ਨਵੀਂ ਦਿੱਲੀ, 16 ਜੂਨ (ਪੋਸਟ ਬਿਊਰੋ): ਬਠਿੰਡਾ ਵਿਚ ਪੰਜਾਬ ਦੀ ਰਹਿਣ ਵਾਲੀ ਕਮਲ ਕੌਰ ਭਾਬੀ ਉਰਫ਼ ਕੰਚਨ ਕੁਮਾਰੀ ਦੇ ਕਤਲ ਵਾਰਗੀ ਹੀ ਘਟਨਾ ਹੁਣ ਹਰਿਆਣਾ ਤੋਂ ਸਾਹਮਣੇ ਆਈ ਹੈ, ਜਿਥੇ ਮਾਡਲ ਦਾ ਕਤਲ ਕੀਤਾ ਗਿਆ ਹੈ। ਮਸ਼ਹੂਰ ਹਰਿਆਣਵੀ ਮਾਡਲ ਸ਼ੀਤਲ ਉਰਫ਼ ਸਿੰਮੀ ਚੌਧਰੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਉਸਦੀ ਲਾਸ਼ ਸੋਨੀਪਤ ਦੇ ਖਰਖੋਦਾ ਵਿਖੇ ਨਹਿਰ ਵਿੱਚੋਂ ਮਿਲੀ। ਉਸ ਦੀ ਗਰਦਨ `ਤੇ ਚਾਕੂ ਦੇ ਨਿਸ਼ਾਨ ਮਿਲੇ ਹਨ, ਜਿਸ ਤੋਂ ਸ਼ੱਕ ਪੈਦਾ ਹੁੰਦਾ ਹੈ ਕਿ ਮਾਡਲ ਦਾ ਗਲਾ ਵੱਢ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕ ਦੇਹ ਦੇ ਹੱਥਾਂ ਅਤੇ ਛਾਤੀ `ਤੇ ਟੈਟੂ ਸਨ ਜਿਨ੍ਹਾਂ ਨੇ ਇਸਨੂੰ ਮਾਡਲ ਸ਼ੀਤਲ ਵਜੋਂ ਪਛਾਣਨ ਵਿੱਚ ਮਦਦ ਕੀਤੀ।
ਸ਼ੀਤਲ ਮੂਲ ਰੂਪ ਵਿੱਚ ਪਾਣੀਪਤ ਦੀ ਰਹਿਣ ਵਾਲੀ ਸੀ। ਸ਼ਨੀਵਾਰ (14 ਜੂਨ) ਨੂੰ ਉਹ ਸ਼ੂਟਿੰਗ ਲਈ ਘਰੋਂ ਨਿਕਲੀ। ਇਸ ਦੌਰਾਨ ਉਸਨੇ ਆਪਣੀ ਭੈਣ ਨੇਹਾ ਨੂੰ ਫ਼ੋਨ ਕੀਤਾ ਅਤੇ ਦੱਸਿਆ ਕਿ ਉਸਦਾ ਬੁਆਏਫ੍ਰੈਂਡ ਉਸਨੂੰ ਕੁੱਟ ਰਿਹਾ ਹੈ। ਉਹ ਉਸਨੂੰ ਜ਼ਬਰਦਸਤੀ ਆਪਣੇ ਨਾਲ ਲਿਜਾਣ ਦੀ ਕੋਸਿ਼ਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਕਾਲ ਕੱਟ ਦਿੱਤੀ ਗਈ।
ਇਸ ਤੋਂ ਬਾਅਦ ਸੋਮਵਾਰ ਸਵੇਰੇ ਸ਼ੀਤਲ ਦੀ ਲਾਸ਼ ਸੋਨੀਪਤ ਤੋਂ ਬਰਾਮਦ ਕੀਤੀ ਗਈ। ਸੋਨੀਪਤ ਪੁਲਿਸ ਨੇ ਪੁਸ਼ਟੀ ਕੀਤੀ ਕਿ ਲਾਸ਼ ਸ਼ੀਤਲ ਦੀ ਹੈ। ਐਤਵਾਰ ਸਵੇਰੇ ਦੋਸ਼ੀ ਪ੍ਰੇਮੀ ਦੀ ਕਾਰ ਵੀ ਦਿੱਲੀ ਪੈਰਲਲ ਨਹਿਰ ਵਿੱਚ ਪਈ ਮਿਲੀ। ਲੋਕਾਂ ਨੇ ਆਦਮੀ ਨੂੰ ਕਾਰ ਵਿੱਚੋਂ ਬਾਹਰ ਕੱਢਿਆ ਪਰ ਮਾਡਲ ਗਾਇਬ ਸੀ। ਜਿਸ ਤੋਂ ਬਾਅਦ ਭੈਣ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ।