* ਹਾਦਸੇ ਤੋਂ 5 ਦਿਨ ਬਾਅਦ ਉਡਣਾ ਸੀ ਜਹਾਜ਼
ਕੋਲਕਾਤਾ, 17 ਜੂਨ (ਪੋਸਟ ਬਿਊਰੋ): ਅਹਿਮਦਾਬਾਦ ਵਿੱਚ ਜਹਾਜ਼ ਹਾਦਸੇ ਤੋਂ ਪੰਜ ਦਿਨ ਬਾਅਦ, ਅਹਿਮਦਾਬਾਦ ਤੋਂ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਪਹਿਲੀ ਉਡਾਣ ਰੱਦ ਕਰ ਦਿੱਤੀ ਗਈ ਹੈ। ਇਸ ਪਿੱਛੇ ਤਕਨੀਕੀ ਖਰਾਬੀ ਨੂੰ ਕਾਰਨ ਦੱਸਿਆ ਗਿਆ ਹੈ।
ਫਲਾਈਟ ਨੰਬਰ ਏਆਈ-159 ਨੇ ਦੁਪਹਿਰ 1:10 ਵਜੇ ਅਹਿਮਦਾਬਾਦ ਤੋਂ ਲੰਡਨ ਲਈ ਉਡਾਣ ਭਰਨੀ ਸੀ। ਜਾਣਕਾਰੀ ਅਨੁਸਾਰ, ਇਹ ਤਕਨੀਕੀ ਖਰਾਬੀ ਉਡਾਣ ਦੇ ਟੇਕਆਫ ਤੋਂ ਕੁਝ ਘੰਟੇ ਪਹਿਲਾਂ ਪਤਾ ਲੱਗੀ।
ਅੱਜ ਦੀ ਉਡਾਣ ਕੱਲ੍ਹ ਮੁੜ ਸ਼ਡਿਊਲ ਕੀਤੀ ਜਾਵੇਗੀ। ਇਸ ਕਾਰਨ ਯਾਤਰੀ ਪੇ੍ਰਸ਼ਾਨ ਹੋ ਰਹੇ ਹਨ। ਇੱਕ ਯਾਤਰੀ ਨੇ ਕਿਹਾ ਕਿ ਜਨਤਾ ਨੂੰ ਇਸ ਤਰ੍ਹਾਂ ਪ੍ਰੇਸ਼ਾਨ ਨਾ ਕਰੋ। ਇੱਥੇ ਆਉਣ ਤੋਂ ਬਾਅਦ, ਤੁਸੀਂ ਦੱਸਦੇ ਹੋ ਕਿ ਉਡਾਣ ਰੱਦ ਕਰ ਦਿੱਤੀ ਗਈ ਹੈ। ਹੁਣ 250 ਲੋਕ ਕੀ ਕਰਨਗੇ? ਉਹ ਕਿੱਥੇ ਰਹਿਣਗੇ? ਏਅਰਲਾਈਨਜ਼ ਵੱਲੋਂ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ।
ਸੈਨ ਫਰਾਂਸਿਸਕੋ ਤੋਂ ਮੁੰਬਈ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਵਿੱਚ ਸੋਮਵਾਰ ਰਾਤ ਨੂੰ ਤਕਨੀਕੀ ਖਰਾਬੀ ਆ ਗਈ, ਜਿਸ ਕਾਰਨ ਯਾਤਰੀਆਂ ਨੂੰ ਮੰਗਲਵਾਰ ਸਵੇਰੇ ਕੋਲਕਾਤਾ ਹਵਾਈ ਅੱਡੇ 'ਤੇ ਜਹਾਜ਼ ਤੋਂ ਉਤਰਨਾ ਪਿਆ।
ਫਲਾਈਟ ਨੰਬਰ ਏਆਈ180 ਕੋਲਕਾਤਾ ਰਾਹੀਂ ਮੁੰਬਈ ਜਾ ਰਹੀ ਸੀ। ਬੋਇੰਗ 777-200ਐੱਲਆਰ (ਵਰਲਡਲਾਈਨਰ) ਜਹਾਜ਼ 17 ਜੂਨ ਨੂੰ ਦੁਪਹਿਰ 12:45 ਵਜੇ ਕੋਲਕਾਤਾ ਪਹੁੰਚਿਆ। ਇਸਨੇ ਮੁੰਬਈ ਲਈ ਸਵੇਰੇ 2 ਵਜੇ ਰਵਾਨਾ ਹੋਣਾ ਸੀ।
ਜਹਾਜ਼ ਦੇ ਖੱਬੇ ਇੰਜਣ ਵਿੱਚ ਤਕਨੀਕੀ ਖਰਾਬੀ ਕਾਰਨ ਉਡਾਣ ਭਰਨ ਵਿੱਚ ਦੇਰੀ ਹੋਈ। ਇਸ ਤੋਂ ਬਾਅਦ ਸਵੇਰੇ 5:20 ਵਜੇ ਦੇ ਕਰੀਬ ਕੈਪਟਨ ਨੇ ਯਾਤਰੀਆਂ ਨੂੰ ਜਹਾਜ਼ ਤੋਂ ਉਤਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਫੈਸਲਾ ਉਡਾਣ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।