ਬਰੈਂਪਟਨ, (ਡਾ. ਝੰਡ) –ਬਹੁ-ਪੱਖੀ ਸ਼ਖ਼ਸੀਅਤ ਡਾ. ਬਲਜਿੰਦਰ ਸਿੰਘ ਸੇਖੋਂ ਜੋ 30 ਜੂਨ ਨੂੰ ਬਠਿੰਡਾ ਵਿਖੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਦੀ ਨਿੱਘੀ ਯਾਦ ਵਿੱਚ ਬਰੈਂਪਟਨ ਦੀਆਂ ਸਾਹਿਤਕ, ਸਮਾਜਿਕ ਤੇ ਸੱਭਿਆਚਾਰਕ ਜੱਥੇਬੰਦੀਆਂ ਵੱਲੋਂ ਮਿਲ ਕੇ ਸ਼ਰਧਾਂਜਲੀ ਸਮਾਗ਼ਮ ਐਤਵਾਰ 27 ਜੁਲਾਈ ਨੂੰ ‘ਐੱਮਬੈਸੀਕਨਵੈੱਨਸ਼ਨ ਸੈਂਟਰ’ 8800 ਗੋਰ ਰੋਡ, ਬਰੈਂਪਟਨ ਦੇ ਹਾਲ ਨੰਬਰ 5 ਵਿੱਚ ਸਵੇਰੇ 10.30 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਸਮੂਹ ਜੱਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਇਸ ਸਮਾਗ਼ਮ ਵਿਚ ਡਾ. ਬਲਜਿੰਦਰ ਸੇਖੋਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਏਗੀ ਅਤੇ ਉਨ੍ਹਾਂ ਵੱਲੋਂ ਪਾਏ ਗਏ ਵੱਡਮੁੱਲੇ ਵਿੱਦਿਅਕ, ਸਮਾਜਿਕ, ਸਾਹਿਤਕ, ਸੱਭਿਆਚਰਕ ਤੇ ਜੱਥੇਬੰਦਕ ਯੋਗਦਾਨ ਨੂੰ ਯਾਦ ਕੀਤਾ ਜਾਏਗਾ।
ਇਸ ਸ਼ਰਧਾਂਜਲੀ ਸਮਾਗ਼ਮ ਦੀ ਤਿਆਰੀ ਸਬੰਧੀ 22 ਜੁਲਾਈ ਨੂੰ ਸ਼ਾਮ 6.00 ਵਜੇ ਜ਼ੂਮ-ਮਾਧਿਅਮ ਉੱਪਰ ਸੰਖੇਪ ਮੀਟਿੰਗ ਕੀਤੀ ਗਈ ਜਿਸ ਵਿੱਚ ਕੈਨੇਡੀਅਨ ਤਰਕਸ਼ੀਲ ਸੋਸਾਇਟੀ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਰਹਿਪਾ, ਮੀਤ-ਪ੍ਰਧਾਨ ਬਲਵਿੰਦਰ ਸਿੰਘ ਬਰਨਾਲਾ, ‘ਪੰਜਾਬੀ ਕਲਮਾਂ ਦਾ ਕਾਫ਼ਲਾ’ ਤੋਂ ਕੁਲਵਿੰਦਰ ਖਹਿਰਾ, ‘ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ’ ਤੋਂ ਮਲੂਕ ਸਿੰਘ ਕਾਹਲੋਂ ਤੇ ਡਾ. ਸੁਖਦੇਵ ਸਿੰਘ ਝੰਡ, ਪੰਜਾਬੀ ਯੂਨੀਵਰਸਿਟੀ ਪਟਿਆਲਾ ਐਲੂਮੀਨਾਈ ਐਸੋਸੀਏਸ਼ਨ ਤੋਂ ਪਰਮਜੀਤ ਸਿੰਘ ਗਿੱਲ, ਨਛੱਤਰ ਸਿੰਘ ਬਦੇਸ਼ਾ, ਅਮਰਦੀਪ, ਜਸਵੀਰ ਤੇ ਸੋਹਨ ਢੀਂਡਸਾ ਸ਼ਾਮਲ ਹੋਏ।
ਮੀਟਿੰਗ ਵਿੱਚ ਸ਼ਰਧਾਂਜਲੀ ਸਮਾਗ਼ਮ ਦੀ ਰੂਪ-ਰੇਖਾ ਨੂੰ ਅੰਤਮ ਛੋਹਾਂਦਿੰਦਿਆਂ ਫ਼ੈਸਲਾ ਕੀਤਾ ਗਿਆ ਕਿ ਹਰੇਕ ਸਮਾਜਿਕ, ਸਾਹਿਤਕ, ਖੇਡ ਤੇ ਸੱਭਿਆਚਾਰਕ ਜੱਥੇਬੰਦੀ ਦੇ ਇੱਕ-ਇੱਕ ਨੁਮਾਇੰਦੇ ਨੂੰ ਬੋਲਣ ਦਾ ਸਮਾਂ ਦਿੱਤਾ ਜਾਏਗਾ ਜੋ ਉਨ੍ਹਾਂ ਦੀ ਸ਼ਖਸੀਅਤ ਦੇ ਵੱਖ-ਵੱਖ ਪੱਖਾਂ ਪੜ੍ਹਾਈ-ਲਿਖਾਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕੀਤੀ ਗਈ ਲੰਮਾ ਸਮਾਂ ਸਰਵਿਸ ਦੇ ਵੱਖ-ਵੱਖ ਪਹਿਲੂਆਂਅਤੇ ਕੀਤੇ ਗਏ ਸਾਰਥਿਕ ਸਮਾਜਿਕ ਤੇ ਸਾਹਿਤਕ ਕੰਮਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ। ਉਨ੍ਹਾਂ ਤੋਂ ਇਲਾਵਾ ਸਮਾਗ਼ਮ ਵਿੱਚ ਹਾਜ਼ਰ ਹੋਣ ਵਾਲੀਆਂ ਅਹਿਮ ਸਮਾਜਿਕ ਸ਼ਖ਼ਸੀਅਤਾਂ ਨੂੰ ਵੀ ਬੋਲਣ ਲਈ 2-3 ਮਿੰਟ ਸਮਾਂ ਦੇਣ ਦੀ ਗੱਲ ਹੋਈ।
ਸਮਾਗ਼ਮ ਦੌਰਾਨ ਡਾ. ਬਲਜਿੰਦਰ ਸੇਖੋਂ ਰਚਿਤ ਪੁਸਤਕਾਂ ਤੇ ਉਨ੍ਹਾਂ ਦੇ ਅਹਿਮ ਪੇਪਰ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਉਨ੍ਹਾਂ ਦੇ ਜੀਵਨ ਅਤੇ ਪ੍ਰਾਪਤੀਆਂ ਨਾਲ ਸਬੰਧਿਤ ਤਸਵੀਰਾਂ ਪ੍ਰੋਜੈੱਕਟਰ ਦੀ ਸਹਾਇਤਾ ਨਾਲ ਸਕਰੀਨ ਉੱਪਰ ਵਿਖਾਈਆਂ ਜਾਣਗੀਆਂ। ਸਮਾਗ਼ਮ ਦੇ ਪ੍ਰਬੰਧ ਲਈ ਮੀਟਿੰਗ ਵਿੱਚ ਹਾਜ਼ਰ ਵਿਅੱਕਤੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ।
ਸਾਰਿਆਂ ਨੂੰ ਇਸ ਸ਼ਰਧਾਂਜਲੀ ਸਮਾਗ਼ਮ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਬਲਦੇਵ ਰਹਿਪਾ (416-881-7202) ਜਾਂ ਕੁਲਦੀਪ ਚਾਹਲ (647-290-9267) ਨੂੰ ਸੰਪਰਕ ਕੀਤਾ ਜਾ ਸਕਦਾ ਹੈ।