ਤਲਅਵੀਵ, 25 ਨਵੰਬਰ (ਪੋਸਟ ਬਿਊਰੋ): ਇਜ਼ਰਾਈਲ ਅਤੇ ਲੇਬਨਾਨ ਦੇ ਹਿਜ਼ਬੁੱਲਾ ਵਿਚਾਲੇ ਜੰਗਬੰਦੀ ਦੀਆਂ ਖਬਰਾਂ ਵਿਚਾਲੇ ਤਣਾਅ ਇਕ ਵਾਰ ਫਿਰ ਵਧ ਗਿਆ ਹੈ। ਐਤਵਾਰ ਨੂੰ ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 250 ਤੋਂ ਜਿ਼ਆਦਾ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ। 7 ਅਕਤੂਬਰ 2023 ਤੋਂ ਬਾਅਦ 13 ਮਹੀਨਿਆਂ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਹੈ।
ਇਨਾ ਹੀ ਨਹੀਂ, ਪਹਿਲੀ ਵਾਰ ਹਿਜ਼ਬੁੱਲਾ ਨੇ ਇਜ਼ਰਾਈਲ ਦੀ ਰਾਜਧਾਨੀ ਤਲਅਵੀਵ ਵਿੱਚ ਇਜ਼ਰਾਇਲੀ ਖੁਫੀਆ ਟਿਕਾਣਿਆਂ ਨੂੰ ਵੀ ਨਿਸ਼ਾਨਾ ਬਣਾਇਆ। ਇਜ਼ਰਾਇਲੀ ਪੁਲਸ ਮੁਤਾਬਕ ਇਹ ਹਮਲੇ ਤਲਅਵੀਵ ਦੇ ਪੂਰਬੀ ਹਿੱਸੇ ਪੇਟਾ ਟਿਕਵਾ 'ਚ ਹੋਏ। ਇਸ ਵਿੱਚ ਕਈ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਤਲਅਵੀਵ ਅਤੇ ਦੋ ਨੇੜਲੇ ਫੌਜੀ ਟਿਕਾਣਿਆਂ 'ਤੇ ਮਿਜ਼ਾਈਲਾਂ ਦਾਗੀਆਂ ਹਨ।
ਦਰਅਸਲ, ਹਿਜ਼ਬੁੱਲਾ ਦਾ ਇਹ ਹਮਲਾ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਜਾਰੀ ਇਜ਼ਰਾਇਲੀ ਹਮਲਿਆਂ ਦਾ ਜਵਾਬ ਹੈ। ਇਨ੍ਹਾਂ ਹਮਲਿਆਂ 'ਚ ਹਿਜ਼ਬੁੱਲਾ ਦੇ ਬੁਲਾਰੇ ਮੁਹੰਮਦ ਅਫੀਫ ਸਮੇਤ 63 ਤੋਂ ਵੱਧ ਲੋਕ ਮਾਰੇ ਗਏ ਹਨ। ਸ਼ਨੀਵਾਰ ਨੂੰ ਬੇਰੂਤ 'ਚ ਇਜ਼ਰਾਇਲੀ ਹਮਲੇ 'ਚ 29 ਲੇਬਨਾਨੀ ਮਾਰੇ ਗਏ ਅਤੇ 65 ਤੋਂ ਜਿ਼ਆਦਾ ਜ਼ਖਮੀ ਹੋ ਗਏ।
ਹਿਜ਼ਬੁੱਲਾ ਦਾ ਹਮਲਾ ਇਨਾ ਭਿਆਨਕ ਸੀ ਕਿ ਇਜ਼ਰਾਈਲੀ ਟੈਂਕਾਂ ਅਤੇ ਫੌਜਾਂ ਨੂੰ ਦੱਖਣੀ ਲੇਬਨਾਨ ਦੇ ਅਲ-ਬਾਇਦਾ ਖੇਤਰ ਵਿਚ ਇਕ ਰਣਨੀਤਕ ਪਹਾੜੀ ਤੋਂ ਪਿੱਛੇ ਹਟਣ ਲਈ ਮਜ਼ਬੂਰ ਹੋਣਾ ਪਿਆ। ਹਿਜ਼ਬੁੱਲਾ ਨੇ ਕਈ ਐਂਟੀ-ਟੈਂਕ ਮਿਜ਼ਾਈਲਾਂ ਨਾਲ ਵੀ ਹਮਲਾ ਕੀਤਾ।
ਹਿਜ਼ਬੁੱਲਾ ਨੇ ਹੈਫਾ ਸ਼ਹਿਰ ਨੇੜੇ ਇਜ਼ਰਾਈਲੀ ਫੌਜੀ ਅੱਡੇ ਨੂੰ ਵੀ ਨਿਸ਼ਾਨਾ ਬਣਾਇਆ। ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਹੈਫਾ ਦੇ ਉੱਤਰ ਵਿਚ ਜਵਾਲੂਨ ਮਿਲਟਰੀ ਇੰਡਸਟਰੀਜ਼ ਬੇਸ ਨੂੰ ਵੀ ਮਿਜ਼ਾਈਲਾਂ ਨਾਲ ਨਿਸ਼ਾਨਾ ਬਣਾਇਆ ਹੈ।