ਐਡਮਿੰਟਨ, 6 ਜੂਨ (ਪੋਸਟ ਬਿਊਰੋ): ਐਲਬਰਟਾ ਪ੍ਰੀਮੀਅਰ ਡੇਨੀਅਲ ਸਮਿੱਥ ਨੇ ਸਟੈਨਲੇ ਕੱਪ ਦੇ ਫ਼ਾਈਨਲ ਵਿਚ ਐਡਮਿੰਟਨ ਆਇਲਰਜ਼ ਦੀ ਗੇਮ ਦੇਖਣ ਲਈ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਸੱਦਾ ਦਿੱਤਾ ਹੈ।
ਬੁੱਧਵਾਰ ਨੂੰ ਵਾਸ਼ਿੰਗਟਨ ਡੀਸੀ ਤੋਂ ਪ੍ਰੈੱਸ ਨਾਲ ਗੱਲ ਕਰਦਿਆਂ ਪ੍ਰੀਮੀਅਰ ਸਮਿੱਥ ਨੇ ਕਿਹਾ ਕਿ ਉਹ ਉਡੀਕ ਕਰਨ ਰਹੇ ਹਨ ਕਿ ਪ੍ਰਧਾਨ ਮੰਤਰੀ ਕਾਰਨੀ ਗੇਮ 5 ਦੇਖਣ ਲਈ ਆਉਣਗੇ ਜਾਂ ਨਹੀਂ। ਇਹ ਗੇਮ ਆਉਂਦੇ ਵੀਕੈਂਡ ਨੂੰ ਹੋਵੇਗੀ। ਦਸ ਦਈਏ ਕਿ ਉਸ ਤੋਂ ਅਗਲੇ ਹਫ਼ਤੇ ਐਲਬਰਟਾ ਦੇ ਕੈਨਾਨੈਸਕਿਸ ਵਿਚ ਜੀ-7 ਸੰਮੇਲਨ ਆਯੋਜਿਤ ਹੋ ਰਿਹਾ ਹੈ।
ਕਾਰਨੀ ਦਾ ਬਚਪਨ ਐਡਮਿੰਟਨ ਵਿਚ ਬੀਤਿਆ ਹੈ ਅਤੇ ਮਾਰਚ ਵਿਚ ਐਡਮੰਟਨ ਦੇ ਰੌਜਰਜ਼ ਸੈਂਟਰ ਵਿਚ ਉਹਨਾਂ ਨੇ ਆਇਲਰਜ਼ ਦੀ ਟੀਮ ਨਾਲ ਆਪਣੀ ਸਾਂਝ ਦਾ ਵੀ ਜ਼ਿਕਰ ਕੀਤਾ ਸੀ। ਇਹ ਲਿਬਰਲ ਲੀਡਰ ਬਣਨ ਤੋਂ ਬਾਅਦ ਕਾਰਨੀ ਦੀ ਐਡਮਿੰਟਨ ਦੀ ਪਹਿਲੀ ਫੇਰੀ ਸੀ।
ਸਮਿੱਥ ਨੇ ਕਿਹਾ, ਮੈਨੂੰ ਖੁਸ਼ੀ ਹੈ ਕਿ ਘੱਟੋ-ਘੱਟ ਸਾਡੇ ਪ੍ਰਧਾਨ ਮੰਤਰੀ ਜਾਣਦੇ ਹਨ ਕਿ ਕਿਸ ਟੀਮ ਦੀ ਹਮਾਇਤ ਕਰਨੀ ਚਾਹੀਦੀ ਹੈ।