ਵਾਸਿ਼ੰਗਟਨ, 7 ਮਾਰਚ (ਪੋਸਟ ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੁਲਾੜ ਵਿੱਚ ਫਸੇ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੀ ਪ੍ਰਸੰਸਾ ਕੀਤੀ।
ਟਰੰਪ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਤੁਹਾਨੂੰ ਪਿਆਰ ਕਰਦੇ ਹਾਂ ਅਤੇ ਅਸੀਂ ਤੁਹਾਨੂੰ ਲੈਣ ਆ ਰਹੇ ਹਾਂ। ਉਨ੍ਹਾਂ ਨੇ ਬਾਇਡਨ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਤੁਹਾਨੂੰ ਇਨਾ ਸਮਾਂ ਉੱਥੇ ਨਹੀਂ ਰਹਿਣਾ ਚਾਹੀਦਾ ਸੀ। ਇਤਿਹਾਸ ਦੇ ਸਭ ਤੋਂ ਅਯੋਗ ਰਾਸ਼ਟਰਪਤੀ ਨੇ ਇਹ ਹੋਣ ਦਿੱਤਾ, ਪਰ ਮੈਂ ਇਹ ਨਹੀਂ ਹੋਣ ਦਿਆਂਗਾ।
ਇਸ ਤੋਂ ਪਹਿਲਾਂ, ਪੁਲਾੜ ਏਜੰਸੀ ਨਾਸਾ ਨੇ ਕਿਹਾ ਸੀ ਕਿ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ 19 ਮਾਰਚ ਨੂੰ ਪੁਲਾੜ ਤੋਂ ਧਰਤੀ 'ਤੇ ਵਾਪਿਸ ਆਉਣਗੇ। ਨਾਸਾ ਅਨੁਸਾਰ, ਵਿਲੀਅਮਜ਼ ਅਤੇ ਵਿਲਮੋਰ ਨੂੰ ਨਾਸਾ ਅਤੇ ਸਪੇਸਐਕਸ ਦੇ ਸਾਂਝੇ ਮਿਸ਼ਨ ਰਾਹੀਂ ਵਾਪਿਸ ਲਿਆਂਦਾ ਜਾਵੇਗਾ।
ਉਨ੍ਹਾਂ ਦੀ ਜਗ੍ਹਾ, ਨਾਸਾ ਦੇ ਨਿੱਕ ਹੇਗ ਅਤੇ ਰੂਸੀ ਪੁਲਾੜ ਏਜੰਸੀ ਦੇ ਅਲੈਗਜ਼ੈਂਡਰ ਗੋਰਬੁਨੋਵ 12 ਮਾਰਚ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪਹੁੰਚਣਗੇ। ਇਸ ਤੋਂ ਬਾਅਦ ਦੋਵੇਂ ਯਾਤਰੀ ਧਰਤੀ 'ਤੇ ਵਾਪਿਸ ਆ ਜਾਣਗੇ।