ਬਰਾਜ਼ੀਲਾ, 4 ਸਤੰਬਰ (ਪੋਸਟ ਬਿਊਰੋ): ਕੁਝ ਸਮੇਂ ਤੋਂ ਮੋਟਾਪੇ ਤੋਂ ਪੀੜਤ ਰਹੇ ਅਤੇ ਫਿਰ 5 ਸਾਲ ਦੇ ਅੰਦਰ ਆਪਣੇ ਸਰੀਰ 'ਚ ਵੱਡਾ ਬਦਲਾਅ ਲਿਆ ਕੇ ਪੂਰੀ ਦੁਨੀਆਂ 'ਚ ਮਸ਼ਹੂਰ ਹੋਏ ਮੈਥਿਊਜ਼ ਪਾਵਲਕ ਦਾ ਦਿਹਾਂਤ ਹੋ ਗਿਆ ਹੈ। ਸਿਰਫ਼ 19 ਸਾਲ ਦੀ ਉਮਰ ਵਿੱਚ ਮੈਥਿਊਜ਼ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੀ ਜਾਨ ਚਲੀ ਗਈ। ਬ੍ਰਾਜ਼ੀਲ ਦੇ ਰਹਿਣ ਵਾਲੇ ਮੈਥਿਊਜ਼ ਬਾਡੀ ਬਿਲਡਰ ਦੇ ਤੌਰ 'ਤੇ ਪੂਰੀ ਦੁਨੀਆਂ 'ਚ ਮਸ਼ਹੂਰ ਸਨ ਅਤੇ ਉਨ੍ਹਾਂ ਦੀ ਸਟੋਰੀ ਵਾਇਰਲ ਹੁੰਦੀ ਰਹਿੰਦੀ ਸੀ। ਉਹ ਅਕਸਰ ਕਈ ਮੁਕਾਬਲਿਆਂ ਵਿੱਚ ਵੀ ਹਿੱਸਾ ਲੈਂਦੇ ਸਨ ਅਤੇ ਬਾਡੀ ਬਿਲਡਿੰਗ ਕਮਿਊਨਿਟੀ ਵਿੱਚ ਇੱਕ ਸਟਾਰ ਬਣ ਕੇ ਉੱਭਰ ਰਹੇ ਸਨ। ਉਹ ਖਾਸ ਤੌਰ 'ਤੇ ਦੱਖਣੀ ਬ੍ਰਾਜ਼ੀਲ ਦੇ ਸਾਂਤਾ ਕੈਟਾਰੀਨਾ ਸੂਬੇ ਵਿਚ ਕਾਫੀ ਮਸ਼ਹੂਰ ਹੋ ਗਏ ਸਨ।
ਜਾਣਕਾਰੀ ਅਨੁਸਾਰ, ਉਨ੍ਹਾਂ ਨੇ ਹਾਲ ਹੀ ਵਿੱਚ ਸਥਾਨਕ ਮੁਕਾਬਲਿਆਂ ਵਿੱਚ ਚੌਥਾ ਅਤੇ ਛੇਵਾਂ ਸਥਾਨ ਪ੍ਰਾਪਤ ਕੀਤਾ ਹੈ। ਇਨਾ ਹੀ ਨਹੀਂ ਉਨ੍ਹਾਂ ਨੇ ਯੂ23 ਮੁਕਾਬਲਾ ਵੀ ਜਿੱਤਿਆ। ਪਾਵਲਕ ਦੀ ਬੇਵਕਤੀ ਮੌਤ ਬਾਰੇ ਚਰਚਾ ਹੈ ਕਿ ਇਸ ਵਿਚ ਸਟੀਰੌਇਡਜ਼ ਦੀ ਵੀ ਭੂਮਿਕਾ ਹੋ ਸਕਦੀ ਹੈ। ਇਸ ਕਾਰਨ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ। ਸੋਸ਼ਲ ਮੀਡੀਆ 'ਤੇ ਮਾਹਿਰਾਂ ਦਾ ਕਹਿਣਾ ਹੈ ਕਿ ਪਾਵਲਕ ਨੇ ਆਪਣੀ ਸਿਹਤ ਨੂੰ ਸੁਧਾਰਨ ਲਈ ਕਈ ਦਵਾਈਆਂ ਦੀ ਵਰਤੋਂ ਕੀਤੀ ਸੀ। ਇਸ ਕਾਰਨ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਹੋਣ ਲੱਗੀਆਂ ਅਤੇ ਆਖਰਕਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ।