ਬੇਰੂਤ, 30 ਸਤੰਬਰ (ਪੋਸਟ ਬਿਊਰੋ): ਇਜ਼ਰਾਇਲੀ ਹਮਲਿਆਂ 'ਚ ਐਤਵਾਰ ਨੂੰ ਲੇਬਨਾਨ 'ਚ 100 ਤੋਂ ਜਿ਼ਆਦਾ ਲੋਕ ਮਾਰੇ ਗਏ ਹਨ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਬਾਅਦ ਇਜ਼ਰਾਈਲ ਨੇ ਕਿਹਾ ਕਿ ਉਸ ਨੇ ਹਿਜ਼ਬੁੱਲਾ ਦੇ ਟਿਕਾਣਿਆਂ 'ਤੇ ਬੰਬਾਰੀ ਜਾਰੀ ਰੱਖੀ ਹੈ ਅਤੇ ਯਮਨ 'ਤੇ ਵੀ ਹਮਲਾ ਕੀਤਾ ਹੈ।
ਲੇਬਨਾਨ ਦੇ ਸਿਹਤ ਮੰਤਰਾਲੇ ਨੇ ਐਤਵਾਰ ਦੇਰ ਰਾਤ ਜਾਰੀ ਕੀਤੇ ਸੰਸ਼ੋਧਿਤ ਅੰਕੜਿਆਂ ਵਿੱਚ ਮ੍ਰਿਤਕਾਂ ਦੀ ਕੁੱਲ ਗਿਣਤੀ 105 ਅਤੇ ਜ਼ਖਮੀਆਂ ਦੀ ਗਿਣਤੀ 359 ਦੱਸੀ ਹੈ। ਇਨ੍ਹਾਂ ਹਮਲਿਆਂ ਤੋਂ ਪਹਿਲਾਂ ਇਜ਼ਰਾਈਲ ਨੇ ਬੇਰੂਤ ਦੇ ਸੰਘਣੀ ਆਬਾਦੀ ਵਾਲੇ ਦੱਖਣੀ ਉਪਨਗਰਾਂ 'ਤੇ ਹਵਾਈ ਹਮਲੇ ਕੀਤੇ ਸਨ, ਜਿਸ ਵਿਚ ਹਿਜ਼ਬੁੱਲਾ ਮੁਖੀ ਹਸਨ ਨਸਰੱਲਾ ਮਾਰਿਆ ਗਿਆ ਸੀ।
ਲੇਬਨਾਨ ਦੇ ਸਿਹਤ ਮੰਤਰਾਲੇ ਅਨੁਸਾਰ, ਇਜ਼ਰਾਈਲੀ ਬੰਬ ਧਮਾਕਿਆਂ ਵਿੱਚ ਇੱਕ ਹਫ਼ਤੇ ਵਿੱਚ 700 ਤੋਂ ਵੱਧ ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਦੋ ਦਿਨਾਂ ਦੀ ਮਿਆਦ ਵਿੱਚ 14 ਪੈਰਾਮੈਡਿਕਸ ਸ਼ਾਮਲ ਹਨ।
ਇਜ਼ਰਾਇਲੀ ਫੌਜ ਨੇ ਐਤਵਾਰ ਦੇਰ ਰਾਤ ਕਿਹਾ ਕਿ ਉਸ ਨੇ ਹਿਜ਼ਬੁੱਲਾ ਦੇ 120 ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਉਧਰ ਹਿਜ਼ਬੁੱਲਾ ਨੇ ਕਿਹਾ ਕਿ ਉਸ ਨੇ ਉੱਤਰੀ ਇਜ਼ਰਾਈਲ ਦੇ ਸ਼ਹਿਰ ਸਫੇਦ 'ਤੇ ਫਿਰ ਤੋਂ ਰਾਕੇਟ ਦਾਗੇ ਹਨ।