ਬਰੈਂਪਟਨ, 4 ਅਗਸਤ (ਪੋਸਟ ਬਿਊਰੋ): ਗਰੇਟਰ ਟਰਾਂਟੋ ਏਰੀਏ ਦੇ ਵਿੱਚ ਮਸ਼ਹੂਰ ਕਬੱਡੀ ਕਲੱਬ ਜੀ.ਟੀ.ਏ. ਕਬੱਡੀ ਕਲੱਬ 2025 ਓਂਟਾਰੀਓ ਦੇ ਕਬੱਡੀ ਸੀਜ਼ਨ ਦੀ ਸਭ ਤੋਂ ਬਿਹਤਰੀਨ ਕਲੱਬ ਐਲਾਨੀ ਗਈ ਹੈ। ਗਰੇਟਰ ਟੋਰਾਂਟੋ ਏਰੀਏ ਵਿੱਚ ਇਸ ਸਮੇਂ ਓਂਟਾਰੀਓ ਕਬੱਡੀ ਫੈਡਰੇਸ਼ਨ ਅਧੀਨ ਛੇ ਕਲੱਬਾਂ ਖੇਡ ਰਹੀਆਂ ਹਨ। ਇਨ੍ਹਾਂ ਵਿੱਚੋਂ ਜੀ.ਟੀ.ਏ. ਕਬੱਡੀ ਕਲੱਬ ਨੇ ਤਿੰਨ ਕੱਪ ਚੁੱਕ ਕੇ ਇਹ ਖਿਤਾਬ ਆਪਣੇ ਨਾਮ ਕੀਤਾ ਹੈ। ਸਭ ਤੋਂ ਪਹਿਲਾਂ ਜੀ.ਟੀ.ਏ. ਕਬੱਡੀ ਕਲੱਬ ਵੱਲੋਂ ਟੋਰਾਂਟੋ ਪੰਜਾਬੀ ਕਬੱਡੀ ਕਲੱਬ ਵੱਲੋਂ ਕਰਾਏ ਗਏ ਟੂਰਨਾਮੈਂਟ ਟੂਰਨਾਮੈਂਟ ਵਿੱਚ ਜਿੱਤ ਹਾਸਿਲ ਕੀਤੀ।
ਇਸ ਟੂਰਨਾਮੈਂਟ ਵਿੱਚ ਫਾਈਨਲ ਮੈਚ `ਚ ਜੀ.ਟੀ.ਏ. ਕਬੱਡੀ ਕਲੱਬ ਦਾ ਮੁਕਾਬਲਾ ਟੋਰਾਂਟੋ ਪੰਜਾਬੀ ਕਲੱਬ ਨਾਲ ਹੋਇਆ ਜੋ ਇੱਕ ਬਹੁਤ ਹੀ ਫਸਮਾ ਮੁਕਾਬਲਾ ਸੀ। ਜੀ.ਟੀ.ਏ. ਕਬੱਡੀ ਕਲੱਬ ਦੇ ਮਸ਼ਹੂਰ ਰੇਡਰ ਅੰਬਾ, ਰੁਪਿੰਦਰ, ਭੀਮ, ਫੈਸਲ ਬੱਟੂ, ਰੁਪਿੰਦਰ ਦੋਧੇਵਾਲਾ ਅਤੇ ਸ਼ੰਕਰ ਨੇ ਕਮਾਲ ਦੀਆਂ ਰੇਡਾਂ ਪਾਕੇ ਇਹ ਜਿੱਤ ਆਪਣੇ ਨਾਮ ਕੀਤੀ। ਦੂਜੇ ਪਾਸੇ ਜਾਫੀਆਂ ਵਿੱਚ ਸੱਤੂ ਖਡੂਰ ਸਾਹਿਬ, ਰਵਿੰਦਰ ਘਾਂਗੇਵਾਲਾ, ਅਲੀ ਲਾਹੌਰੀਆ, ਆਜ਼ਾਦ ਕੋਟਲੀ, ਦਲਜਿੰਦਰ ਔਜਲਾ ਨੇ ਕਮਾਲ ਦੇ ਜੱਫੇ ਲਾ ਕੇ ਇਸ ਟੂਰਨਾਮੈਂਟ ਵਿੱਚ ਜਿੱਤ ਹਾਸਿਲ ਕਰਨ `ਚ ਆਪਣਾ ਯੋਗਦਾਨ ਪਾਇਆ।
ਦੂਜਾ ਕੱਪ ਜੀਟੀਏ ਕਲੱਬ ਵੱਲੋਂ ਆਪਣਾ ਹੀ ਟੂਰਨਾਮੈਂਟ ਬਰੈਂਪਟਨ ਦੀਆਂ ਮਸ਼ਹੂਰ ਸੀਏਏ ਸੈਂਟਰ ਦੀਆਂ ਗਰਾਊਂਡਾਂ ਵਿੱਚ ਕਰਵਾਇਆ ਗਿਆ, ਉੱਥੇ ਜਿੱਤ ਹਾਸਿਲ ਕੀਤੀ ਗਈ। ਇੱਥੇ ਇਨ੍ਹਾਂ ਦਾ ਫਾਈਨਲ ਵਿੱਚ ਮੁਕਾਬਲਾ ਬਰੈਂਪਟਨ ਯੂਨਾਈਟਡ ਨਾਲ ਹੋਇਆ ਸੀ। ਇਸ ਮੈਚ ਵਿੱਚ ਖਾਸ ਤੌਰ `ਤੇ ਮੈਕਸੀਕਨ ਖਿਡਾਰੀ ਜਹਿਰੋ ਨੇ ਸਿ਼ਰਕਤ ਕੀਤੀ ਅਤੇ ਇਸ ਜਿੱਤ ਨੂੰ ਜੀ.ਟੀ.ਏ. ਦੇ ਨਾਲ ਦਰਜ ਕੀਤਾ।
ਤੀਜਾ ਕੱਪ ਜੀ.ਟੀ.ਏ. ਕਬੱਡੀ ਕਲੱਬ ਵੱਲੋਂ ਬਰੈਨਜ਼ਰ ਵਿੱਚ ਕਰਵਾਏ ਗਏ ਟੂਰਨਾਮੈਂਟ ਵਿਚ ਜਿੱਤ ਹਾਸਿਲ ਕਰਨ ਤੋਂ ਬਾਅਦ ਚੁੱਕਿਆ ਗਿਆ। ਇਸ ਟੂਰਨਾਮੈਂਟ ਵਿੱਚ ਫਾਈਨਲ ਮੁਕਾਬਲਾ ਮੈਟਰੋ ਪੰਜਾਬੀ ਸਪੋਰਟਸ ਕਲੱਬ ਨਾਲ ਹੋਇਆ ਜਿਸ ਵਿੱਚ ਸਾਰੇ ਖਿਡਾਰੀਆਂ ਵੱਲੋਂ ਕਮਾਲ ਦੀ ਖੇਡ ਦਿਖਾਉਣ ਤੋਂ ਬਾਅਦ ਇੱਥੇ ਜਿੱਤ ਹਾਸਿਲ ਕੀਤੀ ਗਈ। ਕਲੱਬ ਦੇ ਪ੍ਰਧਾਨ ਦੀ ਦਲਜੀਤ ਸਹੋਤਾ ਨੇ ਜੀ.ਟੀ.ਏ. ਕਬੱਡੀ ਕਲੱਬ ਬਾਰੇ ਦੱਸਦਿਆਂ ਕਿਹਾ ਕਿ ਜੋ ਸਾਡੀ ਕਲੱਬ ਹੈ ਜਿਸ ਦੇ ਚੇਅਰਮੈਨ ਮੇਜਰ ਨੱਤ ਜੀ ਹਨ, ਕੋਚ ਕਰਮਜੀਤ ਸੁੰਨੜ ਅਤੇ ਬੰਤ ਨਿੱਝਰ, ਸੈਕਟਰੀ ਹਰਵਿੰਦਰ ਵਿਰਕ, ਖਜ਼ਾਨਚੀ ਜਿੰਦਰ ਬੁੱਟਰ, ਡਾਇਰੈਕਟਰ ਜੌਨੀ, ਬਿੱਲਾ ਰੰਧਾਵਾ, ਸਤਨਾਮ ਸਿੰਘ ਅਤੇ ਕੁਲਵੰਤ ਢੀਂਡਸਾ ਦਾ ਖਾਸ ਸਹਿਯੋਗ ਰਿਹਾ। ਸਭ ਨੇ ਰਲ ਕੇ ਇਸ ਵਾਰ ਇੱਕ ਵਧੀਆ ਟੀਮ ਆਯੋਜਿਤ ਕੀਤੀ ਅਤੇ ਇਸ ਟੀਮ ਨੂੰ ਮੈਦਾਨ ਵਿੱਚ ਉਤਾਰਿਆ ਤੇ ਇਸ ਟੀਮ ਨੇ ਵੀ ਆਪਣੀ ਪੂਰੀ ਵਾਹ ਲਾ ਕੇ ਸਾਨੂੰ ਇਸ 2025 ਸੀਜ਼ਨ ਦੀ ਬਿਹਤਰੀਨ ਕਲੱਬ ਹੋਣ ਦਾ ਮਾਣ ਦਿਵਾਇਆ।
ਦੱਸਦੇਈਏ ਕਿ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਜਾ ਰਿਹਾ 32ਵਾਂ ਕੈਨੇਡਾ ਕਬੱਡੀ ਕੱਪ ਜਿਸ ਵਿਚ ਜੀ.ਟੀ.ਏ. ਕਬੱਡੀ ਕਲੱਬ ਨੂੰ ਕੈਨੇਡਾ ਈਸਟ ਦੀ ਟੀਮ ਬਣਾਉਣ ਦਾ ਮਾਣ ਮਿਲਿਆ ਹੈ। ਇਸ ਦੇ ਨਾਲ ਹੀ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਵੱਲੋਂ ਬਣਾਈ ਇਹ ਟੀਮ ਇਸ ਵਾਰ ਕੈਨੇਡਾ ਕਬੱਡੀ ਕੱਪ ਵਿੱਚ ਵੀ ਕਮਾਲ ਦੇ ਜੌਹਰ ਦਿਖਾਏਗੀ ਅਤੇ ਕੈਨੇਡਾ ਈਸਟ ਦਾ ਕੱਪ ਆਪਣੇ ਘਰ ਵਿੱਚ ਹੀ ਰੱਖੇਗੀ।
ਦੱਸਦੇਈਏ ਕਿ 2026 ਵਿਚ 33ਵਾਂ ਕਬੱਡੀ ਕੱਪ ਦੀ ਜੀ.ਟੀ.ਏ. ਕਬੱਡੀ ਕਲੱਬ ਵੱਲੋਂ ਹੀ ਕਰਵਾਇਆ ਜਾਵੇਗਾ। ਉਸ ਦੀਆਂ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। 32ਵੇਂ ਕੈਨੇਡਾ ਕਬੱਡੀ ਕੱਪ ਤੋਂ ਬਾਅਦ ਅਗਲੇ ਦਿਨ ਐਤਵਾਰ ਨੂੰ ਵੱਡੇ ਐਲਾਨ ਜੀ.ਟੀ.ਏ. ਕਬੱਡੀ ਕਲੱਬ ਵੱਲੋਂ ਕੀਤੇ ਜਾਣਗੇ।