ਪੈਰਿਸ, 26 ਨਵੰਬਰ (ਪੋਸਟ ਬਿਊਰੋ): ਫਰਾਂਸ 'ਚ ਆਪਣੀ ਪਤਨੀ ਨੂੰ ਨਸ਼ੀਲਾ ਪਦਾਰਥ ਪਿਲਾ ਕੇ 10 ਸਾਲ ਤੱਕ ਅਣਪਛਾਤੇ ਵਿਅਕਤੀਆਂ ਤੋਂ ਉਸ ਨਾਲ ਬਲਾਤਕਾਰ ਕਰਵਾਉਣ ਵਾਲੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਦੋਸ਼ੀ ਪਤੀ ਦਾ ਨਾਂ ਡੋਮਿਨਿਕ ਪੇਲੀਕੋਟ (71 ਸਾਲ) ਹੈ। ਪੇਲੀਕੋਟ ਨੇ ਦੋਸ਼ਾਂ ਲਈ ਦੋਸ਼ੀ ਮੰਨਿਆ ਹੈ। ਇਸ ਮਾਮਲੇ ਵਿੱਚ ਪੰਜਾਹ ਹੋਰ ਆਦਮੀ ਵੀ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ।
ਸਮੂਹਿਕ ਬਲਾਤਕਾਰ ਦਾ ਸਿ਼ਕਾਰ ਹੋਈ ਗਿਜ਼ੇਲ ਪੇਲੀਕੋਟ ਨੇ ਕਿਹਾ ਕਿ ਇਸ ਮਾਮਲੇ 'ਚ ਮਾਫੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਗਿਜ਼ੇਲ ਨੇ ਕਿਹਾ ਕਿ ਇਹ ਬੁਰੇ ਲੋਕ ਹਨ। ਉਨ੍ਹਾਂ ਨੇ ਬਲਾਤਕਾਰ ਕੀਤਾ ਹੈ। ਕੀ ਕਿਸੇ ਨੂੰ ਆਪਣੇ ਆਪ ਤੋਂ ਸਵਾਲ ਨਹੀਂ ਪੁੱਛਣਾ ਨਹੀਂ ਬਣਦਾ ਜਦੋਂ ਉਹ ਕਿਸੇ ਔਰਤ ਨੂੰ ਬਿਸਤਰੇ 'ਤੇ ਸੁੱਤਾ ਵੇਖਦਾ ਹਨ? ਕੀ ਉਹਨਾਂ ਕੋਲ ਦਿਮਾਗ ਨਹੀਂ ਹੈ?
ਸਰਕਾਰੀ ਵਕੀਲ ਲੌਰੇ ਚਾਬੌਡ ਨੇ ਸੋਮਵਾਰ ਨੂੰ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਇਹ ਕਹਿ ਕੇ ਜਿ਼ੰਮੇਵਾਰੀ ਤੋਂ ਬਚਣ ਦੀ ਕੋਸਿ਼ਸ਼ ਕਰ ਰਹੇ ਹਨ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਗਿਜ਼ੇਲ ਪੇਲੀਕੋਟ ਨੇ ਸਹਿਮਤੀ ਦਿੱਤੀ ਸੀ। ਤਸਵੀਰਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਗਿਜ਼ੇਲ ਪੇਲੀਕੋਟ ਬੇਹੋਸ਼ ਸੀ ਅਤੇ ਇਸ ਲਈ ਉਹ ਆਪਣੀ ਸਹਿਮਤੀ ਦੇਣ ਵਿੱਚ ਅਸਮਰੱਥ ਸੀ।
ਫਰਾਂਸ 24 ਦੀ ਰਿਪੋਰਟ ਮੁਤਾਬਕ ਦੋਸ਼ੀ ਅਤੇ ਔਰਤ ਦੇ ਵਿਆਹ ਨੂੰ 50 ਸਾਲ ਹੋ ਚੁੱਕੇ ਹਨ। ਔਰਤ ਦੀ ਉਮਰ 72 ਸਾਲ ਹੈ। ਦੋਨਾਂ ਦੇ 3 ਬੱਚੇ ਵੀ ਹਨ। ਮਾਮਲੇ ਦੀ ਸੁਣਵਾਈ ਬਾਰੇ ਔਰਤ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਕੇਸ ਦੀ ਸੁਣਵਾਈ ਬੰਦ ਦਰਵਾਜਿ਼ਆਂ ਪਿੱਛੇ ਹੋਵੇ। ਅਪਰਾਧੀ ਚਾਹੁੰਦੇ ਸਨ ਕਿ ਉਹ ਲੁਕੇ ਰਹਿਣ।
ਪੁਲਸ ਮੁਤਾਬਕ ਦੋਸ਼ੀ ਪੇਲੀਕੋਟ ਇਕ ਵੈੱਬਸਾਈਟ ਰਾਹੀਂ ਪੁਰਸ਼ਾਂ ਦੇ ਸੰਪਰਕ 'ਚ ਆਉਂਦਾ ਸੀ ਅਤੇ ਉਨ੍ਹਾਂ ਨੂੰ ਫੋਨ ਕਰਦਾ ਸੀ। ਆਪਣੀ ਪਤਨੀ ਨੂੰ ਗੂੜ੍ਹੀ ਨੀਂਦ ਲੈਣ ਲਈ ਉਹ ਖਾਣ-ਪੀਣ ਵਿਚ ਨੀਂਦ ਦੀਆਂ ਗੋਲੀਆਂ ਮਿਲਾ ਦਿੰਦਾ ਸੀ। ਇਸ ਤੋਂ ਬਾਅਦ ਉਹ ਲੋਕਾਂ ਤੋਂ ਬਲਾਤਕਾਰ ਕਰਵਾਉਂਦਾ ਸੀ। ਉਹ ਘਟਨਾ ਦੀ ਵੀਡੀਓ ਵੀ ਬਣਾਉਂਦਾ ਸੀ।
ਰਿਪੋਰਟ ਮੁਤਾਬਕ ਬਲਾਤਕਾਰ ਦੀ ਵਾਰਦਾਤ ਨੂੰ 2011 ਤੋਂ 2020 ਤੱਕ ਅੰਜ਼ਾਮ ਦਿੱਤਾ ਗਿਆ ਸੀ। ਮਹਿਲਾ ਦੇ ਵਕੀਲ ਦਾ ਕਹਿਣਾ ਹੈ ਕਿ ਪਤਨੀ ਨੂੰ ਇਸ ਤਰ੍ਹਾਂ ਬੇਹੋਸ਼ੀ ਦੀ ਹਾਲਤ 'ਚ ਰੱਖਿਆ ਗਿਆ ਸੀ ਕਿ ਉਸ ਨੂੰ ਕਦੇ ਵੀ ਅਪਰਾਧ ਬਾਰੇ ਪਤਾ ਨਹੀਂ ਲੱਗਾ। ਉਸ ਨੂੰ ਇਸ ਨਾਲ ਜੁੜੀ ਇਕ ਵੀ ਘਟਨਾ ਯਾਦ ਨਹੀਂ ਹੈ।
ਵਕੀਲ ਨੇ ਕਿਹਾ ਕਿ ਜਦੋਂ ਪੁਲਿਸ ਨੇ 2020 ਵਿੱਚ ਇੱਕ ਅਪਰਾਧ ਦੀ ਜਾਂਚ ਦੇ ਸਬੰਧ ਵਿੱਚ ਮਹਿਲਾ ਨੂੰ ਬੁਲਾਇਆ ਤਾਂ ਉਨ੍ਹਾਂ ਨੂੰ ਇਸ ਹੈਰਾਨ ਕਰਨ ਵਾਲੀ ਕਹਾਣੀ ਦਾ ਪਤਾ ਲੱਗਾ।
ਔਰਤ ਨੇ ਦੱਸਿਆ ਕਿ ਨਸ਼ੇ ਕਾਰਨ ਉਸ ਦੇ ਵਾਲ ਝੜਨੇ ਸ਼ੁਰੂ ਹੋ ਗਏ ਸਨ ਅਤੇ ਉਸ ਦਾ ਭਾਰ ਵੀ ਘੱਟ ਰਿਹਾ ਸੀ। ਉਸਦੀ ਯਾਦਦਾਸ਼ਤ ਵਿਗੜਦੀ ਜਾ ਰਹੀ ਸੀ ਅਤੇ ਉਹ ਉਹ ਗੱਲਾਂ ਵੀ ਭੁੱਲਣ ਲੱਗੀ ਸੀ। ਉਸਦੇ ਬੱਚਿਆਂ ਅਤੇ ਦੋਸਤਾਂ ਨੇ ਸੋਚਿਆ ਕਿ ਔਰਤ ਨੂੰ ਅਲਜ਼ਾਈਮਰ ਸੀ।
ਦਰਅਸਲ, ਪੁਲਿਸ ਨੇ ਦੋਸ਼ੀ ਨੂੰ ਸਤੰਬਰ 2020 ਵਿੱਚ ਫੜ੍ਹਿਆ ਸੀ। ਉਹ ਇੱਕ ਸ਼ਾਪਿੰਗ ਸੈਂਟਰ ਵਿੱਚ ਲੁਕ-ਛਿਪ ਕੇ ਔਰਤਾਂ ਦੀ ਵੀਡੀਓ ਬਣਾ ਰਿਹਾ ਸੀ। ਜਦੋਂ ਪੁਲਿਸ ਨੇ ਉਸਦੇ ਕੰਪਿਊਟਰ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਉਸਦੀ ਪਤਨੀ ਦੇ ਸੈਂਕੜੇ ਵੀਡੀਓ ਮਿਲੇ ਜਿਸ ਵਿੱਚ ਉਹ ਬੇਹੋਸ਼ ਦਿਖਾਈ ਦੇ ਰਹੀ ਸੀ। ਵੀਡੀਓ ਵਿੱਚ ਵੱਖ-ਵੱਖ ਲੋਕ ਸਨ।
ਪੁਲਿਸ ਨੂੰ ਕੰਪਿਊਟਰ 'ਤੇ ਇਕ ਵੈੱਬਸਾਈਟ 'ਤੇ ਚੈਟ ਵੀ ਮਿਲੀ ਜਿਸ ਵਿਚ ਉਹ ਅਜਨਬੀਆਂ ਨੂੰ ਆਪਣੇ ਘਰ ਬੁਲਾਇਆ ਕਰਦਾ ਸੀ। ਪੁਲਿਸ ਨੇ ਇਸ ਵੈੱਬਸਾਈਟ ਨੂੰ ਬੰਦ ਕਰ ਦਿੱਤਾ ਹੈ। ਦੋਸ਼ੀ ਨੇ ਮੰਨਿਆ ਹੈ ਕਿ ਉਹ ਆਪਣੀ ਪਤਨੀ ਨੂੰ ਟ੍ਰੈਨਕਿਊਲਾਈਜ਼ਰ ਦੀਆਂ ਜਿ਼ਆਦਾ ਖੁਰਾਕਾਂ ਦਿੰਦਾ ਸੀ।