Welcome to Canadian Punjabi Post
Follow us on

12

July 2025
 
ਸੰਪਾਦਕੀ

ਪੰਜਾਬੀ ਪੋਸਟ ਵਿਸ਼ੇਸ਼: ਸਿੱਖਾਂ ਦਾ ਸਿਆਸੀ ਪ੍ਰਭਾਵ- ਕੀ ਨਿਵਾਣ ਵੱਲ- ਭਾਗ 1

May 10, 2019 09:45 AM

ਲੜੀ ਨੂੰ ਜੋੜਨ ਲਈ ਪਿਛਲੇ ਦੋਵੇਂ ਅੰਕ ਦੇਖੋ.....  

ਕੱਲ ਦੇ ਅੰਕ ਦੇ ਅੰਤਲੇ ਭਾਗ ਵਿੱਚ ਗੱਲ ਛੋਹੀ ਗਈ ਸੀ ਕਿ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਵਿੱਚ ਅੱਡੋਪਾਟੀ ਦੇ ਮਾਹੌਲ ਹਾਲਾਤ ਐਸੇ ਹਨ ਕਿ ਕੋਈ ਸਿਆਸੀ ਲੀਡਰ ਯਕੀਨ ਨਾਲ ਨਹੀਂ ਕਹਿ ਸਕਦਾ ਕਿ ਉਸਨੂੰ ਸਮਾਗਮਾਂ ਦੌਰਾਨ ਖਲੋਣ ਜਾਂ ਬੋਲਣ ਲਈ ਸਹੀ ਥਾਂ ਮਿਲ ਸਕਦੀ ਹੈ ਜਾਂ ਨਹੀਂ। ਗੱਲ ਇਹ ਵੀ ਛੋਹੀ ਗਈ ਸੀ ਕਿ ਧਾਰਮਿਕ ਅਦਾਰੇ ਆਖਰ ਕਿਸ ਹੱਦ ਤੱਕ ਰਾਜਨੀਤਕ ਪ੍ਰਭਾਵ ਪਾ ਸਕਦੇ ਹਨ। ਜੇ ਸਿਆਸੀ ਲਕੀਰਾਂ ਅਤੇ ਵੰਡੀਆਂ ਨੂੰ ਪਿੱਛੇ ਛੱਡ ਕੇ ਵਰਤਮਾਨ ਦੇ ਹਾਲਾਤ ਵੇਖੇ ਜਾਣ ਤਾਂ ਜਗਮੀਤ ਸਿੰਘ, ਹਰਜੀਤ ਸਿੰਘ ਸੱਜਣ ਅਤੇ ਨਵਦੀਪ ਸਿੰਘ ਬੈਂਸ ਵਰਗਿਆਂ ਦੀ ਬਦੌਲਤ ਕੈਨੇਡਾ ਦਾ ਕੋਈ ਹਿੱਸਾ ਨਹੀਂ ਜਿੱਥੇ ਸਿੱਖੀ ਪਹਿਚਾਣ ਨੂੰ ਅੱਜ ਅਨੋਭੜ ਸਮਝਿਆ ਜਾਂਦਾ ਹੋਵੇ। ਇਹ ਨਹੀਂ ਕਿ ਸਿੱਖਾਂ ਦੀ ਇਸ ਵੱਡ ਅੱਕਾਰੀ ਪਹਿਚਾਣ ਨੂੰ ਪੈਦਾ ਕਰਨ ਵਿੱਚ ਸਿੱਖ ਸੰਸਥਾਵਾਂ ਅਤੇ ਅਦਾਰਿਆਂ ਦਾ ਰੋਲ ਨਹੀਂ ਹੈ ਪਰ ਕੌੜਾ ਸੱਚ ਇਹ ਹੈ ਕਿ ਇਹ ਸਫ਼ਲਤਾ ਕਿਸੇ ਇੱਕ ਤੱਥ ਸਹਾਰੇ ਹਾਸਲ ਨਹੀਂ ਹੋਈ ਹੈ।

ਸਿੱਖ ਕਮਿਉਨਿਟੀ ਦੀ ਪਹਿਚਾਣ ਦੇ ਪਰੀਪੇਖ ਵਿੱਚ ਫੈਡਰਲ ਪਬਲਿਕ ਸੇਫਟੀ ਮਹਿਕਮੇ ਦੀ ‘ਕੈਨੇਡਾ ਵਿੱਚ ਅਤਿਵਾਦ ਬਾਰੇ 2018’ ਰਿਪੋਰਟ ਵਿੱਚੋਂ ਸਿੱਖ ਅਤੇ ਖਾਲਿਸਤਾਨ ਸ਼ਬਦ ਕਢਵਾਏ ਜਾਣ ਲਈ ਕਿਸ ਧਿਰ ਨੂੰ ਸਿਹਰਾ ਦਿੱਤਾ ਜਾਵੇ, ਇਸ ਬਾਰੇ ਗੱਲ ਕਰਨੀ ਬਣਦੀ ਹੈ। ਬੇਸ਼ੱਕ ਪ੍ਰਭਾਵ ਦਿੱਤਾ ਜਾ ਰਿਹਾ ਹੈ ਕਿ ਗੁਰਦੁਆਰਿਆਂ ਅਤੇ ਕਮੇਟੀਆਂ ਨੇ ਆਪਣੇ ਪ੍ਰਭਾਵ ਨਾਲ ਅਜਿਹਾ ਸੰਭਵ ਬਣਾਇਆ ਹੈ ਪਰ ਹਕੀਕਤ ਇਹ ਹੈ ਕਿ ਪਾਰਲੀਮੈਂਟ ਵਿੱਚ ਬੈਠੇ ਸਿੱਖ ਐਮ ਪੀਆਂ ਦੀ ਚਾਰਾਜੋਈ ਦਾ ਵੱਡਾ ਹੱਥ ਰਿਹਾ ਹੈ। ਇਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਯੋਗਦਾਨ ਨੂੰ ਨਿਗੁਣਾ ਜਾਂ ਉੱਕਾ ਹੀ ਅੱਖੋਂ ਪਰੋਖੇ ਕਰਕੇ ਵੇਖਿਆ ਜਾ ਰਿਹਾ ਹੈ।


ਅਤਿਵਾਦ ਬਾਰੇ ਰਿਪੋਰਟ ਨੂੰ ਲੈ ਕੇ ਮੌਜੂਦਾ ਐਮ ਪੀਆਂ ਦੇ ਯੋਗਦਾਨ ਨੂੰ ਇਹ ਆਖ ਕੇ ਵੀ ਘੱਟ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਪਹਿਲਾਂ ਹੀ ਰਿਪੋਰਟ ਵਿੱਚ ਸਿੱਖ ਸ਼ਬਦ ਸ਼ਾਮਲ ਕੀਤੇ ਜਾਣ ਤੋਂ ਕਿਉਂ ਨਾ ਰੋਕਿਆ। ਇਹ ਸਰਲ ਜਿਹੀ ਵਿਆਖਿਆ ਉਸ ਵੇਲੇ ਤੱਕ ਹੀ ਕੰਮ ਕਰਦੀ ਹੈ ਜਦੋਂ ਤੱਕ ਤੁਸੀਂ ਨਹੀਂ ਸਮਝਦੇ ਕਿ ਕੌਮੀ ਸੁਰੱਖਿਆ ਬਾਰੇ ਰਿਪੋਰਟਾਂ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਕਿਸੇ ਹੱਦ ਤੱਕ ਸੁਤੰਤਰ ਰੂਪ ਵਿੱਚ ਤਿਆਰ ਕੀਤੀਆਂ ਜਾਂਦੀਆਂ ਹਨ। ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਿਊ ਐਸ ਓ) ਦੀ ਡਿਪਲੋਮੇਸੀ, ਵੱਖ 2 ਕਮਿਉਨਿਟੀ ਆਧਾਰਿਤ ਕਾਰਜਕਰਤਾਵਾਂ ਖਾਸ ਕਰਕੇ ਨੌਜਵਾਨ ਵਰਗ ਦੀ ਸੋਸ਼ਲ ਮੀਡੀਆ ਕੰਪੇਨ ਦੇ ਯੋਗਦਾਨ ਨੂੰ ਘੱਟ ਕਰਕੇ ਵੇਖਣਾ ਭੱਵਿਖ ਵਿੱਚ ਏਕੇ ਨਾਲ ਕੀਤੇ ਜਾਣ ਵਾਲੇ ਯਤਨਾਂ ਨੂੰ ਕਮਜ਼ੋਰ ਕਰਨ ਬਰਾਬਰ ਹੋਵੇਗਾ।

ਰਹੀ ਗੱਲ ਸਿਰਫ਼ ਇੱਕ ਧਿਰ ਦੇ ਸਹਾਰੇ ਕੰਮ ਨੇਪਰੇ ਚੜਨ ਦੀ ਤਾਂ ਇਸਦਾ ਟੈਸਟ ਕਿਉਬਿੱਕ ਵਿੱਚ ਬਿੱਲ 21 ਜਿਸਨੇ ਸਿੱਖਾਂ, ਮੁਸਲਮਾਨਾਂ ਅਤੇ ਯਹੂਦੀਆਂ ਸਮੇਤ ਹੋਰ ਧਾਰਮਿਕ ਘੱਟ ਗਿਣਤੀਆਂ ਲਈ ਮੁਸ਼ਕਲ ਖੜੀ ਕੀਤੀ ਹੋਈ ਹੈ, ਉਸਦੇ ਪਰੀਪੇਖ ਵਿੱਚ ਕੀਤਾ ਜਾ ਸਕਦਾ ਹੈ। ਕਿਉਂਕਿ ਕਿਉਬਿੱਕ ਵਿੱਚ ਸਿੱਖਾਂ ਦਾ ਰਾਜਸੀ ਪ੍ਰਭਾਵ ਬਾਕੀ ਕੈਨੇਡਾ ਮੁਕਾਬਲੇ ਨਿਗੁਣਾ ਹੈ, ਕੀ ਸੋਚਿਆ ਜਾ ਸਕਦਾ ਹੈ ਕਿ ਸਿਰਫ਼ ਧਾਰਮਿਕ ਸੰਸਥਾਵਾਂ ਦੇ ਸਹਾਰੇ ਉੱਥੇ ਕੁੱਝ ਸਾਰਥਕ ਹਾਸਲ ਕੀਤਾ ਜਾਣਾ ਸੰਭਵ ਹੈ? ਇਸ ਗੱਲ ਦਾ ਸੱਚ ਐਨ ਡੀ ਪੀ ਆਗੂ ਜਗਮੀਤ ਸਿੰਘ ਤੋਂ ਪੁੱਛਿਆ ਜਾ ਸਕਦਾ ਹੈ ਕਿ ਇੱਕ ਕੌਮੀ ਸਿਆਸੀ ਜਮਾਤ (ਐਨ ਡੀ ਪੀ) ਦੇ ਲੀਡਰ ਹੋਣ ਨਾਤੇ ਹੁਣ ਉਹ ਕਿਉਬਿੱਕ ਦੀ ਸਥਿਤੀ ਬਾਰੇ ਕਿੰਨੀ ਕੁ ਉੱਚੀ ਆਵਾਜ਼ ਚੁੱਕ ਸਕਦੇ ਹਨ। ਆਖਰ ਨੂੰ ਐਨ ਡੀ ਪੀ ਨੂੰ ਇਸ ਬਿੱਲ ਦਾ ਸਮਰੱਥਨ ਕਰਨ ਵਾਲਿਆਂ ਦੀਆਂ ਵੋਟਾਂ ਦੀ ਵੀ ਲੋੜ ਹੈ। ਪਰ ਜੇ ਉਂਟੇਰੀਓ, ਬ੍ਰਿਟਿਸ਼ ਕੋਲੰਬੀਆ ਜਾਂ ਫੈਡਰਲ ਪੱਧਰ ਉੱਤੇ ਅਜਿਹਾ ਕੁੱਝ ਕਿਉਬਿੱਕ ਦੇ ਮੁਕਾਬਲੇ 20ਵਾਂ ਹਿੱਸਾ ਵੀ ਹੋਇਆ ਹੁੰਦਾ ਤਾਂ ਅੱਜ ਸੋਚਿਆ ਜਾ ਸਕਦਾ ਹੈ ਕਿ ਕਿਹੋ ਜਿਹਾ ਰਾਜਸੀ ਤੁਫਾਨ ਆ ਚੁੱਕਾ ਹੁੰਦਾ।

ਇਹ ਕੌੜਾ ਸੱਚ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ ਅਦਾਰੇ ਅਤੇ ਸੰਸਥਾਵਾਂ ਅਜਿਹੀ ਇੱਕ ਧਿਰੀ ਸੋਚ ਨਾਲ ਕੰਮ ਕਰ ਰਹੀਆਂ ਹਨ ਕਿ ਕੋਈ ਵੀ, ਕਿਸੇ ਵੀ ਵੇਲੇ ਉਹਨਾਂ ਦੇ ਗੁੱਸੇ ਦਾ ਸਿ਼ਕਾਰ ਹੋ ਸਕਦਾ ਹੈ। ਜੇ ਸਿੱਖਾਂ ਦੇ ਪਿਤਰੀ ਸੂਬੇ ਪੰਜਾਬ ਦੀ ਗੱਲ ਕਰੀਏ ਤਾਂ ਸ਼ਾਇਦ ਹੀ ਕੋਈ ਸਿਆਸੀ ਧਿਰ ਹੋਵੇ ਜਿਸ ਨੂੰ ਕੈਨੇਡੀਅਨ ਸਿੱਖ ਅਦਾਰਿਆਂ ਨਾਲ ਰਾਬਤਾ ਬਣਾਉਣ ਦੀ ਹਿੰਮਤ ਪੈਂਦੀ ਹੋਵੇ। ਰਹੀ ਗੱਲ ਭਾਰਤ ਦੀ, ਉਸਦਾ ਕਿੱਸਾ ਤਾਂ ਹੋਰ ਵੀ ਉਲਝਣਾਂ ਭਰਿਆ ਬਣਾ ਰੱਖਿਆ ਹੈ। ਵੈਸੇ ਕੈਨੇਡਾ ਵੱਸਦੇ ਬਹੁ-ਗਿਣਤੀ ਸਿੱਖ ਪੰਜਾਬ, ਭਾਰਤ ਵਿੱਚ ਵੱਸਦੇ ਸਿੱਖਾਂ ਵਾਗੂੰ ਅਮਨ ਸ਼ਾਂਤੀ ਅਤੇ ਖੁੱਲਦਿਲੀ ਨਾਲ ਜਿਉਣ ਨੂੰ ਤਰਜੀਹ ਦੇਂਦੇ ਹਨ। ਕਈ ਸਿੱਖ ਅਦਾਰਿਆਂ ਦੀ ਲੀਡਰਸਿ਼ੱਪ ਦਾ ਤਾਂ ਇਹ ਹਾਲ ਹੁੰਦਾ ਜਾ ਰਿਹਾ ਹੈ ਕਿ ਪੰਜਾਬ ਜਾਂ ਭਾਰਤ ਦੀ ਗੱਲ ਛੱਡੋ, ਕੈਨੇਡਾ ਦੀ ਵੀ ਕੋਈ ਸਿਆਸੀ ਧਿਰ ਖੁੱਲ ਕੇ ਮਿੱਤਰਤਾ ਵਾਲਾ ਹੱਥ ਵਧਾਉਣ ਵਿੱਚ ਸੌਖ ਮਹਿਸੂਸ ਨਹੀਂ ਕਰਦੀ। ਇਸ ਰਫ਼ਤਾਰ ਨਾਲ ਧੰਦਾਧੂਹ ਚੱਲਦਿਆਂ ਨੂੰ ਆਖਰ ਮੰਜ਼ਲਾਂ ਕਿਹੜੀਆਂ ਮਿਲਣਗੀਆਂ?

ਗੁਰਦੁਆਰਿਆਂ ਦੀਆਂ ਕਮੇਟੀਆਂ ਉੱਤੇ ਆਮ ਕਰਕੇ 10-15 ਬੰਦਿਆਂ ਦਾ ਕੰਟਰੋਲ ਹੁੰਦਾ ਹੈ ਜੋ ਜਿ਼ਅਦਾ ਕਰਕੇ ਆਪਣੀ ਮਨਮਰਜ਼ੀ ਦਾ ਰੋਲ ਅਦਾ ਕਰਦੇ ਹਨ ਬੇਸ਼ੱਕ ਦਾਅਵੇ ਕੁੱਝ ਵੀ ਕੀਤੇ ਜਾਣ। ਸਿੱਖੀ ਜਨਤੰਤਰ ਵਿੱਚ ਪੰਚ ਪ੍ਰਧਾਨੀ ਸਿਧਾਂਤ ਕਬੂਲ ਹੋਣ ਦੇ ਬਾਵਜੂਦ ਗੁਰਦੁਆਰਿਆਂ ਅਤੇ ਕਮੇਟੀਆਂ ਵਿੱਚ ਔਰਤਾਂ ਦੀ ਨਫ਼ਰੀ ਨਾ ਬਰਾਬਰ ਹੈ। ਸਟੇਜਾਂ ਤੋਂ ਗੱਜਵੱਜ ਕੇ ਕੈਨੇਡੀਅਨ ਕਦਰਾਂ ਕੀਮਤਾਂ ਉੱਤੇ ਪਹਿਰਾ ਦੇਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਅਮਲੀ ਰੂਪ ਵਿੱਚ ਔਰਤਾਂ ਨੂੰ ਬਰਾਬਰੀ ਦੇਣ ਦੀਆਂ ਸਿੱਖੀ ਅਤੇ ਕੈਨੇਡੀਅਨ ਕਦਰਾਂ ਕੀਮਤਾਂ ਨੂੰ ਹਰ ਮੋੜ ਉੱਤੇ ਤਿਲਾਂਜਲੀ ਦੇ ਦਿੱਤੀ ਜਾ ਰਹੀ ਹੈ। ਇਸ ਗੱਲ ਦੀ ਬਹੁਤ ਜਿ਼ਆਦਾ ਸੰਭਵ ਹੈ ਕਿ ਜੇ ਸਿੱਖ ਅਦਾਰਿਆਂ ਵਿੱਚ ਔਰਤਾਂ ਦੀ ਇੱਕ ਖਾਸ ਪ੍ਰਤੀਸ਼ਤ ਨਫ਼ਰੀ ਯਕੀਨੀ ਬਣਾਈ ਜਾਵੇ ਤਾਂ ਹਰ ਪੱਧਰ ਉੱਤੇ ਸਿੱਖ ਅਕਸ ਨੂੰ ਹੋਰ ਵੀ ਜਿ਼ਆਦਾ ਹਾਂ ਪੱਖੀ ਹੁਲਾਰਾ ਮਿਲੇਗਾ।

ਸੁਆਲ ਹੈ ਕਿ ਜਿ਼ਆਦਾਤਰ ਸਿੱਖ ਸੰਸਥਾਵਾਂ ਅਤੇ ਅਦਾਰੇ ਅੜਬ ਸੁਭਾਅ ਵਾਲੇ ਵਤੀਰੇ ਨੂੰ ਛੱਡ ਕੇ ਸਾਊਪੁਣੇ ਵੱਲ ਜਾਣ ਵੱਲ ਕਦੋਂ ਤਿਆਰੀਆਂ ਆਰੰਭਣਗੇ। ਕੈਨੇਡਾ ਵਿੱਚ ਸਿੱਖਾਂ ਦਾ ਅਕਸ ਅਤੇ ਸਿਆਸੀ ਚੜਤ ਅੱਜ ਸਿਖ਼ਰ ਉੱਤੇ ਪੁੱਜੇ ਹੋਏ ਹਨ। ਇਸ ਸਿ਼ਖਰ ਨੂੰ ਬਰਕਰਾਰ ਰੱਖਣਾ ਸੱਭਨਾਂ ਦਾ ਸਾਂਝਾ ਫਰਜ਼ ਹੈ ਪਰ ਸਿੱਖ ਅਦਾਰਿਆਂ ਦਾ ਆਪਣੀ ਪਹੁੰਚ ਵਿੱਚ ਬਣਦੀ ਤਬਦੀਲੀ ਲਿਆਉਣਾ ਵੀ ਲਾਜ਼ਮੀ ਹੈ। ਸਾਖੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਪਹਿਲੀ ਵਾਰ ਦਰਸ਼ਨਾਂ ਲਈ ਆਏ ਭਾਈ ਲਹਿਣਾ ਦੇ ਘੋੜੇ ਦੀ ਲਗਾਮ ਫੜ ਗੁਰੂ ਸਾਹਿਬ ਨੇ ਖੁਦ ਉਸਦੀ ਆਊ ਭਗਤ ਕੀਤੀ ਸੀ। ਜੇ ਗੁਰੂ ਸਾਹਿਬਾਨ ਅਜਿਹੇ ਪੂਰਣੇ ਪਾ ਕੇ ਸਾਨੂੰ ਨਿਮਰਤਾ ਅਤੇ ਸ਼ਾਲੀਨਤਾ ਦਾ ਰਾਹ ਵਿਖਾ ਗਏ ਤਾਂ ਗੁਰੂ ਬਾਬਾ ਦੇ ਪੈਰੋਕਾਰਾਂ ਨੂੰ ਉਹਨਾਂ ਦੇ ਪਾਵਨ ਰਸਤੇ ਚੱਲਦਿਆਂ ਉਚਾਣਾਂ ਵੱਲ ਜਾਣ ਤੋਂ ਕੌਣ ਰੋਕ ਸਕਦਾ ਹੈ। ਇਹ ਹੋਵੇਗਾ ਤੱਦ ਹੀ ਜਦੋਂ ਗੱਲਾਂ ਨਾਲੋਂ ਅਮਲਾਂ ਵੱਲ ਤੁਰਿਆ ਜਾਵੇਗਾ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ