ਮਾਸਕੋ, 4 ਸਤੰਬਰ (ਪੋਸਟ ਬਿਊਰੋ): ਯੂਕਰੇਨ ਦੇ ਨਾਲ ਚੱਲ ਰਹੀ ਭਿਆਨਕ ਜੰਗ ਵਿਚਕਾਰ, ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸੀ ਵਿਗਿਆਨੀਆਂ ਨੂੰ ਬੁਢਾਪਾ ਰੋਕਣ ਵਾਲੀ ਦਵਾਈ ਬਣਾਉਣ ਦਾ ਹੁਕਮ ਦਿੱਤਾ ਹੈ। ਅਜਿਹੀਆਂ ਖਬਰਾਂ ਹਨ ਕਿ ਪੁਤਿਨ ਆਪਣੀ ਅਤੇ ਸਰਕਾਰ ਦੇ ਕਈ ਬਜ਼ੁਰਗ ਮੰਤਰੀਆਂ ਦੀ ਉਮਰ ਨੂੰ ਰੋਕਣਾ ਚਾਹੁੰਦੇ ਹਨ। ਰੂਸ ਦੇ ਸਿਹਤ ਮੰਤਰਾਲੇ ਨੇ ਇਸ ਸਾਲ ਜੂਨ 'ਚ ਵਿਗਿਆਨੀਆਂ ਨੂੰ ਇਹ ਨਿਰਦੇਸ਼ ਦਿੱਤੇ ਸਨ। ਇਸ ਲਈ ਟੀਚਾ ਵੀ ਮਿੱਥਿਆ ਗਿਆ ਹੈ। ਸਾਲ 2030 ਤੱਕ 175,000 ਬਜ਼ੁਰਗਾਂ ਨੂੰ ਜਵਾਨ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਦੂਜੇ ਪਾਸੇ ਪੁਤਿਨ ਸਰਕਾਰ ਦਾ ਪੱਤਰ ਮਿਲਣ ਤੋਂ ਬਾਅਦ ਵਿਗਿਆਨੀਆਂ ਨੇ ਹੈਰਾਨੀ ਜਤਾਈ ਹੈ ਅਤੇ ਕਿਹਾ ਹੈ ਕਿ ਇਹ ਪਹਿਲੀ ਵਾਰ ਹੈ ਕਿ ਇਨੇ ਘੱਟ ਨੋਟਿਸ 'ਤੇ ਅਜਿਹਾ ਹੁਕਮ ਮਿਲਿਆ ਹੈ।
ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦਰਮਿਆਨ ਵਲਾਦੀਮੀਰ ਪੁਤਿਨ ਦੀ ਉਮਰ ਨੂੰ ਲੈ ਕੇ ਕਾਫੀ ਚਿੰਤਾ ਹੈ ਕਿਉਂਕਿ ਜੰਗ 'ਚ ਲਗਾਤਾਰ ਨੌਜਵਾਨਾਂ ਦੇ ਮਾਰੇ ਜਾਣ ਤੋਂ ਬਾਅਦ ਹੁਣ ਰੂਸ 'ਚ ਬਜ਼ੁਰਗਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਰੂਸ ਦੀ ਫੈਡਰਲ ਸਟੇਟ ਸਟੈਟਿਸਟਿਕਸ ਸਰਵਿਸ (ਰੋਸਸਟੇਟ) ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਦੀ ਔਸਤ ਜੀਵਨ ਸੰਭਾਵਨਾ ਜੁਲਾਈ 2023 ਤੋਂ ਜੂਨ 2024 ਦੇ ਵਿਚਕਾਰ 73.24 ਸਾਲ ਤੱਕ ਘਟਣੀ ਤੈਅ ਹੈ।
ਪਿਛਲੇ ਮਹੀਨੇ, ਐਮਆਰਸੀ ਲੈਬਾਰਟਰੀ ਆਫ਼ ਮੈਡੀਕਲ ਸਾਇੰਸਜ਼, ਇੰਪੀਰੀਅਲ ਕਾਲਜ ਲੰਡਨ ਅਤੇ ਸਿੰਗਾਪੁਰ ਦੇ ਡਿਊਕ-ਐੱਨਯੂਐੱਸ ਮੈਡੀਕਲ ਸਕੂਲ ਦੇ ਖੋਜਕਰਤਾਵਾਂ ਨੇ ਇੱਕ ਅਜਿਹੀ ਦਵਾਈ ਦੀ ਖੋਜ ਕਰਨ ਦਾ ਦਾਅਵਾ ਕੀਤਾ ਹੈ ਜੋ ਬੁੱਢੇ ਨੂੰ ਜਵਾਨ ਬਣਾਉਣ ਵਿੱਚ ਕਾਰਗਰ ਸਾਬਤ ਹੋ ਸਕਦੀ ਹੈ। ਖੋਜਕਰਤਾਵਾਂ ਨੇ ਪ੍ਰਯੋਗਸ਼ਾਲਾ ਵਿੱਚ ਇੱਕ ਚੂਹੇ `ਤੇ ਪ੍ਰਯੋਗ ਕੀਤਾ ਅਤੇ ਪਾਇਆ ਕਿ ਦਵਾਈ ਤੋਂ ਬਾਅਦ ਚੂਹਾ ਬੁੱਢੇ ਤੋਂ ਜਵਾਨ ਵਿੱਚ ਬਦਲ ਗਿਆ। ਵਿਗਿਆਨੀਆਂ ਨੇ ਪਾਇਆ ਕਿ ਦਵਾਈ ਜਾਨਵਰਾਂ ਦੀ ਉਮਰ ਲਗਭਗ 25% ਵਧਾ ਸਕਦੀ ਹੈ। ਹਾਲਾਂਕਿ, ਇਸਦੀ ਵਰਤੋਂ ਹਾਲੇ ਤੱਕ ਕਿਸੇ ਮਨੁੱਖ 'ਤੇ ਨਹੀਂ ਕੀਤੀ ਗਈ ਹੈ। ਵਿਗਿਆਨੀਆਂ ਨੇ ਇਹ ਵੀ ਨਹੀਂ ਦੱਸਿਆ ਕਿ ਜੇਕਰ ਅਜਿਹੀ ਦਵਾਈ ਮਨੁੱਖਾਂ 'ਤੇ ਵਰਤੀ ਜਾਵੇ ਤਾਂ ਕੀ ਹੋ ਸਕਦਾ ਹੈ?