ਵਿਨੀਪੈਗ, 29 ਮਈ (ਪੋਸਟ ਬਿਊਰੋ): ਉੱਤਰੀ ਸਸਕੈਚਵਨ ਵਿਚ ਤੇਜ਼ ਹੁੰਦੀ ਜੰਗਲੀ ਅੱਗ ਕਾਰਨ ਘੱਟੋ ਘੱਟ 4,000 ਲੋਕਾਂ ਨੂੰ ਆਪਣੇ ਘਰ ਛੱਡਣੇ ਪਏ ਹਨ। ਸਥਿਤੀ ਨੂੰ ਗੰਭੀਰਤਾ ਨੂੰ ਦੇਖਦਿਆਂ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਗਿਆ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮਦਦ ਲਈ ਫੌਜ ਭੇਜਣ 'ਤੇ ਸਹਿਮਤੀ ਦੇ ਦਿੱਤੀ ਹੈ। ਇਸ 'ਤੇ ਪ੍ਰੀਮੀਅਰ ਵੈਬ ਕੀਨਿਊ ਨੇ ਖੁਸ਼ੀ ਪ੍ਰਗਟ ਕੀਤੀ।
ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੀਨਿਊ ਨੇ ਕਿਹਾ ਕਿ ਅੱਗ ਨੇ ਕਈ ਭਾਈਚਾਰਿਆਂ ਦੇ 17,000 ਲੋਕਾਂ ਨੂੰ ਭੱਜਣ ਲਈ ਮਜ਼ਬੂਰ ਕੀਤਾ। ਇਹ ਮੈਨੀਟੋਬਾ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ ਨਿਕਾਸੀ ਹੈ। ਲੋਕਾਂ ਦੀ ਵੱਡੀ ਗਿਣਤੀ ਕਾਰਨ ਇੱਥੇ ਫੌਜ ਨੂੰ ਮਦਦ ਲਈ ਬੁਲਾਇਆ ਜਾ ਰਿਹਾ ਹੈ। ਐਮਰਜੈਂਸੀ ਘੋਸ਼ਣਾ ਅਧਿਕਾਰੀਆਂ ਨੂੰ ਸੁਰੱਖਿਅਤ ਢੰਗ ਨਾਲ ਖਾਲ੍ਹੀ ਕਰਵਾਉਣ ਵਾਲਿਆਂ ਨੂੰ ਲਿਜਾਣ ਅਤੇ ਪਨਾਹ ਪ੍ਰਦਾਨ ਕਰਨ ਵਿੱਚ ਮਦਦ ਕਰਦੀ ਹੈ।
ਸਸਕੈਚਵਾਨ ਦੇ ਕ੍ਰਾਈਟਨ ਦੇ 1,200 ਨਿਵਾਸੀਆਂ ਨੂੰ ਵੀ ਸੁਰੱਖਿਅਤ ਥਾਂ 'ਤੇ ਜਾਣ ਦਾ ਹੁਕਮ ਦਿੱਤਾ ਗਿਆ ਸੀ। ਮੈਨੀਟੋਬਾ ਵਿੱਚ 22 ਸਰਗਰਮ ਜੰਗਲੀ ਅੱਗਾਂ ਹਨ। ਅਧਿਕਾਰੀਆਂ ਨੇ ਕਿਹਾ ਕਿ ਕੈਨੇਡਾ ਭਰ ਤੋਂ ਫਾਇਰਫਾਈਟਰ ਅੱਗ ਬੁਝਾਉਣ ਵਿੱਚ ਮਦਦ ਕਰ ਰਹੇ ਹਨ। ਅਮਲੇ ਨੂੰ ਅੱਗ 'ਤੇ ਕਾਬੂ ਪਾਉਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਐਤਵਾਰ ਨੂੰ ਪਾਰਕਸ ਕੈਨੇਡਾ ਦਾ ਇੱਕ ਫਾਇਰਫਾਈਟਰ ਗੰਭੀਰ ਜ਼ਖਮੀ ਹੋ ਗਿਆ। ਇਸ ਸਾਲ ਹੁਣ ਤੱਕ ਮੈਨੀਟੋਬਾ ਵਿੱਚ 102 ਥਾਂਵਾਂ `ਤੇ ਅੱਗ ਲੱਗੀ ਹੈ। ਕੈਨੇਡਾ ਦਾ ਜੰਗਲੀ ਅੱਗ ਦਾ ਸੀਜ਼ਨ ਮਈ ਤੋਂ ਸਤੰਬਰ ਤੱਕ ਚੱਲਦਾ ਹੈ। ਇਸਦਾ ਹੁਣ ਤੱਕ ਦਾ ਸਭ ਤੋਂ ਭਿਆਨਕ ਜੰਗਲੀ ਅੱਗ ਦਾ ਸੀਜ਼ਨ 2023 ਵਿੱਚ ਸੀ, ਜਿਸਨੇ ਉੱਤਰੀ ਅਮਰੀਕਾ ਦੇ ਬਹੁਤ ਸਾਰੇ ਹਿੱਸੇ ਨੂੰ ਮਹੀਨਿਆਂ ਤੱਕ ਖਤਰਨਾਕ ਧੂੰਏਂ ਨਾਲ ਦਬਾ ਦਿੱਤਾ।
ਲੋਕਾਂ ਦਾ ਸਭ ਤੋਂ ਵੱਡਾ ਗਰੁੱਪ ਜਿਨ੍ਹਾਂ ਨੂੰ ਸੁਰੱਖਿਅਤ ਥਾਂ 'ਤੇ ਲਿਆਂਦਾ ਗਿਆ ਹੈ, ਉਹ ਉੱਤਰੀ ਪਿੰਡ ਪੈਲਿਕਨ ਨੈਰੋਜ਼ ਤੋਂ ਨਿਕਲਿਆ ਹੈ, ਜੋਕਿ ਪ੍ਰਿੰਸ ਐਲਬਰਟ ਤੋਂ ਲਗਭਗ 400 ਕਿਲੋਮੀਟਰ ਉੱਤਰੀ-ਪੂਰਬ ਵੱਲ ਹੈ। ਇੱਥੇ ਇੱਕ ਜੰਗਲੀ ਅੱਗ ਕਮਿਊਨਿਟੀ ਦੇ ਬਹੁਤ ਨੇੜੇ ਪਹੁੰਚ ਚੁੱਕੀ ਹੈ ਅਤੇ ਸੜਕ ਰਾਹੀਂ ਆਵਾਜਾਈ ਨੂੰ ਖਤਰੇ ਵਿੱਚ ਪਾ ਰਹੀ ਹੈ।
ਪੀਟਰ ਬੈਲੇਨਟਾਈਨ ਕ੍ਰੀ ਨੇਸ਼ਨ ਨੇ ਮੰਗਲਵਾਰ ਨੂੰ ਪੈਲਿਕਨ ਨੈਰੋਜ਼ ਲਈ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਮੁਖੀ ਪੀਟਰ ਬੀਟੀ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਲਗਭਗ 2,000 ਲੋਕ ਪਹਿਲਾਂ ਹੀ ਪੈਲਿਕਨ ਨੈਰੋਜ਼ ਅਤੇ ਨਜ਼ਦੀਕੀ ਇਲਾਕਿਆਂ ਤੋਂ ਨਿਕਲ ਚੁੱਕੇ ਹਨ, ਅਤੇ ਹੋਰ 2,000 ਲੋਕਾਂ ਨੂੰ ਬੱਸ ਰਾਹੀਂ ਜਾਂ ਆਪਣੀਆਂ ਗੱਡੀਆਂ ਵਿਚ ਤੁਰੰਤ ਇਲਾਕਾ ਛੱਡਣ ਲਈ ਕਿਹਾ ਜਾ ਰਿਹਾ ਹੈ।
ਪ੍ਰਿੰਸ ਐਲਬਰਟ, ਫਲਿਨ ਫਲੋਨ ਅਤੇ ਸੈਸਕਾਟੂਨ ਵਿੱਚ ਇਵੈਕੂਏਸ਼ਨ ਸੈਂਟਰ ਸਥਾਪਿਤ ਕੀਤੇ ਗਏ ਹਨ।
ਚੈਰਿਸ਼ ਮੋਰੀਨ, ਜੋ ਪੈਲਿਕਨ ਨੈਰੋਜ਼ ਦੀ ਰਹਿਣ ਵਾਲੀ ਹੈ, ਮੰਗਲਵਾਰ ਸਵੇਰੇ ਸੈਸਕਾਟੂਨ ਦੇ ਇਕ ਹੋਟਲ ਵਿੱਚ ਪਹੁੰਚੀ। ਉਸ ਨੇ ਕਿਹਾ ਕਿ ਘਰ ਛੱਡਣਾ ਅਤੇ ਸਾਰਾ ਸਮਾਨ ਸਮੇਟਣਾ ਬਹੁਤ ਤਣਾਅ ਭਰਿਆ ਅਨੁਭਵ ਸੀ। ਮੋਰੀਨ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਹਾਈਵੇ 106 ਬੰਦ ਹੋ ਗਿਆ ਸੀ, ਜਿਸ ਕਾਰਨ ਉਸਨੂੰ ਲਾ ਰੋਂਜ ਨੇੜੇ ਦੀ ਇਕ ਹੋਰ ਸੜਕ ਰਾਹੀਂ ਆਉਣਾ ਪਿਆ, ਜਿਸ ਨਾਲ ਸਫ਼ਰ ਦਾ ਸਮਾਂ ਹੋਰ ਲੰਬਾ ਹੋ ਗਿਆ।
ਮੋਰੀਨ ਨੇ ਕਿਹਾ ਕਿ ਉਹ ਆਪਣੇ ਪਿੰਡ ਦੇ ਹੋਰ ਘਰਾਂ ਅਤੇ ਆਪਣੇ ਦਾਦੇ ਵਰਗੇ ਉਨ੍ਹਾਂ ਲੋਕਾਂ ਲਈ ਵੀ ਚਿੰਤਤ ਹੈ ਜਿਨ੍ਹਾਂ ਨੇ ਥਾਂ ਛੱਡਣ ਦੀ ਬਜਾਏ ਉੱਥੇ ਰਹਿ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ। ਮੈਂ ਸਿਰਫ਼ ਇਨ੍ਹਾਂ ਲਈ ਦੁਆ ਕਰਦੀ ਹਾਂ ਕਿ ਉਹ ਅੱਗ ਨੂੰ ਕਾਬੂ ਵਿੱਚ ਲਿਆ ਸਕਣ ਤਾਂ ਜੋ ਅਸੀਂ ਵਾਪਿਸ ਘਰ ਜਾ ਸਕੀਏ।