ਨਿਊਯਾਰਕ, 26 ਸਤੰਬਰ (ਪੋਸਟ ਬਿਊਰੋ): ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ (ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ) ਵਿੱਚ ਭਾਰਤ ਦੀ ਸਥਾਈ ਸੀਟ ਦਾ ਸਮਰਥਨ ਕੀਤਾ ਹੈ। 25 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ (ਯੂਐੱਨਜੀਏ) ਨੂੰ ਦਿੱਤੇ ਭਾਸ਼ਣ ਵਿੱਚ, ਮੈਕਰੋਨ ਨੇ ਕਿਹਾ ਕਿ ਫਰਾਂਸ ਯੂਐੱਨਐੱਸਸੀ ਵਿੱਚ ਸਥਾਈ ਮੈਂਬਰਾਂ ਦੀ ਗਿਣਤੀ ਵਧਾਉਣ ਦਾ ਸਮਰਥਨ ਕਰਦਾ ਹੈ।
ਭਾਰਤ ਤੋਂ ਇਲਾਵਾ, ਮੈਕਰੋਨ ਨੇ ਜਰਮਨੀ, ਜਾਪਾਨ, ਬ੍ਰਾਜ਼ੀਲ ਅਤੇ 2 ਅਫਰੀਕੀ ਦੇਸ਼ਾਂ ਨੂੰ ਯੂਐੱਨਐੱਸਸੀ ਵਿੱਚ ਮੈਂਬਰਸਿ਼ਪ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਇਸ ਨੂੰ ਯੂਐੱਨਐੱਸਸੀ ਨੂੰ ਸਮਾਵੇਸ਼ੀ ਬਣਾਉਣ ਲਈ ਜ਼ਰੂਰੀ ਕਦਮ ਦੱਸਿਆ। ਇਸ ਤੋਂ ਇਲਾਵਾ ਮੈਕਰੌਨ ਨੇ ਆਪਣੇ ਕੰਮਕਾਜ ਨੂੰ ਬਦਲਣ ਲਈ ਸੰਗਠਨ ਵਿੱਚ ਸੁਧਾਰਾਂ ਦੀ ਲੋੜ ਬਾਰੇ ਵੀ ਗੱਲ ਕੀਤੀ।
ਇਸ ਤੋਂ ਪਹਿਲਾਂ 21 ਸਤੰਬਰ ਨੂੰ ਕਵਾਡ ਦੇਸ਼ਾਂ ਵੱਲੋਂ ਜਾਰੀ ਸਾਂਝੇ ਬਿਆਨ ਵਿੱਚ ਵੀ ਉਨ੍ਹਾਂ ਨੇ ਯੂਐੱਨਐੱਸਸੀ ਵਿੱਚ ਸੁਧਾਰਾਂ ਦੀ ਮੰਗ ਕੀਤੀ ਸੀ। ਇਸ ਵਿੱਚ ਅਫਰੀਕੀ, ਏਸ਼ੀਆਈ, ਲਾਤੀਨੀ ਅਮਰੀਕੀ ਅਤੇ ਕੈਰੇਬੀਅਨ ਦੇਸ਼ ਸ਼ਾਮਿਲ ਹੋਣ ਦੀ ਗੱਲ ਕਹੀ ਗਈ ਸੀ।