ਲਾਹੌਰ, 30 ਸਤੰਬਰ (ਪੋਸਟ ਬਿਊਰੋ): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਕਰਤਾਰਪੁਰ ਸਾਹਿਬ ਆਉਣ ਵਾਲੇ ਭਾਰਤੀ ਸਿੱਖਾਂ ਨੂੰ ਰੁਪਏ ਦੀ ਥਾਂ ਅਮਰੀਕੀ ਡਾਲਰ ਲਿਆਉਣ ਲਈ ਕਿਹਾ ਹੈ। ਇਸ ਫੈਸਲੇ ਦਾ ਕਾਰਨ ਭਾਰਤੀ ਨਾਗਰਿਕਾਂ ਨਾਲ ਕੀਤੀ ਜਾ ਰਹੀ ਧੋਖਾਧੜੀ ਨੂੰ ਦੱਸਿਆ ਗਿਆ ਹੈ।
ਦਰਅਸਲ, ਭਾਰਤੀਆਂ ਨੂੰ ਭਾਰਤੀ ਕਰੰਸੀ ਨੋਟਾਂ ਦੇ ਬਦਲੇ ਤੈਅ ਕੀਮਤ ਤੋਂ ਘੱਟ ਮੁੱਲ ਦੇ ਪਾਕਿਸਤਾਨੀ ਕਰੰਸੀ ਨੋਟ ਦਿੱਤੇ ਜਾ ਰਹੇ ਸਨ। ਪਾਕਿਸਤਾਨ ਦੀ ਪੰਜਾਬ ਸਰਕਾਰ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਭਾਰਤੀ ਸਿੱਖਾਂ ਵੱਲੋਂ ਆਪਣੇ ਪੈਸਿਆਂ ਦੇ ਬਦਲੇ ਤੈਅ ਮੁੱਲ ਤੋਂ ਘੱਟ ਦੇ ਕਰੰਸੀ ਨੋਟ ਲੈਣ ਦੀਆਂ ਸਿ਼ਕਾਇਤਾਂ ਸਾਹਮਣੇ ਆਈਆਂ ਹਨ।
ਸਿ਼ਕਾਇਤਾਂ ਕਾਰਨ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਸਿੱਖਾਂ ਨੂੰ ਇੱਥੇ ਸਹੂਲਤਾਂ ਲਈ ਵਾਧੂ ਪੈਸੇ ਦੇਣ ਦੀ ਲੋੜ ਨਹੀਂ ਹੈ।
ਇਸ ਸਾਲ 14 ਨਵੰਬਰ ਨੂੰ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਮੌਕੇ ਹਜ਼ਾਰਾਂ ਸਿੱਖ ਸ਼ਰਧਾਲੂ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਪਿਛਲੇ ਸਾਲ ਇਸ ਮੌਕੇ 3 ਹਜ਼ਾਰ ਦੇ ਕਰੀਬ ਸਿੱਖ ਸੰਗਤਾਂ ਨੇ ਕਰਤਾਰਪੁਰ ਸਾਹਿਬ ਦੇ ਦਰਸ਼ਨ ਕੀਤੇ ਸਨ।