ਵਾਸਿ਼ੰਗਟਨ, 23 ਜੂਨ (ਪੋਸਟ ਬਿਊਰੋ): ਅਮਰੀਕਾ ਨੇ ਐਤਵਾਰ ਸਵੇਰੇ 7 ਬੀ-2 ਬੰਬਾਰਾਂ ਨਾਲ ਈਰਾਨ ਦੇ 3 ਪ੍ਰਮਾਣੂ ਟਿਕਾਣਿਆਂ 'ਤੇ ਹਮਲਾ ਕੀਤਾ। ਇਹ ਅੱਡੇ ਈਰਾਨ ਦੇ ਫੋਰਡੋ, ਨਤਾਨਜ਼ ਅਤੇ ਇਸਫਾਹਾਨ ਵਿੱਚ ਹਨ।
ਈਰਾਨੀ ਪ੍ਰਮਾਣੂ ਟਿਕਾਣਿਆਂ 'ਤੇ ਮਿਜ਼ਾਈਲਾਂ ਸੁੱਟਣ ਤੋਂ ਲਗਭਗ 13 ਘੰਟੇ ਬਾਅਦ, ਅਮਰੀਕੀ ਰੱਖਿਆ ਮੰਤਰੀ ਅਤੇ ਸੰਯੁਕਤ ਚੀਫ਼ ਆਫ਼ ਸਟਾਫ ਜਨਰਲ ਡੈਨ ਕੇਨ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਇਸ ਵਿੱਚ, ਜਨਰਲ ਡੈਨ ਕੇਨ ਨੇ ਕਿਹਾ ਕਿ ਈਰਾਨ ਵਿੱਚ ਕਾਰਵਾਈ ਦਾ ਨਾਮ 'ਓਪਰੇਸ਼ਨ ਮਿਡਨਾਈਟ-ਹੈਮਰ' ਸੀ। ਇਸ ਵਿੱਚ 125 ਤੋਂ ਵੱਧ ਜੈੱਟ ਸ਼ਾਮਿਲ ਸਨ।
ਹਮਲੇ ਤੋਂ ਪਹਿਲਾਂ, ਬੀ-2 ਬੰਬਾਰ ਨੇ 20 ਜੂਨ ਨੂੰ ਅਮਰੀਕਾ ਦੇ ਮਿਸੂਰੀ ਵ੍ਹਾਈਟ-ਮੈਨ ਏਅਰ ਫੋਰਸ ਬੇਸ ਤੋਂ ਉਡਾਣ ਭਰੀ। ਇਸ ਜਹਾਜ਼ ਨੇ ਲਗਭਗ 37 ਘੰਟੇ ਬਿਨ੍ਹਾਂ ਰੁਕੇ ਉਡਾਣ ਭਰੀ ਅਤੇ ਹਵਾ ਵਿੱਚ ਕਈ ਵਾਰ ਤੇਲ ਭਰਿਆ।
ਬੀ-2 ਬੰਬਾਰ ਨੇ ਫੋਰਡੋ ਅਤੇ ਨਤਾਨਜ਼ ਸਾਈਟਾਂ 'ਤੇ 30 ਹਜ਼ਾਰ ਪੌਂਡ (14 ਹਜ਼ਾਰ ਕਿਲੋਗ੍ਰਾਮ) ਭਾਰ ਵਾਲੇ ਇੱਕ ਦਰਜਨ ਤੋਂ ਵੱਧ ਜੀਬੀਯੂ-57 ਬੰਬ (ਬੰਕਰ ਬਸਟਰ) ਸੁੱਟੇ। ਇਸ ਦੇ ਨਾਲ ਹੀ, ਇਸਫਾਹਨ ਅਤੇ ਨਤਾਨਜ਼ 'ਤੇ 30 ਟੋਮਾਹਾਕ ਕਰੂਜ਼ ਮਿਜ਼ਾਈਲਾਂ ਦਾਗੀਆਂ ਗਈਆਂ। ਇਹ 400 ਮੀਲ ਦੂਰ ਅਮਰੀਕੀ ਪਣਡੁੱਬੀਆਂ ਤੋਂ ਲਾਂਚ ਕੀਤੀਆਂ ਗਈਆਂ ਸਨ।
ਜਨਰਲ ਕੇਨ ਨੇ ਕਿਹਾ ਕਿ ਇਸ ਮਿਸ਼ਨ ਵਿੱਚ ਇੱਕ ਧੋਖਾਧੜੀ ਦੀ ਰਣਨੀਤੀ ਵੀ ਅਪਣਾਈ ਗਈ ਸੀ। ਇਸ ਵਿੱਚ, ਕੁਝ ਬੰਬਾਰ ਪ੍ਰਸ਼ਾਂਤ ਮਹਾਸਾਗਰ ਵਿੱਚ ਤਾਇਨਾਤ ਕੀਤੇ ਗਏ ਸਨ, ਤਾਂ ਜੋ ਈਰਾਨ ਸੋਚੇ ਕਿ ਹਮਲਾ ਪ੍ਰਸ਼ਾਂਤ ਮਹਾਸਾਗਰ ਤੋਂ ਆਵੇਗਾ, ਜਦੋਂਕਿ ਅਸਲ ਹਮਲਾ ਵ੍ਹਾਈਟ-ਮੈਨ ਏਅਰ ਫੋਰਸ ਬੇਸ ਤੋਂ ਕੀਤਾ ਗਿਆ ਸੀ।
ਜਨਰਲ ਕੇਨ ਨੇ ਕਿਹਾ ਕਿ ਪੂਰਾ ਆਪ੍ਰੇਸ਼ਨ ਬਹੁਤ ਗੁਪਤ ਸੀ ਅਤੇ ਸਿਰਫ ਕੁਝ ਚੁਣੇ ਹੋਏ ਅਮਰੀਕੀ ਫੌਜੀ ਨੇਤਾਵਾਂ ਨੂੰ ਇਸ ਬਾਰੇ ਪਤਾ ਸੀ। ਉਨ੍ਹਾਂ ਕਿਹਾ ਕਿ ਇਹ 11 ਸਤੰਬਰ, 2001 ਦੇ ਹਮਲਿਆਂ ਤੋਂ ਬਾਅਦ ਸਭ ਤੋਂ ਲੰਬਾ ਬੀ-2 ਮਿਸ਼ਨ ਸੀ।