ਓਟਵਾ, 19 ਅਗਸਤ (ਪੋਸਟ ਬਿਊਰੋ): ਕੰਜ਼ਰਵੇਟਿਵ ਲੀਡਰ ਪੀਅਰ ਪੌਲੀਏਵਰ ਐਲਬਰਟਾ ਦੀ ਬੈਟਲ ਰਿਵਰ-ਕ੍ਰੋਅਫੁੱਟ ਰਾਈਡਿੰਗ ਤੋਂ ਜ਼ਿਮਨੀ ਚੋਣ ਜਿੱਤ ਗਏ ਹਨ ਅਤੇ ਉਹ ਪਾਰਲੀਮੈਂਟ ਦੇ ਆਉਂਦੇ ਫ਼ੌਲ ਸੈਸ਼ਨ ਵਿਚ ਐਮਪੀ ਵੱਜੋਂ ਵਾਪਸੀ ਕਰਨਗੇ।
ਸੋਮਵਾਰ ਰਾਤ ਨੂੰ ਐਲਬਰਟਾ ਦੇ ਕੈਮਰੋਜ਼ ਵਿੱਖੇ ਆਪਣੀ ਜਿੱਤ ਦੀ ਪਾਰਟੀ ਦੌਰਾਨ ਬੋਲਦਿਆਂ ਪੌਲੀਐਵ ਨੇ ਕਿਹਾ, ਇਸ ਇਲਾਕੇ ਦੇ ਲੋਕਾਂ ਨੂੰ ਜਾਨਣਾ ਮੇਰੇ ਲਈ ਜੀਵਨ ਭਰ ਦਾ ਮਾਣ ਹੈ। ਬਲਕਿ ਮੈਨੂੰ ਉਹਨਾਂ ਨਾਲ ਮਿਲਕੇ ਬਹੁਤ ਮਜ਼ਾ ਆਇਆ।
ਇਨ੍ਹਾਂ ਗਰਮੀਆਂ ਦੌਰਾਨ ਪੌਲੀਐਵ ਨੇ ਆਪਣੀ ਨਵੀਂ ਰਾਈਡਿੰਗ ਵਿਚ ਆਮ ਲੋਕਾਂ ਅਤੇ ਸਥਾਨਕ ਕਾਰੋਬਾਰੀਆਂ ਨਾਲ ਮੁਲਾਕਾਤਾਂ ਕੀਤੀਆਂ ਅਤੇ ਕਈ ਆਯੋਜਨਾਂ ਵਿਚ ਵੀ ਸ਼ਿਰਕਤ ਕੀਤੀ। ਇਹ ਬਿਲਕੁਲ ਉਸ ਤਰ੍ਹਾਂ ਦੀ ਚੋਣ ਮੁਹਿੰਮ ਲੱਗ ਰਹੀ ਸੀ, ਜਦੋਂ ਪੌਲੀਏਵਰ ਨੇ ਓਂਟਾਰੀਓ ਦੇ ਕਾਰਲਟਨ ਵਿਚ 2004 ਵਿਚ ਪਹਿਲੀ ਵਾਰੀ ਐਮਪੀ ਬਣਨ ਲਈ ਚੋਣ ਮੁਹਿੰਮ ਕੀਤੀ ਸੀ।
28 ਅਪ੍ਰੈਲ ਨੂੰ ਹੋਈਆਂ ਫ਼ੈਡਰਲ ਚੋਣਾਂ ਵਿਚ ਪੌਲੀਐਵ ਕਾਰਲਟਨ ਦੀ ਆਪਣੀ ਰਾਈਡਿੰਗ ਹਾਰ ਗਏ ਸਨ। ਉਸ ਰਾਈਡਿੰਗ ਤੋ ਲਿਬਰਲ ਪਾਰਟੀ ਦੇ ਬਰੂਸ ਫ਼ੈਨਜੋਏ ਜੇਤੂ ਹੋਏ ਸਨ।
ਪੌਲੀਐਵ ਨੇ ਕੰਜ਼ਰਵੇਟਿਵਜ਼ ਲਈ ਸਭ ਤੋਂ ਸੌਖੀਆਂ ਸੀਟਾਂ ਚੋਂ ਇੱਕ ਮੰਨੀ ਜਾਂਦੀ ਰਾਈਡਿੰਗ ਤੋਂ ਚੋਣ ਜਿੱਤ ਕੇ ਹਾਊਸ ਵਿਚ ਵਾਪਸੀ ਕੀਤੀ ਹੈ।ਹੁਣ ਪੌਲੀਏਵਰ ਦੀਆਂ ਨਜ਼ਰਾਂ ਦੋ ਚੀਜ਼ਾਂ `ਤੇ ਹੋਣਗੀਆਂ। ਪਹਿਲਾ ਪਾਰਲੀਮੈਂਟ ਦਾ ਫ਼ਾਲ ਸੈਸ਼ਨ ਅਤੇ ਦੂਸਰਾ ਉਨ੍ਹਾਂ ਦਾ ਲੀਡਰਸ਼ਿਪ ਰੀਵਿਊ।
15 ਸਤੰਬਰ ਨੂੰ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣਾ ਹੈ ਅਤੇ ਪੌਲੀਏਵਰ ਹਾਊਸ ਆਫ਼ ਕਾਮਨਜ਼ ਵਿਚ ਪਹਿਲੀ ਵਾਰੀ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਸਨਮੁਖ ਹੋਣਗੇ।