ਕਾਬੁਲ, 24 ਸਤੰਬਰ (ਪੋਸਟ ਬਿਊਰੋ): ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਹੁਣ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਲਾਗੂ ਕਰ ਦਿੱਤੇ ਹਨ। 15 ਅਗਸਤ 2021 ਨੂੰ ਤਾਲਿਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ, ਦੇਸ਼ ’ਚ ਕਈ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਗਏ ਸਨ, ਜਿਨ੍ਹਾਂ ’ਚ ਖਾਸ ਤੌਰ 'ਤੇ ਔਰਤਾਂ ਦੀ ਨਿੱਜੀ ਆਜ਼ਾਦੀ 'ਤੇ ਭਾਰੀ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਦੌਰਾਨ ਹੁਣ ਨਵੇਂ ਹੁਕਮਾਂ ਤਹਿਤ ਮਰਦਾਂ ਲਈ ਇਨ੍ਹਾਂ ਸਖ਼ਤ ਇਸਲਾਮਿਕ ਕਾਨੂੰਨਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ। ਦੱਸ ਦਈਏ ਕਿ ਤਾਲਿਬਾਨ ਦੇ ਨਵੇਂ ਫ਼ਰਮਾਨ ਮੁਤਾਬਕ ਹੁਣ ਅਫ਼ਗਾਨਿਸਤਾਨ ਦੇ ਮਰਦਾਂ ਲਈ ਦਾੜ੍ਹੀ ਰੱਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ। ਦਾੜ੍ਹੀ ਦੀ ਲੰਬਾਈ ਬਾਰੇ ਵੀ ਸਪੱਸ਼ਟ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਇਹ ਮੁੱਠੀ ਜਿੰਨੀ ਲੰਬੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਇਸਲਾਮੀ ਕਾਨੂੰਨ ਤਹਿਤ ਵਾਲ ਕੱਟਣ ਦੇ ਨਿਯਮ ਵੀ ਨਿਰਧਾਰਿਤ ਕੀਤੇ ਗਏ ਹਨ।
ਹੁਕਮਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਵਾਲ ਕੱਟਣ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਜੋ ਇਸਲਾਮਿਕ ਮਨੁੱਖਤਾ ਦੇ ਵਿਰੁੱਧ ਹੈ। ਇਸ ਦੌਰਾਨ ਤਾਲਿਬਾਨ ਨੇ ਮਰਦਾਂ ਦੇ ਕੱਪੜਿਆਂ ਨੂੰ ਲੈ ਕੇ ਵੀ ਸਖਤ ਨਿਯਮ ਜਾਰੀ ਕੀਤੇ ਹਨ। ਨਵੇਂ ਕਾਨੂੰਨਾਂ ਮੁਤਾਬਕ ਅਫਗਾਨ ਪੁਰਸ਼ ਹੁਣ ਜੀਨਜ਼ ਨਹੀਂ ਪਾ ਸਕਣਗੇ। ਇਸ ਤੋਂ ਇਲਾਵਾ ਗੈਰ-ਮੁਸਲਮਾਨਾਂ ਦੀ ਨਕਲ ਕਰਨ ਵਾਲੇ ਪਹਿਰਾਵੇ ਅਤੇ ਜੀਵਨ ਸ਼ੈਲੀ 'ਤੇ ਵੀ ਮੁਕੰਮਲ ਪਾਬੰਦੀ ਲਗਾਈ ਗਈ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਇਨ੍ਹਾਂ ਨਿਯਮਾਂ ਦਾ ਮਕਸਦ ਅਫਗਾਨਿਸਤਾਨ ਦੇ ਬੰਦਿਆਂ ਨੂੰ ਇਸਲਾਮਿਕ ਰੀਤੀ-ਰਿਵਾਜਾਂ ਅਧੀਨ ਰੱਖਣਾ ਹੈ। ਨਵੇਂ ਹੁਕਮ ’ਚ ਇਹ ਵੀ ਕਿਹਾ ਗਿਆ ਹੈ ਕਿ ਮਰਦ ਹੁਣ ਆਪਣੀਆਂ ਪਤਨੀਆਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਔਰਤਾਂ ਵੱਲ ਨਹੀਂ ਦੇਖ ਸਕਣਗੇ। ਇਸ ਹੁਕਮ ਦੀ ਉਲੰਘਣਾ ਕਰਨ 'ਤੇ ਮਰਦਾਂ ਨੂੰ ਸਖ਼ਤ ਸਜ਼ਾ ਭੁਗਤਣੀ ਪੈ ਸਕਦੀ ਹੈ।
ਤਾਲਿਬਾਨ ਪ੍ਰਸ਼ਾਸਨ ਨੇ ਇਨ੍ਹਾਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਹੈ, ਜੋ ਇਹ ਯਕੀਨੀ ਬਣਾਏਗੀ ਕਿ ਸਾਰੇ ਆਦਮੀ ਇਨ੍ਹਾਂ ਹੁਕਮਾਂ ਦੀ ਪਾਲਣਾ ਕਰ ਰਹੇ ਹਨ। ਇਹ ਟਾਸਕ ਫੋਰਸ ਘਰ-ਘਰ ਜਾ ਕੇ ਇਹ ਜਾਂਚ ਕਰੇਗੀ ਕਿ ਮਰਦ ਮਸਜਿਦ ਜਾ ਰਹੇ ਹਨ ਜਾਂ ਨਹੀਂ ਅਤੇ ਜਾਰੀ ਕੀਤੇ ਗਏ ਹੋਰ ਨਿਯਮਾਂ ਦੀ ਪਾਲਣਾ ਕਰ ਰਹੇ ਹਨ ਜਾਂ ਨਹੀਂ। ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਪੁਰਸ਼ਾਂ ਨੂੰ ਸਖ਼ਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਉਲੰਘਣਾ ਕਰਨ ਦੀ ਸੂਰਤ ’ਚ ਕਿਸੇ ਨੂੰ ਤਿੰਨ ਦਿਨਾਂ ਲਈ ਪੁਲਸ ਹਿਰਾਸਤ ’ਚ ਰੱਖਿਆ ਜਾ ਸਕਦਾ ਹੈ ਅਤੇ ਜੇਕਰ ਨਿਯਮ ਵਾਰ-ਵਾਰ ਤੋੜੇ ਜਾਂਦੇ ਹਨ ਤਾਂ ਸ਼ਰੀਆ ਕਾਨੂੰਨ ਤਹਿਤ ਸਖ਼ਤ ਸਜ਼ਾ ਦਿੱਤੀ ਜਾਵੇਗੀ। ਜਿਸ ’ਚ ਕੋੜੇ ਮਾਰਨ ਤੋਂ ਲੈ ਕੇ ਪੱਥਰ ਮਾਰਨ ਤੱਕ ਦੀ ਸਜ਼ਾ ਦੀ ਵਿਵਸਥਾ ਹੈ। ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਅਫਗਾਨਿਸਤਾਨ ਦੇ ਸ਼ਹਿਰੀ ਖੇਤਰਾਂ ’ਚ ਰਹਿਣ ਵਾਲੇ ਮਰਦਾਂ ਲਈ ਵੀ ਚੁਣੌਤੀਆਂ ਵਧ ਗਈਆਂ ਹਨ।