੇ ਸੱਜਣ ਮਿੱਤਰ ਅਤੇ ਚੇਲੇ-ਬਾਲਕੇ ਪਾਕਿਸਤਾਨ ਆ ਕੇ ਉਸ ਦੀ ਕਬਰ ਨੂੰ ਸਿਜਦਾ ਕਰ ਜਾਣ। ਤਦੇ ਹੀ ਅਲੀ ਨਿਵਾਜ਼ ਦੇ ਸ਼ਬਦਾਂ ਰਾਹੀਂ ਉਹ ਵਾਰ ਵਾਰ ਕੂਕਦਾ ਹੈ, ‘‘ਵੀਰ! ਬਾਰਡਰ ਲੰਘ ਕੇ ਤੇ, ਵੇਖ ਲੋ ਕਬਰ ਗੁਰੂ ਦੀ ਆ ਕੇ।”
ਰੁਦਨ ਦੇ ਇਹ ਸ਼ਬਦ ਕੇਵਲ ਬਾਬੂ ਰਜਬ ਅਲੀ ਦੀ ਹੀ ਨਹੀਂ, ਆਪਣੀ ਜਨਮ ਭੋਇੰ ਤੋਂ ਟੁੱਟੇ ਸਾਰੇ ਲੋਕਾਂ ਦੀ ਮਾਨਸਿਕਤਾ ਦੀ ਪ੍ਰਤੀਨਿਧਤ ਕਰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ