ਕੈਲਾਡਨ, (ਡਾ. ਝੰਡ) - 1 ਜੁਲਾਈ 1867 ਨੂੰ ਬਣੀ ‘ਕੈਨੇਡੀਅਨ ਕਨਫ਼ੈੱਡਰੇਸ਼ਨ’ ਵਜੋਂ ਕੈਨੇਡਾ ਦੇ ਗਠਨ ਦਾ ਰਾਸ਼ਟਰੀ ਦਿਨ ‘ਕੈਨੇਡਾ ਡੇਅ’ ਭਾਵੇਂ ਪਹਿਲੀ ਜੁਲਾਈ ਨੂੰ ਹੁੰਦਾ ਹੈ ਪਰ ਇਸ ਨੂੰ ਮਨਾਉਣ ਦੇ ਜਸ਼ਨ ਜੁਲਾਈ ਦਾ ਸਾਰਾ ਮਹੀਨਾ ਹੀ ਚੱਲਦੇ ਰਹਿੰਦੇ ਹਨ। ਵੱਖ-ਵੱਖ ਸੀਨੀਅਰਜ਼ ਕਲੱਬਾਂ ਅਤੇ ਸਮਾਜਿਕ ਤੇ ਸੱਭਿਆਚਾਰਕ ਸੰਸਥਾਵਾਂ ਵੱਲੋਂ ਇਹ ਦਿਨ ਆਪੋ ਆਪਣੇ ਢੰਗ ਨਾਲ ਇਸ ਮਹੀਨੇ ਦੌਰਾਨ ਕਿਸੇ ਵੀ ਦਿਨ ਮਨਾਇਆ ਜਾਂਦਾ ਹੈ।
ਏਸੇ ਸਿਲਸਿਲੇ ਵਿੱਚ ਇਹ ਸ਼ੁਭ-ਦਿਨ ਕੈਲੇਡਨ ਸੀਨੀਅਰਜ਼ ਕਲੱਬ ਵੱਲੋਂ ਇਹ 27 ਜੁਲਾਈ ਦਿਨ ਐਤਵਾਰ ਨੂੰ ਬੜੇ ਚਾਅ ਤੇ ਉਤਸ਼ਾਹ ਨਾਲ ਮਨਾਇਆ ਗਿਆ। ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਦੇ ਦੱਸਣ ਅਨੁਸਾਰ ਇਸ ਦਿਨ ਨੂੰ ਏਨਾ ਪਛੜ ਕੇ ਮਨਾਉਣ ਦਾ ਮੁੱਖ ਕਾਰਨ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਕੋਲੋਂ ਇਸ ਦੇ ਲਈ ਪਹਿਲਾਂ ਸਮੇਂ ਦਾ ਨਾ ਮਿਲਣਾ ਸੀ। ਫਿਰ ਵੀ ਉਸ ਦਿਨ ਕਿਸੇ ਅਤੀ ਜ਼ਰੂਰੀ ਕੰਮ ਪੈ ਜਾਣ ਕਰਕੇ ਉਹ ਉਨ੍ਹਾਂ ਦੇ ਇਸ ਜਸ਼ਨ ਵਿੱਚ ਸ਼ਾਮਲ ਨਾ ਹੋ ਸਕੇ ਅਤੇ ਡਿਪਟੀ ਮੇਅਰ ਹਰਕੀਰਤ ਸਿੰਘ ਨੇ ਉਨ੍ਹਾਂ ਦੀ ਅਤੇ ਆਪਣੀ ਦੋਹਾਂ ਦੀਹਾਜ਼ਰੀ ਉੱਥੇ ਕਾਫ਼ੀ ਸਮਾਂ ਗੁਜ਼ਾਰ ਕੇ ਵਧੀਆ ਸੰਬੋਧਨ ਕਰਦਿਆਂ ਹੋਇਆਂ ਲਗਵਾਈ। ਬੜੇ ਹੀ ਨਿਵੇਕਲੇ ਅੰਦਾਜ਼ ਵਿੱਚ ਉਨ੍ਹਾਂ ਨੇ ‘ਕੈਨੇਡਾ ਡੇਅ’ ਦੀ ਮੁਬਾਰਕਬਾਦ ਸਾਂਝੀ ਕੀਤੀ। ਉਨ੍ਹਾਂ ਦੇ ਨਾਲ ਕੈਲੇਡਨ ਦੇ ਰੀਜਨਲ ਕੌਂਸਲਰਕ੍ਰਿਸਟੀਨਾ ਅਰਲੀ ਵੀ ਉੱਥੇ ਮੌਜੂਦ ਸਨ ਅਤੇ ਉਨ੍ਹਾ ਨੇ ਵੀ ਹਾਜ਼ਰੀਨ ਨੂੰ ਸੰਬੋਧਨ ਕੀਤਾ।
ਪ੍ਰੋਗਰਾਮ ਦੀ ਸ਼ਰੂਆਤ ਬੱਚਿਆਂ ਵੱਲੋਂ ਕੈਨੇਡਾ ਦੇ ਰਾਸ਼ਟਰੀ ਗੀਤ ‘ਓ ਕੈਨੇਡਾ’ ਦੇ ਗਾਇਨ ਨਾਲ ਕੀਤੀ ਗਈ। ਬਰੈਂਪਟਨ ਨੌਰਥ ਤੇ ਕੈਲੇਡਨ ਦੇ ਮੈਂਬਰ ਪਾਰਲੀਮੈਂਟ ਅਤੇ ਪਾਰਲੀਮੈਂਟਰੀ ਸੈਕਟਰੀ ਰੂਬੀ ਸਹੋਤਾ ਨੇ ਇਸ ਸਮਾਰੋਹ ਵਿੱਚ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਕੈਲੇਡਨ-ਵਾਸੀਆਂ ਨੂੰ ਇਸ ਸ਼ੁਭ-ਦਿਨ ਦੀ ਵਧਾਈ ਦਿੱਤੀ। ਉਨ੍ਹਾਂ ਨੇ ਇਸ ਸਮਾਗ਼ਮ ਵਿੱਚ ਬੱਚਿਆਂ ਅਤੇ ਬੀਬੀਆਂ ਦੀਆਂ ਖੇਡਾਂ ਵਿਚ ਭਾਗ ਲੈਣ ਵਾਲਿਆਂ ਵਿੱਚੋਂ ਜੇਤੂ ਰਹੇ ਖਿਡਾਰੀਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਬੱਚਿਆਂ ਦੇ 6-8 ਸਾਲ, 8-10 ਸਾਲ ਤੇ 10-12 ਸਾਲ ਦੇ ਵੱਖ-ਵੱਖ ਉਮਰ ਵਰਗਾਂ ਦੀਆਂ 100 ਮੀਟਰ ਦੌੜਾਂ ਹੋਈਆਂ, ਜਦ ਕਿ ਬੀਬੀਆਂ ਦੀ ‘ਮਿਊਜ਼ੀਕਲ ਚੇਅਰ ਰੇਸ’ ਅਤੇ ‘ਤਿੰਨ-ਲੱਤੀ ਦੌੜ’ (ਥਰੀ-ਲੈੱਗਡ ਰੇਸ) ਕਰਵਾਈ ਗਈ। ਸਾਰੀਆਂ ਹੀ ਖੇਡਾਂ ਬੜੀਆਂ ਮਨੋਰੰਜਕ ਅਤੇ ਹੌਸਲਾ-ਵਧਾਊ ਸਨ।
ਇਸ ਦੌਰਾਨ ਕਲੱਬ ਦੇ ਪ੍ਰਧਾਨ ਦਰਸ਼ਨ ਸਿੰਘ ਗਰੇਵਾਲ ਵੱਲੋਂ ਆਪਣੇ ਸੰਬੋਧਨ ਵਿੱਚ ਸਮਾਗ਼ਮ ਵਿੱਚ ਪਹੁੰਚੇ ਲੀਡਰਾਂ ਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਹੋਇਆਂ ਕੈਲੇਡਨ ਈਸਟ ਦੇ ਆਪਣੇ ਪਾਰਕ ਬਾਰੇ ਕੁਝ ਮੰਗਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੂੰ ਸਬੰਧਿਤ ਧਿਰਾਂ ਵੱਲੋਂ ਮੰਨੇ ਜਾਣ ਦਾ ਵਾਅਦਾ ਕੀਤਾ ਗਿਆ। ‘ਕੈਨੇਡਾ ਡੇਅ’ ਮਨਾਉਣ ਦੇ ਇਸ ਜਸ਼ਨ ਦੌਰਾਨ ਚਾਹ-ਪਾਣੀ ਅਤੇ ਖਾਣ-ਪੀਣ ਦਾ ਲੰਗਰ ਸਾਰਾ ਦਿਨ ਚੱਲਦਾ ਰਿਹਾ। ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਆਪਣੀਆਂ ਜ਼ਿੰਮੇਂਵਾਰੀਆਂ ਬਾਖ਼ੂਬੀ ਨਿਭਾਈਆਂ ਗਈਆਂ। ਇਸ ਤਰ੍ਹਾਂ ਸਮੂਹ ਕੈਲੇਡਨ-ਵਾਸੀਆਂ ਵੱਲੋਂ ਮਿਲ ਕੇ ਇਹ ਦਿਨ ਬੜੇ ਚਾਅ ਤੇ ਉਤਸ਼ਾਹ ਨਾਮ ਮਨਾਇਆ ਗਿਆ।