ਕਾਨਾ, 16 ਅਕਤੂਬਰ (ਪੋਸਟ ਬਿਊਰੋ): ਲੇਬਨਾਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਨਬਾਤੀਏਹ 'ਚ ਇਜ਼ਰਾਈਲੀ ਹਮਲੇ ਨੇ ਇੱਕ ਇਮਾਰਤ ਨੂੰ ਨਿਸ਼ਾਨਾ ਬਣਾਇਆ ਜਿੱਥੇ ਰਾਹਤ ਕਾਰਜਾਂ ਦੇ ਤਾਲਮੇਲ ਲਈ ਇੱਕ ਮੀਟਿੰਗ ਕੀਤੀ ਜਾ ਰਹੀ ਸੀ। ਲੇਬਨਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਇਜ਼ਰਾਈਲ 'ਤੇ ਨਗਰ ਕੌਂਸਲ ਦੀ ਮੀਟਿੰਗ ਨੂੰ ਜਾਣ ਬੁੱਝ ਕੇ ਨਿਸ਼ਾਨਾ ਬਣਾਉਣ ਦਾ ਦੋਸ਼ ਲਗਾਇਆ, ਜੋ ਰਾਹਤ ਯਤਨਾਂ 'ਤੇ ਚਰਚਾ ਕਰਨ ਲਈ ਰੱਖੀ ਗਈ ਸੀ। ਹਮਲੇ 'ਚ ਸ਼ਹਿਰ ਦੇ ਮੇਅਰ ਅਤੇ ਚਾਰ ਹੋਰ ਲੋਕ ਮਾਰੇ ਗਏ ਸਨ ਅਤੇ ਮਿਊਂਸਪਲ ਇਮਾਰਤ ਤਬਾਹ ਹੋ ਗਈ ਸੀ।
ਲੇਬਨਾਨ ਦੇ ਗ੍ਰਹਿ ਮੰਤਰੀ ਬਸਮ ਮੌਲਵੀ ਨੇ ਇੱਕ ਵੱਖਰੇ ਬਿਆਨ 'ਚ ਕਿਹਾ ਕਿ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਦੱਖਣੀ ਲੇਬਨਾਨ 'ਚ ਰਹਿ ਰਹੇ ਲੋਕਾਂ ਨੂੰ ਰਾਹਤ ਸਹਾਇਤਾ ਦੀ ਵੰਡ 'ਚ ਤਾਲਮੇਲ ਕਰਨ ਲਈ ਇੱਕ ਮੀਟਿੰਗ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਹਮਲੇ 'ਚ ਸਿਵਲ ਡਿਫੈਂਸ ਦਾ ਇੱਕ ਮੈਂਬਰ ਮਾਰਿਆ ਗਿਆ ਅਤੇ ਹੋਰ ਜ਼ਖ਼ਮੀ ਹੋ ਗਏ। ਮਿਕਾਤੀ ਨੇ ਇਜ਼ਰਾਈਲੀ ਹਮਲਿਆਂ ਬਾਰੇ ਅੰਤਰਰਾਸ਼ਟਰੀ ਭਾਈਚਾਰੇ 'ਤੇ ਜਾਣਬੁੱਝ ਕੇ ਚੁੱਪ ਰਹਿਣ ਦਾ ਦੋਸ਼ ਲਗਾਇਆ, ਜਿਸ ਵਿਚ ਨਾਗਰਿਕਾਂ ਦੀ ਮੌਤ ਹੋ ਗਈ ਹੈ ਅਤੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ 'ਤੇ ਹਮਲਾ ਹੋਇਆ ਹੈ। ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਹਕੀਕਤ ਨੂੰ ਦੇਖਦੇ ਹੋਏ ਕਿਸ ਹੱਲ ਦੀ ਉਮੀਦ ਕੀਤੀ ਜਾ ਸਕਦੀ ਹੈ। ਬਿਨ੍ਹਾਂ ਕੋਈ ਸਬੂਤ ਦਿੱਤੇ ਹਮਲੇ ਦਾ ਨਿਸ਼ਾਨਾ ਹਿਜ਼ਬੁੱਲਾ ਦੇ ਟਿਕਾਣੇ ਸਨ।