-ਮਿੰਨੀ ਗਰੇਵਾਲ਼, ਸੁਖਵੰਤ ਹੁੰਦਲ ਅਤੇ ਜਗਤਾਰ ਸਿੰਘ ਸਨ ਮਹਿਮਾਨ
ਬਰੈਂਪਟਨ:- (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ ਜੁਲਾਈ ਮਹੀਨੇ ਦੀ ਬੈਠਕ ਵਿੱਚ ਜਿੱਥੇ ਡਾ. ਬਲਜਿੰਦਰ ਸੇਖੋਂ ਨੂੰ ਸ਼ਰਧਾਂਜਲੀ ਦਿੱਤੀ ਗਈ ਓਥੇ ਕਾਫ਼ਲੇ ਦੀ ਸੀਨੀਅਰ ਮੈਂਬਰ ਮਿੰਨੀ ਗਰੇਵਾਲ਼, ਵੈਨਕੂਵਰ ਤੋਂ ਆਏ ਸੁਖਵੰਤ ਹੁੰਦਲ ਅਤੇ ਪੰਜਾਬ ਤੋਂ ਆਏ ਪਤੱਰਕਾਰ/ਲੇਖਕ ਜਗਤਾਰ ਸਿੰਘ ਨਾਲ਼ ਗੱਲਬਾਤ ਕੀਤੀ ਗਈ।
ਇੱਕ ਪੱਤਰਕਾਰ ਵਜੋਂ 80ਵਿਆਂ ਦੇ ਦਹਾਕੇ ਵਿੱਚ ਖਾਲਿਸਤਾਨੀ ਲਹਿਰ ਨੂੰ ਨੇੜਿਉਂ ਵਾਚਣ ਵਾਲ਼ੇ ਜਗਤਾਰ ਸਿੰਘ ਨੇ ਸਿੱਖਾਂ ਅਤੇ ਪੰਜਾਬ ਨਾਲ਼ ਸਬੰਧਿਤ ਲਿਖੀਆਂ ਕਿਤਾਬਾਂ ਦੇ ਵਿਸ਼ਿਆਂ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ‘ਇੰਡੀਅਨ ਐਕਸਪ੍ਰੈੱਸ’ ਨਾਲ਼ ਕੰਮ ਕਰਦਿਆਂ 1979 ਵਿੱਚ ਉਨ੍ਹਾਂ ਦੀ ਨਿਯੁਕਤੀ ਅੰਮ੍ਰਿਤਸਰ ਹੋਣ ਨਾਲ਼ ਉਨ੍ਹਾਂ ਨੂੰ ਖਾਲਿਸਤਾਨੀ ਸੰਘਰਸ਼ ਨੂੰ ਬਹੁਤ ਨੇੜਿਉਂ ਵੇਖਣ ਦਾ ਮੌਕਾ ਮਿਲ਼ਿਆ, ਏਥੋਂ ਤੱਕ ਕਿ 25 ਮਈ 1984 ਨੂੰ ਉਨ੍ਹਾਂ ਨੇ ਭਿੰਡਰਾਂ ਵਾਲ਼ਿਆਂ ਨਾਲ਼ ਇੱਕ ਲੰਮੀ ਇੰਟਰਵਿਊ ਵੀ ਕੀਤੀ। ਪੱਤਰਕਾਰੀ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਆਪਣੇ ਤਜਰਬਿਆਂ ਅਤੇ ਜਾਣਕਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਉਹ ਹੁਣ ਤੱਕ ਚਾਰ ਕਿਤਾਬਾਂ ਲਿਖ ਚੁੱਕੇ ਹਨ ਜਿਨ੍ਹਾਂ ਵਿੱਚ ‘Khalistan Struggle: A non-movement.’, ‘Rivers on Fire’, ‘Kalapani: Punjabis’ Role in Freedom Struggle’ ਅਤੇ ‘Sikh Struggle Documents 1920 to 2022’ ਸ਼ਾਮਿਲ ਹਨ। ਇਨ੍ਹਾਂ ਕਿਤਾਬਾਂ ਵਿੱਚ ਉਨ੍ਹਾਂ ਨੇ ਖਾਲਿਸਤਾਨੀ ਲਹਿਰ ਦੇ ਪੱਖਾਂ ਨੂੰ ਵਿਚਾਰਨ ਤੋਂ ਇਲਾਵਾ ਜਿੱਥੇ ਕਾਲ਼ੇ-ਪਾਣੀ ਟਾਪੂਆਂ ਬਾਰੇ ਚਰਚਾ ਕੀਤੀ ਹੈ ਓਥੇ ਆਪਣੀ ਆਖਰੀ ਕਿਤਾਬ ਵਿੱਚ ਕੋਈ ਸੌ ਸਾਲ ਦਾ ਅਕਾਲੀ ਅਤੇ ਸ੍ਰੋਮਣੀ ਕਮੇਟੀ ਦਾ ਇਤਿਹਾਸ ਵੀ ਇਕੱਠਾ ਕੀਤਾ ਹੈ। ਸ਼ਮੀਲ ਵੱਲੋਂ ਕੀਤੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਬੜੀ ਅਚੰਭੇ ਵਾਲ਼ੀ ਗੱਲ ਹੈ ਕਿ ਕੀ ਕਾਰਨ ਹਨ ਕਿ ਬਹੁਤ ਥੋੜਾ ਸਮਾਂ ਚੱਲੀ ਨਕਸਲਬਾੜੀ ਲਹਿਰ ਨੇ ਤਾਂ ਪੰਜਾਬੀ ਵਿੱਚ ਕਮਾਲ ਦਾ ਸਾਹਿਤ ਅਤੇ ਆਰਟ ਪੈਦਾ ਕੀਤਾ ਜਿਸਦੀ ਉੱਚਤਾ ਅੱਜ ਵੀ ਕਾਇਮ ਹੈ ਪਰ ਦਹਾਕੇ ਤੋਂ ਵੱਧ ਚੱਲ ਕੇ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਗਵਾ ਕੇ ਵੀ ਖਾਲਿਸਤਾਨੀ ਲਹਿਰ ਕੋਈ ਜ਼ਿਕਰਯੋਗ ਸਾਹਿਤ ਕਿਉਂ ਪੈਦਾ ਨਹੀਂ ਕਰ ਸਕੀ? ਇਸ ਸੰਦਰਭ ਵਿੱਚ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਅਗਲੀ ਕੋਸ਼ਿਸ਼ 1978 ਤੋਂ 1995 ਦਰਮਿਆਨ ਪੰਜਾਬ ਵਿੱਚ ਜੋ ਕੁਝ ਵਾਪਰਿਆ ਉਸਨੂੰ ਸੂਤਰਬੱਧ ਤਰੀਕੇ ਨਾਲ਼ ਕਲਮਬੱਧ ਕਰਕੇ ਇਹ ਪੇਸ਼ ਕਰਨਾ ਹੈ ਕਿ ਉਸਦੀ ਸਚਾਈ ਕੀ ਸੀ।
ਟਿੱਪਣੀ ਕਰਦਿਆਂ ਜਸਵਿੰਦਰ ਸੰਧੂ ਨੇਕਿਹਾ ਕਿ ਲੇਖਕ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਪੰਜਾਬ ਦਾ ਦੁਖਾਂਤ ਇਹ ਹੈ ਕਿ ਗੋਰੀ ਸਰਕਾਰ ਤੋਂ ਭਾਰਤ ਨੂੰ ਆਜ਼ਾਦੀ ਨਹੀਂ ਮਿਲ਼ੀ ਬਲਕਿ ਉਨ੍ਹਾਂ ਨੇ ਵੱਖ ਵੱਖ ਧਾਰਮਿਕ ਸੰਸਥਾਵਾਂ ਪੈਦਾ ਕਰਕੇ ਆਪਣੇ ‘ਚਮਚਿਆਂ’ ਨੂੰ ਰਾਜ-ਭਾਗ ਸੰਭਾਲ਼ਿਆ। ਇਸਦੇ ਜਵਾਬ ਵਿੱਚ ਜਗਤਾਰ ਸਿੰਘ ਨੇ ਕਿਹਾ ਕਿ ਖੋਜ-ਕਾਰਜ ਦਾ ਕੰਮ ਇਹ ਲਿਖਣਾ ਨਹੀਂ ਹੁੰਦਾ ਕਿ ਕਿਸੇ ‘ਚਮਚੇ’ ਨੂੰ ਸੱਤਾ ਮਿਲ਼ੀ ਜਾਂ ਨਹੀਂ, ਖੋਜ-ਕਾਰਜ ਦਾ ਕੰਮ ਤੱਥਾਂ ਨੂੰ ਪੇਸ਼ ਕਰਨਾ ਹੁੰਦਾ ਹੈ।
ਡਾ. ਬਲਜਿੰਦਰ ਸੇਖੋਂ ਨੂੰ ਸ਼ਰਧਾਂਜਲੀ ਦਿੰਦਿਆਂ ਤਰਕਸ਼ੀਲ ਸੋਸਾਇਟੀ(ਕੈਨੇਡਾ) ਦੇ ਪ੍ਰਧਾਨ ਬਲਦੇਵ ਰਹਿਪਾ ਨੇ ਕਿਹਾ ਕਿ ਜਿੱਥੇ ਬਲਜਿੰਦਰ ਸੇਖੋਂ ਨੇ ਆਪਣੇ ਪਰਿਵਾਰਕ ਫ਼ਰਜ਼ਾਂ ਨੂੰ ਤਨ-ਦੇਹੀ ਨਾਲ਼ ਨਿਭਾਇਆ ਓਥੇ ਓਨੀ ਹੀ ਸ਼ਿੱਦਤ ਨਾਲ਼ ਸਮਾਜਕ ਕਾਰਜਾਂ ਵਿੱਚ ਵੀ ਹਿੱਸਾ ਪਾਇਆ ਤੇ ਹਰ ਸਿਆਸੀ ਅਤੇ ਸਮਾਜੀ ਮਸਲੇ `ਤੇ ਬੇਬਾਕੀ ਨਾਲ਼ ਵਿਚਾਰ ਪੇਸ਼ ਕਰਦੇ ਰਹੇ। ਜਸਵਿੰਦਰ ਸੰਧੂ ਨੇ ਡਾ. ਸੇਖੋਂ ਨਾਲ਼ ਆਪਣੇ ਵਿਦਿਆਰਥੀ ਜੀਵਨ ਦੀ ਸਾਂਝ ਨੂੰ ਭਾਵੁਕਤਾ ਵਿੱਚ ਸਾਂਝੀ ਕਰਦਿਆਂ ਦੱਸਿਆ ਕਿ ਡਾ. ਸੇਖੋਂ ਦੀ ਜ਼ਿੰਦਗੀ ਸਾਦਾ ਅਤੇ ਸਰਲ (simple and straightforward) ਸੀ ਜਿਸ ਸਦਕਾ ਜੋ ਵੀ ਉਨ੍ਹਾਂ ਦੇ ਸੰਪਰਕ ਵਿੱਚ ਆਉਂਦਾ ਉਸਨੂੰ ਇਹੋ ਹੀ ਮਹਿਸੂਸ ਹੁੰਦਾ ਕਿ ਡਾ. ਸੇਖੋਂ ਸਿਰਫ ਉਸੇ ਦੇ ਹੀ ਹਨ। ਉਨ੍ਹਾਂ ਦੱਸਿਆ ਕਿ ਡਾ. ਸੇਖੋਂ ਬਹੁ-ਪੱਖੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਸਮਾਜਵਾਦ ਬਾਰੇ ਵੀ, ਭਗਤ ਸਿੰਘ ਬਾਰੇ ਵੀ, ਗੁਰੂ ਨਾਨਕ ਦੇਵ ਬਾਰੇ ਵੀ ਅਤੇ ਗੁਰੂ ਗੋਬਿੰਦ ਸਿੰਘ ਬਾਰੇ ਵੀ ਗਿਆਨ ਸੀ। ਤਰਕਸ਼ੀਲਤਾ ਉਨ੍ਹਾਂ ਦੇ ਕਾਰਜ ਦਾ ਸਿਰਫ ਇੱਕ ਅੰਗ ਸੀ ਜਦਕਿ ਮੂਲ਼ ਕਾਰਜ ਸਾਇੰਸ ਨੂੰ ਲੋਕਾਂ ਤੱਕ ਲਿਜਾਣ ਦਾ ਸੀ ਜਿਸ ਦੀ ਪੂਰਤੀ ਲਈ ਉਹ ਆਮ ਲੋਕਾਂ ਦੀ ਭਾਸ਼ਾ ਵਿੱਚ ਲੋਕਾਂ ਨੂੰ ਸਾਇੰਸ ਸਮਝਾਉਣ ਦੀ ਸਮਰੱਥਾ ਰੱਖਦੇ ਸਨ। ਅਜਿਹੇ ਇਨਸਾਨ ਨੂੰ ਗਵਾ ਬੈਠਣਾ ਬਹੁਤ ਦੁਖਦਾਈ ਹੈ। ਕੁਲਵਿੰਦਰ ਖਹਿਰਾ ਨੇ ਕਿਹਾ ਕਿ ਏਨੇ ਗੁਣਾਂ ਦੇ ਧਾਰਨੀ ਹੁੰਦਿਆਂ ਹੋਇਆਂ ਵੀ ਡਾ. ਸੇਖੋਂ ਵਿੱਚ ਅੱਗੇ ਆਉਣ ਦੀ ਖਵਾਹਿਸ਼ ਬਿਲਕੁਲ ਨਹੀਂ ਸੀ; ਏਥੋਂ ਤੱਕ ਕਿ ਉਨ੍ਹਾਂ ਨੂੰ ਕਾਫ਼ਲੇ ਵਿੱਚ ਅੱਗੇ ਆਉਣ ਲਈ ਬੇਨਤੀ ਕੀਤੇ ਜਾਣ ਦੇ ਬਾਵਜੂਦ ਉਨ੍ਹਾਂ ਨੇ ਕਿਹਾ ਕਿ ਉਹ ਪਿੱਛੇ ਰਹਿ ਕੇ ਕੰਮ ਕਰਨਾ ਪਸੰਦ ਕਰਦੇ ਹਨ।
ਕਾਫ਼ਲੇ ਦੀ ਸੀਨੀਅਰ ਮੈਂਬਰ ਮਿੰਨੀ ਗਰੇਵਾਲ਼ ਜੀ ਬਾਰੇ ਜਾਣ-ਪਛਾਣ ਕਰਵਾਉਂਦਿਆਂ ਬਲਬੀਰ ਕੌਰ ਸੰਘੇੜਾ ਨੇ ਦੱਸਿਆ ਕਿ ਮਿੰਨੀ ਗਰੇਵਾਲ਼ ਜੀ 1995 ਤੋਂ ਕਾਫ਼ਲੇ ਨਾਲ਼ ਜੁੜਨ ਤੋਂ ਪਹਿਲਾਂ ਹੀ ਇੰਡੀਆ ਵਿੱਚ ਆਪਣਾ ਨਾਂ ਬਣਾ ਚੁੱਕੇ ਸਨ ਅਤੇ ਉਨ੍ਹਾਂ ਦੀ ਇੱਕ ਕਿਤਾਬ ‘ਕੈਕਟਸ ਦੇ ਫੁੱਲ’ ਛਪ ਚੁੱਕੀ ਸੀ, ਜੋ ਭਾਪਾ ਪ੍ਰੀਤਮ ਸਿੰਘ ਨੇ ਆਪਣੇ ਵੱਲੋਂ ਛਪਵਾ ਕੇ ਮਿੰਨੀ ਜੀ ਨੂੰ ਭੇਟ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਅਤੇ ‘ਕਹਾਣੀ ਵਿਚਾਰ-ਮੰਚ’ (ਜੋ ਕਾਫ਼ਲੇ ਦੇ ਅੰਗ ਵਜੋਂ ਹੀ ਹੋਂਦ ਵਿੱਚ ਆਇਆ ਸੀ) ਦੀ ਹੀ ਦੇਣ ਹੈ ਕਿ ‘ਕੈਕਟਸ ਦੇ ਫੁੱਲ’ ਕਿਤਾਬ ਤੋਂ ਬਾਅਦ ਪਰਿਵਾਰਕ ਜ਼ਿੰਮੇਵਾਰੀਆਂ ਪੈ ਜਾਣ ਕਰਕੇ ਜੋ ਕਲਮ ਹੱਥੋਂ ਛੁੱਟ ਗਈ ਸੀ, ਉਹ ਕਲਮ ਮਿੰਨੀ ਜੀ ਨੇ ਦੁਬਾਰਾ ਫੜੀ ਅਤੇ ਕਈ ਕਹਾਣੀ-ਸੰਗਹ੍ਰਿ ਅਤੇ ਇੱਕ ਕਵਿਤਾ ਦੀ ਕਿਤਾਬ ਛਪਵਾਈ। ਇਨ੍ਹਾਂ ਦੀ ਦੇਸ-ਵਿਦੇਸੀ ਸੈਰ-ਸਪਾਟੇ ਦੀ ਰੁਚੀ ਨੂੰ ਲੈ ਕੇ ਕੁਲਜੀਤ ਮਾਨ ਵੱਲੋਂ ਇੱਕ ਲੇਖ ਦਾ ਸਿਰਲੇਖ ‘ਘੁਮੱਕੜ, ਮਣਕਿਆਂ ਵਾਲ਼ੀ ਮਿੰਨੀ ਗਰੇਵਾਲ਼’ ਰੱਖਿਆ ਗਿਆ। ਉਨ੍ਹਾਂ ਕਿਹਾ ਕਿ ਇੱਕ ਅਮੀਰ ਬਾਪ (ਦਾਦਾ ਮਹਾਰਾਜਾ ਨਾਭਾ ਦੀ ਅਦਾਲਤ ਵਿੱਚ ਚੀਫ਼ ਜਸਟਿਸ ਸਨ) ਦੀ ਧੀ ਹੋਣ ਦੇ ਬਾਵਜੂਦ ਉਹ ਏਨੇ ਨਿਮਰ ਰਹੇ ਕਿ ਕੈਫੀ ਆਜ਼ਮੀ, ਗੁਲਜ਼ਾਰ, ਸ਼ਬਾਨਾ ਆਜ਼ਮੀ, ਅਚਲਾ ਸੱਚਦੇਵ, ਬੂਟਾ ਸਿੰਘ ਸ਼ਾਦ, ਐੱਸ. ਸਵਰਨ ਆਦਿ ਲੇਖਕਾਂ ਨਾਲ਼ ਨੇੜਤਾ ਹੋਣ ਦੇ ਬਾਵਜੂਦ ਕਦੀ ਇਸ ਗੱਲ ਦਾ ਪ੍ਰਚਾਰ ਨਹੀਂ ਸੀ ਕੀਤਾ।
ਮਿੰਨੀ ਗਰੇਵਾਲ਼ ਜੀ ਨੇ ਕਿਹਾ ਕਿ ਕੈਨੇਡਾ ਆ ਕੇ ਕਾਫ਼ਲੇ ਨਾਲ਼ ਜੁੜਨ ਤੋਂ ਬਾਅਦ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਤੁਸੀਂ ਆਪਣੀ ਜ਼ੁਬਾਨ ਵਿੱਚ ਪੜ੍ਹ-ਸੁਣ-ਲਿਖ ਸਕਦੇ ਹੋ ਜਦਕਿ ਉਸਤੋਂ ਪਹਿਲਾਂ ਅਜਿਹਾ ਮਾਹੌਲ ਨਹੀਂ ਸੀ। ਉਨ੍ਹਾਂ ਦੱਸਿਆ ਕਿ ਲਿਖਣ ਦਾ ਸ਼ੌਕ ਤਾਂ ਸਕੂਲ ਸਮੇਂ ਤੋਂ ਹੀ ਸੀ ਜਿਸ ਨੂੰ ਵੇਖਦਿਆਂ ਅਧਿਆਪਕਾਂ ਅਤੇ ਪ੍ਰੋਫੈਸਰਾਂ ਨੇ ਲਿਖਣ ਲਈ ਪ੍ਰੇਰਿਆ। ਪਿਤਾ ਦੀ ਫੌਜੀ ਨੌਕਰੀ ਦੌਰਾਨ ਭਾਰਤ ਦਾ ਕੋਨਾ ਕੋਨਾ ਘੁੰਮਣ ਕਰਕੇ ਉਨ੍ਹਾਂ ਨੂੰ ਦੁਨੀਆਂ ਦੇਖਣ ਦਾ ਸ਼ੌਕ ਪਿਆ ਜਿਸ ਸਦਕਾ ਉਨ੍ਹਾਂ ਨੇ ਮਾਸਕੋ ਤੋਂ ਲੈ ਕੇ ਸਾਈਬੇਰੀਆ ਤੱਕ ਅਤੇ ਸਾਰਾ ਯੌਪਰ ਘੁੰਮਿਆ ਹੈ ਅਤੇ ਕੈਨੇਡਾ ਆ ਕੇ ਇਸ ਸੋਚ ਨਾਲ਼ ਛੋਟੇ ਬੱਚਿਆ ਨਾਲ਼ ਬੱਸਾਂ ਰਾਹੀਂ ਸਾਰਾ ਕੈਨੇਡਾ ਘੁੰਮਿਆ ਕਿ “ਭਾਰਤ ਛੱਡ ਕੇ ਜਿਸ ਦੇਸ ਨੂੰ ਅਪਣਾਇਆ ਹੈ, ਉਸਨੂੰ ਵੇਖ ਤਾਂ ਲਵਾਂ।“ ਉਨ੍ਹਾਂ ਕਿਹਾ ਕਿ ਕਾਫ਼ਲੇ ਨਾਲ਼ ਜੁੜਨ ਨਾਲ਼ ਇੱਕ ਉਤਸ਼ਾਹਪੂਰਵਕ ਰਿਸ਼ਤਾ ਬਣਿਆ ਜਿਸ ਨੇ ਲਿਖਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ “ਬੇਸ਼ੱਕ ਦੋ ਵਾਰ ਮੇਰਾ ਚੂਲ਼ਾ ਟੁੱਟ ਜਾਣ ਕਾਰਨ ਮੈਂ ਆਰਜ਼ੀ ਤੌਰ `ਤੇ ਵੀਲ੍ਹ ਚੇਅਰ ਵਿੱਚ ਹਾਂ, ਮੈਂ ਜਲਦੀ ਹੀ ਠੀਕ ਹੋ ਜਾਵਾਂਗੀ ਤੇ ਇਸ ਵੀਲ੍ਹਚੇਅਰ ਤੋਂ ਮੁਕਤ ਹੋ ਜਾਵਾਂਗੀ।“ ਬਲਰਜ ਚੀਮਾ ਜੀ ਨੇ ਮਿੰਨੀ ਜੀ ਬਾਰੇ ਬੋਲਦਿਆਂ ਕਿਹਾ ਕਿ “ਇਨ੍ਹਾਂ ਦਾ ਨਾਂ ਮਿੰਨੀ ਨਹੀਂ ਸਗੋਂ ‘ਨਿਮਰਤਾ’ ਚਾਹੀਦਾ ਸੀ ਕਿਉਂਕਿ ਇਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਹੀ ਇਨ੍ਹਾਂ ਦੋ ਹਰਫਾਂ ਵਿਚਕਾਰ ਨਿਭਾਈ ਹੈ।“ ਪ੍ਰਿੰ. ਸਰਵਣ ਸਿੰਘ ਨੇ ਮਿੰਨੀ ਗਰੇਵਾਲ਼ ਜੀ ਦੇ ਦਿੱਲੀ ਵਿੱਚ ਬਿਤਾਏ ਸਮੇਂ ਦੀ ਯਾਦ ਸਾਂਝੀ ਕਰਦਿਆਂ “ਸੋਵੀਅਤ ਦੂਤਾਵਾਸ” ਨਾਲ਼ ਸਬੰਧਿਤ ਯਾਦਾਂ ਤਾਜ਼ਾ ਕੀਤੀਆਂ ਜਿੱਥੇ ਮਿੰਨੀ ਜੀ ਨੇ ‘ਸੋਵੀਅਤ ਲੈਂਡ’ ਵਿੱਚ ਕੰਮ ਕੀਤਾ ਸੀ।
ਮਨਮੋਹਨ ਗੁਲਾਟੀ ਜੀ ਨੇ ਬ੍ਰਜਿੰਦਰ ਗੁਲਾਟੀ ਜੀ ਵੱਲੋਂ ਪੰਜਾਬੀ ਕਹਾਣੀਆਂ ਦਾ ਅਨੁਵਾਦਤ ਸੰਗਹ੍ਰਿ ‘ਫੁੱਟ-ਪ੍ਰਿੰਟਸ’ ਮਿੰਨੀ ਜੀ ਨੂੰ ਭੇਟ ਕੀਤਾ ਜਿਸ ਵਿੱਚ ਮਿੰਨੀ ਜੀ ਦੀ ਕਹਾਣੀ ਵੀ ਸ਼ਾਮਲ ਹੈ।
ਵੈਨਕੂਵਰ ਤੋਂ ਆਏ ਸੁਖਵੰਤ ਹੁੰਦਲ ਜੀ ਨੇ ਸੰਖੇਪ ਵਿੱਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਯੁਗ ਵਿੱਚ ਸਾਨੂੰ ਟੈਕਨੌਲੌਜੀ ਦਾ ਫਾਇਦਾ ਉਠਾਉਣ ਲਈ ਹਰ ਉਪਲਬਧ ਕਿਤਾਬ ਨੂੰ ਡਿਜੀਟਲਾਈਜ਼ ਕਰਕੇ ਇੰਟਰਨੈਟ `ਤੇ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬੀ ਵਿੱਚ ਛਪਣ ਵਾਲ਼ੀ ਹਰ ਕਿਤਾਬ ਨੂੰ ਹਮੇਸ਼ਾਂ ਲਈ ਸੰਭਾਲ਼ਿਆ ਜਾ ਸਕੇ ਜਿਸ ਨਾਲ਼ ਭਵਿੱਖ ਵਿੱਚ ਕਿਸੇ ਵੀ ਖੋਜਾਰਥੀ ਲਈ ਸੌਖ ਹੋ ਜਾਵੇਗੀ ਅਤੇ ਲਿਖਤ ਦੀ ਹਰ ਪਾਠਕ ਤੱਕ ਪਹੁੰਚ ਵੀ ਹੋ ਜਾਵੇਗੀ।